ਕੀ ਤੁਹਾਡੇ ਸ਼ਾਵਰ ਤੇ ਟੂਟੀਆਂ 'ਚ ਵੀ ਅਰਬਾਂ ਬੈਕਟੀਰੀਆ ਲੁਕੇ ਹੋਏ ਹਨ, ਜਾਣੋ ਇਹ ਚਮੜੀ ਅਤੇ ਸਾਹ ਦੀਆਂ ਕਿਹੜੀਆਂ ਬਿਮਾਰੀਆਂ ਪੈਦਾ ਕਰ ਸਕਦੇ

ਤਸਵੀਰ ਸਰੋਤ, Getty Images
- ਲੇਖਕ, ਫਰਾਂਸਿਸ ਹੈਸਾਰਡ
- ਰੋਲ, ਬੀਬੀਸੀ ਨਿਊਜ਼
ਤੁਹਾਡਾ ਸ਼ਾਵਰ ਹੈੱਡ ਅਤੇ ਉਸ ਵਿਚਲੇ ਪਾਈਪ ਬੈਕਟੀਰੀਆ ਅਤੇ ਫੰਗਸ ਦਾ ਅੱਡਾ ਹਨ। ਪਰ ਕੁਝ ਆਮ ਤਰੀਕਿਆਂ ਨਾਲ ਉਨ੍ਹਾਂ ਤੋਂ ਬਚਿਆ ਜਾ ਸਕਦਾ ਹੈ।
ਸਾਡੇ ਵਿਚੋਂ ਜ਼ਿਆਦਾਤਰ ਲੋਕ ਜਦੋਂ ਸ਼ਾਵਰ ਲੈਣ ਲਈ ਜਾਂਦੇ ਹਾਂ ਤਾਂ ਸਾਫ਼ ਹੋਣ ਦੀ ਉਮੀਦ ਕਰਦੇ ਹਾਂ ਅਤੇ ਇਹ ਗੱਲ ਸਹੀ ਵੀ ਲੱਗਦੀ ਹੈ ਕਿ ਆਖ਼ਰਕਾਰ ਗਰਮ ਪਾਣੀ, ਭਾਫ਼ ਅਤੇ ਸਾਬਣ ਮਿਲ ਕੇ ਸਰੀਰ ਨੂੰ ਤਾਜ਼ਗੀ ਦੇਣਗੇ ਅਤੇ ਮਹਿਕਣ ਦਾ ਅਹਿਸਾਸ ਦਿੰਦੇ ਹਨ।
ਕੋਈ ਵੀ ਇਹ ਉਮੀਦ ਨਹੀਂ ਕਰਦਾ ਕਿ ਬੈਕਟੀਰੀਆ ਦਾ ਇੱਕ ਝੁੰਡ ਉਨ੍ਹਾਂ ਦੇ ਚਿਹਰੇ 'ਤੇ ਆ ਪਵੇਗਾ। ਪਰ ਜਦੋਂ ਤੁਸੀਂ ਟੂਟੀ ਚਾਲੂ ਕਰਦੇ ਹੋ ਤਾਂ ਬਿਲਕੁਲ ਇਹੀ ਹੁੰਦਾ ਹੈ।
ਤੁਹਾਡੇ ਸ਼ਾਵਰ ਦੇ ਪਾਈਪ ਦੇ ਅੰਦਰ, ਇੱਕ ਛੋਟਾ ਜਿਹਾ ਜੈਵਿਕ ਸੰਸਾਰ ਭਾਵ ਈਕੋਸਿਸਟਮ ਲੁਕਿਆ ਹੁੰਦਾ ਹੈ, ਜੋ ਸਿਰਫ਼ ਤੁਹਾਡੇ ਵੱਲੋਂ ਸ਼ਾਵਰ ਚਾਲੂ ਕਰਨ ਦੀ ਉਡੀਕ ਕਰ ਰਿਹਾ ਹੁੰਦਾ ਹੈ।
ਇਸ ਦਾ ਮਤਲਬ ਹੈ ਕਿ ਸਵੇਰ ਦੇ ਸ਼ਾਵਰ ਦਾ ਪਹਿਲਾ ਸ਼ਾਵਰ ਸਿਰਫ਼ ਪਾਣੀ ਅਤੇ ਭਾਫ਼ ਨਹੀਂ ਹੁੰਦਾ। ਰਾਤ ਨੂੰ, ਸ਼ਾਵਰ ਦੀ ਨਲੀ ਅਤੇ ਹੈੱਡ ਦੇ ਅੰਦਰ ਬੈਕਟੀਰੀਆ ਦੀ ਇੱਕ ਜੀਵਤ ਪਰਤ ਜਮ੍ਹਾ ਹੋ ਜਾਂਦੀ ਹੈ। ਇਨ੍ਹਾਂ ਵਿੱਚੋਂ ਕੁਝ ਸੂਖਮ ਜੀਵ ਤੁਹਾਡੇ ਸ਼ਾਵਰ ਦੀਆਂ ਬੂੰਦਾਂ 'ਤੇ ਸਵਾਰ ਹੋ ਜਾਂਦੇ ਹਨ। ਜ਼ਿਆਦਾਤਰ ਇਹ ਸਾਧਾਰਨ ਅਤੇ ਨੁਕਸਾਨ ਰਹਿਤ ਹੁੰਦੇ ਹਨ।
ਹਾਲਾਂਕਿ ਨੁਕਸਾਨ ਦਾ ਅੰਦਾਜ਼ਾ ਪਾਈਪ ਦੇ ਮੈਟੀਰੀਅਲ ਅਤੇ ਤੁਸੀਂ ਕਿੰਨੀ ਵਾਰ ਨਹਾਉਂਦੇ ਹੋ ਇਸ 'ਤੇ ਨਿਰਭਰ ਕਰਦਾ ਹੈ ਅਤੇ ਇੱਥੋਂ ਹੀ ਹੈਰਾਨ ਹੋਣ ਵਾਲਾ ਵਰਤਾਰਾ ਸ਼ੁਰੂ ਹੁੰਦਾ ਹੈ
ਕਿੰਨੇ ਬੈਕਟੀਰੀਆਂ ਹੋ ਸਕਦੇ ਹਨ

ਤਸਵੀਰ ਸਰੋਤ, Emmanuel Lafont
ਸ਼ਾਵਰ ਹੈੱਡ ਅਤੇ ਨਲੀਆਂ ਬੈਕਟੀਰੀਆ ਲਈ ਪ੍ਰਮੁੱਖ ਸਥਾਨ ਹੁੰਦੀਆਂ ਹਨ। ਨਹਾਉਣ ਤੋਂ ਬਾਅਦ ਨਲੀ ਘੰਟਿਆਂ ਤੱਕ ਗਰਮ, ਗਿੱਲੀ ਅਤੇ ਬਿਨਾਂ ਕਿਸੇ ਰੁਕਾਵਟ ਦੇ ਰਹਿੰਦੀ ਹੈ। ਇਸ ਦੀ ਲੰਬੀ, ਤੰਗ ਥਾਂ ਸੂਖ਼ਮ ਜੀਵਾਂ ਦੇ ਵਸਣ ਲਈ ਲੋੜੀਂਦੀ ਖੁਰਦਰੀ ਥਾਂ ਦਿੰਦੀ ਹੈ।
ਇੱਕ ਵਾਰ ਇੱਥੇ ਪਹੁੰਚਣ ਤੋਂ ਬਾਅਦ ਬੈਕਟੀਰੀਆ ਪਾਣੀ ਵਿੱਚ ਮਿਲੇ ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਪਲਾਸਟਿਕ ਸ਼ਾਵਰ ਨਲੀ ਤੋਂ ਨਿਕਲਣ ਵਾਲੇ ਕਾਰਬਨ ਦੇ ਛੋਟੇ-ਛੋਟੇ ਹਿੱਸਿਆਂ ਨੂੰ ਵੀ ਖਾਂਦੇ ਹਨ।
ਰਾਤ ਨੂੰ ਜਦੋਂ ਟੂਟੀ ਦੀ ਵਰਤੋ ਨਹੀਂ ਹੁੰਦੀ ਉਦੋਂ ਸੂਖਮ ਜੀਵਾਂ ਦੀਆਂ ਪ੍ਰਜਾਤੀਆਂ ਤੇਜ਼ੀ ਨਾਲ ਵੱਧ ਜਾਂਦੀਆਂ ਹਨ।
ਬੈਕਟੀਰੀਆ ਬਾਇਓਫਿਲਮ ਬਣਾਉਂਦੇ ਹਨ, ਜੋ ਇੱਕ ਤਰ੍ਹਾਂ ਨਾਲ ਸੂਖ਼ਮ ਜੀਵਾਂ ਦੇ ਇੱਕ "ਸ਼ਹਿਰ" ਵਾਂਗ ਹੁੰਦਾ ਹੈ ਅਤੇ ਕਿਸੇ ਵੀ ਗਿੱਲੀ ਥਾਂ ਉੱਤੇ ਚਿਪਕ ਜਾਂਦੇ ਹਨ। ਇਹ ਭਾਵੇਂ ਕਿਸੇ ਵਸਤੂ ਦੀ ਸਤਹਿ ਹੋਵੇ ਜਾਂ ਤੁਹਾਡੇ ਦੰਦ ਹੀ ਕਿਉਂ ਨਾ ਹੋਣ।
ਇਸੇ ਤਰ੍ਹਾਂ ਜਦੋਂ ਤੁਸੀਂ ਨਹਾਉਣ ਲਈ ਟੂਟੀ ਖੋਲ੍ਹਦੇ ਹੋ ਤਾਂ ਬਾਇਓਫਿਲਮ ਦੇ ਟੁਕੜੇ ਉਸ ਵਿੱਚ ਮਿਲ ਜਾਂਦੇ ਹਨ।
ਤਾਂ ਅਸੀਂ ਕਿੰਨੇ ਬੈਕਟੀਰੀਆ ਦੀਆਂ ਗੱਲ ਕਰ ਰਹੇ ਹਾਂ? ਪ੍ਰਯੋਗਸ਼ਾਲਾਵਾਂ ਅਤੇ ਘਰਾਂ ਵਿੱਚ ਕੀਤੇ ਗਏ ਟੈਸਟਾਂ ਅਨੁਸਾਰ, ਸ਼ਾਵਰ ਨਲੀਆਂ 'ਤੇ ਬੈਕਟੀਰੀਆ ਦੀ ਗਿਣਤੀ ਆਮ ਤੌਰ ਉੱਤੇ ਪ੍ਰਤੀ ਵਰਗ ਸੈਂਟੀਮੀਟਰ ਲੱਖਾਂ ਤੋਂ ਸੈਂਕੜੇ ਲੱਖ ਸੈੱਲਾਂ ਤੱਕ ਪਹੁੰਚ ਸਕਦੀ ਹੈ।
ਜ਼ਿਆਦਾਤਰ ਇਹ ਬੈਕਟੀਰੀਆ ਨੁਕਸਾਨ ਰਹਿਤ ਹੁੰਦੇ ਹਨ, ਹਲਾਂਕਿ ਮਾਈਕੋਬੈਕਟਰੀਆ ਵਰਗੇ ਗੁਰੱਪ ਜੋ ਮਿੱਟੀ ਵਿੱਚ ਪਾਏ ਜਾਣ ਵਾਲੇ ਸੂਖ਼ਮ ਜੀਵਾਂ ਤੋਂ ਬਣਿਆ ਇੱਕ ਅਲੱਗ ਤਰ੍ਹਾਂ ਦਾ ਗੁਰੱਪ ਹੈ ਅਤੇ ਨਾਲ ਹੀ ਇਹ ਟੀਬੀ ਅਤੇ ਲੇਪ੍ਰੋਸੀ (ਕੁਸ਼ਟ ਰੋਗ) ਵਰਗੀਆਂ ਬੀਮਾਰੀਆਂ ਦੇ ਲਈ ਜ਼ਿੰਮੇਦਾਰ ਹੈ।
ਯੂਕੇ ਵਿੱਚ ਘਰੇਲੂ ਸ਼ਾਵਰ ਨਲੀਆਂ ਦੇ ਸੈਂਪਲਾਂ ਦੀ ਜਾਂਚ ਕਰਨ ਵਾਲੇ ਖੋਜਕਾਰਾਂ ਨੇ ਐਕਸੋਫਿਆਲਾ, ਫਿਊਜ਼ੇਰੀਅਮ ਅਤੇ ਮਾਲਾਸੇਜ਼ੀਆ ਵਰਗੀਆਂ ਪ੍ਰਜਾਤੀਆਂ ਤੋਂ ਉੱਲੀ (ਫੰਗਲ) ਡੀਐੱਨਏ ਦਾ ਵੀ ਪਤਾ ਲਗਾਇਆ ਹੈ। ਇਹ ਜੀਵ ਸਾਡੀ ਚਮੜੀ ਅਤੇ ਮਿੱਟੀ ਵਿੱਚ ਪਾਏ ਜਾਂਦੇ ਹਨ, ਪਰ ਕੁਝ ਮਾਮਲਿਆਂ ਵਿੱਚ ਅਵਸਰਵਾਦੀ ਲਾਗ ਦਾ ਕਾਰਨ ਵੀ ਬਣ ਸਕਦੇ ਹਨ।
ਪਰ ਸੂਖਮ ਜੀਵਾਂ ਦੀ ਗਿਣਤੀ ਇੱਕੋ ਜਿਹੀ ਨਹੀਂ ਰਹਿੰਦੀ, ਸਗੋਂ ਸਮੇਂ ਨਾਲ ਬਦਲਦੀ ਰਹਿੰਦੀ ਹੈ। ਇੱਕ ਲੈਬ ਵਿੱਚ ਬਣੇ 48 ਸ਼ਾਵਰ ਯੂਨਿਟਾਂ 'ਤੇ ਕੀਤੇ ਇੱਕ ਅਧਿਐਨ ਵਿੱਚ ਚੀਨ ਦੇ ਵਿਗਿਆਨੀਆਂ ਨੇ ਪਾਇਆ ਕਿ ਸ਼ਾਵਰ ਪਾਈਪ ਦੇ ਅੰਦਰ ਬਣਨ ਵਾਲੀ ਬਾਇਓਫਿਲਮ ਲਗਭਗ ਚਾਰ ਹਫ਼ਤਿਆਂ ਦੀ ਨਿਯਮਤ ਵਰਤੋਂ ਤੋਂ ਬਾਅਦ ਆਪਣੇ ਸਿਖ਼ਰ 'ਤੇ ਪਹੁੰਚ ਜਾਂਦੀ ਹੈ।

ਤਸਵੀਰ ਸਰੋਤ, Emmanuel Lafont
ਇਸ ਤੋਂ ਬਾਅਦ ਇਹ ਘਟਦੀ ਹੈ, ਕਿਉਂਕਿ ਬਾਇਓਫਿਲਮ ਪਾਈਪ ਵਿੱਚ ਸਿਰਫ਼ ਹਲਕੀ ਜਿਹੀ ਚਿਪਕੀ ਰਹਿੰਦੀ ਹੈ। ਪਰ 22 ਹਫ਼ਤਿਆਂ ਬਾਅਦ, ਇਹ ਦੁਬਾਰਾ ਵਧਣ ਲੱਗਦੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਖੋਜਕਾਰਾਂ ਨੇ ਸਿਰਫ਼ ਚਾਰ ਹਫ਼ਤਿਆਂ ਬਾਅਦ ਅਤੇ ਲੰਬੇ ਸਮੇਂ ਦੀ ਰੁਕਾਵਟ ਤੋਂ ਬਾਅਦ ਬਾਇਓਫਿਲਮ ਦੇ ਮੁੜ ਵਧਣ 'ਤੇ ਸ਼ਾਵਰ ਹੈੱਡ ਅਤੇ ਨਲੀਆਂ ਵਿੱਚ ਲੀਜਿਓਨੇਲਾ ਨਿਊਮੋਫਿਲਾ ਨਾਮਕ ਬੈਕਟੀਰੀਆ ਦਾ ਪਤਾ ਲਗਾਇਆ, ਜੋ ਲੀਜਨੈਰਜ਼ ਡਿਸੀਜ਼ ਦਾ ਕਾਰਨ ਬਣਦਾ ਹੈ।
ਜ਼ਿਆਦਾਤਰ ਲੋਕਾਂ ਲਈ ਸ਼ਾਵਰ ਹੈੱਡ ਤੋਂ ਬੈਕਟੀਰੀਆ ਜਾਂ ਬਿਮਾਰੀ ਲੱਗਣ ਦਾ ਖ਼ਤਰਾ ਘੱਟ ਹੁੰਦਾ ਹੈ, ਖ਼ਾਸਕਰ ਜੇਕਰ ਤੁਸੀਂ ਸ਼ਾਵਰ ਦੀ ਵਾਰ-ਵਾਰ ਵਰਤੋਂ ਕਰਦੇ ਹੋ।
ਸਵਿਟਜ਼ਰਲੈਂਡ ਦੇ ਡੂਬੈਂਡੋਰਫ ਸਥਿਤ ਸਵਿਸ ਫੈਡਰਲ ਇੰਸਟੀਚਿਊਟ ਆਫ ਐਕਵਾਟਿਕ ਸਾਇੰਸ ਐਂਡ ਟੈਕਨਾਲੋਜੀ ਦੇ ਪੀਣ ਵਾਲੇ ਪਾਣੀ ਦੇ ਮਾਈਕ੍ਰੋਬਾਇਓਲੋਜਿਸਟ ਫਰੈਡਰਿਕ ਹੈਮਸ ਦਾ ਕਹਿਣਾ ਹੈ, "ਸਿਰਫ਼ ਲੀਜਿਓਨੇਲਾ ਅਤੇ ਹੋਰ ਅਵਸਰਵਾਦੀ ਰੋਗਾਣੂਆਂ ਨਾਲ ਦੂਸ਼ਿਤ ਸ਼ਾਵਰ ਹੀ ਖ਼ਤਰਾ ਪੈਦਾ ਕਰਦੇ ਹਨ।"
ੳਨ੍ਹਾਂ ਅੱਗੇ ਦੱਸਿਆ, "ਜੇਕਰ ਸ਼ਾਵਰ ਵਿੱਚ ਲੀਜਿਓਨੇਲਾ ਨਿਊਮੋਫਿਲਾ ਮੌਜੂਦ ਹੈ, ਤਾਂ ਲਾਗ ਦਾ ਖ਼ਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ।"
ਉਨ੍ਹਾਂ ਮੁਤਾਬਕ, ਇਹ ਖ਼ਤਰਾ ਕਲੀਨਿਕਲ ਤੌਰ 'ਤੇ ਕਮਜ਼ੋਰ ਲੋਕਾਂ (ਜਿਵੇਂ ਕਿ ਬਜ਼ੁਰਗ ਜਾਂ ਗੰਭੀਰ ਬਿਮਾਰੀਆਂ ਵਾਲੇ) ਵਿੱਚ ਸਭ ਤੋਂ ਵੱਧ ਹੁੰਦਾ ਹੈ।
ਇਸੇ ਕਾਰਨ ਹਸਪਤਾਲਾਂ ਵਿੱਚ ਸ਼ਾਵਰ ਹੈੱਡ ਦੀ ਸਫਾਈ ਅਤੇ ਬਦਲਾਅ ਲਈ ਸਖ਼ਤ ਨਿਯਮ ਅਪਣਾਏ ਜਾਂਦੇ ਹਨ। ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ।
ਅਮਰੀਕਾ ਵਿੱਚ ਹੋਏ ਇੱਕ ਅਧਿਐਨ 'ਚ ਪਾਇਆ ਗਿਆ ਕਿ ਜਿਨ੍ਹਾਂ ਖੇਤਰਾਂ ਵਿੱਚ ਸ਼ਾਵਰ ਹੈੱਡ ਵਿੱਚ ਜ਼ਿਆਦਾ ਪੈਥੋਜੇਨਿਕ ਮਾਈਕੋਬੈਕਟੀਰੀਆ ਪਾਏ ਗਏ, ਉੱਥੇ ਨਾਨ-ਟਿਊਬਰਕਿਊਲਸ ਮਾਈਕੋਬੈਕਟੀਰੀਆ ਨਾਲ ਸੰਬੰਧਿਤ ਫੇਫੜਿਆਂ ਦੀਆਂ ਬੀਮਾਰੀਆਂ ਦੀ ਦਰ ਵੀ ਜ਼ਿਆਦਾ ਸੀ, ਜੋ ਇੱਕ ਤਰ੍ਹਾਂ ਨਾਲ ਪੁਰਾਣੀ ਫੇਫੜਿਆਂ ਦੀ ਲਾਗ ਸੀ।
ਹੌਟਸਪੌਟ ਵਿੱਚ ਹਵਾਈ, ਫਲੋਰੀਡਾ, ਦੱਖਣੀ ਕੈਲੀਫੋਰਨੀਆ ਅਤੇ ਮੱਧ-ਅਟਲਾਂਟਿਕ/ਉੱਤਰ-ਪੂਰਬੀ ਖੇਤਰ ਜਿਨ੍ਹਾਂ ਵਿੱਚ ਨਿਊਯਾਰਕ ਸਿਟੀ ਵੀ ਸ਼ਾਮਲ ਸਨ। ਉਪਰੀ ਮਿਡਵੈਸਟ ਦੇ ਕੁਝ ਖੇਤਰਾਂ ਵਿੱਚ ਵੀ ਉੱਚ ਪੱਧਰ ਦੇਖੇ ਗਏ ਸਨ।
ਸਥਾਨਕ ਮੌਸਮ ਅਤੇ ਪਾਣੀ ਵਿੱਚ ਮੌਜੂਦ ਡਿਸਇੰਫੈਕਟੈਂਟ (ਕਿਟਾਣੂਨਾਸ਼ਕ) ਸ਼ਾਵਰ ਦੇ ਮਾਈਕ੍ਰੋਬਾਇਓਮ ਨੂੰ ਅਕਾਰ ਦਿੰਦੇ ਹਨ। ਗਰਮ ਖੇਤਰ ਅਤੇ ਜ਼ਿਆਦਾ ਕਲੋਰੀਨ ਵਾਲੇ ਪਾਣੀ ਵਿੱਚ ਕੁਝ ਪੈਥੋਜੇਨਿਕ ਮਾਈਕੋਬੈਕਟੀਰੀਆ ਦੀ ਮਾਤਰਾ ਵਧੇਰੇ ਹੁੰਦੀ ਹੈ।
ਤੁਹਾਡੇ ਸ਼ਾਵਰ ਵਿੱਚ ਬੈਕਟੀਰੀਆ ਦੀ ਬਣਤਰ ਪਾਣੀ ਦੇ ਸਰੋਤ 'ਤੇ ਵੀ ਨਿਰਭਰ ਕਰਦੀ ਹੈ। ਕਲੋਰੀਨੇਟਿਡ ਪਾਣੀ ਵਾਲੇ ਘਰਾਂ ਵਿੱਚ ਮਾਈਕੋਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦਾ ਕਾਰਨ ਹੈ ਕਿ ਬਾਕੀ ਬਚਿਆ ਡਿਸਇੰਫੈਕਟੈਂਟ ਕਲੋਰੀਨ-ਸਹਿਣਸ਼ੀਲ ਮਾਈਕ੍ਰੋਬਸ ਨੂੰ ਵਧਾਉਂਦਾ ਹੈ।
ਚੰਗੀ ਗੱਲ ਹੈ ਕਿ ਤੁਹਾਡੇ ਸ਼ਾਵਰ ਵਿੱਚ ਵਧ ਰਹੇ ਸੂਖ਼ਮ ਜੀਵਾਂ ਦੇ ਖ਼ਤਰੇ ਨੂੰ ਘਟਾਉਣ ਲਈ ਕੁਝ ਸਧਾਰਨ ਕਦਮ ਵੀ ਚੁੱਕੇ ਜਾ ਸਕਦੇ ਹਨ।
ਪਤਾ ਲਗਾਓ ਕਿ ਨਲ ਅਤੇ ਪਾਈਪ ਕਿਸ ਮੈਟੀਰੀਅਲ ਦੇ ਬਣੇ ਹੋਏ
ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਜਿਹਾ ਲੱਗਦਾ ਹੈ ਕਿ ਤੁਹਾਡੇ ਸ਼ਾਵਰ ਹੈੱਡ ਅਤੇ ਨਲੀ ਜਿਸ ਮੈਟੀਰੀਅਲ ਦਾ ਬਣਿਆ ਹੈ।
ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਡਾ ਸ਼ਾਵਰ ਹੈੱਡ ਅਤੇ ਨਲੀ ਦਾ ਮੈਟੀਰੀਅਲ ਬੈਕਟੀਰੀਆ ਦੀ ਮਾਤਰਾ ਅਤੇ ਕਿਸਮ 'ਤੇ ਵੱਡਾ ਅਸਰ ਪਾਉਂਦੀ ਹੈ। ਇੱਕ ਅਧਿਐਨ ਵਿੱਚ, ਖੋਜਕਾਰਾਂ ਨੇ ਦੋ "ਸ਼ਾਵਰ ਸਿਮੂਲੇਟਰ" ਬਣਾਏ ਅਤੇ ਅੱਠ ਮਹੀਨਿਆਂ ਤੱਕ ਹਰ ਰੋਜ਼ ਇਨ੍ਹਾਂ ਦੀ ਜਾਂਚ ਕੀਤੀ।
ਇੱਕ ਸਿਮੂਲੇਟਰ ਵਿੱਚ ਪੀਵੀਸੀ-ਪੀ (ਇੱਕ ਲਚਕਦਾਰ ਅਤੇ ਅਨੁਕੂਲ ਪੀਵੀਸੀ) ਦੀ ਨਲੀ ਸੀ, ਜਦਕਿ ਦੂਜੀ ਨਲੀ ਪੀਈ-ਐਕਸਸੀ (ਇੱਕ ਹੋਰ ਕਿਸਮ ਦਾ ਪਲਾਸਟਿਕ) ਨਾਲ ਬਣੀ ਸੀ। ਅੱਠ ਮਹੀਨਿਆਂ ਬਾਅਦ, ਦੋਵਾਂ ਨਲੀਆਂ ਵਿੱਚ ਚਿਪਚਿਪੀ ਬਾਇਓਫਿਲਮ ਬਣ ਗਈ, ਪਰ ਪੀਵੀਸੀ-ਪੀ ਨਲੀ ਵਿੱਚ ਬੈਕਟੀਰੀਆ ਦੀ ਮਾਤਰਾ ਪੀਈ-ਐਕਸਸੀ ਨਾਲੋਂ 100 ਗੁਣਾ ਜ਼ਿਆਦਾ ਸੀ।
ਇਸ ਦਾ ਕਾਰਨ ਹੈ ਕਿ ਕੁਝ ਸ਼ਾਵਰ ਨਲੀਆਂ ਬਾਇਓਫਿਲਮ ਨੂੰ ਪੈਦਾ ਹੋਣ 'ਚ ਮਦਦ ਕਰਦੀਆਂ ਹਨ। ਪੀਵੀਸੀ-ਪੀ ਨਲੀ, ਖ਼ਾਸਕਰ ਜਦੋਂ ਨਵੀਂ ਹੁੰਦੀ ਹੈ, ਪੀਈ-ਐਕਸਸੀ ਨਾਲੋਂ ਪਾਣੀ ਵਿੱਚ ਜ਼ਿਆਦਾ ਕਾਰਬਨ ਛੱਡਦੀ ਹੈ। ਇਹ ਕਾਰਬਨ ਬੈਕਟੀਰੀਆ ਲਈ ਵਾਧੂ ਖੁਰਾਕ ਦਾ ਕੰਮ ਕਰਦਾ ਹੈ ਤੇ ਨਾਲ ਹੀ ਇੱਕ ਨਰਮ, ਖੁਰਦਰੀ ਸਤਹ ਮੁਹੱਈਆ ਕਰਵਾਉਂਦਾ ਹੈ, ਜੋ ਬਾਇਓਫਿਲਮ ਨੂੰ ਜਲਦੀ ਵਧਣ ਵਿੱਚ ਮਦਦ ਕਰਦੀ ਹੈ।
ਸਟੇਨਲੈਸ ਸਟੀਲ ਜਾਂ ਕ੍ਰੋਮ-ਪਲੇਟਿਡ ਬ੍ਰਾਸ ਦੇ ਬਣੇ ਸਧਾਰਨ ਮੈਟਲ ਸ਼ਾਵਰ ਹੈੱਡ ਅਤੇ ਪੀਈ-ਐਕਸ ਜਾਂ ਪੀਟੀਐੱਫਈ ਲਾਈਨਰ ਵਾਲੀ ਛੋਟੀ ਨਲੀ ਬਾਇਓਫਿਲਮ ਦੇ ਨਿਰਮਾਣ ਨੂੰ ਘਟਾ ਸਕਦੀ ਹੈ।
ਇਸ ਦੇ ਉਲਟ, ਮਲਟੀ-ਚੈਂਬਰ ਜਾਂ ਵਾਧੂ-ਲਚਕਦਾਰ ਸ਼ਾਵਰ ਹੈੱਡ ਡਿਜ਼ਾਈਨ ਰੁਕੇ ਹੋਏ ਪਾਣੀ ਲਈ ਹੋਰ ਵਿਘਨ ਪੈਦਾ ਕਰ ਸਕਦੇ ਹਨ ਅਤੇ ਉਪਰਲੀ ਪਾਈਲਾਈਨ ਤੋਂ ਧਾਤੂਆਂ ਨੂੰ ਜਮ੍ਹਾ ਕਰ ਸਕਦੇ ਹਨ, ਜਿਸ ਨਾਲ ਸੂਖ਼ਮ ਜੀਵਾਂ ਨੂੰ ਵਧਣ ਦਾ ਮੌਕਾ ਮਿਲਦਾ ਹੈ।

ਤਸਵੀਰ ਸਰੋਤ, Emmanuel Lafont
ਇਸ ਦੌਰਾਨ ਈਕੋ-ਫ੍ਰੈਂਡਲੀ ਬਦਲ ਜਿਵੇਂ ਕਿ ਲੋ-ਫਲੋ ਅਤੇ ਰੇਨਫਾਲ ਸ਼ਾਵਰ ਹੈੱਡ ਵੀ ਸਾਹ ਰਾਹੀਂ ਲਏ ਜਾਣ ਵਾਲੇ ਐਰੋਸੋਲ ਦੀ ਮਾਤਰਾ ਅਤੇ ਆਕਾਰ ਨੂੰ ਬਦਲ ਕੇ ਬੈਕਟੀਰੀਆ ਦੇ ਸੰਪਰਕ ਨੂੰ ਘਟਾ ਸਕਦਾ ਹੈ।
ਇਹੀ ਉਹ ਪਾਣੀ-ਬਚਤ ਵਾਲੇ ਸ਼ਾਵਰ ਹੈੱਡ ਹਨ, ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਕਾਰਜਕਾਰੀ ਆਦੇਸ਼ ਨੇ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਵ੍ਹਾਈਟ ਹਾਊਸ ਨੇ ਵਾਅਦਾ ਕੀਤਾ ਸੀ ਕਿ ਅਮਰੀਕਾ ਦੇ ਸ਼ਾਵਰ ਨੂੰ ਮੁੜ ਬਿਹਤਰ ਬਣਾਇਆ ਜਾਵੇਗਾ।
ਸਪਰੇਅ ਪੈਟਰਨ ਵੀ ਮਹੱਤਵਪੂਰਨ ਹੈ ਕਿਉਂਕਿ ਮਿਸਟ ਮੋਡ ਰੇਨ ਸਪਰੇਅ ਪੈਟਰਨ ਨਾਲੋਂ ਲਗਭਗ ਪੰਜ ਗੁਣਾ ਜ਼ਿਆਦਾ ਬਾਰੀਕ ਪਾਣੀ ਦੀ ਬੌਛਾਰ ਪੈਦਾ ਕਰਦੇ ਹਨ।
ਇਸ ਦੇ ਨਾਲ ਹੀ, ਬਜ਼ਾਰ ਵਿੱਚ ਮਿਲਣ ਵਾਲੇ ਐਂਟੀਮਾਈਕ੍ਰੋਬਾਇਲ ਸ਼ਾਵਰ ਹੈੱਡ ਜਿਨ੍ਹਾਂ ਵਿੱਚ ਫਿਲਟਰ ਜਾਂ ਸਿਲਵਰ ਵਰਗੀਆਂ ਧਾਤੂਆਂ ਹੁੰਦੀਆਂ ਹਨ ਅਤੇ ਜੋ ਸ਼ਾਵਰ ਦੇ ਪਾਣੀ ਵਿੱਚੋਂ ਸੂਖ਼ਮ ਜੀਵਾਂ ਨੂੰ ਹਟਾਉਣ ਦਾ ਵਾਅਦਾ ਕਰਦੀਆਂ ਹਨ, ਖੋਜ ਅਨੁਸਾਰ ਜ਼ਿਆਦਾਤਰ ਅਜਿਹੇ ਉਤਪਾਦ ਪਾਣੀ ਵਿੱਚ ਪੈਥੋਜੇਨਿਕ ਮਾਈਕੋਬੈਕਟੀਰੀਆ ਦੇ ਪੱਧਰ ਨੂੰ ਘਟਾਉਣ ਵਿੱਚ ਬਹੁਤ ਘੱਟ ਮਦਦਗਾਰ ਹੁੰਦੇ ਹਨ।
ਫਰੈਡਰਿਕ ਹੈਮਸ ਦੱਸਦੇ ਹਨ ਕਿ ਇੱਕ ਵਾਰ ਬਾਇਓਫਿਲਮ ਜਾਂ ਮਿਨਰਲ ਸਕੇਲ ਬਣ ਜਾਂਦਾ ਹੈ, ਤਾਂ ਇਨ੍ਹਾਂ ਉਤਪਾਦਾਂ ਦਾ ਅਸਰ ਤੇਜ਼ੀ ਨਾਲ ਘਟ ਜਾਂਦਾ ਹੈ। ਇੱਕੋ-ਇੱਕ ਤਕਨੀਕੀ ਹੱਲ ਜੋ ਭਰੋਸੇਯੋਗ ਢੰਗ ਨਾਲ ਕੰਮ ਕਰਦਾ ਹੈ, ਉਹ ਹੈ ਇਨ-ਲਾਈਨ ਸ਼ਾਵਰ ਫਿਲਟਰ, ਪਰ ਇਨ੍ਹਾਂ ਦਾ ਰੱਖ-ਰਖਾਅ ਮਹਿੰਗਾ ਹੁੰਦਾ ਹੈ ਅਤੇ ਇਨ੍ਹਾਂ ਲਈ ਕਾਫ਼ੀ ਪਾਣੀ ਦੇ ਦਬਾਅ ਦੀ ਜ਼ਰੂਰਤ ਹੁੰਦੀ ਹੈ।
ਅਮਰੀਕਾ ਦੀ ਪੈਨਸਿਲਵੇਨੀਆ ਸਥਿਤ ਯੂਨੀਵਰਸਿਟੀ ਆਫ ਪਿਟਸਬਰਗ ਦੀ ਐਸੋਸੀਏਟ ਪ੍ਰੋਫੈਸਰ ਸਾਰਾਹ-ਜੇਨ ਹੈਗ ਅਤੇ ਉਨ੍ਹਾਂ ਦੇ ਸਹਿਯੋਗੀ ਨੇ ਪੂਰੇ ਪੈਮਾਨੇ ਦੇ ਟੈਸਟਾਂ ਵਿੱਚ ਦਿਖਾਇਆ ਕਿ "ਐਂਟੀਮਾਈਕ੍ਰੋਬਾਇਲ" ਸ਼ਾਵਰ ਹੈੱਡ ਰਵਾਇਤੀ ਮਾਡਲਾਂ ਦੀ ਤੁਲਨਾ ਵਿੱਚ ਸਮੁੱਚੇ ਮਾਈਕ੍ਰੋਬਾਇਲ ਲੋਡ ਨੂੰ ਘਟਾਉਣ ਵਿੱਚ ਅਸਫ਼ਲ ਰਹੇ।
ਇਸ ਤੋਂ ਇਲਾਵਾ ਇਨ੍ਹਾਂ ਨੇ ਸਿਰਫ਼ ਮੌਜੂਦ ਸੂਖ਼ਮ ਜੀਵਾਂ ਦੀ ਕਿਸਮ ਨੂੰ ਬਦਲਿਆ ਕਿਉਂਕਿ ਅਸਲ ਸ਼ਾਵਰ ਵਿੱਚ ਸੰਪਰਕ ਦਾ ਸਮਾਂ ਬਹੁਤ ਘੱਟ ਹੁੰਦਾ ਹੈ ਅਤੇ ਕਈ ਵਾਰ ਪਾਣੀ ਨੂੰ ਅਸਰਦਾਰ ਤਰੀਕੇ ਨਾਲ ਡਿਸਇਨਫੈਕਟ ਕਰਨ ਦੇ ਲਈ ਬਹੁਤ ਘੱਟ ਐਕਟਿਵ ਏਜੰਟ ਪ੍ਰਦਾਨ ਕਰਦੇ ਹਨ।

ਤਸਵੀਰ ਸਰੋਤ, Getty Images
ਸਧਾਰਨ ਆਦਤਾਂ ਜੋ ਕੰਮ ਕਰਦੀਆਂ ਹਨ

ਤਸਵੀਰ ਸਰੋਤ, Getty Images
ਪਾਣੀ ਦਾ ਤਾਪਮਾਨ ਵੀ ਅਸਰ ਪਾਉਂਦਾ ਹੈ। ਗਰਮ ਪਾਣੀ ਸ਼ਾਵਰ ਚਾਲੂ ਕਰਨ ਦੇ ਪਹਿਲੇ 1-2 ਮਿੰਟਾਂ ਵਿੱਚ ਵੱਖ-ਵੱਖ ਤਾਪਮਾਨਾਂ ਅਤੇ ਸ਼ਾਵਰ ਹੈੱਡ ਕਿਸਮਾਂ ਦੇ ਨਾਲ-ਨਾਲ ਕੀਤੇ ਗਏ ਪ੍ਰੀਖਣਾ ਵਿੱਚ ਪਤਾ ਲੱਗਿਆ ਕਿ ਇਸ ਦੌਰਾਨ ਸਭ ਤੋਂ ਜ਼ਿਆਦਾ ਬਾਰੀਕ, ਸਾਹ ਰਾਹੀਂ ਜਾਣ ਵਾਲੇ ਐਰੋਸੋਲ ਪੈਦਾ ਹੁੰਦੇ ਹਨ।
ਇਸ ਦਾ ਮਤਲਬ ਹੈ ਕਿ ਸ਼ਾਵਰ ਵਿੱਚ ਮੌਜੂਦ ਕਿਸੇ ਵੀ ਪੈਥੋਜੇਨਿਕ ਦੇ ਸੰਪਰਕ ਦੀ ਸੰਭਾਵਨਾ ਗਰਮ ਟੂਟੀ ਚਾਲੂ ਕਰਨ ਦੇ ਪਹਿਲੇ ਕੁਝ ਪਲਾਂ ਵਿੱਚ ਸਭ ਤੋਂ ਵੱਧ ਹੁੰਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਠੰਢੇ ਪਾਣੀ ਨਾਲ ਸ਼ਾਵਰ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ।
ਇਸ ਦੀ ਬਜਾਇ ਇਸ ਗੱਲ ਉੱਤੇ ਵਿਚਾਰ ਕਰੋ ਕਿ ਤੁਸੀਂ ਸ਼ਾਵਰ ਚਾਲੂ ਕਰ ਕੇ ਉਸ ਦੇ ਹੇਠਾਂ ਖੜ੍ਹੇ ਰਹਿਣਾ ਚਾਹੁੰਦੇ ਹੋ? ਸ਼ਾਵਰ ਨੂੰ 60-90 ਸਕਿੰਟਾਂ ਲਈ ਚੱਲਣ ਦਿਓ ਅਤੇ ਸ਼ਾਵਰ ਹੇਠਾਂ ਜਾਣ ਤੋਂ ਪਹਿਲਾਂ ਉਸ ਨੂੰ ਗਰਮ ਹੋਣ ਦੇਣਾ, ਇਸ ਦਾ ਮਤਲਬ ਇਹ ਹੈ ਕਿ ਉਸ ਦੌਰਾਨ ਕੁਝ ਉਪਯੋਗੀ ਕੰਮ ਵੀ ਕਰ ਰਿਹਾ ਹੈ ਅਤੇ ਕਈ ਰੋਗਾਣੂਆਂ ਨੂੰ ਬਾਹਰ ਕੱਢ ਰਿਹਾ ਹੈ।
ਲੰਬੇ ਵਕਫ਼ੇ ਜਾਂ ਛੁੱਟੀਆਂ ਤੋਂ ਬਾਅਦ ਸ਼ਾਵਰ ਦੀ ਵਰਤੋਂ ਕਰਨ ਦੌਰਾਨ ਅਜਿਹਾ ਕਰਨ ਬਿਹਤਰ ਹੈ।
ਲੀਜੀਓਨੇਲਾ ਲਗਭਗ 20-4 ਡਿਗਰੀ ਸੈਲੀਅਸ ਦੇ ਤਾਪਮਾਨ 'ਤੇ ਵਧਦਾ ਹੈ, ਪਰ 50 ਡਿਗਰੀ ਸੈਲੀਅਸ ਤੋਂ ਉੱਪਰ ਖਾਸਕਰ 60 ਡਿਗਰੀ ਸੈਲੀਅਸ 'ਤੇ ਇਸ ਦੀ ਮਾਤਰਾ ਘਟਦੀ ਹੈ। ਜਿਨ੍ਹਾਂ ਘਰਾਂ ਵਿੱਚ ਪਾਣੀ ਨੂੰ ਟੈਂਕਾਂ ਜਾਂ ਸਿਲੰਡਰਾਂ ਵਿੱਚ ਸਟੋਰ ਕੀਤਾ ਜਾਂਦਾ ਹੈ,ਉੱਥੇ ਪਾਣੀ ਨੂੰ 60 ਡਿਗਰੀ ਸੈਲੀਅਸ 'ਤੇ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਫਿਰ ਤੁਸੀਂ ਥਰਮੋਸਟੈਟਿਕ ਮਿਕਸਿੰਗ ਵਾਲਵ ਦੀ ਵਰਤੋਂ ਕਰਕੇ ਸ਼ਾਵਰ ਦੇ ਪਾਣੀ ਨੂੰ ਆਰਾਮਦਾਇਕ ਤਾਪਮਾਨ 'ਤੇ ਐਡਜਸਟ ਕਰ ਸਕਦੇ ਹੋ। 48 ਡਿਗਰੀ ਸੈਲੀਅਸਲ ਤੋਂ ਉੱਪਰ ਪਾਣੀ ਨਾਲ ਸ਼ਾਵਰ ਲੈਣ ਦੀ ਸਲਾਹ ਨਹੀਂ ਦਿੱਤੀ ਜਾਂਦੀ, ਕਿਉਂਕਿ ਇਸ ਨਾਲ ਝੁਲਸਣ ਦਾ ਖ਼ਤਰਾ ਹੁੰਦਾ ਹੈ।
ਚੀਨ ਅਤੇ ਨੀਦਰਲੈਂਡਜ਼ ਦੇ ਖੋਜਕਾਰਾਂ ਦੇ ਇੱਕ ਅਧਿਐਨ ਅਨੁਸਾਰ, 45 ਡਿਗਰੀ ਸੈਲੀਅਸ ਦਾ ਤਾਪਮਾਨ ਨਿਯਮਤ ਵਰਤੋਂ ਵਾਲੀ ਸ਼ਾਵਰ ਨਲੀ ਵਿੱਚ ਸੂਖ਼ਮ ਜੀਵਾਂ ਦੇ ਵਾਧੇ ਨੂੰ ਕੰਟ੍ਰੋਲ ਕਰਨ ਲਈ ਕਾਫ਼ੀ ਹੈ।
ਹਵਾ ਵਿੱਚ ਸੂਖ਼ਮ ਜੀਵਾਂ ਨੂੰ ਲੈ ਕੇ ਜਾਣ ਅਤੇ ਸਾਹ ਰਾਹੀਂ ਸਰੀਰ ਵਿੱਚ ਸੂਖ਼ਮ ਐਰੋਸੋਲ ਦੀ ਗਿਣਤੀ, ਗਰਮ ਪਾਣੀ ਨਾਲ ਨਹਾਉਣ ਦੌਰਾਨ ਕਰੀਬ ਦੋ ਮਿੰਟਾਂ ਵਿੱਚ ਆਪਣੇ ਸਿਖ਼ਰ 'ਤੇ ਪਹੁੰਚ ਜਾਂਦੀ ਹੈ।

ਤਸਵੀਰ ਸਰੋਤ, Getty Images
ਫਰੈਡਰਿਕ ਹੈਮਸ ਦੇ ਅਨੁਸਾਰ, ਇਹ ਐਰੋਸੋਲ ਸ਼ਾਵਰ ਬੰਦ ਕਰਨ ਤੋਂ ਬਾਅਦ ਘੱਟੋ-ਘੱਟ ਪੰਜ ਮਿੰਟਾਂ ਤੱਕ ਹਵਾ ਵਿੱਚ ਰਹਿ ਸਕਦੇ ਹਨ।
ਇੱਕ ਅਧਿਐਨ ਵਿੱਚ ਇਹ ਵੀ ਸੁਝਾਇਆ ਗਿਆ ਕਿ ਸ਼ਾਵਰ ਤੋਂ ਬਾਅਦ ਬਾਥਰੂਮ ਨੂੰ ਨਮੀਮੁਕਤ ਕਰਨਾ ਅਤੇ ਹਵਾਦਾਰ ਕਰਨਾ ਹਵਾ ਵਿੱਚ ਬੈਕਟੀਰੀਆ ਵਾਲੇ ਐਰੋਸੋਲ ਦੇ ਪੱਧਰ ਨੂੰ ਘਟਾਉਣ ਦਾ ਪ੍ਰਭਾਵੀ ਤਰੀਕਾ ਹੋ ਸਕਦਾ ਹੈ। ਹੈਗ ਨੇ ਵੀ ਅਜਿਹੇ ਹੀ ਨਤੀਜੇ ਪਾਏ ਹਨ।
ਹੈਗ ਦੱਸਦੇ ਹਨ, "ਸਾਡੀ ਲੈਬ ਵਿੱਚ ਅਸੀਂ ਪਾਇਆ ਕਿ 5 ਮਾਈਕਰੋਮੀਟਰ ਤੋਂ ਛੋਟੇ ਕਣ ਸ਼ਾਵਰ ਬੰਦ ਕਰਨ ਤੋਂ ਬਾਅਦ ਘੱਟੋ-ਘੱਟ ਇੱਕ ਘੰਟੇ ਤੱਕ ਹਵਾ ਵਿੱਚ ਰਹਿ ਸਕਦੇ ਹਨ। ਜਦੋਂ ਐਕਸਟਰੈਕਟਰ ਫੈਨ ਚੱਲ ਰਿਹਾ ਹੁੰਦਾ ਹੈ ਤਾਂ ਹਵਾ ਵਿੱਚ ਕਣਾਂ ਦੀ ਗਿਣਤੀ ਕਾਫ਼ੀ ਘੱਟ ਜਾਂਦੀ ਹੈ।"
"ਆਪਣੇ ਅਤੇ ਆਪਣੇ ਪਰਿਵਾਰ, ਅਸੀਂ ਇੱਕ ਸਧਾਰਨ 1.8 ਗੈਲਨ (6.8 ਲੀਟਰ) ਪ੍ਰਤੀ ਮਿੰਟ ਸਪਰੇਅ ਸ਼ਾਵਰ ਹੈੱਡ ਦੀ ਵਰਤੋਂ ਕਰਦੇ ਹਾਂ, ਇਹ ਕੋਈ ਖਾਸ ਚੀਜ਼ ਨਹੀਂ ਹੈ। ਅਸੀਂ ਹਮੇਸ਼ਾ ਐਕਸਟਰੈਕਟਰ ਫੈਨ ਚਾਲੂ ਕਰਕੇ ਸ਼ਾਵਰ ਲੈਂਦੇ ਹਾਂ। ਪਾਣੀ ਅਤੇ ਫੈਨ ਨੂੰ ਕੁਝ ਮਿੰਟ ਪਹਿਲਾਂ ਚਲਾਉਣ ਤੋਂ ਬਾਅਦ ਹੀ ਸ਼ਾਵਰ ਦੇ ਹੇਠਾਂ ਜਾਂਦੇ ਹਾਂ।"
ਤੁਸੀਂ ਆਪਣੇ ਸ਼ਾਵਰ ਦੀ ਵਰਤੋਂ ਕਿੰਨੀ ਵਾਰ ਕਰਦੇ ਹੋ, ਇਹ ਬੈਕਟੀਰੀਆ ਦੀ ਗਿਣਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜਿੰਨੀ ਵਾਰ ਤੁਸੀਂ ਆਪਣੇ ਸ਼ਾਵਰ ਦੀ ਵਰਤੋਂ ਕਰਦੇ ਹੋ, ਪਾਈਪਾਂ, ਨਲੀਆਂ ਅਤੇ ਸ਼ਾਵਰਹੈੱਡਾਂ ਵਿੱਚ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਓਨੀ ਹੀ ਘੱਟ ਹੁੰਦੀ ਹੈ। ਹੈਮਸ ਅਤੇ ਸਹਿਯੋਗੀਆਂ ਦੁਆਰਾ ਕੀਤੀ ਗਈ ਖੋਜ ਦੇ ਅਨੁਸਾਰ, ਸੂਖ਼ਮ ਜੀਵ ਖ਼ਾਸ ਕਰਕੇ ਸ਼ਾਵਰ ਨਲੀਆਂ ਵਿੱਚ ਰੁਕੇ ਹੋਏ ਪਾਣੀ ਨਾਲ ਵਧਦੇ
ਹੈਰਾਨੀ ਦੀ ਗੱਲ ਹੈ ਕਿ, ਇੱਕ ਨਵੀਂ ਸ਼ਾਵਰ ਨਲੀ ਹਮੇਸ਼ਾ ਉਹ ਹੱਲ ਨਹੀਂ ਹੁੰਦੀ ਜੋ ਇਹ ਜਾਪਦੀ ਹੈ ਕਿਉਂਕਿ ਬਾਇਓਫਿਲਮ ਉਮਰ ਦੇ ਨਾਲ ਵਧੇਰੇ ਸਥਿਰ ਹੋ ਸਕਦੇ ਹਨ।
ਇੱਕ ਨਵੀਂ ਸ਼ਾਵਰ ਨਲੀ ਦੇ ਅੰਦਰ ਵਧਣ ਵਾਲੇ ਬੈਕਟੀਰੀਆ ਆਮ ਤੌਰ 'ਤੇ ਢਿੱਲੇ ਜੁੜੇ ਹੁੰਦੇ ਹਨ ਅਤੇ ਇਸ ਲਈ ਹਰ ਰੋਜ਼ ਪਾਣੀ ਦੇ ਪਹਿਲੇ ਵਹਾਅ ਨਾਲ ਆਸਾਨੀ ਨਾਲ ਧੋਤੇ ਜਾਂਦੇ ਹਨ। ਚੀਨੀ ਅਤੇ ਡੱਚ ਖੋਜਕਾਰਾਂ ਵੱਲੋਂ ਕੀਤੀ ਗਈ ਖੋਜ ਵਿੱਚ ਪਾਇਆ ਗਿਆ ਹੈ ਕਿ ਜਦੋਂ ਤੁਸੀਂ ਆਪਣਾ ਸ਼ਾਵਰ ਚਾਲੂ ਕਰਦੇ ਹੋ ਤਾਂ 62% ਕੀਟਾਣੂ ਚਾਰ ਹਫ਼ਤੇ ਪੁਰਾਣੀ ਨਲੀ ਤੋਂ ਆਉਂਦੇ ਹਨ।
ਇਹ ਅਨੁਪਾਤ ਫਿਰ ਘਟਣਾ ਸ਼ੁਰੂ ਹੋ ਜਾਂਦਾ ਹੈ, ਪਰ 40ਵੇਂ ਹਫ਼ਤੇ ਤੱਕ, ਨਲੀ ਤੋਂ ਪਾਣੀ ਵਿੱਚ ਛੱਡੇ ਜਾਣ ਵਾਲੇ ਕੀਟਾਣੂਆਂ ਦਾ ਅਨੁਪਾਤ ਘੱਟ ਕੇ 1.5% ਹੋ ਜਾਂਦਾ ਹੈ ਕਿਉਂਕਿ ਬਾਇਓਫਿਲਮ ਵਧੇਰੇ ਸਥਿਰ ਹੋ ਜਾਂਦੀ ਹੈ। ਇਸ ਸਮੇਂ ਤੋਂ ਬਾਅਦ, ਟਿਊਬ ਵਿੱਚ ਬਾਇਓਫਿਲਮ ਵਧਦਾ ਹੈ, ਪਰ ਇਹ ਬਹੁਤ ਜ਼ਿਆਦਾ ਮਜ਼ਬੂਤੀ ਨਾਲ ਜੁੜਿਆ ਹੁੰਦਾ ਹੈ ਅਤੇ ਇਸ ਲਈ ਹਰ ਵਾਰ ਥੋੜ੍ਹੀ ਮਾਤਰਾ ਵਿੱਚ ਧੋਤਾ ਜਾਂਦਾ ਹੈ।
ਨਿਯਮਤ ਰੱਖ-ਰਖਾਅ ਅਜੇ ਵੀ ਸਭ ਤੋਂ ਵਧੀਆ ਤਰੀਕਾ ਹਨ

ਤਸਵੀਰ ਸਰੋਤ, Getty Images
ਬਹੁਤ ਗਰਮ ਪਾਣੀ ਚਲਾ ਕੇ ਸ਼ਾਵਰ ਹੈੱਡ ਨੂੰ ਡੀ-ਸਕੇਲਿੰਗ ਕਰਕੇ, ਜਾਂ ਇਸਨੂੰ ਨਿੰਬੂ ਦੇ ਰਸ ਵਿੱਚ ਭਿਉਂ ਕੇ ਸ਼ਾਵਰ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਨ ਨਾਲ ਉੱਥੇ ਰਹਿਣ ਵਾਲੇ ਸੂਖਮ ਜੀਵਾਂ ਨੂੰ ਨਸ਼ਟ ਕਰਨ ਅਤੇ ਬਾਇਓਫਿਲਮ ਦੇ ਆਕਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਜੇਕਰ ਘਰ ਵਿੱਚ ਕੋਈ ਕਮਜ਼ੋਰ ਹੈ, ਤਾਂ ਮਹਿੰਗੇ "ਐਂਟੀਮਾਈਕ੍ਰੋਬਾਇਲ" ਬਦਲਾਂ 'ਤੇ ਭਰੋਸਾ ਕਰਨ ਦੀ ਬਜਾਏ ਸ਼ਾਵਰ ਨਲੀ ਅਤੇ ਹੈੱਡ ਨੂੰ ਸਾਲਾਨਾ ਬਦਲਣ ਬਾਰੇ ਵਿਚਾਰ ਕਰੋ।
ਜੇਕਰ ਤੁਹਾਡੇ ਸ਼ਾਵਰ ਵਿੱਚ ਇਕੱਠੇ ਹੋਣ ਵਾਲੇ ਇਨ੍ਹਾਂ ਸੂਖ਼ਮ ਜੀਵਾਂ ਦਾ ਵਿਚਾਰ ਤੁਹਾਨੂੰ ਪਰੇਸ਼ਾਨ ਕਰਦਾ ਹੈ, ਤਾਂ ਇਸ ਬਾਰੇ ਵੱਖਰੇ ਢੰਗ ਨਾਲ ਸੋਚਣਾ ਬਿਹਤਰ ਹੈ।
ਤੁਹਾਡਾ ਸ਼ਾਵਰ ਵਾਤਾਵਰਣ ਲਈ ਓਨਾ ਗੰਦਾ ਨਹੀਂ ਹੈ। ਇਸ ਨੂੰ ਸੂਖ਼ਮ ਜੀਵਾਂ ਦੀ ਇੱਕ ਛੋਟੀ ਜਿਹੀ ਬਸਤੀ ਸਮਝੋ ਜੋ ਹਰ ਵਾਰ ਜਦੋਂ ਤੁਸੀਂ ਟੂਟੀ ਚਾਲੂ ਕਰਦੇ ਹੋ ਤਾਂ ਤੁਹਾਡਾ ਸਵਾਗਤ ਕਰਨ ਲਈ ਤਿਆਰ ਹੁੰਦੇ ਹਨ। ਤੁਸੀਂ ਉਨ੍ਹਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਪਾਓਗੇ, ਜਾਂ ਲੰਬੇ ਸਮੇਂ ਲਈ ਨਹੀਂ ਪਾ ਸਕਦੇ। ਇਸ ਲਈ ਉਨ੍ਹਾਂ ਨਾਲ ਰਹਿਣਾ ਸਿੱਖਣਾ ਬਿਹਤਰ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












