ਆਰਟੀਫੀਸ਼ੀਅਲ ਮਨੁੱਖੀ ਡੀਐੱਨਏ ਤਿਆਰ ਕਰਨ ਦਾ ਕੰਮ ਸ਼ੁਰੂ, ਦੁਨੀਆਂ ਦਾ ਪਹਿਲਾ ਅਜਿਹਾ ਪ੍ਰੋਜੈਕਟ ਪਰ ਵਿਵਾਦਤ ਕਿਉਂ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਕਸਦ ਮਨੁੱਖੀ ਡੀਐੱਨਏ ਦੇ ਹਿੱਸਿਆਂ ਨੂੰ ਸ਼ੁਰੂ ਤੋਂ ਬਣਾਉਣਾ ਹੈ
    • ਲੇਖਕ, ਪੱਲਬ ਘੋਸ਼
    • ਰੋਲ, ਬੀਬੀਸੀ ਪੱਤਰਕਾਰ

ਮਨੁੱਖੀ ਜੀਵਨ ਦੀਆਂ ਬੁਨਿਆਦੀ ਇਕਾਈਆਂ ਨੂੰ ਮੁੱਢ ਤੋਂ ਤਿਆਰ ਕਰਨ ਦੇ ਵਿਵਾਦਿਤ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਗਿਆ ਹੈ, ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆਂ ਦਾ ਪਹਿਲਾ ਅਜਿਹਾ ਪ੍ਰੋਜੈਕਟ ਹੈ।

ਹੁਣ ਤੱਕ ਇਹ ਖੋਜ ਪੂਰੀ ਤਰ੍ਹਾਂ ਪ੍ਰਵਾਨ ਨਹੀਂ ਹੋਈ ਕਿਉਂਕਿ ਖ਼ਦਸ਼ੇ ਸਨ ਕਿ ਇਸ ਨਾਲ ਡਿਜ਼ਾਈਨਰ ਬੱਚੇ ਜਾਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਅਣ-ਕਿਆਸੇ ਬਦਲਾਅ ਪੈਦਾ ਹੋ ਸਕਦੇ ਹਨ।

ਪਰ ਹੁਣ ਵਿਸ਼ਵ ਦੀ ਸਭ ਤੋਂ ਵੱਡੀ ਮੈਡੀਕਲ ਚੈਰਿਟੀ 'ਦ ਵੈਲਕਮ ਟਰਸਟ' ਨੇ ਪ੍ਰੋਜੈਕਟ ਸ਼ੁਰੂ ਕਰਨ ਲਈ 1 ਕਰੋੜ ਯੁਰੋ ਦੀ ਸ਼ੁਰੂਆਤੀ ਰਾਸ਼ੀ ਦੇ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਨੁਕਸਾਨ ਦੀ ਬਜਾਇ ਬਹੁਤ ਸਾਰੀਆਂ ਲਾ-ਇਲਾਜ ਬਿਮਾਰੀਆਂ ਦੇ ਇਲਾਜ ਨੂੰ ਤੇਜ਼ੀ ਨਾਲ ਕੀਤੇ ਜਾਣ ਦੀ ਸਮਰੱਥਾ ਬਣੇਗੀ।

ਬਿਮਾਰੀਆਂ ਦੇ ਇਲਾਜ ਵਿੱਚ ਫਾਇਦੇਮੰਦ ਹੋਣ ਦੀ ਸੰਭਾਵਨਾ

ਸੰਕੇਤਕ ਤਸਵੀਰ
ਤਸਵੀਰ ਕੈਪਸ਼ਨ, ਵਿਗਿਆਨੀ ਮਨੁੱਖੀ ਡੀਐੱਨਏ ਦੇ ਹੋਰ ਵੱਡੇ ਭਾਗ ਬਣਾਉਣ ਲਈ ਔਜ਼ਾਰ ਵਿਕਸਤ ਕਰਨਾ ਸ਼ੁਰੂ ਕਰਨਗੇ

ਕੈਂਬਰਿਜ ਦੀ ਐੱਮਆਰਸੀ ਲੈਬੋਰੇਟਰੀ ਆਫ ਮੌਲਿਕਿਉਲਰ ਬਾਇਓਲਾਜੀ ਦੇ ਡਾਕਟਰ ਜੁਲੀਅਨ ਸੇਲ ਇਸ ਪ੍ਰੋਜੈਕਟ ਦੀ ਟੀਮ ਦਾ ਹਿੱਸਾ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਜੀਵ-ਵਿਗਿਆਨ ਵਿੱਚ ਇਹ ਖੋਜ ਇੱਕ ਵੱਡੀ ਪੁਲਾਂਘ ਹੈ।

ਉਨ੍ਹਾਂ ਕਿਹਾ, "ਅਸੀਮ ਸੰਭਾਵਨਾਵਾਂ ਹਨ। ਅਸੀਂ ਅਜਿਹੀਆਂ ਥੈਰੇਪੀਆਂ ਬਾਰੇ ਵਿਚਾਰ ਕਰ ਰਹੇ ਹਾਂ ਜਿਨ੍ਹਾਂ ਨਾਲ ਵਧਦੀ ਉਮਰ ਵਿੱਚ ਲੋਕਾਂ ਦੀ ਜ਼ਿੰਦਗੀ ਬਿਹਤਰ ਹੋਏਗੀ ਜਿਸ ਨਾਲ ਲੋਕ ਘੱਟ ਬਿਮਾਰੀਆਂ ਦਾ ਸ਼ਿਕਾਰ ਹੋਣਗੇ ਅਤੇ ਸਿਹਤਮੰਦ ਬੁਢਾਪਾ ਜਿਓਂ ਸਕਣਗੇ।"

"ਅਸੀਂ ਇਸ ਨੂੰ ਬਿਮਾਰੀ-ਰੋਧਕ ਸੈੱਲਾਂ ਦੇ ਨਿਰਮਾਣ ਲਈ ਵਰਤਣ ਬਾਰੇ ਵਿਚਾਰ ਕਰ ਰਹੇ ਹਾਂ ਜਿਨ੍ਹਾਂ ਦੀ ਅਸੀਂ ਖ਼ਰਾਬ ਹੋ ਰਹੇ ਸਰੀਰਕ ਅੰਗਾਂ ਜਿਵੇਂ ਕਿ ਲਿਵਰ, ਦਿਲ ਅਤੇ ਇੱਥੋਂ ਤੱਕ ਕਿ ਬਿਮਾਰੀ ਰੋਧਕ ਪ੍ਰਣਾਲੀ ਨੂੰ ਦੁਬਾਰਾ ਬਿਹਤਰ ਬਣਾਉਣ ਲਈ ਮਦਦ ਲੈ ਸਕੀਏ।"

ਪਰ ਆਲੋਚਕਾਂ ਨੂੰ ਡਰ ਹੈ ਕਿ ਇਹ ਖੋਜ ਸੋਧੇ ਹੋਏ ਮਨੁੱਖ ਬਣਾਉਣ ਦੀ ਤਾਕ ਰੱਖਦੇ ਅਨੈਤਿਕ ਖੋਜਕਰਤਾਵਾਂ ਲਈ ਰਾਹ ਖੋਲ੍ਹ ਸਕਦੀ ਹੈ।

ਬੇਓਂਡ ਜੀਐੱਮ ਮੁਹਿੰਮ ਦੇ ਡਾਇਰੈਕਟਰ ਡਾ. ਪੈਟ ਥੋਮਸ ਕਹਿੰਦੇ ਹਨ, "ਅਸੀਂ ਇਹ ਮੰਨਣਾ ਪਸੰਦ ਕਰਾਂਗੇ ਕਿ ਸਾਰੇ ਵਿਗਿਆਨੀ ਭਲਾ ਕਰਨਾ ਚਾਹੁੰਦੇ ਹਨ, ਪਰ ਵਿਗਿਆਨ ਨੂੰ ਨੁਕਸਾਨ ਅਤੇ ਜੰਗ ਲਈ ਵਰਤਿਆ ਜਾ ਸਕਦਾ ਹੈ।"

ਮੌਜੂਦਾ ਪ੍ਰੋਜੈਕਟ ਕੀ ਹੈ

ਵਿਗਿਆਨੀ ਕੰਮ ਕਰਦੇ ਹੋਏ
ਤਸਵੀਰ ਕੈਪਸ਼ਨ, ਸੈਂਗਰ ਇੰਸਟੀਚਿਊਟ ਦੀਆਂ ਮਸ਼ੀਨਾਂ ਦੀ ਵਰਤੋਂ ਮਨੁੱਖੀ ਜੀਨੋਮ ਨੂੰ ਸੀਕਵੈਂਸ ਕਰਨ ਲਈ ਕੀਤੀ ਗਈ ਸੀ

ਬੀਬੀਸੀ ਨਿਊਜ਼ ਨੂੰ ਇਸ ਪ੍ਰੌਜੈਕਟ ਬਾਰੇ ਜਾਣਕਾਰੀਆਂ ਹਿਊਮਨ ਜਿਨੋਮ ਪ੍ਰੋਜੈਕਟ ਪੂਰਾ ਹੋਣ ਦੀ 25ਵੀਂ ਵਰ੍ਹੇਗੰਢ ਮੌਕੇ ਸਾਂਝੀਆਂ ਕੀਤੀਆਂ ਗਈਆਂ।

ਇਸ ਪ੍ਰੋਜੈਕਟ ਦੀ ਵੀ 'ਵੈਲਕਮ' ਨੇ ਵੱਡੇ ਪੱਧਰ 'ਤੇ ਫੰਡਿੰਗ ਕੀਤੀ ਸੀ ਅਤੇ ਇਸ ਦੌਰਾਨ ਮਨੁੱਖੀ ਡੈਐੱਨਏ ਵਿਚਲੇ ਅਣੂਆਂ ਦੀ ਮੈਪਿੰਗ ਕੀਤੀ ਗਈ ਸੀ।

ਸਾਡੇ ਸਰੀਰ ਦੇ ਹਰ ਸੈੱਲ ਵਿੱਚ ਡੀਐੱਨਏ ਨਾਮੀ ਇੱਕ ਅਣੂ ਹੁੰਦਾ ਹੈ ਜਿਸ ਵਿੱਚ ਜੈਨੇਟਿਕ ਜਾਣਕਾਰੀਆਂ ਮੌਜੂਦ ਹੁੰਦੀਆਂ ਹਨ।

ਡੀਐੱਨਏ ਚਾਰ ਬਹੁਤ ਛੋਟੀਆਂ ਇਕਾਈਆਂ ਤੋਂ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਏ, ਜੀ, ਸੀ ਅਤੇ ਟੀ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਵੱਖੋ-ਵੱਖ ਯੋਗ ਨਾਲ ਦੁਹਰਾਇਆ ਜਾਂਦਾ ਹੈ।

ਇਹ ਵੀ ਪੜ੍ਹੋ-

ਕਮਾਲ ਦੀ ਗੱਲ ਹੈ ਕਿ ਇਸ ਵਿੱਚ ਉਹ ਸਾਰੀ ਜੈਨੇਟਿਕ ਜਾਣਕਾਰੀ ਹੁੰਦੀ ਹੈ ਜੋ ਸਰੀਰਕ ਪੱਖੋਂ ਸਾਨੂੰ ਉਹ ਬਣਾਉਂਦੀ ਹੈ ਜੋ ਅਸੀਂ ਹਾਂ।

ਇਸ ਹਿਊਮਨ ਜਿਨੋਮ ਪ੍ਰੋਜੈਕਟ ਨੇ ਵਿਗਿਆਨੀਆਂ ਨੂੰ ਸਾਰੇ ਮਨੁੱਖੀ ਜੀਨ ਇੱਕ ਬਾਰ-ਕੋਡ ਦੀ ਤਰ੍ਹਾਂ ਪੜ੍ਹਨ ਦੇ ਸਮਰੱਥ ਕੀਤਾ ਹੈ।

ਸਿੰਥੈਟਿਕ ਹਿਊਮਨ ਜਿਨੋਮ ਪ੍ਰੌਜੈਕਟ ਵਜੋਂ ਜਾਣਿਆਂ ਜਾਣ ਵਾਲਾ ਨਵਾਂ ਪ੍ਰੋਜੈਕਟ ਇਸ ਖੋਜ ਨੂੰ ਹੋਰ ਅਗਾਂਹ ਲੈ ਜਾਏਗਾ।

ਇਸ ਨਾਲ ਖੋਜੀ ਡੀਐੱਨਏ ਦੇ ਅਣੂ ਨੂੰ ਸਿਰਫ਼ ਪੜ੍ਹ ਹੀ ਨਹੀਂ ਸਕਣਗੇ ਬਲਕਿ ਇਸ ਦੇ ਹਿੱਸਿਆਂ ਦਾ ਨਿਰਮਾਣ ਵੀ ਕਰ ਸਕਣਗੇ ਅਤੇ ਸ਼ਾਇਦ ਕਿਸੇ ਦਿਨ ਮੁੱਢ ਤੋਂ ਲੈ ਤੇ ਪੂਰੇ ਦਾ ਪੂਰਾ ਅਣੂ ਬਣਾ ਸਕਣਗੇ।

ਡੀਐੱਨਏ ਤੋਂ ਮਨੁੱਖੀ ਵਿਕਾਸ ਦੀ ਸੰਭਾਵਨਾ

ਡੀਐੱਨਏ

ਵਿਗਿਆਨੀਆਂ ਦਾ ਪਹਿਲਾ ਟੀਚਾ ਮਨੁੱਖੀ ਡੀਐੱਨਏ ਦੇ ਵੱਡੇ ਬਲਾਕ ਬਣਾਉਣ ਦੇ ਤਰੀਕੇ ਨੂੰ ਉਦੋਂ ਤੱਕ ਵਿਕਸਿਤ ਕਰਨ ਦਾ ਹੈ ਜਦੋਂ ਤੱਕ ਉਹ ਸਿੰਥੈਟਿਕ ਤਰੀਕੇ ਨਾਲ ਮਨੁੱਖੀ ਕ੍ਰੋਮੋਸੋਮ ਨਾ ਬਣਾ ਲੈਣ। ਇਨ੍ਹਾਂ ਵਿੱਚ ਸਾਡੇ ਵਿਕਾਸ, ਮੁਰੰਮਤ ਅਤੇ ਰੱਖ-ਰਖਾਅ ਦਾ ਖਿਆਲ ਰੱਖਣ ਵਾਲੇ ਜੀਨ ਹੁੰਦੇ ਹਨ।

ਬਾਅਦ ਵਿੱਚ ਇਨ੍ਹਾਂ ਦਾ ਅਧਿਐਨ ਅਤੇ ਤਜਰਬੇ ਕਰਕੇ ਜਾਣਿਆ ਜਾ ਸਕਦਾ ਹੈ ਕਿ ਜੀਨ ਅਤੇ ਡੀਐੱਨਏ ਸਾਡੇ ਸਰੀਰ ਨੂੰ ਕਿਵੇਂ ਚਲਾਉਂਦੇ ਹਨ।

ਹਿਊਮਨ ਜਿਨੋਮ ਦੇ ਸਭ ਤੋਂ ਵੱਡੇ ਹਿੱਸੇ ਨੂੰ ਕ੍ਰਮਬੱਧ ਕਰਨ ਵਾਲੇ ਵੈਲਕਮ ਸੈਂਗਰ ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋਫੈਸਰ ਮੈਥਿਊ ਹਰਲਜ਼ ਮੁਤਾਬਕ, ਇਨ੍ਹਾਂ ਜੀਨਜ਼ ਦੇ ਖ਼ਰਾਬ ਹੋਣ ਨਾਲ ਬਹੁਤ ਬਿਮਾਰੀਆਂ ਪੈਦਾ ਹੁੰਦੀਆਂ ਹਨ ਇਸ ਲਈ ਅਧਿਐਨ ਬਿਹਤਰ ਇਲਾਜ ਵਿੱਚ ਮਦਦ ਕਰ ਸਕਦੇ ਹਨ।

"ਮੁੱਢ ਤੋਂ ਡੀਐੱਨਏ ਦਾ ਨਿਰਮਾਣ ਕਰਨ ਨਾਲ ਅਸੀਂ ਪ੍ਰੀਖਣ ਕਰ ਸਕਦੇ ਹਾਂ ਕਿ ਅਸਲ ਵਿੱਚ ਸਾਡਾ ਡੀਐੱਨਏ ਕਿਵੇਂ ਕੰਮ ਕਰਦਾ ਹੈ, ਨਵੀਆਂ ਥਿਊਰੀਆਂ ਦਾ ਪ੍ਰੀਖਣ ਕਰ ਸਕਦੇ ਹਾਂ ਕਿਉਂਕਿ ਮੌਜੂਦਾ ਵੇਲੇ ਅਸੀਂ ਸਿਰਫ਼ ਜੈਵਿਕ ਸਿਸਟਮ ਵਿੱਚ ਪਹਿਲਾਂ ਤੋਂ ਮੌਜੂਦ ਡੀਐੱਨਏ ਵਿੱਚ ਹੀ ਥੋੜ੍ਹਾ ਬਦਲ ਕੇ ਹੀ ਅਜਿਹਾ ਕਰ ਸਕਦੇ ਹਾਂ।"

ਇਸ ਪ੍ਰੋਜੈਕਟ ਦਾ ਕੰਮ ਪ੍ਰੀਖਣ ਨਲੀਆਂ ਅਤੇ ਔਜਾਰਾਂ ਤੱਕ ਸੀਮਿਤ ਰਹੇਗਾ ਅਤੇ ਸਿੰਥੈਟਿਕ ਜੀਵਨ ਦੇ ਨਿਰਮਾਣ ਦੀ ਕੋਈ ਕੋਸ਼ਿਸ਼ ਨਹੀਂ ਹੋਏਗੀ।

ਪਰ ਤਕਨੀਕ ਖੋਜਕਰਤਾਵਾਂ ਨੂੰ ਮਨੁੱਖੀ ਜੀਵਨ ਪ੍ਰਣਾਲੀ ਬਾਰੇ ਕਮਾਲ ਦਾ ਕੰਟਰੋਲ ਦੇਵੇਗੀ।

ਭਾਵੇਂ ਇਹ ਪ੍ਰੋਜੈਕਟ ਮੈਡੀਕਲ ਫ਼ਾਇਦਿਆਂ ਨੂੰ ਤਲਾਸ਼ ਰਿਹਾ ਹੈ ਪਰ ਅਨੈਤਿਕ ਵਿਗਿਆਨੀਆਂ ਨੂੰ ਇਸ ਤਕਨੀਕ ਦੀ ਦੁਰਵਰਤੋਂ ਤੋਂ ਰੋਕਣ ਲਈ ਵੀ ਕੁਝ ਨਹੀਂ ਹੈ।

ਆਲੋਚਕਾਂ ਦੀ ਫ਼ਿਕਰ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਆਰਟੀਫੀਸ਼ੀਅਲ ਮਨੁੱਖੀ ਕ੍ਰੋਮੋਸੋਮ ਬਣਾਉਣ ਵਾਲਾ ਤਰੀਕਾ ਡਿਜ਼ਾਇਨ ਕਰਨ ਵਾਲੇ ਅਤੇ ਈਡਨਬਰਗ ਯੁਨੀਵਰਸਿਟੀ ਵਿੱਚ ਨਾਮੀ ਜੈਨਿਟੇਕ ਵਿਗਿਆਨੀ ਪ੍ਰੋਫੈਸਰ ਬਿਲ ਅਰਨਸ਼ਾ ਮੁਤਾਬਕ, ਉਦਾਹਰਣ ਵਜੋਂ ਉਹ ਜੈਵਿਕ ਹਥਿਆਰ, ਸੋਧੇ ਹੋਏ ਮਨੁੱਖ ਜਾਂ ਇੱਥੋਂ ਤੱਕ ਕਿ ਮਨੁੱਖੀ ਡੀਐੱਨਏ ਵਾਲੇ ਜੀਵ ਬਣਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜਿੰਨ੍ਹ ਬੋਤਲ ਵਿੱਚੋਂ ਬਾਹਰ ਆ ਗਿਆ ਹੈ। ਹੁਣ ਸਾਡੇ ਕੋਲ ਕੁਝ ਪਾਬੰਦੀਆਂ ਹੋ ਸਕਦੀਆਂ ਹਨ, ਪਰ ਉਚਿਤ ਮਸ਼ੀਨਰੀ ਤੱਕ ਪਹੁੰਚ ਰੱਖਣ ਵਾਲੀ ਕੋਈ ਸੰਸਥਾ ਜੇਕਰ ਕੁਝ ਅਜਿਹਾ ਫ਼ੈਸਲਾ ਲੈਂਦੀ ਹੈ ਤਾਂ ਮੈਨੂੰ ਨਹੀਂ ਲਗਦਾ ਕਿ ਅਸੀਂ ਉਸ ਨੂੰ ਰੋਕ ਪਾਵਾਂਗੇ।"

ਥੋਮਸ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਹੈਲਥਕੇਅਰ ਕੰਪਨੀਆਂ ਖੋਜ ਤੋਂ ਮਿਲ ਰਹੇ ਇਲਾਜਾਂ ਦੀ ਤਕਨੀਕ ਦਾ ਵਪਾਰੀਕਰਨ ਕਿਵੇਂ ਕਰਨਗੀਆਂ।

"ਜੇ ਅਸੀਂ ਸਿੰਥੈਟਿਕ ਸਰੀਰਕ ਅੰਗ ਜਾਂ ਇੱਥੋਂ ਤੱਕ ਕਿ ਸਿੰਥੈਟਿਕ ਲੋਕ ਵੀ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਉਨ੍ਹਾਂ ਦਾ ਮਾਲਿਕ ਕੌਣ ਹੋਏਗਾ ਅਤੇ ਇਨ੍ਹਾਂ ਦੇ ਡਾਟਾ ਉੱਤੇ ਕਿਸ ਦੀ ਮਾਲਕੀ ਹੋਏਗੀ? "

ਤਕਨੀਕ ਦੀ ਸੰਭਾਵਿਤ ਦੁਰਵਰਤੋਂ ਦੇ ਖ਼ਦਸ਼ਿਆਂ ਵਿਚਕਾਰ ਮੈਡੀਕਲ ਚੈਰਿਟੀ ਵੈਲਕਮ ਨੇ ਇਸ ਦੀ ਫੰਡਿੰਗ ਦਾ ਫ਼ੈਸਲਾ ਕਿਉਂ ਲਿਆ ? ਫੰਡਿੰਗ ਦਾ ਫ਼ੈਸਲਾ ਲੈਣ ਵਾਲੇ ਡਾ. ਟੌਮ ਕੋਲਿਨਜ਼ ਮੁਤਾਬਕ ਇਹ ਫ਼ੈਸਲਾ ਹਲਕੇ ਵਿੱਚ ਨਹੀਂ ਲਿਆ ਗਿਆ ਹੈ।

ਉਨ੍ਹਾ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਖੁਦ ਨੂੰ ਇਹ ਪੁੱਛਿਆ ਸੀ ਕਿ ਕੁਝ ਨਾ ਕਰਨ ਦੀ ਕੀਮਤ ਕੀ ਰਹੇਗੀ।"

"ਇਹ ਤਕਨੀਕ ਇੱਕ ਦਿਨ ਵਿਕਸਿਤ ਹੋਣੀ ਹੀ ਹੈ, ਇਸ ਲਈ ਇਸ ਨੂੰ ਹੁਣ ਕਰਕੇ ਅਸੀਂ ਜਿੰਨਾ ਹੋ ਸਕੇ ਇੱਕ ਜ਼ਿੰਮੇਵਾਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਨੈਤਿਕ ਸਵਾਲਾਂ ਨੂੰ ਜਿੰਨਾ ਸੰਭਵ ਹੋ ਸਕੇ ਸਾਹਮਣੇ ਰੱਖ ਰਹੇ ਹਾਂ।"

ਪ੍ਰੌਜੈਕਟ ਦੇ ਵਿਗਿਆਨਿਕ ਵਿਕਾਸ ਦੇ ਨਾਲ-ਨਾਲ ਇੱਕ ਸਮਾਜਿਕ ਵਿਗਿਆਨ ਪ੍ਰੋਗਰਾਮ ਵੀ ਚੱਲੇਗਾ ਅਤੇ ਇਸ ਦੀ ਅਗਵਾਈ ਯੂਨੀਵਰਸਿਟੀ ਆਫ ਕੈਂਟ ਤੋਂ ਸਮਾਜ ਸ਼ਾਸਤਰੀ ਪ੍ਰੋਫੈਸਰ ਜੋਏ ਝਾਂਗ ਕਰਨਗੇ।

ਉਨ੍ਹਾਂ ਨੇ ਕਿਹਾ, "ਅਸੀਂ ਮਾਹਿਰਾਂ, ਸਮਾਜਿਕ ਵਿਗਿਆਨੀਆਂ ਅਤੇ ਖਾਸ ਕਰਕੇ ਜਨਤਾ ਦੇ ਵਿਚਾਰ ਜਾਨਣਾ ਚਾਹੁੰਦੇ ਹਾਂ ਕਿ ਉਹ ਤਕਨੀਕ ਨੂੰ ਕਿਵੇਂ ਸਮਝ ਰਹੇ ਹਨ ਅਤੇ ਇਹ ਉਨ੍ਹਾਂ ਲਈ ਕਿਵੇਂ ਲਾਭਕਾਰੀ ਹੋ ਸਕਦੀ ਹੈ ਅਤੇ ਸਭ ਤੋਂ ਅਹਿਮ ਕਿ ਉਨ੍ਹਾਂ ਦੇ ਇਸ ਬਾਰੇ ਕੀ ਸਵਾਲ ਅਤੇ ਖ਼ਦਸ਼ੇ ਹਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)