ਪਹਿਲੇ ਬੱਚੇ ਤੋਂ ਬਾਅਦ ਜੋੜਿਆਂ ਵਿੱਚ ਸਰੀਰਕ ਸਬੰਧ ਬਣਾਉਣ ਦੀ ਇੱਛਾ ਕਿਉਂ ਖ਼ਤਮ ਹੋ ਜਾਂਦੀ ਹੈ, ਇਸ ਬਾਰੇ ਕੀ ਕਰਨ ਦੀ ਲੋੜ ਹੈ

    • ਲੇਖਕ, ਐਮਿਲੀ ਹੋਲਟ
    • ਰੋਲ, ਬੀਬੀਸੀ ਨਿਊਜ਼

ਸੈਕਸ ਬਹੁਤ ਸਾਰੇ ਲੋਕਾਂ ਦੇ ਰਿਸ਼ਤਿਆਂ ਦਾ ਇੱਕ ਅਨਿੱਖੜਵਾਂ ਅੰਗ ਹੈ। ਪਰ ਐੱਨਐੱਚਐੱਸ ਅਨੁਸਾਰ, ਕੁਝ ਲੋਕਾਂ ਲਈ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਵਰਗੀਆਂ ਜ਼ਿੰਦਗੀ ਬਦਲ ਦੇਣ ਵਾਲੀਆਂ ਘਟਨਾਵਾਂ ਤੋਂ ਬਾਅਦ ਕਾਮਵਾਸਨਾ ਵਿੱਚ ਕਮੀ ਆਉਣਾ ਆਮ ਗੱਲ ਹੈ।

ਰਿਐਲਿਟੀ ਟੀਵੀ ਸਟਾਰ ਅਤੇ ਫਿਟਨੈਸ ਕੋਚ ਹੋਲੀ ਹੇਗਨ-ਬਲਾਈਥ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਪੁੱਤਰ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਨਾਲ ਹੋਇਆ ਸੀ।

ਉਨ੍ਹਾਂ ਨੇ ਸੀਬੀਬੀਜ਼ ਪਾਰਟਨਰ ਹੈਲਪਲਾਈ ਦੀ ਸਹਿ-ਮੇਜ਼ਬਾਨੀਕਰਦੇ ਹੋਏ ਕਿਹਾ, "ਮੈਂ ਕਹਿ ਸਕਦੀ ਸੀ, 'ਸੁਣੋ, ਮੈਨੂੰ ਕੋਈ ਫਰਕ ਨਹੀਂ ਪਵੇਗਾ ਜੇਕਰ ਤੁਸੀਂ ਮੈਨੂੰ ਦੁਬਾਰਾ ਕਦੇ ਨਹੀਂ ਛੂੰਹਦੇ,' ਕਿਉਂਕਿ ਮੈਂ ਉਸ ਸਮੇਂ ਇਸ ਤਰ੍ਹਾਂ ਮਹਿਸੂਸ ਕਰਦੀ ਸੀ।"

ਸੈਕਸ ਅਤੇ ਰਿਲੇਸ਼ਨਸ਼ਿਪ ਥੈਰੇਪਿਸਟ ਰੇਚਲ ਗੋਲਡ ਨੇ ਕਿਹਾ ਕਿ ਮਾਵਾਂ ਅਕਸਰ ਜਨਮ ਦੇਣ ਤੋਂ ਛੇ ਹਫ਼ਤਿਆਂ ਬਾਅਦ ਦੁਬਾਰਾ ਨਜ਼ਦੀਕ ਹੋਣ ਦੀ ਉਮੀਦ ਕਰਦੀਆਂ ਹਨ।

"ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਸੱਚਮੁੱਚ ਧੋਖਾ ਹੈ ਕਿ ਇਹ ਦੁਬਾਰਾ ਸੈਕਸ ਕਰਨ ਦਾ ਸਮਾਂ ਹੈ।"

ਹੋਲੀ ਨੇ ਸਮਝਾਇਆ ਕਿ 2023 ਵਿੱਚ ਉਨ੍ਹਾਂ ਦੇ ਪੁੱਤਰ, ਅਲਫ਼ਾ ਜੈਕਸ ਦੇ ਆਉਣ ਤੋਂ ਬਾਅਦ, ਉਨ੍ਹਾਂ ਦੀ ਜਿਨਸੀ ਇੱਛਾ ਘੱਟ ਗਈ ਅਤੇ ਉਨ੍ਹਾਂ ਨੇ ਨੇੜਤਾ ਤੋਂ ਬਚਣਾ ਸ਼ੁਰੂ ਕਰ ਦਿੱਤਾ।

ਪਤੀ ਨਾਲ ਕੀਤੀ ਗੱਲ

ਉਨ੍ਹਾਂ ਨੇ ਦੱਸਿਆ, "ਜਦੋਂ ਵੀ ਮੈਂ ਉਸ ਨੂੰ (ਪਤੀ ਜੈਕਬ) ਨੂੰ ਕਿਸੇ ਵੀ ਤਰ੍ਹਾਂ ਦਾ ਪਿਆਰ ਦਿੰਦੀ ਸੀ, ਜਿਵੇਂ ਕਿ ਛੂਹਣਾ ਜਾਂ ਜੱਫੀ ਪਾਉਣਾ, ਮੈਨੂੰ ਲੱਗਦਾ ਸੀ ਕਿ ਇਹ ਬਿਲਕੁਲ ਸੈਕਸ ਵੱਲ ਲੈ ਜਾਵੇਗਾ ਅਤੇ ਮੈਂ ਇਹ ਨਹੀਂ ਚਾਹੁੰਦੀ ਸੀ।"

"ਮੈਨੂੰ ਉਸ ਦੇ ਪ੍ਰਤੀ ਕੁਝ ਵੀ ਕਰਨ ਉੱਤੇ ਨਕਾਰਾਤਮਕ ਭਾਵਨਾਵਾਂ ਆਉਣ ਲੱਗੀਆਂ।"

ਉਹ ਕਹਿੰਦੀ ਹੈ ਕਿ ਆਪਣੇ ਪਤੀ ਨਾਲ ਖੁੱਲ੍ਹ ਕੇ ਗੱਲ ਕਰਨ ਨਾਲ ਉਨ੍ਹਾਂ ਨੂੰ ਮਦਦ ਮਿਲੀ।

ਉਹ ਦੱਸਦੀ ਹੈ, "ਜਿਵੇਂ ਹੀ ਮੈਂ ਕਿਹਾ, 'ਜਦੋਂ ਵੀ ਮੈਂ ਤੁਹਾਨੂੰ ਜੱਫੀ ਪਾਉਂਦੀ ਹਾਂ ਅਤੇ ਛੂਹਦੀ ਹਾਂ, ਕੀ ਅਸੀਂ ਅਗਲੀ ਚੀਜ਼ ਵੱਲ ਨਾ ਵਧੀਏ? ਕਿਉਂਕਿ ਮੈਨੂੰ ਅਜਿਹਾ ਕਰਨ ਦਾ ਮਨ ਨਹੀਂ ਹੁੰਦਾ,' ਅਚਾਨਕ ਸਭ ਕੁਝ ਬਹੁਤ ਵਧੀਆ ਮਹਿਸੂਸ ਹੋਇਆ ਕਿਉਂਕਿ ਉਹ ਦਬਾਅ ਹਟ ਗਿਆ ਸੀ।"

ਉਨ੍ਹਾਂ ਦੇ ਪਤੀ ਜੈਕਬ ਚਿੰਤਤ ਸੀ ਕਿ ਉਹ ਹੁਣ ਉਨ੍ਹਾਂ ਨੂੰ ਪਸੰਦ ਨਹੀਂ ਕਰਦੀ।

"ਮੈਂ ਸਮਝਾਇਆ, 'ਤੁਹਾਨੂੰ ਇਹ ਸਮਝਣਾ ਪਵੇਗਾ ਕਿ ਇਸ ਦਾ ਤੁਹਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਇਸ ਵੇਲੇ ਇਸ ਤਰ੍ਹਾਂ ਮਹਿਸੂਸ ਕਰ ਰਹੀ ਹਾਂ, ਪਰ ਮੈਨੂੰ ਤੁਹਾਡੇ ਬਾਰੇ ਕੁਝ ਵੱਖਰਾ ਨਹੀਂ ਲੱਗਦਾ।"

"ਮੈਨੂੰ ਇਸ ਵੇਲੇ ਸੈਕਸ ਕਰਨ ਦਾ ਮਨ ਨਹੀਂ ਕਰਦਾ, ਜਾਂ ਸ਼ਾਇਦ ਅਗਲੇ ਕੁਝ ਮਹੀਨਿਆਂ ਵਿੱਚ ਵੀ। ਇਹ ਮੇਰੀ ਸਮੱਸਿਆ ਹੈ ਜਿਸ ਵਿੱਚੋਂ ਮੈਂ ਗੁਜ਼ਰ ਰਹੀ ਹਾਂ ਅਤੇ ਮੈਨੂੰ ਸਿਰਫ਼ ਇਸ ਨਾਲ ਨਜਿੱਠਣ ਦੀ ਲੋੜ ਹੈ।"

ਹੋਲੀ ਨੂੰ ਉਮੀਦ ਹੈ ਕਿ ਅਜਿਹੀ ਹੀ ਸਮੱਸਿਆ ਨਾਲ ਜੂਝ ਰਹੇ ਜੋੜੇ ਹੋਰ ਖੁੱਲ੍ਹ ਕੇ ਗੱਲ ਕਰ ਸਕਦੇ ਹਨ।

ਉਹ ਦੱਸਦੇ ਹਨ, "ਲੋਕ ਕਹਿੰਦੇ ਹਨ ਕਿ ਬੱਚਾ ਹੋਣ ਤੋਂ ਬਾਅਦ ਰਿਸ਼ਤਾ ਬਦਲ ਜਾਂਦਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਜਦੋਂ ਤੱਕ ਤੁਸੀਂ ਉਸ ਵਿੱਚ ਨਹੀਂ ਹੁੰਦੇ, ਤੁਹਾਨੂੰ ਸੱਚਮੁੱਚ ਅਹਿਸਾਸ ਹੁੰਦਾ ਹੈ ਕਿ ਇਹ ਕਿੰਨਾ ਬਦਲ ਗਿਆ ਹੈ।"

ਮਰਦਾਂ ਨਾਲ ਵੀ ਹੁੰਦਾ ਹੈ

ਇਹ ਸਿਰਫ਼ ਮਾਵਾਂ ਨੂੰ ਪ੍ਰਭਾਵਿਤ ਕਰਨ ਵਾਲਾ ਮੁੱਦਾ ਨਹੀਂ ਹੈ। ਸੀਬੀਬੀਜ਼ ਪੇਰੈਂਟਿੰਗ ਹੈਲਪਲਾਈਨ ਦੀ ਲਿਸਨਰ ਫ੍ਰੈਂਕੀ, ਜਿਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ, ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਸਾਥੀ ਨੇ ਸੈਕਸ ਕਰਨਾ ਬੰਦ ਕਰ ਦਿੱਤਾ ਹੈ।

ਰੇਚਲ ਦਾ ਕਹਿਣਾ ਹੈ, "ਮੈਨੂੰ ਹੁਣ ਆਪਣੇ ਸਰੀਰ ਨਾਲ ਨਫ਼ਰਤ ਹੈ ਅਤੇ ਮੈਂ ਆਪਣੇ ਸਾਥੀ ਤੋਂ ਥੋੜ੍ਹਾ ਹੋਰ ਧਿਆਨ ਚਾਹੁੰਦੀ ਹਾਂ, ਪਰ ਉਹ ਹੁਣ ਮੇਰੇ ਨਾਲ ਸੈਕਸ ਨਹੀਂ ਕਰਨਾ ਚਾਹੁੰਦਾ। ਮੈਂ ਫਸਿਆ ਹੋਇਆ ਮਹਿਸੂਸ ਕਰਦੀ ਹਾਂ।"

ਰੇਚਲ ਕਹਿੰਦੀ ਹੈ ਕਿ ਮਰਦਾਂ ਨੂੰ ਕਈ ਵਾਰ ਆਪਣੀਆਂ ਭਾਵਨਾਵਾਂ ਬਾਰੇ ਖੁੱਲ੍ਹ ਕੇ ਗੱਲ ਕਰਨਾ ਮੁਸ਼ਕਲ ਲੱਗਦਾ ਹੈ।

"ਪਿਤਾ ਬਣਨਾ ਇੱਕ ਆਦਮੀ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਨੂੰ ਉਭਾਰ ਸਕਦਾ ਹੈ... ਜੋ ਉਸ ਦੇ ਲਈ ਜਿਨਸੀ ਸਬੰਧ ਕਰਨਾ ਬੰਦ ਕਰਨ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ।"

ਚਾਈਲਡ ਬਰਥ ਚੈਰਿਟੀ ਐੱਨਸੀਟੀ ਦੇ ਇੱਕ ਪ੍ਰੈਕਟੀਸ਼ਨਰ ਫਲੇਅਰ ਪਾਰਕਰ ਕਹਿੰਦੇ ਹਨ ਕਿ ਇਹਨਾਂ ਭਾਵਨਾਵਾਂ ਨਾਲ ਨਜਿੱਠਣਾ ਅਕਸਰ ਮਰਦਾਂ ਲਈ ਤਰਜੀਹ ਨਹੀਂ ਮੰਨਿਆ ਜਾਂਦਾ ਹੈ।

"ਆਪਣੇ ਸਾਥੀ ਨਾਲ ਇਮਾਨਦਾਰੀ ਨਾਲ ਗੱਲ ਕਰਨਾ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ, ਅਸਲ ਵਿੱਚ ਮਦਦਗਾਰ ਹੋ ਸਕਦਾ ਹੈ। ਇਹ ਨਾ ਸੋਚੋ ਕਿ ਉਹ ਜਾਣਦੇ ਹਨ ਕਿ ਕੀ ਹੋ ਰਿਹਾ ਹੈ ਜਾਂ ਤੁਸੀਂ ਕੀ ਸੋਚ ਰਹੇ ਹੋ।"

ਜੈਨੀਫਰ ਸਿਫਾਰਿਸ਼ ਕਰਦੇ ਹਨ ਕਿ ਜੋੜੇ ਜੋ ਸੰਘਰਸ਼ ਕਰ ਰਹੇ ਹਨ ਉਨ੍ਹਾਂ ਨੂੰ ਮਦਦ ਲੈਣੀ ਚਾਹੀਦੀ ਹੈ।

ਉਹ ਕਹਿੰਦੇ ਹਨ, "ਕੁਝ ਨਵੇਂ ਮਾਪੇ ਆਸਾਨੀ ਨਾਲ ਅਨੁਕੂਲ ਬਣ ਜਾਂਦੇ ਹਨ, ਇਹ ਜਾਣਦੇ ਹੋਏ ਕਿ ਨੇੜਤਾ ਕੁਦਰਤੀ ਤੌਰ 'ਤੇ ਵਾਪਸ ਆ ਜਾਵੇਗੀ, ਜਦੋਂ ਕਿ ਦੂਸਰੇ ਕਾਫ਼ੀ ਮੁਸ਼ਕਲ ਦਾ ਅਨੁਭਵ ਕਰਦੇ ਹਨ।"

"ਜੇਕਰ ਇਹ ਤੁਹਾਡੇ ਰਿਸ਼ਤੇ ਵਿੱਚ ਗੰਭੀਰ ਟਕਰਾਅ ਪੈਦਾ ਕਰ ਰਿਹਾ ਹੈ ਤਾਂ ਮੈਂ ਪੇਸ਼ੇਵਰ ਮਦਦ ਦੀ ਸਿਫ਼ਾਰਸ਼ ਕਰਾਂਗਾ। ਭਾਵੇਂ ਇਹ ਜੋੜਿਆਂ ਦੀ ਸਲਾਹ ਹੋਵੇ, ਸੈਕਸ ਥੈਰੇਪੀ ਹੋਵੇ ਜਾਂ ਲਗਾਤਾਰ ਸਰੀਰਕ ਸਮੱਸਿਆਵਾਂ ਲਈ ਡਾਕਟਰੀ ਮੁਲਾਂਕਣ ਹੋਵੇ।"

ਬੱਚੇ ਦੇ ਜਨਮ ਤੋਂ ਬਾਅਦ ਸਰੀਰਕ ਨੇੜਤਾ ਵਿੱਚ ਆਉਣ ਵਾਲੇ ਜੋੜਿਆਂ ਲਈ ਸੁਝਾਅ

  • ਕਾਮਵਾਸਨਾ ਵਿੱਚ ਕਮੀ ਨੂੰ ਆਮ ਬਣਾਉਣਾ ਬਹੁਤ ਜ਼ਰੂਰੀ ਹੈ। ਇਹ ਸਵੀਕਾਰ ਕਰਨਾ ਕਿ ਇਹ ਪੂਰੀ ਤਰ੍ਹਾਂ ਆਮ ਹੈ, "ਸਿਰਫ਼ ਤੁਹਾਡੇ ਦਿਮਾਗ਼ ਵਿੱਚ ਨਹੀਂ," ਦੋਸ਼ ਅਤੇ ਦਬਾਅ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
  • ਇਹਨਾਂ ਤਬਦੀਲੀਆਂ ਦਾ ਅਨੁਭਵ ਕਰ ਰਹੀਆਂ ਔਰਤਾਂ, ਆਪਣੇ ਸਰੀਰ ਦੀ ਕੁਦਰਤੀ ਇਲਾਜ ਪ੍ਰਕਿਰਿਆ ਨਾਲ ਧਰੀਜ ਰੱਖਣ।
  • ਆਪਣੀਆਂ ਜ਼ਰੂਰਤਾਂ ਅਤੇ ਉਮੀਦਾਂ ਬਾਰੇ ਆਪਣੇ ਸਾਥੀ ਨਾਲ ਖੁੱਲ੍ਹ ਕੇ ਗੱਲਬਾਤ ਕਰੋ।
  • ਸਾਥੀ ਇੱਕ ਦੂਜੇ ਦਾ ਸਭ ਤੋਂ ਵਧੀਆ ਸਮਰਥਨ ਕਰ ਸਕਦੇ ਹਨ, ਨੇੜਤਾ ਨੂੰ ਅਸਥਾਈ ਤੌਰ 'ਤੇ ਮੁੜ ਪਰਿਭਾਸ਼ਿਤ ਕਰਕੇ, ਭਾਵਨਾਤਮਕ ਸਬੰਧਾਂ ਅਤੇ ਗ਼ੈਰ-ਜਿਨਸੀ ਸੰਪਰਕ 'ਤੇ ਧਿਆਨ ਕੇਂਦਰਿਤ ਕਰਕੇ।
  • ਇਸ ਵਿੱਚ ਸਮੁੱਚੇ ਤਣਾਅ ਨੂੰ ਘਟਾਉਣ ਲਈ ਘਰੇਲੂ ਕੰਮ ਅਤੇ ਬੱਚਿਆਂ ਦੀ ਦੇਖਭਾਲ ਵਰਗੀਆਂ ਵਧੇਰੇ ਵਿਹਾਰਕ ਜ਼ਿੰਮੇਵਾਰੀਆਂ ਲੈਣਾ ਵੀ ਸ਼ਾਮਲ ਹੋ ਸਕਦਾ ਹੈ।

ਡਾ. ਜੈਨੀਫਰ ਲਿੰਕਨ ਦੁਆਰਾ ਦਿੱਤੀ ਗਈ ਸਲਾਹ, ਵਧੇਰੇ ਜਾਣਕਾਰੀ ਐੱਨਐੱਚਐੱਸ ਵੈੱਬਸਾਈਟ 'ਤੇ ਵੀ ਉਪਲਬਧ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)