ਅਬੋਹਰ ਦੇ ਕੱਪੜਾ ਵਪਾਰੀ ਦੇ ਕਤਲ ਕੇਸ ਵਿੱਚ ਦੋ ਮੁਲਜ਼ਮਾਂ ਦਾ ਪੁਲਿਸ ਵੱਲੋਂ ਐਨਕਾਊਂਟਰ ਦਾ ਦਾਅਵਾ, ਮਾਮਲੇ ’ਚ ਹੁਣ ਤੱਕ ਕੀ-ਕੀ ਹੋਇਆ

    • ਲੇਖਕ, ਕੁਲਦੀਪ ਸਿੰਘ ਬਰਾੜ
    • ਰੋਲ, ਬੀਬੀਸੀ ਸਹਿਯੋਗੀ

ਅਬੋਹਰ ਦੇ ਕੱਪੜਾ ਵਪਾਰੀ ਤੇ ਡਿਜ਼ਾਈਨਰ ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕੇਸ ਦੇ ਦੋ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ।

ਹਾਲਾਂਕਿ, ਐਨਕਾਉਂਟਰ ਤੋਂ ਕੁਝ ਘੰਟੇ ਪਹਿਲਾਂ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਾਤਲਾਂ ਦੀ ਪਛਾਣ ਕਰਨ ਅਤੇ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ ਸੀ।

ਪਰ ਕੁਝ ਘੰਟਿਆਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਐਨਕਾਊਂਟਰ ਹੋਣ ਦੀ ਜਾਣਕਾਰੀ ਦਿੱਤੀ।

ਦਰਅਸਲ, ਸੋਮਵਾਰ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਅਬਹੋਰ ਵਿੱਚ ਕੱਪੜਾ ਵਪਾਰੀ ਤੇ ਡਿਜ਼ਾਇਨਰ ਸੰਜੇ ਵਰਮਾ ਦਾ ਕਤਲ ਕਰ ਦਿੱਤਾ ਗਿਆ ਸੀ। ਸੰਜੇ ਵਰਮਾ ਨੂੰ ਉਸ ਸਮੇਂ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਆਪਣੀ ਕਾਰ ਤੇ ਸ਼ੋਅਰੂਮ ਪਹੁੰਚੇ ਸਨ।

ਮੰਗਲਵਾਰ ਨੂੰ ਉਨ੍ਹਾਂ ਦਾ ਅਬੋਹਰ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਕਤਲ ਦੀ ਇਸ ਵਾਰਦਾਤ ਤੋਂ ਬਾਅਦ ਸਥਾਨਕ ਵਪਾਰੀਆਂ ਵਿੱਚ ਰੋਸ ਦੇਖਿਆ ਜਾ ਰਿਹਾ ਹੈ।

ਕਿਵੇਂ ਹੋਇਆ ਐਨਕਾਊਂਟਰ

ਐਨਕਾਊਂਟਰ ਤੋਂ ਬਾਅਦ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ ਪੰਜ ਜਣੇ ਆਏ ਸਨ, ਜਿਨ੍ਹਾਂ ਵਿੱਚੋਂ 3 ਜਣੇ ਮੋਟਰਸਾਈਕਲ ਅਤੇ ਦੋ ਪਿੱਛੇ ਇੱਕ ਕਾਰ ਵਿੱਚ ਇਨ੍ਹਾਂ ਨੂੰ ਭਜਾ ਕੇ ਲੈ ਕੇ ਗਏ ਸਨ।

ਉਨ੍ਹਾਂ ਨੇ ਕਿਹਾ, "ਜਦੋਂ ਸਾਡੀ ਟੀਮ ਨੇ ਇਨ੍ਹਾਂ ਵਿੱਚੋਂ ਦੋ ਲੋਕਾਂ ਨੂੰ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਰਾਹ ਵਿੱਚ ਆਪਣੀਆਂ ਪੱਗਾਂ ਅਤੇ ਕੱਪੜੇ ਬਦਲੇ ਸਨ।"

"ਇਸ ਤੋਂ ਇਲਾਵਾ ਜਿਹੜੇ ਹਥਿਆਰਾਂ ਦੀ ਇਨ੍ਹਾਂ ਨੇ ਵਰਤੋਂ ਕੀਤੀ ਉਹ ਵੀ ਇਨ੍ਹਾਂ ਨੇ ਰਸਤੇ ਵਿੱਚ ਹੀ ਕਿਤੇ ਲੁਕਾ ਦਿੱਤੇ ਸਨ। ਉਨ੍ਹਾਂ ਕੱਪੜਿਆਂ ਅਤੇ ਹਥਿਆਰਾਂ ਦੀ ਰਿਕਵਰੀ ਵਾਸਤੇ ਵੱਖ-ਵੱਖ ਥਾਵਾਂ ʼਤੇ ਖੋਜ ਚੱਲ ਰਹੀ ਸੀ। ਇੱਕ ਟੀਮ ਸਾਡੀ ਹਥਿਆਰਾਂ ਦੀ ਰਿਕਵਰੀ ਲਈ ਮੁਲਜ਼ਮਾਂ ਵੱਲੋਂ ਦੱਸੀ ਗਈ ਥਾਂ ਪੀਰ ਟਿੱਬੇ ਦੇ ਪਿਛਲੇ ਪਾਸੇ ਪਹੁੰਚੇ ਤਾਂ ਉੱਥੇ ਮੌਜੂਦ ਉਨ੍ਹਾਂ ਦੇ ਦੂਜੇ ਸਾਥੀਆਂ ਨੇ ਪੁਲਿਸ ਦੇਖ ਕੇ ਗੋਲੀ ਚਲਾ ਦਿੱਤੀ।"

"ਜਦੋਂ ਪੁਲਿਸ ਆਪਣੇ ਬਚਾਅ ਲਈ ਜਵਾਬੀ ਕਾਰਵਾਈ ਕੀਤੀ ਤਾਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਲੋਕ ਮਾਰੇ ਗਏ। ਮੌਕੇ ਤੋਂ 30 ਬੋਰ ਦਾ ਪਿਸਤੌਲ ਅਤੇ ਖਾਲ੍ਹੀ ਖੋਰ ਬਰਾਮਦ ਹੋਏ ਹਨ। ਇਸ ਵਿੱਚ ਵੱਖਰਾ ਪਰਚਾ ਦਰਜ ਕਰ ਕੇ ਇਸ ਦੀ ਵੱਖਰੀ ਤੌਰ ʼਤੇ ਜਾਂਚ ਕੀਤੀ ਜਾਵੇਗੀ।"

ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਪੁਲਿਸ ਦਾ ਸੀਨੀਅਰ ਹਵਲਦਾਰ ਵੀ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ ਅਤੇ ਜ਼ੇਰੇ ਇਲਾਜ ਹੈ।

ʻਸਾਡਾ ਤਾਂ ਕੋਈ ਦੁਸ਼ਮਣ ਵੀ ਨਹੀਂ ਸੀʼ

ਵਾਰਦਾਤ ਬਾਰੇ ਵਾਇਰਲ ਹੋਈ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੰਜੇ ਵਰਮਾ ਉੱਤੇ ਤਿੰਨ ਹਮਲਾਵਰਾਂ ਨੇ ਹਮਲਾ ਕੀਤਾ।

ਇਸ ਮਗਰੋਂ ਸੰਜੇ ਵਰਮਾ ਨੂੰ ਹਸਪਤਾਲ ਪਹੁੰਚਿਆ ਗਿਆ ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। 58 ਸਾਲਾਂ ਸੰਜੇ ਵਰਮਾ ਪਿਛਲੇ ਲੰਬੇ ਸਮੇਂ ਤੋਂ ਵੀਅਰ ਵੈੱਲ ਦੇ ਨਾਮ ’ਤੇ ਆਪਣਾ ਸ਼ੋਅਰੂਮ ਚਲਾ ਰਹੇ ਸਨ ਜਿਸ ਵਿੱਚ ਭਾਰਤ ਤੋਂ ਇਲਾਵਾ ਬਾਹਰਲੇ ਮੁਲਕਾਂ ਤੋਂ ਲੋਕ ਕੱਪੜੇ ਸਵਾਉਣ ਲਈ ਆਉਂਦੇ ਸਨ।

ਸੰਜੇ ਵਰਮਾ ਦੇ ਤਿੰਨ ਬੱਚੇ ਹਨ, ਦੋ ਕੁੜੀਆਂ ਅਤੇ ਇੱਕ ਮੁੰਡਾ ਹੈ।

ਸੰਜੇ ਵਰਮਾ ਦੇ ਭਰਾ ਜਗਤ ਭਰਮਾ ਨੇ ਕਿਹਾ ਕਿ ਰਾਜੇ ਦਾ ਕੰਮ ਹੁੰਦਾ ਇਨਸਾਫ਼ ਦੇਣਾ ਅਤੇ ਸੁਰੱਖਿਆ ਦੇਣਾ, ਹੋਰ ਕੁਝ ਵੀ ਨਹੀਂ।

ਉਨ੍ਹਾਂ ਨੇ ਕਿਹਾ, "ਜੋ ਇਨਸਾਨ ਕਰੋੜਾਂ ਰੁਪਏ ਟੈਕਸ ਭਰਦਾ, 500 ਬੰਦਿਆਂ ਨੂੰ ਰੁਜ਼ਗਾਰ ਦਿੰਦਾ ਹੈ। ਉਹ ਸਵੇਰੇ ਤਿਆਰ ਹੋ ਕੇ ਕੰਮ ʼਤੇ ਜਾਂਦਾ ਹੈ ਅਤੇ ਰਸਤੇ ਵਿੱਚ ਉਸ ਨੂੰ 12 ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਕੀ ਇਹੀ ਸੁਰੱਖਿਆ ਹੈ।"

ਉਨ੍ਹਾਂ ਨੇ ਭਰੇ ਮਨ ਨਾਲ ਕਿਹਾ, "ਅਸੀਂ ਦੋ ਭਰਾ ਇੱਕ ਜਾਨ ਸੀ। ਸਾਡਾ ਤਾਂ ਕੋਈ ਦੁਸ਼ਮਣ ਹੀ ਨਹੀਂ ਸੀ। ਸਾਡੇ ਕੋਲ ਕੋਈ ਬੰਦਾ ਨਾਰਾਜ਼ ਹੋ ਜਾਵੇ ਤਾਂ ਅਸੀਂ ਦੋਵੇਂ ਭਰਾ ਮੁਆਫ਼ੀ ਮੰਗਣ ਉਸ ਦੇ ਘਰ ਚਲੇ ਜਾਂਦੇ ਸੀ। ਮੈਨੂੰ ਮੇਰਾ ਭਰਾ ਲਿਆ ਦਿਓ ਮੇਰਾ ਸਾਰਾ ਕੁਝ ਲੈ ਲਓ।"

"ਪਤਾ ਨਹੀਂ ਕੀ ਕਰਨਾ। ਨਾ ਕੋਈ ਧਮਕੀ ਮਿਲੀ, ਜੇ ਮਿਲੀ ਹੁੰਦਾ ਤਾਂ ਮੈਨੂੰ ਜ਼ਰੂਰ ਦੱਸਦਾ। ਬੱਸ ਸਿੱਧਾ ਆਏ ਤਾਂ ਗੋਲੀ ਮਾਰ ਦਿੱਤੀ। ਪਬਲਿਕ ਨੂੰ ਹੋਰ ਕੁਝ ਨਹੀਂ ਚਾਹੀਦਾ ਬੱਸ ਸੁਰੱਖਿਆ ਚਾਹੀਦੀ ਹੈ। ਸਰਕਾਰ ਨੂੰ ਦੋ ਚੀਜ਼ਾਂ ʼਤੇ ਧਿਆਨ ਦੇਣਾ ਚਾਹੀਦਾ ਹੈ ਇਨਸਾਫ਼ ਅਤੇ ਸੁਰੱਖਿਆ। ਪਰ ਨਾ ਇਨਸਾਫ਼ ਹੈ ਤੇ ਨਾ ਸੁਰੱਖਿਆ ਹੈ, ਹਰੇਕ ਬੰਦੇ ਲਈ ਵੱਖ ਕਾਨੂੰਨ ਹੈ।"

ਉਨ੍ਹਾਂ ਨੇ ਕਿਹਾ, "ਕਿਸੇ ਨਾਲ ਵੀ ਅਜਿਹੀ ਵਾਰਦਾਤ ਵਾਪਰੇ ਤਾਂ ਉਨ੍ਹਾਂ ਨੂੰ ਟਾਈਮ ਨਾਲ ਇਨਸਾਫ਼ ਮਿਲਣਾ ਚਾਹੀਦਾ ਹੈ ਨਾ ਕਿ ਸਾਲਾਂ ਤੱਕ ਇਨਸਾਫ਼ ਲਈ ਇੰਤਜ਼ਾਰ ਕਰਨਾ ਪਵੇ।"

ਰੋਸ ਵਿੱਚ ਵਪਾਰੀ

ਵਪਾਰ ਮੰਡਲ ਬੋਰਡ ਦੇ ਪ੍ਰਧਾਨ ਸੁਰੇਸ਼ ਸਤੀਜਾ ਨੇ ਇਸ ਘਟਨਾ ਬਾਰੇ ਗੱਲ ਕਰਦਿਆਂ ਕਿਹਾ ਕਿ ਸੰਜੇ ਵਰਮਾ ਮਿਲਣਸਾਰ ਵਿਅਕਤੀ ਸਨ। ਉਹ 40-45 ਸਾਲ ਪਹਿਲਾਂ ਦਿੱਲੀ ਤੋਂ ਟੇਲਰਿੰਗ ਅਤੇ ਡਿਜ਼ਾਈਨਿੰਗ ਦਾ ਕੰਮ ਸਿੱਖ ਕੇ ਆਏ ਸਨ।

ਉਨ੍ਹਾਂ ਨੇ ਅੱਗੇ ਦੱਸਿਆ, "ਛੋਟੇ ਜਿਹੇ ਪੱਧਰ ਤੋਂ ਕੰਮ ਸ਼ੁਰੂ ਕੀਤਾ ਸੀ ਪਰ ਹੁਣ ਕਾਫੀ ਵੱਡੇ ਪੱਧਰ ʼਤੇ ਚਲਾ ਰਹੇ ਸਨ। ਇਹ ਟੇਲਰਿੰਗ ਦਾ ਕੰਮ ਆਪ ਆਪਣੇ ਹੱਥਾਂ ਨਾਲ ਕਰਦੇ ਸਨ, ਹਾਲਾਂਕਿ ਕਾਰੀਗਰ ਵੀ ਰੱਖੇ ਸਨ ਪਰ ਮਾਪ ਲੈਣਾ ਅਤੇ ਕਟਿੰਗ ਆਪ ਹੀ ਕਰਦੇ ਸਨ। ਕ੍ਰਿਕਟਰ, ਫਿਲਮੀ ਹਸਤੀਆਂ ਕਾਫੀ ਇਨ੍ਹਾਂ ਕੋਲ ਆਉਂਦੀਆਂ ਸਨ।"

"ਇਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇਹ ਤਾਂ ਬਹੁਤ ਧੱਕਾ ਹੋਇਆ ਹੈ। ਇਸ ਘਟਨਾ ਤੋਂ ਬਾਅਦ ਵਪਾਰੀ ਕਾਫੀ ਦਹਿਸ਼ਤ ਵਿੱਚ ਹਨ। ਸਾਨੂੰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਆਉਂਦੀਆਂ ਰਹੀਆਂ ਕਿ ਕੈਮਰੇ ਲਗਵਾਉ। ਪੁਲਿਸ ਵੀ ਸ਼ਿਕਾਇਤ ਲੈ ਲੈਂਦੀ ਹੁੰਦੀ ਹੈ ਪਰ ਸਮੇਂ ਨਾਲ ਕਾਰਵਾਈ ਨਹੀਂ ਕਰਦੀ।"

"ਜੇ ਪੁਲਿਸ ਸਮੇਂ ਰਹਿੰਦਿਆਂ ਮੁਸਤੈਦ ਹੋ ਜਾਂਦੀ ਤਾਂ ਅਜਿਹੀ ਘਟਨਾ ਸ਼ਾਇਦ ਨਾ ਵਾਪਰਦੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)