You’re viewing a text-only version of this website that uses less data. View the main version of the website including all images and videos.
ਕੀ ਸਾਵਰਕਰ ਨੇ ਗਾਂਧੀ ਦੇ ਕਹਿਣ ʼਤੇ ਅੰਗਰੇਜ਼ਾਂ ਕੋਲੋਂ ਮੁਆਫ਼ੀ ਮੰਗੀ ਸੀ, ਨਵੀਂ ਕਿਤਾਬ ਵਿੱਚ ਕੀ ਦਾਅਵੇ ਹੋਏ
ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਪੱਤਰਕਾਰ ਅਰੁਣ ਸ਼ੌਰੀ ਦੀ ਹਾਲ ਹੀ ਵਿੱਚ ਇੱਕ ਕਿਤਾਬ ਆਈ ਹੈ। ਇਸ ਕਿਤਾਬ ਦਾ ਨਾਮ ਹੈ, ʻਦਿ ਨਿਊ ਆਈਕਨ- ਸਾਵਰਕਰ ਐਂਡ ਦਿ ਫੈਕਟਸʼ।
ਆਪਣੀ ਇਸ ਕਿਤਾਬ ਵਿੱਚ ਅਰੁਣ ਸ਼ੌਰੀ ਨੇ ਵਿਨਾਇਕ ਦਾਮੋਦਰ ਸਾਵਰਕਰ ਦੇ ਕੰਮ ਅਤੇ ਕਿਰਦਾਰ ਦੀ ਬਰੀਕੀ ਨਾਲ ਸਮੀਖਿਆ ਕੀਤੀ ਹੈ।
ਅਰੁਣ ਸ਼ੌਰੀ ਨੇ ਇਹ ਕਿਤਾਬ ਸਾਵਰਕਰ ਦੇ ਲਿਖੇ ਦਸਤਾਵੇਜ਼ਾਂ ਅਤੇ ਬਰਤਾਨਵੀ ਰਿਕਾਰਡਸ ਦੇ ਆਧਾਰ ʼਤੇ ਲਿਖੀ ਹੈ।
ਸ਼ੌਰੀ ਦੀ ਇਸ ਕਿਤਾਬ ʼਤੇ ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਕੁਝ ਖ਼ਾਸ ਗੱਲਾਂ-
ਸਾਵਰਕਰ ਦੀ ਸ਼ਲਾਘਾ ਅਤੇ ਉਨ੍ਹਾਂ ʼਤੇ ਉੱਠਣ ਵਾਲੇ ਸਵਾਲ
ਵਿਨਾਇਕ ਦਾਮੋਦਰ ਸਾਵਰਕਰ ਨੂੰ ਲੈ ਕੇ ਲੋਕਾਂ ਦੀ ਰਾਇ ਵੰਡੀ ਹੋਈ ਹੈ। ਭਾਜਪਾ ਸਾਵਰਕਰ ਨੂੰ ਦੇਸ਼ ਭਗਤ ਅਤੇ ਰਾਸ਼ਟਰਵਾਦੀ ਕਹਿੰਦੀ ਹੈ, ਉੱਥੇ ਹੀ ਕਾਂਗਰਸ ਕਈ ਤਰ੍ਹਾਂ ਦੇ ਸਵਾਲ ਚੁੱਕਦੀ ਰਹੀ ਹੈ।
ʻਦਿ ਨਿਊ ਆਈਕਨ- ਸਾਵਰਕਰ ਐਂਡ ਦਿ ਫੈਕਟਸʼ ਨੂੰ ਲਿਖਣ ਵਾਲੇ ਅਰੁਣ ਸ਼ੌਰੀ ਕਹਿੰਦੇ ਹਨ ਕਿ ਸਾਵਰਕਰ ਇੱਕ ਬਹੁਤ ਵੱਡੇ ਤਰਕਵਾਦੀ ਸਨ, ਜਿਨ੍ਹਾਂ ਦੀ ਉਹ ਸ਼ਲਾਘਾ ਕਰਦੇ ਹਨ।
ਉਹ ਕਹਿੰਦੇ ਹਨ, "ਸਾਵਰਕਰ ਨੇ ਕਈ ਕਰਮਕਾਂਡਾਂ ʼਤੇ ਸਵਾਲ ਚੁੱਕਿਆ, ਜਿਸ ਦੀ ਮੈਂ ਪ੍ਰਸ਼ੰਸ਼ਾ ਕਰਦਾ ਹਾਂ ਪਰ ਸਾਵਰਕਰ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ।"
ਅਰੁਣ ਸ਼ੌਰੀ ਕਹਿੰਦੇ ਹਨ, "ਜਦੋਂ ਕੌਮੀ ਪੱਧਰ ʼਤੇ ਆਜ਼ਾਦੀ ਲਈ ਅੰਦੋਲਨ ਚੱਲ ਰਹੇ ਸਨ, ਉਸ ਵੇਲੇ ਸਾਵਰਕਰ ਅੰਗਰੇਜ਼ਾਂ ਦੀ ਮਦਦ ਕਰ ਰਹੇ ਸਨ। ਸਾਵਰਕਰ ਨੇ ਅੰਗਰੇਜ਼ਾਂ ਨੂੰ ਵਾਆਦਾ ਕੀਤਾ ਸੀ ਕਿ ਉਹ ਸਿਆਸੀ ਤੌਰ ʼਤੇ ਉਨ੍ਹਾਂ ਦੇ ਕੰਮ ਆਉਣਗੇ।"
ਅਰੁਣ ਸ਼ੌਰੀ ਦੱਸਦੇ ਹਨ, "ਸਾਵਰਕਰ ਨੇ ਅੰਗਰੇਜ਼ਾਂ ਦੀਆਂ ਕਈ ਅਜਿਹੀਆਂ ਸ਼ਰਤਾਂ ਮੰਨੀਆਂ, ਜੋ ਉਨ੍ਹਾਂ ਦੀ (ਜੇਲ੍ਹ ਤੋਂ) ਰਿਹਾਈ ਦੀ ਸ਼ਰਤ ਵੀ ਨਹੀਂ ਸੀ। ਅੰਗਰੇਜ਼ਾਂ ਨੇ ਉਹ ਸ਼ਰਤਾਂ ਉਨ੍ਹਾਂ ਦੇ ਸਾਹਮਣੇ ਨਹੀਂ ਰੱਖੀਆਂ ਸਨ।"
"ਸਾਵਰਕਰ ਦੀ ਜਦੋਂ ਵਾਇਸਰਾਇ ਲਿਨਲਿਥਗੋ ਨਾਲ ਮੁਲਾਕਾਤ ਹੁੰਦੀ ਸੀ ਤਾਂ ਲਿਨਲਿਥਗੋ ਉਸ ਮੀਟਿੰਗ ਦਾ ਪੂਰਾ ਰਿਕਾਰਡ ਲੰਡਨ ਭੇਜਦੇ ਸਨ। ਉਨ੍ਹਾਂ ਰਿਕਾਰਡ ਮੁਤਾਬਕ ਪਹਿਲੀ ਮੀਟਿੰਗ ਵਿੱਚ ਹੀ ਲਿਨਲਿਥਗੋ ਦੋ ਵਾਰ ਕਹਿੰਦੇ ਹਨ, ʻਐਂਡ ਦੇਨ ਹੀ ਬੈਗ਼ ਮੀʼ (ਅਤੇ ਫਿਰ ਸਾਵਰਕਰ ਨੇ ਮੈਨੂੰ ਬੇਨਤੀ ਕੀਤੀ।)ʼ
ਸਾਵਰਕਰ ਦੇ ਮੁਆਫ਼ੀਨਾਮੇ
ਸਾਵਰਕਰ ਵੱਲੋਂ ਲਿਖੇ ਮੁਆਫ਼ੀਨਾਮੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ। ਦਰਅਸਲ, ਸਾਵਰਕਰ ਨੂੰ ਨਾਸਿਕ ਦੇ ਇੱਕ ਕੁਲੈਕਟਰ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਨ੍ਹਾਂ ਨੂੰ 25-25 ਸਾਲ ਦੀਆਂ ਦੋ ਵੱਖ-ਵੱਖ ਸਜ਼ਾਵਾਂ ਸੁਣਾਈਆਂ ਗਈਆਂ ਸਨ।
ਸਜ਼ਾ ਭੁਗਤਣ ਲਈ ਉਨ੍ਹਾਂ ਨੂੰ ਅੰਡੇਮਾਨ ਯਾਨਿ 'ਕਾਲਾ ਪਾਣੀ' ਭੇਜਿਆ ਗਿਆ ਸੀ। ਜੇਲ੍ਹ ਜਾਣ ਤੋਂ ਬਾਅਦ, ਸਾਵਰਕਰ ਨੇ ਅੰਗਰੇਜ਼ਾਂ ਨੂੰ ਕਈ ਮੁਆਫ਼ੀਨਾਮੇ ਲਿਖੇ। ਬਹੁਤ ਸਾਰੇ ਲੋਕ ਇਸ ਲਈ ਸਾਵਰਕਰ ਦੀ ਆਲੋਚਨਾ ਕਰਦੇ ਹਨ।
ਇਸ ਦੇ ਨਾਲ ਹੀ, ਸਾਵਰਕਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗਣ ਨੂੰ ਇਸ ਆਧਾਰ 'ਤੇ ਜਾਇਜ਼ ਠਹਿਰਾਇਆ ਕਿ ਇਹ ਉਨ੍ਹਾਂ ਦੀ ਰਣਨੀਤੀ ਦਾ ਹਿੱਸਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕੁਝ ਰਿਆਇਤਾਂ ਮਿਲ ਸਕਦੀਆਂ ਸਨ।
ਅਰੁਣ ਸ਼ੌਰੀ ਨੇ ਆਪਣੀ ਕਿਤਾਬ ਵਿੱਚ ਸਾਵਰਕਰ ਦੁਆਰਾ ਦਿੱਤੇ ਗਏ ਇਸ ਸਪਸ਼ਟੀਕਰਨ ਦਾ ਵੀ ਜ਼ਿਕਰ ਕੀਤਾ ਹੈ।
ਹਾਲਾਂਕਿ, ਅਰੁਣ ਸ਼ੌਰੀ ਸਾਵਰਕਰ ਦੇ ਮੁਆਫ਼ੀਨਾਮੇ ਨੂੰ ਸ਼ਿਵਾਜੀ ਵਰਗੀ ਰਣਨੀਤੀ ਨਹੀਂ ਮੰਨਦੇ ਹਨ।
ਉਹ ਕਹਿੰਦੇ ਹਨ, "ਸ਼ਿਵਾਜੀ ਜਦੋਂ ਵੀ ਕਿਸੇ ਚੀਜ਼ ਵਿੱਚ ਫਸ ਜਾਂਦੇ ਸਨ (ਔਰੰਗਜੇਬ ਕਾਰਨ ਜਾਂ ਉਸ ਦੀ ਸੈਨਾ ਕਾਰਨ) ਤਾਂ ਅਜਿਹੀ ਚਿੱਠੀ ਦਿੰਦੇ ਸਨ ਕਿ ਉਹ ਔਰੰਗਜੇਬ ਨੂੰ ਦੱਖਣ ਜਿੱਤਣ ਵਿੱਚ ਮਦਦ ਕਰਨਗੇ।"
"ਅਤੇ ਜਿਵੇਂ ਹੀ ਉਹ ਉੱਥੋਂ ਨਿਕਲ ਜਾਂਦੇ ਸਨ, ਫਿਰ ਤੋਂ ਆਪਣੀਆਂ ਚੀਜ਼ਾਂ ਸ਼ੁਰੂ ਕਰ ਦਿੰਦੇ ਸਨ। ਪਰ ਜਦੋਂ ਸਾਵਰਕਰ ਨਿਕਲੇ ਤਾਂ ਕੀ ਉਨ੍ਹਾਂ ਨੇ ਸ਼ਿਵਾਜੀ ਵਰਗੀਆਂ ਕੋਈ ਚੀਜ਼ ਕੀਤੀ? ਉਹ ਤਾਂ ਅੰਗਰੇਜ਼ਾਂ ਦੀ ਮਦਦ ਕਰਦੇ ਰਹੇ।"
ਕੀ ਗਾਂਧੀ ਜੀ ਨੇ ਸਾਵਰਕਰ ਨੂੰ ਮੁਆਫ਼ੀਨਾਮਾ ਲਿਖਣ ਨੂੰ ਕਿਹਾ ਸੀ?
2021 ਵਿੱਚ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਜਨਤਕ ਮੰਚ 'ਤੇ ਕਿਹਾ ਕਿ ਸਾਵਰਕਰ ਮਾੜੇ ਪ੍ਰਚਾਰ ਦਾ ਸ਼ਿਕਾਰ ਹੋਏ। ਉਨ੍ਹਾਂ ਕਿਹਾ ਸੀ ਕਿ ਸਾਵਰਕਰ ਨੇ ਗਾਂਧੀ ਜੀ ਦੇ ਕਹਿਣ 'ਤੇ ਮੁਆਫ਼ੀਨਾਮਾ ਲਿਖਿਆ ਸੀ।
ਇਸ 'ਤੇ ਅਰੁਣ ਸ਼ੌਰੀ ਕਹਿੰਦੇ ਹਨ, "ਸ਼ਾਇਦ ਉਨ੍ਹਾਂ (ਰਾਜਨਾਥ ਸਿੰਘ) ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਸਾਵਰਕਰ ਨੂੰ 1910 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਆਪਣੀ ਜੇਲ੍ਹ ਦੀ ਸਜ਼ਾ ਭੁਗਤਣ ਲਈ ਅੰਡੇਮਾਨ ਭੇਜਿਆ ਗਿਆ।"
"ਇਸ ਤੋਂ ਦੋ ਮਹੀਨਿਆਂ ਦੇ ਅੰਦਰ, ਉਨ੍ਹਾਂ ਨੇ ਮੁਆਫ਼ੀਨਾਮਾ ਦਾਇਰ ਕੀਤਾ ਸੀ। ਇਸ ਤੋਂ ਬਾਅਦ, ਸਾਵਰਕਰ ਨੇ ਕਈ ਮੁਆਫ਼ੀ ਪੱਤਰ ਦਿੱਤੇ। ਜਦਕਿ 1910-1911 ਵਿੱਚ ਗਾਂਧੀ ਦੱਖਣੀ ਅਫਰੀਕਾ ਵਿੱਚ ਸਨ। ਗਾਂਧੀ 1915 ਵਿੱਚ ਭਾਰਤ ਵਾਪਸ ਆਏ। ਉਦੋਂ ਤੱਕ, ਸਾਵਰਕਰ ਚਾਰ ਸਾਲ ਜੇਲ੍ਹ ਵਿੱਚ ਰਹਿ ਚੁੱਕੇ ਸਨ। ਉਨ੍ਹਾਂ ਨੇ ਪੰਜ ਮੁਆਫ਼ੀਨਾਮੇ ਵੀ ਦਾਇਰ ਕਰ ਦਿੱਤੇ ਸਨ।"
ਸ਼ੌਰੀ ਦੱਸਦੇ ਹਨ, "ਜਦੋਂ ਸਾਰੇ ਰਾਜਨੀਤਿਕ ਕੈਦੀਆਂ ਲਈ ਇੱਕ ਜਨਰਲ ਐਮਨੇਸਟੀ ਦਾ ਐਲਾਨ ਹੋਇਆ ਸੀ, ਤਾਂ ਉਸ ਵਿੱਚ ਸਾਵਰਕਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਬਾਰੇ, ਸਾਵਰਕਰ ਦੇ ਛੋਟੇ ਭਰਾ ਨਾਰਾਇਣ, ਜੋ ਜੇਲ੍ਹ ਵਿੱਚ ਨਹੀਂ ਸਨ, ਨੇ ਗਾਂਧੀ ਤੋਂ ਸਲਾਹ ਮੰਗੀ ਸੀ।"
"ਇਸ 'ਤੇ ਗਾਂਧੀ ਜੀ ਨੇ ਕਿਹਾ ਸੀ ਕਿ ਸਾਵਰਕਰ ਨੂੰ ਆਪਣੀ ਪਟੀਸ਼ਨ ਵਿੱਚ ਲਿਖਣਾ ਚਾਹੀਦਾ ਹੈ ਕਿ ਉਹ ਇੱਕ ਸਿਆਸੀ ਕੈਦੀ ਹਨ, ਇਸ ਲਈ ਉਹ ਐਮਨੇਸਟੀ ਦੇ ਦਾਇਰੇ ਵਿੱਚ ਆਉਂਦੇ ਹਨ। ਸਾਵਰਕਰ ਨੇ ਵੀ ਅਜਿਹਾ ਹੀ ਕੀਤਾ ਅਤੇ ਭਰੋਸਾ ਦਿੱਤਾ ਸੀ ਕਿ ਉਹ ਅਤੇ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਭਰਾ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਨਹੀਂ ਸਨ।
ਕੀ ਸਾਵਰਕਰ ਗਾਂਧੀ ਦੇ ਦੋਸਤ ਸਨ?
ਸਾਲ 1948 ਵਿੱਚ, ਗਾਂਧੀ ਦੇ ਕਤਲ ਤੋਂ ਛੇਵੇਂ ਦਿਨ, ਵਿਨਾਇਕ ਦਾਮੋਦਰ ਸਾਵਰਕਰ ਨੂੰ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਨੂੰ ਫਰਵਰੀ 1949 ਵਿੱਚ ਬਰੀ ਕਰ ਦਿੱਤਾ ਗਿਆ ਸੀ।
ਸਾਵਰਕਰ ਦੇ ਅਨੁਸਾਰ, ਇੱਕ ਸਮੇਂ ਉਹ ਗਾਂਧੀ ਦੇ ਦੋਸਤ ਸਨ। ਆਖ਼ਿਰ, ਸਾਵਰਕਰ ਦਾ ਗਾਂਧੀ ਨਾਲ ਕਿਹੋ ਜਿਹਾ ਰਿਸ਼ਤਾ ਸੀ, ਕੀ ਉਹ ਉਨ੍ਹਾਂ ਦੇ ਦੋਸਤ ਸਨ ਜਾਂ ਨਹੀਂ?
ਅਰੁਣ ਸ਼ੌਰੀ ਇਸ ਸਵਾਲ ਦਾ ਜਵਾਬ ਦਿੰਦੇ ਹਨ, "ਬਿਲਕੁਲ ਨਹੀਂ, ਅਸਲ ਵਿੱਚ ਉਹ ਗਾਂਧੀ ਨੂੰ ਨਫ਼ਰਤ ਕਰਦੇ ਸਨ। ਉਹ ਖ਼ੁਦ ਗਾਂਧੀ ਬਾਰੇ ਕਹਿੰਦੇ ਸਨ ਕਿ ਉਹ ਇੱਕ ਮੂਰਖ਼ ਹੈ, ਇੱਕ ਪਾਗ਼ਲ ਹੈ, ਉਸ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਅਤੇ ਉਨ੍ਹਾਂ ਦੌਰਿਆਂ ਵਿੱਚ ਉਹ ਹਰ ਤਰ੍ਹਾਂ ਦੀਆਂ ਬਕਵਾਸ ਕਰ ਦਿੰਦਾ ਹੈ। ਉਹ ਇੱਕ ਤੁਰਨ-ਫਿਰਨ ਵਾਲਾ ਪਲੇਗ ਹੈ।"
ਸ਼ੌਰੀ ਹਿੰਦੂ ਧਰਮ ਨੂੰ 'ਹਿੰਦੂਤਵ' ਤੋਂ ਬਚਾਉਣ ਦੀ ਗੱਲ ਕਿਉਂ ਕਰਦੇ ਹਨ?
ਸਾਵਰਕਰ ਨੇ 1923 ਵਿੱਚ ਇੱਕ ਕਿਤਾਬ ਲਿਖੀ 'ਹਿੰਦੂਤਵ -ਹੂ ਇਜ਼ ਹਿੰਦੂ?'। ਇਸ ਵਿੱਚ, ਉਨ੍ਹਾਂ ਨੇ ਪਹਿਲੀ ਵਾਰ ਹਿੰਦੂਤਵ ਨੂੰ ਇੱਕ ਸਿਆਸੀ ਵਿਚਾਰਧਾਰਾ ਵਜੋਂ ਵਰਤਿਆ।
ਅਰੁਣ ਸ਼ੌਰੀ, ਸਾਵਰਕਰ ਦੀ ਇਸ ਕਿਤਾਬ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ, "ਹਿੰਦੂਤਵ ਬਾਰੇ ਸਾਵਰਕਰ ਦੀ ਜੋ ਮੂਲ ਕਿਤਾਬ ਹੈ, ਉਸ ਵਿੱਚ ਸਾਵਰਕਰ ਨੇ ਖ਼ੁਦ ਲਿਖਿਆ ਹੈ ਕਿ 'ਹਿੰਦੂਤਵ' ਅਤੇ 'ਹਿੰਦੂਇਜ਼ਮ' ਬਹੁਤ ਵੱਖ-ਵੱਖ ਹਨ।"
ਸ਼ੌਰੀ ਨੇ ਆਪਣੀ ਕਿਤਾਬ 'ਦਿ ਨਿਊ ਆਈਕਨ - ਸਾਵਰਕਰ ਐਂਡ ਦਿ ਫੈਕਟਸ' ਵਿੱਚ, 'ਹਿੰਦੂਇਜ਼ਮ' ਨੂੰ 'ਹਿੰਦੂਤਵ' ਤੋਂ ਬਚਾਉਣ ਦੀ ਅਪੀਲ ਕੀਤੀ ਹੈ।
ਅਰੁਣ ਸ਼ੌਰੀ ਕਹਿੰਦੇ ਹਨ, "ਜੇਕਰ ਸਾਵਰਕਰ ਦਾ 'ਹਿੰਦੂਤਵ' ਆ ਜਾਵੇਗਾ, ਤਾਂ ਹਿੰਦੁਸਤਾਨ, ਹਿੰਦੁਸਤਾਨ ਨਹੀਂ ਰਹੇਗਾ। ਹਿੰਦੁਸਤਾਨ ਇੱਕ ਪਾਕਿਸਤਾਨ ਬਣ ਜਾਵੇਗਾ। ʻਇਸਲਾਮਿਕ ਸਟੇਟ ਇਨ ਸੈਫਰੌਨʼ ਬਣ ਜਾਵੇਗਾ।"
ਉਹ ਕਹਿੰਦੇ ਹਨ, "ਸਾਵਰਕਰ ਦਾ ਹਿੰਦੂਤਵ ਬੇਰਹਿਮੀ ਅਤੇ ਨਫ਼ਰਤ ਸਿਖਾਉਂਦਾ ਹੈ। ਜੇਕਰ ਕੋਈ ਸਮਾਜ ਅਜਿਹੀਆਂ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਦਾ ਹੈ, ਤਾਂ 'ਹਿੰਦੂਇਜ਼ਮ' ਕਿੱਥੇ ਰਹੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ