ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਲਈ ਨਾਮਜ਼ਦਗੀਆਂ ਦਾ ਐਲਾਨ ਹੋਇਆ

ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਦੇ ਪੰਜਵੇਂ ਐਡੀਸ਼ਨ ਲਈ ਨਾਮਜ਼ਦ ਖਿਡਾਰਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਪੰਜ ਦਾਅਵੇਦਾਰ ਹਨ: ਗੋਲਫ਼ਰ ਅਦਿਤੀ ਅਸ਼ੋਕ, ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਅਵਨੀ ਲੇਖਾਰਾ, ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਪਹਿਲਵਾਨ ਵਿਨੇਸ਼ ਫੋਗਾਟ।
ਇਹ ਐਵਾਰਡ 2024 ਵਿੱਚ ਭਾਰਤੀ ਮਹਿਲਾ ਖਿਡਾਰੀਆਂ ਦੇ ਯੋਗਦਾਨ ਦਾ ਸਨਮਾਨ ਕਰਦਾ ਹੈ ਅਤੇ ਦੇਸ਼ ਵਿੱਚ ਖੇਡਾਂ ਨਾਲ ਜੁੜੀਆਂ ਸਾਰੀਆਂ ਔਰਤਾਂ ਦੀਆਂ ਉਪਲੱਬਧੀਆਂ ਦਾ ਜਸ਼ਨ ਮਨਾਉਂਦਾ ਹੈ।
ਤੁਸੀਂ ਬੀਬੀਸੀ ਦੀ ਕਿਸੇ ਵੀ ਭਾਰਤੀ ਭਾਸ਼ਾ ਦੀ ਵੈੱਬਸਾਈਟ ਜਾਂ ਬੀਬੀਸੀ ਸਪੋਰਟ ਵੈੱਬਸਾਈਟ 'ਤੇ ਆਪਣੀ ਪਸੰਦੀਦਾ, ਸਾਲ ਦੀ ਸਰਵਉੱਚ ਭਾਰਤੀ ਖਿਡਾਰਨ ਲਈ ਵੋਟ ਦੇ ਸਕੋਗੇ।
ਬੀਬੀਸੀ ਵੱਲੋਂ ਚੁਣੇ ਗਏ ਇੱਕ ਪੈਨਲ ਨੇ ਇਨ੍ਹਾਂ ਪੰਜ ਭਾਰਤੀ ਮਹਿਲਾ ਖਿਡਾਰਨਾਂ ਦੀ ਸੂਚੀ ਤਿਆਰ ਕੀਤੀ ਹੈ। ਜਿਊਰੀ ਵਿੱਚ ਭਾਰਤ ਭਰ ਦੇ ਕੁਝ ਸਭ ਤੋਂ ਉੱਘੇ ਖੇਡ ਪੱਤਰਕਾਰ, ਮਾਹਰ ਅਤੇ ਲੇਖਕ ਸ਼ਾਮਲ ਹਨ।
ਜਿਊਰੀ ਨੇ 1 ਅਕਤੂਬਰ 2023 ਤੋਂ 30 ਸਤੰਬਰ 2024 ਤੱਕ ਸ਼ਾਨਦਾਰ ਉਪਲੱਬਧੀਆਂ ਵਾਲੀਆਂ ਪੰਜ ਭਾਰਤੀ ਮਹਿਲਾ ਖਿਡਾਰਨਾਂ ਨੂੰ ਨਾਮਜ਼ਦ ਕੀਤਾ ਹੈ।
ਸਭ ਤੋਂ ਵੱਧ ਜਨਤਕ ਵੋਟਾਂ ਪ੍ਰਾਪਤ ਕਰਨ ਵਾਲੀ ਖਿਡਾਰਨ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਦਾ ਐਵਾਰਡ ਦਿੱਤਾ ਜਾਵੇਗਾ, ਜਿਸ ਦੇ ਨਤੀਜੇ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀਆਂ ਵੈੱਬਸਾਈਟਾਂ ਅਤੇ ਬੀਬੀਸੀ ਸਪੋਰਟ ਵੈੱਬਸਾਈਟ 'ਤੇ ਨਸ਼ਰ ਕੀਤੇ ਜਾਣਗੇ।
ਵੋਟਿੰਗ ਸ਼ੁੱਕਰਵਾਰ, 31 ਜਨਵਰੀ 2025 ਨੂੰ 6:00 ਵਜੇ (23:30 IST) ਤੱਕ ਖੁੱਲ੍ਹੀ ਰਹੇਗੀ ਅਤੇ ਜੇਤੂ ਦਾ ਐਲਾਨ ਸੋਮਵਾਰ, 17 ਫਰਵਰੀ 2025 ਨੂੰ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਕੀਤਾ ਜਾਵੇਗਾ। ਸਾਰੇ ਨਿਯਮ ਅਤੇ ਸ਼ਰਤਾਂ ਅਤੇ ਗੋਪਨੀਯਤਾ ਸੂਚਨਾ ਵੈੱਬਸਾਈਟ 'ਤੇ ਹੈ।
ਨਾਮਜ਼ਦ ਹੋਈਆਂ ਖਿਡਾਰਨਾਂ
ਅਦਿਤੀ ਅਸ਼ੋਕ (ਗੋਲਫ਼ਰ)

26 ਸਾਲਾ ਅਦਿਤੀ ਲਗਾਤਾਰ ਤਿੰਨ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਮਹਿਲਾ ਗੋਲਫ਼ਰ ਹਨ।
18 ਸਾਲ ਦੀ ਉਮਰ ਵਿੱਚ, ਉਹ ਓਲੰਪਿਕ (ਰੀਓ, 2016) ਵਿੱਚ ਪਹੁੰਚਣ ਵਾਲੇ ਸਭ ਤੋਂ ਛੋਟੀ ਉਮਰ ਦੇ ਗੋਲਫ਼ਰ ਸਨ।
ਟੋਕੀਓ 2020 ਵਿੱਚ, ਉਹ ਤਗਮੇ ਤੋਂ ਮਹਿਜ਼ ਇੱਕ ਕਦਮ ਦੂਰ ਰਹਿੰਦੇ ਹੋਏ ਚੌਥੇ ਸਥਾਨ 'ਤੇ ਰਹੇ। ਇਹ ਉਨ੍ਹਾਂ ਦਾ ਅਤੇ ਭਾਰਤ ਦਾ ਹੁਣ ਤੱਕ ਦਾ ਗੋਲਫ਼ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਸੀ।
ਅਦਿਤੀ ਨੇ 2023 ਦੀਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਪਰ 2024 ਵਿੱਚ ਆਪਣੇ ਤੀਜੇ ਓਲੰਪਿਕ ਵਿੱਚ ਉਹ ਮੈਡਲ ਤੋਂ ਖੁੰਝ ਗਏ ਸਨ।
ਅਦਿਤੀ ਹੁਣ ਤੱਕ ਪੰਜ ਜਿੱਤਾਂ ਨਾਲ ਲੇਡੀਜ਼ ਯੂਰਪੀਅਨ ਟੂਰ (LET) ਜਿੱਤਣ ਵਾਲੇ ਪਹਿਲੇ ਭਾਰਤੀ ਹਨ। ਉਹ ਲੇਡੀਜ਼ ਪ੍ਰੋਫੈਸ਼ਨਲ ਗੋਲਫ਼ ਟੂਰ 'ਤੇ ਇੱਕ ਨਿਯਮਤ ਦਾਅਵੇਦਾਰ ਹਨ।
ਅਦਿਤੀ ਨੂੰ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਭਾਰਤ ਦੇ ਸਭ ਤੋਂ ਉੱਚੇ ਖੇਡ ਸਨਮਾਨਾਂ ਵਿੱਚੋਂ ਇੱਕ ਹੈ।
ਮਨੂ ਭਾਕਰ (ਨਿਸ਼ਾਨੇਬਾਜ਼)

22 ਸਾਲਾ ਮਨੂ ਭਾਕਰ ਇੱਕ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਹਨ। ਉਨ੍ਹਾਂ ਨੇ 2024 ਓਲੰਪਿਕ ਵਿੱਚ ਏਅਰ ਪਿਸਟਲ ਸ਼ੂਟਿੰਗ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ ਸਨ।
2020 ਓਲੰਪਿਕ ਵਿੱਚ, ਉਨ੍ਹਾਂ ਦੀ ਪਿਸਤੌਲ ਖ਼ਰਾਬ ਹੋਣ ਕਾਰਨ ਉਹ ਤਗਮਾ ਜਿੱਤਣ ਤੋਂ ਖੁੰਝ ਗਏ ਸਨ।
ਇਸ ਤੋਂ ਬਾਅਦ ਉਹ 2024 ਪੈਰਿਸ ਓਲੰਪਿਕ ਲਈ ਸਿਖਲਾਈ ਲੈਣ ਲਈ, ਲੰਬੇ ਸਮੇਂ ਤੋਂ ਆਪਣੇ ਕੋਚ ਰਹੇ ਜਸਪਾਲ ਰਾਣਾ ਨਾਲ ਦੁਬਾਰਾ ਜੁੜ ਗਏ।
ਸਾਲ 2018 ਵਿੱਚ ਮਨੂ ਸ਼ੂਟਿੰਗ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਭਾਰਤੀ ਬਣ ਗਏ ਸਨ। ਉਸ ਵੇਲੇ ਉਹ ਮਹਿਜ਼ 16 ਸਾਲ ਦੇ ਸਨ।
ਮਨੂ ਨੇ ਪਿਛਲੇ ਸਾਲਾਂ ਵਿੱਚ ਵਿਸ਼ਵ ਕੱਪ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਈ ਤਗਮੇ ਜਿੱਤੇ ਹਨ। ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਉੱਚੇ ਖੇਡ ਸਨਮਾਨ ਖੇਲ ਰਤਨ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਅਵਨੀ ਲੇਖਰਾ (ਨਿਸ਼ਾਨੇਬਾਜ਼)

23 ਸਾਲਾ ਅਵਨੀ ਲੇਖਰਾ ਤਿੰਨ ਪੈਰਾਲੰਪਿਕ ਤਗਮੇ ਜਿੱਤਣ ਵਾਲੇ ਪਹਿਲੀ ਭਾਰਤੀ ਮਹਿਲਾ ਹਨ। ਸਾਲ 2020 ਟੋਕੀਓ ਪੈਰਾਲੰਪਿਕਸ ਵਿੱਚ ਇੱਕ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ, 2024 ਵਿੱਚ ਉਨ੍ਹਾਂ ਨੇ ਪੈਰਿਸ ਵਿੱਚ ਸੋਨ ਤਗਮਾ ਜਿੱਤਿਆ।
ਅਵਨੀ, ਸਾਲ 2015 ਵਿੱਚ ਉਨ੍ਹਾਂ ਦੇ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸ਼ੂਟਿੰਗ ਨਾਲ ਰੂਬਰੂ ਹੋਏ ਸਨ।
ਉਨ੍ਹਾਂ ਦਾ ਇਹ ਸ਼ੌਕ ਇੱਕ ਜਨੂੰਨ ਬਣ ਗਿਆ ਅਤੇ ਉਨ੍ਹਾਂ ਨੇ ਕੌਮੀ ਅਤੇ ਅੰਤਰਰਾਸ਼ਟਰੀ ਦੋਵੇਂ ਪੱਧਰਾਂ 'ਤੇ ਮੁਕਾਬਲੇ ਜਿੱਤਣੇ ਸ਼ੁਰੂ ਕਰ ਦਿੱਤੇ।
12 ਸਾਲਾਂ ਵਿੱਚ ਅਵਨੀ ਨੇ ਤਿੰਨ ਵਿਸ਼ਵ ਕੱਪਾਂ ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਨੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਹਨ। ਉਨ੍ਹਾਂ ਨੇ ਸਾਲ 2022 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਵੀ ਇੱਕ ਸੋਨ ਤਗਮਾ ਜਿੱਤਿਆ ਸੀ।
ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਅਵਨੀ ਨੂੰ ਨਾਗਰਿਕ ਸਨਮਾਨ, ਪਦਮ ਸ਼੍ਰੀ ਅਤੇ ਸਭ ਤੋਂ ਉੱਚ ਖੇਡ ਸਨਮਾਨ, ਖੇਲ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ।
ਸਮ੍ਰਿਤੀ ਮੰਧਾਨਾ (ਕ੍ਰਿਕਟਰ)

ਸਮ੍ਰਿਤੀ ਮੰਧਾਨਾ ਨੂੰ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
2024 ਵਿੱਚ, ਸਮ੍ਰਿਤੀ ਨੇ ਇੱਕ ਸਾਲ ਵਿੱਚ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ 1659 ਦੌੜਾਂ ਬਣਾਈਆਂ। ਇਸ ਵਿੱਚ 4 ਇੱਕ ਰੋਜ਼ਾ ਸੈਂਕੜੇ ਸ਼ਾਮਲ ਸਨ, ਜੋ ਕਿ ਕਿਸੇ ਵੀ ਮਹਿਲਾ ਕ੍ਰਿਕਟਰ ਲਈ ਸਭ ਤੋਂ ਵੱਧ ਹਨ।
ਉਹ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਟੀਮ ਦੇ ਕਪਤਾਨ ਸਨ, ਜਿਸ ਨੇ 2024 ਮਹਿਲਾ ਪ੍ਰੀਮੀਅਰ ਲੀਗ ਜਿੱਤੀ ਸੀ।
ਸਮ੍ਰਿਤੀ 2022 ਅਤੇ 2018 ਵਿੱਚ ਆਈਸੀਸੀ ਮਹਿਲਾ ਕ੍ਰਿਕਟਰ ਪੁਰਸਕਾਰ ਦੇ ਜੇਤੂ ਬਣੇ। ਆਸਟ੍ਰੇਲੀਆ ਦੀ ਐਲਿਸ ਪੈਰੀ ਤੋਂ ਬਾਅਦ ਉਹ ਦੂਜੀ ਕ੍ਰਿਕਟਰ ਹਨ ਜਿਨ੍ਹਾਂ ਨੇ ਇਹ ਪੁਰਸਕਾਰ ਦੋ ਵਾਰ ਜਿੱਤਿਆ ਹੈ।
ਉਹ ਉਸ ਭਾਰਤੀ ਟੀਮ ਵਿੱਚ ਵੀ ਸਨ ਜੋ 2020 ਵਿੱਚ ਟੀ20 ਵਿਸ਼ਵ ਕੱਪ ਅਤੇ 2017 ਵਿੱਚ ਇੱਕ ਰੋਜ਼ਾ ਅੰਤਰਰਾਸ਼ਟਰੀ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੇ ਸਨ।
ਸਮ੍ਰਿਤੀ ਨੂੰ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਭਾਰਤ ਦੇ ਸਭ ਤੋਂ ਉੱਚੇ ਖੇਡ ਸਨਮਾਨਾਂ ਵਿੱਚੋਂ ਇੱਕ ਹੈ।
ਵਿਨੇਸ਼ ਫ਼ੋਗਾਟ (ਪਹਿਲਵਾਨ)

ਪਹਿਲਵਾਨ ਵਿਨੇਸ਼ ਫ਼ੋਗਾਟ ਤਿੰਨ ਵਾਰ ਓਲੰਪੀਅਨ ਹਨ ਅਤੇ ਭਾਰਤ ਲਈ ਕਈ ਤਗਮੇ ਜਿੱਤ ਚੁੱਕੇ ਹਨ।
ਉਹ ਪੈਰਿਸ 2024 ਵਿੱਚ ਓਲੰਪਿਕ ਫ਼ਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਮਹਿਲਾ ਪਹਿਲਵਾਨ ਬਣੇ ਸਨ ਪਰ ਆਖ਼ਰੀ ਮੁਕਾਬਲੇ ਤੋਂ ਪਹਿਲਾਂ ਭਾਰ ਦੇ ਲੋੜੀਂਦੇ ਮਾਪਦੰਡਾਂ ਦੇ ਅਧਾਰ ਉੱਤੇ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਅਤੇ ਉਹ ਜਿੱਤ ਦਰਜ ਕਰਵਾਉਣ ਵਿੱਚ ਨਾਕਾਮ ਰਹੇ।
ਵਿਨੇਸ਼ ਨੇ 2019 ਅਤੇ 2022 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਉਨ੍ਹਾਂ ਨੇ ਏਸ਼ੀਅਨ ਖੇਡਾਂ ਵਿੱਚ ਇੱਕ ਸੋਨ ਅਤੇ ਇੱਕ ਕਾਂਸੀ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਗੋਲਡ ਤਗਮੇ ਆਪਣੇ ਨਾਮ ਕੀਤੇ ਸਨ।
ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਇੱਕ ਪ੍ਰਮੁੱਖ ਚਿਹਰਾ ਸੀ।
ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਹਨ। ਉਨ੍ਹਾਂ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
2024 ਵਿੱਚ, ਵਿਨੇਸ਼ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ ਹਰਿਆਣਾ ਤੋਂ ਵਿਧਾਇਕ ਬਣੇ।

ਇਸ ਸਮਾਗਮ ਵਿੱਚ ਬੀਬੀਸੀ ਜਿਊਰੀ ਦੁਆਰਾ ਨਾਮਜ਼ਦ ਤਿੰਨ ਹੋਰ ਮਹਿਲਾ ਖਿਡਾਰਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਇਨ੍ਹਾਂ ਵਿੱਚ ਸ਼ਾਮਲ ਹਨ: ਬੀਬੀਸੀ ਇਮਰਜਿੰਗ ਪਲੇਅਰ ਆਫ ਦਿ ਈਅਰ ਐਵਾਰਡ, ਜਿਸ ਵਿੱਚ ਨੌਜਵਾਨ ਮਹਿਲਾ ਐਥਲੀਟ ਦੀਆਂ ਉਪਲੱਬਧੀਆਂ ਨੂੰ ਮਾਨਤਾ ਦਿੱਤੀ ਜਾਵੇਗੀ।
ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ, ਜਿਸ ਵਿੱਚ ਵੈਟਰਨ ਮਹਿਲਾ ਖਿਡਾਰਨਾਂ ਨੂੰ ਖੇਡਾਂ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ ਅਤੇ ਬੀਬੀਸੀ ਪੈਰਾ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ, ਜਿਸ ਵਿੱਚ ਪੈਰਾ-ਸਪੋਰਟਸ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਾਵੇਗਾ।
ਐਵਾਰਡ ਸਮਾਗਮ ਤੋਂ ਇਲਾਵਾ ਇਸ ਸਾਲ ਬੀਬੀਸੀ ISWOTY ਦਾ ਥੀਮ 'ਚੈਂਪੀਅਨਜ਼' ਹੈ, ਜਿਸ ਵਿੱਚ ਇੱਕ ਵਿਸ਼ੇਸ਼ ਦਸਤਾਵੇਜ਼ੀ ਅਤੇ ਖੇਡ ਚੈਂਪੀਅਨ ਬਣਨ ਦੇ ਪਿੱਛੇ ਖਿਡਾਰਨਾਂ 'ਤੇ ਰੋਸ਼ਨੀ ਪਾਉਣ ਵਾਲੀਆਂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।
ਪੁਰਸਕਾਰ ਸਮਾਰੋਹ ਤੋਂ ਇਲਾਵਾ, ਅਸੀਂ 'ਚੈਂਪੀਅਨਜ਼ ਦੇ ਚੈਂਪੀਅਨਜ਼' ਵਿਸ਼ੇ 'ਤੇ ਇੱਕ ਵਿਸ਼ੇਸ਼ ਦਸਤਾਵੇਜ਼ੀ ਅਤੇ ਕਹਾਣੀਆਂ ਪੇਸ਼ ਕਰਾਂਗੇ, ਜਿਸ ਵਿੱਚ ਖੇਡ ਚੈਂਪੀਅਨ ਬਣਨ ਦੇ ਪਿੱਛੇ ਵਿਅਕਤੀਆਂ ਦੇ ਯੋਗਦਾਨ 'ਤੇ ਰੋਸ਼ਨੀ ਪਾਈ ਜਾਵੇਗੀ।
ਹੁਣ ਤੱਕ ਕਿੰਨਾ ਖਿਡਾਰਨਾਂ ਨੂੰ ਮਿਲ ਚੁੱਕਾ ਹੈ ਐਵਾਰਡ

ਤਸਵੀਰ ਸਰੋਤ, Getty Images
ਹੁਣ ਆਪਣੇ ਪੰਜਵੇਂ ਸਾਲ ਵਿੱਚ, ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਦੀ ਸਥਾਪਨਾ 2019 ਵਿੱਚ ਭਾਰਤ ਵਿੱਚ ਮਹਿਲਾ ਐਥਲੀਟਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਕੀਤੀ ਗਈ ਸੀ।
ਉਦਘਾਟਨੀ ਐਡੀਸ਼ਨ ਵਿੱਚ ਤਤਕਾਲੀ ਖੇਡ ਮੰਤਰੀ ਕਿਰਨ ਰਿਜਿਜੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਜੇਤੂ ਐਲਾਨਿਆ ਗਿਆ ਸੀ।
2020 ਐਡੀਸ਼ਨ ਦੀ ਜੇਤੂ ਵਿਸ਼ਵ ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ ਸੀ, ਜਦਕਿ ਵੇਟਲਿਫਟਰ ਮੀਰਾਬਾਈ ਚਾਨੂ ਨੇ 2021 ਅਤੇ 2022 ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਪੁਰਸਕਾਰ ਜਿੱਤਿਆ।
ਕ੍ਰਿਕਟਰ ਸ਼ੈਫਾਲੀ ਵਰਮਾ ਅਤੇ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸਾਲ ਦੀਆਂ ਉੱਭਰਦੀਆਂ ਖਿਡਾਰਨਾਂ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਐਥਲੀਟ ਪੀਟੀ ਊਸ਼ਾ, ਅੰਜੂ ਬੌਬੀ ਜਾਰਜ, ਵੇਟਲਿਫਟਰ ਕਰਨਮ ਮਲੇਸ਼ਵਰੀ ਅਤੇ ਹਾਕੀ ਖਿਡਾਰਨ ਪ੍ਰੀਤਮ ਸਿਵਾਚ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਦਿੱਤਾ ਗਿਆ ਸੀ।
ਵਿਭਿੰਨਤਾ ਅਤੇ ਨਿਰਪੱਖਤਾ ਪ੍ਰਤੀ ਸਾਡੀ ਵਚਨਬੱਧਤਾ ਤਹਿਤ ਪਿਛਲੇ ਐਡੀਸ਼ਨ ਵਿੱਚ ਬੀਬੀਸੀ ਇੰਡੀਅਨ ਪੈਰਾ-ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਐਵਾਰਡ ਦੀ ਪਹਿਲੀ ਜੇਤੂ ਟੇਬਲ ਟੈਨਿਸ ਖਿਡਾਰਨ ਭਾਵੀਨਾ ਪਟੇਲ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












