You’re viewing a text-only version of this website that uses less data. View the main version of the website including all images and videos.
ਬਲੋਚਿਸਤਾਨ 'ਚ ਟਰੇਨ ਹਾਈਜੈਕ: ਪਾਕਿਸਤਾਨ ਆਰਮੀ ਦਾ ਦਾਅਵਾ, 300 ਬੰਧਕ ਛੁਡਾਏ ਗਏ
- ਲੇਖਕ, ਮੁਹੰਮਦ ਕਾਜ਼ਿਮ
- ਰੋਲ, ਬੀਬੀਸੀ ਉਰਦੂ, ਕੁਏਟਾ
ਪਾਕਿਸਤਾਨ ਆਰਮੀ ਦਾ ਦਾਅਵਾ ਹੈ ਕਿ ਜਾਫ਼ਰ ਐਕਸਪ੍ਰੈਸ ਹਮਲੇ ਤੋਂ ਬਾਅਦ ਉਨ੍ਹਾਂ ਨੇ 300 ਬੰਧਕ ਛੁਡਾ ਲਏ ਹਨ।
ਆਰਮੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਵਿੱਚ 33 ਅੱਤਵਾਦੀ ਮਾਰੇ ਗਏ ਹਨ।
ਦਰਅਸਲ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਮੰਗਲਵਾਰ ਨੂੰ ਹਥਿਆਰਬੰਦ ਕੱਟੜਪੰਥੀਆਂ ਨੇ ਯਾਤਰੀਆਂ ਨਾਲ ਭਰੀ ਟਰੇਨ 'ਤੇ ਹਮਲਾ ਕਰ ਕੇ ਯਾਤਰੀਆਂ ਨੂੰ ਬੰਧਕ ਬਣਾ ਲਿਆ ਸੀ।
ਵੱਖਵਾਦੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਇਹ ਹਮਲਾ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈਸ 'ਤੇ ਹੋਇਆ।
ਇਸ ਆਪ੍ਰੇਸ਼ਨ ਤੋਂ ਪਹਿਲਾਂ ਬਲੋਚ ਲਿਬਰੇਸ਼ਨ ਆਰਮੀ ਵੱਲੋਂ 21 ਪਾਕਿਸਤਾਨੀ ਯਾਤਰੀ ਅਤੇ 4 ਆਰਮੀ ਦੇ ਜਵਾਨ ਮਾਰ ਦਿੱਤੇ ਗਏ।
ਰੇਲਵੇ ਅਧਿਕਾਰੀਆਂ ਮੁਤਾਬਕ ਇਸ ਟਰੇਨ ਵਿੱਚ 9 ਡੱਬੇ ਸਨ ਅਤੇ ਇਸ ਵਿੱਚ 400 ਤੋਂ ਵੱਧ ਯਾਤਰੀ ਸਵਾਰ ਸਨ।
ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਕਿਹਾ ਹੈ ਕਿ ਜਾਫ਼ਰ ਐਕਸਪ੍ਰੈਸ ਦੇ ਕਈ ਯਾਤਰੀਆਂ ਨੂੰ ਅੱਤਵਾਦੀ ਰੇਲਗੱਡੀ ਤੋਂ ਲਾਹ ਕੇ ਪਹਾੜੀ ਇਲਾਕਿਆਂ ਵਿੱਚ ਲੈ ਕੇ ਗਏ ਸੀ।
ਰੇਲਵੇ ਅਧਿਕਾਰੀਆਂ ਮੁਤਾਬਕ ਜਿਸ ਥਾਂ 'ਤੇ ਹਮਲਾ ਹੋਇਆ ਉੱਥੇ ਮੋਬਾਈਲ ਅਤੇ ਟੈਲੀਫੋਨ ਨੈੱਟਵਰਕ ਦੀ ਘਾਟ ਕਾਰਨ ਰੇਲ ਕਰਮਚਾਰੀਆਂ ਨਾਲ ਸੰਪਰਕ ਕਰਨਾ ਔਖਾ ਸੀ।
ਚਸ਼ਮਦੀਦਾਂ ਨੇ ਕੀ ਕਿਹਾ
ਜਾਫ਼ਰ ਐਕਸਪ੍ਰੈਸ ਵਿੱਚ ਸਵਾਰ ਮੁਸ਼ਤਾਕ ਮੁਹੰਮਦ ਨੇ ਸਟੇਸ਼ਨ ਪਹੁੰਚਣ ਮਗਰੋਂ ਬੀਬੀਸੀ ਨਾਲ ਗੱਲ ਕੀਤੀ।
ਉਨਾਂ ਦੱਸਿਆ ਕਿ ਹਮਲਾ ਇੱਕ ਵੱਡੇ ਧਮਾਕੇ ਨਾਲ ਸ਼ੁਰੂ ਹੋਇਆ ਸੀ।
ਇਸੇ ਰੇਲ ਦੇ ਸੱਤ ਨੰਬਰ ਡੱਬੇ ਵਿੱਚ ਸਵਾਰ ਇਸਹਾਕ ਨੂਰ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਕਵੇਟਾ ਤੋਂ ਰਾਵਲਪਿੰਡੀ ਜਾ ਰਹੇ ਸਨ।
ਉਹ ਕਹਿੰਦੇ ਹਨ, "ਧਮਾਕਾ ਇੰਨਾ ਤੇਜ਼ ਸੀ ਕਿ ਰੇਲਗੱਡੀ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਹਿੱਲ ਗਏ, ਮੇਰਾ ਬੱਚਾ ਸੀਟ ਤੋਂ ਥੱਲੇ ਡਿੱਗ ਪਿਆ।"
ਮੁਸ਼ਤਾਕ ਮੁਹੰਮਦ ਕਹਿੰਦੇ ਹਨ ਕਿ ਧਮਾਕੇ ਤੋਂ ਬਾਅਦ ਹੀ ਗੋਲੀਬਾਰੀ ਸ਼ੁਰੂ ਹੋ ਗਈ ਸੀ ਅਤੇ ਗੋਲੀਬਾਰੀ ਇੱਕ ਘੰਟੇ ਤੱਕ ਜਾਰੀ ਰਹੀ।
ਗੋਲੀਬਾਰੀ ਦੌਰਾਨ ਪੂਰਾ ਸਮਾਂ ਇਸਹਾਕ ਨੇ ਆਪਣੇ ਇੱਕ ਬੱਚੇ ਨੂੰ ਆਪਣੇ ਨਾਲ ਘੁੱਟੀ ਰੱਖਿਆ ਅਤੇ ਦੂਜੇ ਬੱਚੇ ਨੂੰ ਉਨ੍ਹਾਂ ਦੀ ਪਤਨੀ ਨੇ ਆਪਣੇ ਨਾਲ ਲੁਕਾਈ ਰੱਖਿਆ ਸੀ।
ਉਹ ਕਹਿੰਦੇ ਹਨ, "ਅਸੀਂ ਸੋਚਿਆ ਜੇਕਰ ਕੋਈ ਗੋਲੀ ਵੱਜੇ ਤਾਂ ਸਾਨੂੰ ਚਾਹੇ ਲੱਗ ਜਾਵੇ ਪਰ ਸਾਡੇ ਬੱਚੇ ਬਚ ਜਾਣ।"
ਇਸਹਾਕ ਕਹਿੰਦੇ ਹਨ, "ਗੋਲੀਬਾਰੀ 50 ਮਿੰਟਾਂ ਤੱਕ ਚੱਲਦੀ ਰਹੀ, ਉਸ ਸਮੇਂ ਦੌਰਾਨ ਸਾਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਵੇਗਾ।"
ਮੁਸ਼ਤਾਕ ਮੁਹੰਮਦ ਕਹਿੰਦੇ ਹਨ, "ਸਮਾਂ ਬੀਤਣ ਮਗਰੋਂ ਗੋਲੀਬਾਰੀ ਹੌਲੀ-ਹੌਲੀ ਰੁੱਕ ਗਈ ਅਤੇ ਉਸ ਤੋਂ ਬਾਅਦ ਹਥਿਆਰਬੰਦ ਆਦਮੀ ਡੱਬਿਆਂ ਵਿੱਚ ਦਾਖਲ ਹੋ ਗਏ।"
ਤਿੰਨ ਆਦਮੀ ਸਾਡੇ ਡੱਬੇ ਵਿੱਚ ਆਏ ਅਤੇ ਯਾਤਰੀਆਂ ਨੂੰ ਵੱਖ-ਵੱਖ ਕਰ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਆਮ ਨਾਗਰਿਕਾਂ, ਔਰਤਾਂ, ਬਜ਼ੁਰਗਾਂ ਅਤੇ ਬਲੋਚਾਂ ਨੂੰ ਕੁਝ ਨਹੀਂ ਕਹਿਣਗੇ।"
ਮੁਸ਼ਤਾਕ ਮੁਹੰਮਦ ਨੇ ਕਿਹਾ, "ਉਹ ਲੋਕ (ਦਹਿਸ਼ਤਗਰਦ) ਆਪਸ ਵਿੱਚ ਬਲੋਚ ਭਾਸ਼ਾ ਵਿੱਚ ਗੱਲ ਕਰ ਰਹੇ ਸਨ ਅਤੇ ਉਨ੍ਹਾਂ ਦਾ ਆਗੂ ਉਨ੍ਹਾਂ ਨੂੰ ਵਾਰ-ਵਾਰ ਕਹਿ ਰਿਹਾ ਸੀ, 'ਸੁਰੱਖਿਆ ਕਰਮਚਾਰੀਆਂ 'ਤੇ ਖਾਸ ਨਜ਼ਰ ਰੱਖੋ, ਇਹ ਹੱਥੋਂ ਨਹੀਂ ਨਿਕਲਣੇ ਚਾਹੀਦੇ'
ਜਿਕਰਯੋਗ ਹੈ ਕਿ ਹਮਲੇ ਵਾਲੀ ਰੇਲ ਵਿੱਚ ਕਾਫੀ ਸੁਰਖਿਆ ਕਰਮੀ ਸਵਾਰ ਸਨ।
ਇਸਹਾਕ ਨੂਰ ਕਹਿੰਦੇ ਹਨ, " ਉਨ੍ਹਾਂ ਨੇ ਸਾਡੇ ਕੋਚ ਤੋਂ ਘੱਟੋ-ਘੱਟ 11 ਯਾਤਰੀਆਂ ਨੂੰ ਥੱਲੇ ਉਤਾਰ ਲਿਆ।"
ਇਸਹਾਕ ਨੂਰ ਕਹਿੰਦੇ ਹਨ, "ਇਸ ਦੌਰਾਨ ਇੱਕ ਵਿਅਕਤੀ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਇਸ ਮਗਰੋਂ ਵਿਅਕਤੀ ਨੂੰ ਜ਼ੋਰ-ਜਬਰਦਸਤੀ ਹੇਠਾਂ ਉਤਾਰਿਆ ਗਿਆ ਅਤੇ ਫਿਰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ, ਬੋਗੀ ਵਿੱਚ ਮੌਜੂਦ ਸਾਰੇ ਲੋਕਾਂ ਨੇ ਉਨ੍ਹਾਂ ਦਾ ਕਹਿਣਾ ਮੰਨਣਾ ਸ਼ੁਰੂ ਕਰ ਦਿੱਤਾ।"
ਇਸਹਾਕ ਨੂਰ ਨੇ ਕਿਹਾ ਕਿ ਸ਼ਾਮ ਨੂੰ ਦਹਿਸ਼ਤਗਰਦ ਨੇ ਯਾਤਰੀਆਂ ਨੂੰ ਕਿਹਾ ਕਿ ਉਹ ਬਲੋਚ, ਔਰਤਾਂ, ਬੱਚਿਆਂ ਅਤੇ ਬਜ਼ੁਰਗ ਯਾਤਰੀਆਂ ਨੂੰ ਛੱਡ ਰਹੇ ਹਨ।
"ਉਹ ਮੈਨੂੰ ਨਹੀਂ ਜਾਣ ਦੇ ਰਹੇ ਸਨ, ਪਰ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਤੁਰਬਤ ਦਾ ਰਹਿਣ ਵਾਲਾ ਹਾਂ ਅਤੇ ਮੇਰੇ ਨਾਲ ਬੱਚੇ ਅਤੇ ਪਤਨੀ ਹੈ, ਤਾਂ ਉਨ੍ਹਾਂ ਨੇ ਮੈਨੂੰ ਵੀ ਜਾਣ ਦਿੱਤਾ।"
ਮੁਹੰਮਦ ਅਸ਼ਰਫ਼ ਮੰਗਲਵਾਰ ਸਵੇਰੇ ਜਾਫ਼ਰ ਐਕਸਪ੍ਰੈਸ ਵਿੱਚ ਸਵਾਰ ਕਵੇਟਾ ਤੋਂ ਲਾਹੌਰ ਜਾ ਰਹੇ ਸਨ।
ਮੁਹੰਮਦ ਅਸ਼ਰਫ਼ ਦੇ ਪੁੱਤਰ ਮੰਗਲਵਾਰ ਦੁਪਹਿਰ ਨੂੰ ਆਪਣੇ ਪਿਤਾ ਬਾਰੇ ਜਾਣਕਾਰੀ ਲੈਣ ਲਈ ਕਵੇਟਾ ਰੇਲਵੇ ਸਟੇਸ਼ਨ ਪਹੁੰਚੇ ਸਨ ਅਤੇ ਬੀਬੀਸੀ ਪੱਤਰਕਾਰ ਮੁਹੰਮਦ ਕਾਜ਼ਿਮ ਨਾਲ ਗੱਲ ਕੀਤੀ ਸੀ।
ਮੁਹੰਮਦ ਅਸ਼ਰਫ਼ ਨੇ ਪਹਿਲਾਂ ਮੱਛ ਤੋਂ ਫ਼ੋਨ 'ਤੇ ਬੀਬੀਸੀ ਨਾਲ ਗੱਲ ਕੀਤੀ ਅਤੇ ਫਿਰ ਕਵੇਟਾ ਰੇਲਵੇ ਸਟੇਸ਼ਨ 'ਤੇ ਹਮਲੇ ਵਾਲੀ ਥਾਂ ਤੋਂ ਪਾਨੀਰ ਸਟੇਸ਼ਨ ਤੱਕ ਦੇ ਸਫ਼ਰ ਦਾ ਬਿਆਨੀਆ ਕੀਤਾ।
ਮੁਹੰਮਦ ਅਸ਼ਰਫ਼ ਦੇ ਅਨੁਸਾਰ ਦਹਿਸ਼ਤਗਰਦਾਂ ਨੇ ਬਜ਼ੁਰਗਾਂ, ਨਾਗਰਿਕਾਂ, ਔਰਤਾਂ ਅਤੇ ਬੱਚਿਆਂ ਨੂੰ ਜਾਣ ਦਿੱਤਾ ਅਤੇ ਫਿਰ ਸ਼ਾਮ ਨੂੰ ਨਜ਼ਦੀਕੀ ਸਟੇਸ਼ਨ ਪਹੁੰਚਣ ਲਈ ਲੰਬੇ ਪੈਦਲ ਸਫਰ ਦੀ ਸ਼ੁਰਆਤ ਹੋਈ।
ਉਨ੍ਹਾਂ ਨੇ ਕਿਹਾ, "ਅਸੀਂ ਬਹੁਤ ਮੁਸ਼ਕਲ ਨਾਲ ਤਿੰਨ ਤੋਂ ਸਾਢੇ ਤਿੰਨ ਘੰਟਿਆਂ ਵਿੱਚ ਪਾਨੀਰ ਸਟੇਸ਼ਨ ਪਹੁੰਚੇ, ਅਸੀਂ ਬਹੁਤ ਥੱਕੇ ਹੋਏ ਸੀ ਅਤੇ ਸਾਡੇ ਨਾਲ ਬੱਚੇ, ਜਵਾਨ ਕੁੜੀਆਂ ਅਤੇ ਔਰਤਾਂ ਸਨ।"
"ਜ਼ਿਆਦਾਤਰ ਲੋਕਾਂ ਨੇ ਆਪਣਾ ਸਮਾਨ ਪਿੱਛੇ ਛੱਡ ਦਿੱਤਾ ਅਤੇ ਕੁਝ ਲੋਕ ਹੀ ਆਪਣੇ ਨਾਲ ਸਮਾਨ ਲੈ ਕੇ ਤੁਰ ਰਹੇ ਸਨ, ਜਾਨਾਂ ਬਚਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ, ਕੁਝ ਲੋਕ ਕਮਜ਼ੋਰ ਸਨ, ਇਸ ਲਈ ਅਸੀਂ ਉਨ੍ਹਾਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਸਟੇਸ਼ਨ ਪਹੁੰਚੇ ਹਾਂ।"
ਉਨ੍ਹਾਂ ਕਿਹਾ, "ਯਾਤਰੀਆਂ ਡਰ ਅਤੇ ਸਹਿਮੇ ਸਨ, ਇਹ ਕਿਆਮਤ ਦਾ ਮੰਜ਼ਰ ਸੀ।"
ਮੁਹੰਮਦ ਅਸ਼ਰਫ ਕਹਿੰਦੇ ਹਨ, "ਮੇਰੇ ਅੰਦਾਜ਼ੇ ਅਨੁਸਾਰ, ਉਹ (ਦਹਿਸ਼ਗਰਦ) ਲਗਭਗ 250 ਲੋਕਾਂ ਨੂੰ ਆਪਣੇ ਨਾਲ ਲੈ ਗਏ ਅਤੇ ਉਨ੍ਹਾਂ (ਦਹਿਸ਼ਤਗਰਦਾਂ) ਦੀ ਗਿਣਤੀ ਵੀ ਤਕਰੀਬਨ 110 ਸੀ।"
ਇਸੇ ਤਰ੍ਹਾਂ ਬਹਾਵਲਪੁਰ ਜਾਣ ਵਾਲੇ ਇੱਕ ਯਾਤਰੀ ਬਸ਼ੀਰ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਯਾਤਰਾ ਕਰ ਰਹੇ ਸੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ "ਹਥਿਆਰਬੰਦ ਆਦਮੀ ਆਏ ਅਤੇ ਸਾਨੂੰ ਹੇਠਾਂ ਉਤਰਨ ਲਈ ਕਿਹਾ। ਉਨ੍ਹਾਂ ਨੇ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਨਹੀਂ ਰੋਕਿਆ।"
"ਉਨ੍ਹਾਂ ਨੇ ਸਾਨੂੰ ਪਿੱਛੇ ਮੁੜ ਕੇ ਨਾ ਦੇਖਣ ਲਈ ਕਿਹਾ, ਉਸ ਤੋਂ ਬਾਅਦ ਅਸੀਂ ਮੁਸ਼ਕਲ ਰਸਤਿਆਂ ਰਾਹੀਂ ਪਨੀਰ ਰੇਲਵੇ ਸਟੇਸ਼ਨ ਪਹੁੰਚੇ।
ਪਹਿਲਾਂ ਅਧਿਕਾਰੀਆਂ ਨੇ ਕੀ ਕਿਹਾ ਸੀ
ਪਾਕਿਸਤਾਨ ਦੇ ਬਲੋਚਿਸਤਾਨ ਦੇ ਸਿਬੀ ਜ਼ਿਲੇ 'ਚ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਕੁਏਟਾ ਤੋਂ ਪੇਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈੱਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਡਰਾਈਵਰ ਜ਼ਖਮੀ ਹੋ ਗਿਆ।
ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਕੁਏਟਾ ਤੋਂ ਪੇਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈੱਸ 'ਤੇ ਗੁਡਾਲਾਰ ਅਤੇ ਪੇਰੋ ਕੁਨਾਰੀ ਵਿਚਾਲੇ ਭਾਰੀ ਗੋਲੀਬਾਰੀ ਦੀਆਂ ਖਬਰਾਂ ਹਨ।
ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਜਾਫ਼ਰ ਐਕਸਪ੍ਰੈੱਸ ਰੇਲਗੱਡੀ ਉੱਤੇ ਹਮਲਾ ਕੀਤਾ ਸੀ।
ਹਸਪਤਾਲ ਦੇ ਬੁਲਾਰੇ ਡਾ. ਵਸੀਮ ਬੈਗ਼ ਨੇ ਬੀਬੀਸੀ ਉਰਦੂ ਨੂੰ ਦੱਸਿਆ ਹੈ ਕਿ ਮੁੱਖ ਹਸਪਤਾਲ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਅਤੇ ਐਂਬੂਲੈਂਸਾਂ ਨੂੰ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਸਪੈਸ਼ਲ ਵਾਰਡ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਸਟਾਫ ਨੂੰ ਜਖ਼ਮੀਆਂ ਦੇ ਇਲਾਜ ਲਈ ਮੁਕੰਮਲ ਤਿਆਰੀ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।
ਕੁਏਟਾ ਵਿੱਚ ਰੇਲਵੇ ਕੰਟਰੋਲ ਦੇ ਸੀਨੀਅਰ ਅਧਿਕਾਰੀ ਮੁਹੰਮਦ ਸ਼ਰੀਫ਼ ਨੇ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਕਾਰਨ ਰੇਲਗੱਡੀ ਨੂੰ ਸਿਬੀ ਨੇੜੇ ਰੋਕ ਦਿੱਤਾ ਗਿਆ।
ਰੇਲਗੱਡੀ ਵਿੱਚ 400 ਯਾਤਰੀ ਸਵਾਰ
ਉਨ੍ਹਾਂ ਦੱਸਿਆ ਕਿ ਫਿਲਹਾਲ ਜੋ ਜਾਣਕਾਰੀ ਮਿਲੀ ਹੈ, ਉਸ ਅਨੁਸਾਰ ਇਸ ਹਮਲੇ ਵਿੱਚ ਟਰੇਨ ਦਾ ਡਰਾਈਵਰ ਜ਼ਖਮੀ ਹੈ।
ਰੇਲਵੇ ਕੰਟਰੋਲ ਦੇ ਸੀਨੀਅਰ ਅਧਿਕਾਰੀ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਟਰੇਨ ਸਵੇਰੇ ਨੌਂ ਵਜੇ ਕੁਏਟਾ ਤੋਂ ਪੇਸ਼ਾਵਰ ਲਈ ਰਵਾਨਾ ਹੋਈ ਸੀ।
ਰੇਲਵੇ ਬੁਲਾਰੇ ਅਨੁਸਾਰ ਜਾਫ਼ਰ ਐਕਸਪ੍ਰੈੱਸ ਟਰੇਨ ਵਿੱਚ 400 ਯਾਤਰੀ ਸਵਾਰ ਹਨ। ਕੁੱਲ ਗਿਆਰਾਂ ਬੋਗੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਸਵਾਰ ਹਨ।
ਜਦੋਂ ਟਰੇਨ ਨੂੰ ਹਾਈਜੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਡਰਾਈਵਰ ਜ਼ਖਮੀ ਹੋ ਗਿਆ ਅਤੇ "ਡਰਾਈਵਰ ਟਰੇਨ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।"
ਬਲੋਚਿਸਤਾਨ ਲਿਬਰੇਸ਼ਨ ਆਰਮੀ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਈ?
ਬਲੋਚਿਸਤਾਨ ਲਿਬਰੇਸ਼ਨ ਆਰਮੀ ਪਹਿਲੀ ਵਾਰ 1970 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਹੋਂਦ ਵਿੱਚ ਆਈ ਸੀ।
ਜਦੋਂ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੀ ਪਹਿਲੀ ਸਰਕਾਰ ਨੇ ਬਲੋਚਿਸਤਾਨ ਵਿੱਚ ਪਾਕਿਸਤਾਨ ਰਾਜ ਦੇ ਖ਼ਿਲਾਫ਼ ਇੱਕ ਹਥਿਆਰਬੰਦ ਬਗਾਵਤ ਸ਼ੁਰੂ ਕੀਤੀ ਸੀ।
ਹਾਲਾਂਕਿ, ਫੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਦੇ ਸੱਤਾ 'ਤੇ ਕਾਬਜ਼ ਹੋਣ ਅਤੇ ਹਥਿਆਰਬੰਦ ਬਗ਼ਾਵਤ ਨੂੰ ਖ਼ਤਮ ਕਰਨ ਲਈ ਬਲੋਚ ਰਾਸ਼ਟਰਵਾਦੀ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬੀਐੱਲਏ ਵੀ ਪਿਛੋਕੜ ਵਿੱਚ ਚਲਿਆ ਗਿਆ।
ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੀ ਅਗਵਾਈ ਹੇਠ ਬਲੋਚਿਸਤਾਨ ਹਾਈ ਕੋਰਟ ਦੇ ਜਸਟਿਸ ਨਵਾਜ਼ ਮਰੀ ਦੇ ਕਤਲ ਦੇ ਇਲਜ਼ਾਮ ਵਿੱਚ ਰਾਸ਼ਟਰਵਾਦੀ ਨੇਤਾ ਨਵਾਬ ਖੈਰ ਬਖ਼ਸ਼ ਮਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ 2000 ਤੋਂ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਕਾਰੀ ਸਹੂਲਤਾਂ ਅਤੇ ਸੁਰੱਖਿਆ ਬਲਾਂ 'ਤੇ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋਇਆ।
ਸਮੇਂ ਦੇ ਨਾਲ, ਇਹ ਹਮਲੇ ਨਾ ਸਿਰਫ਼ ਵਧੇ, ਬਲਕਿ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਫੈਲ ਗਏ।
ਬੀਐੱਲਏ ਨੇ ਹੀ ਜ਼ਿਆਦਾਤਰ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।
2006 ਵਿੱਚ ਪਾਕਿਸਤਾਨ ਦੀ ਸਰਕਾਰ ਨੇ ਬਲੋਚ ਲਿਬਰੇਸ਼ਨ ਆਰਮੀ ਨੂੰ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ