ਆਈਪੀਐੱਲ 'ਚ 4 ਸਾਲ ਬਾਅਦ ਬਣਾਏ ਵਿਰਾਟ ਕੋਹਲੀ ਦੇ ਸੈਂਕੜੇ ਦੀ ਪਾਕਿਸਤਾਨ ਤੱਕ ਚਰਚਾ, ਪਰ ਪਲੇਆਫ਼ ਦੀ ਰਾਹ ਔਖੀ ਕਿਉਂ

ਤਸਵੀਰ ਸਰੋਤ, Getty Images
- ਲੇਖਕ, ਅਭੀਜੀਤ ਸ੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਇਹ ਅਜਿਹੀ ਪਾਰੀ ਸੀ ਕਿ ਇਸ ਨੂੰ ਦੇਖਣ ਵਾਲੇ ਹਰ ਵਿਅਕਤੀ ਦੀ ਨਜ਼ਰ ਕਿੰਗ ਕੋਹਲੀ 'ਤੇ ਟਿਕੀ ਹੋਈ ਸੀ ਜਦੋਂ ਤੱਕ ਉਨ੍ਹਾਂ ਦੇ ਬੱਲੇ ਨੇ ਸੈਂਕੜਾ ਬਣਾ ਲਿਆ।
ਹੈਦਰਾਬਾਦ 'ਚ ਵੀਰਵਾਰ ਰਾਤ ਵਿਰਾਟ ਕੋਹਲੀ ਨੇ ਆਪਣੀ ਬੱਲੇਬਾਜ਼ੀ 'ਚ ਕ੍ਰਿਕਟ ਦੇ ਹਰ ਫ਼ਨ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ।
ਚਾਹੇ ਉਹ ਕ੍ਰਿਕਟ ਦੀ ਵਧੀਆ ਤਕਨੀਕ ਹੋਵੇ ਜਾਂ ਆਪਣੇ ਬੱਲੇ ਨਾਲ ਗੇਂਦ ਨੂੰ ਮਾਰਨ ਦੀ ਤਾਕਤ ਦਾ ਪ੍ਰਦਰਸ਼ਨ ਹੀ ਕਿਉਂ ਨਾ ਹੋਵੇ।
ਉਂਝ ਵੀ ਵਿਰਾਟ ਕੋਹਲੀ ਜਦੋਂ ਮੈਦਾਨ 'ਚ ਹੁੰਦੇ ਹਨ ਤਾਂ ਉਨ੍ਹਾਂ ਦਾ ਜਨੂੰਨ ਦਿਖਦਿਆਂ ਹੀ ਬਣਦਾ ਹੈ।
ਬੀਤੀ ਰਾਤ ਜਦੋਂ ਉਹ ਆਪਣੇ ਬੱਲੇ ਨਾਲ ਪਿੱਚ 'ਤੇ ਉਤਰੇ ਤਾਂ ਉਨ੍ਹਾਂ ਨੇ ਪਹਿਲੀ ਗੇਂਦ ਖੇਡਣ ਮੌਕੇ ਹੀ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ।
ਜਦੋਂ ਭੁਵਨੇਸ਼ਵਰ ਕੁਮਾਰ ਨੇ ਪਹਿਲੀ ਗੇਂਦ ਆਊਟ ਸਵਿੰਗ ਸੁੱਟੀ ਤਾਂ ਕੋਹਲੀ ਨੇ ਚੌਕਾ ਜੜ ਦਿੱਤਾ।
ਅਗਲੀ ਗੇਂਦ 'ਤੇ ਬੈਕਫੁੱਟ ਨਾਲ ਸ਼ਾਟ ਮਾਰ ਕੇ ਗੇਂਦ ਨੂੰ ਬਾਊਂਡਰੀ ਤੋਂ ਬਾਹਰ ਭੇਜ ਦਿੱਤਾ।
ਆਪਣੀ ਸੈਂਕੜੇ ਵਾਲੀ ਪਾਰੀ 'ਚ ਉਨ੍ਹਾਂ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਕ੍ਰਿਕਟ ਦੇ ਸਾਰੇ ਕਲਾਤਮਕ ਸ਼ਾਟਸ ਮਾਰੇ ਤੇ ਤੇਜ਼ੀ ਨਾਲ ਦੌੜਾਂ ਬਣਾਈਆ।
ਸਪੱਸ਼ਟ ਸੀ ਕਿ ਉਨ੍ਹਾਂ ਨੇ ਵੱਡਾ ਸਕੋਰ ਬਣਾਉਣ ਲਈ ਦ੍ਰਿੜ ਸੰਕਲਪ ਲਿਆ ਹੋਇਆ ਸੀ।
ਦੂਜੇ ਸਿਰੇ ਤੋਂ ਕਪਤਾਨ ਫ਼ਾਫ਼ ਡੁਪਲੇਸੀ ਦਾ ਵੀ ਕੋਹਲੀ ਨੂੰ ਚੰਗਾ ਸਾਥ ਮਿਲਿਆ।
ਦੋਵਾਂ ਨੇ ਵੱਡੇ ਚੰਗੇ ਸ਼ਾਟ ਲਗਾਏ ਅਤੇ ਦੌੜਾਂ ਬਣਾਈਆਂ।
ਆਈਪੀਐੱਲ ਵਿੱਚ ਵਿਰਾਟ ਕੋਹਲੀ ਦਾ ਇਹ ਛੇਵਾਂ ਸੈਂਕੜਾ ਹੈ। ਇਸ ਪਾਰੀ ਦੌਰਾਨ ਵਿਰਾਟ ਨੇ ਨਾ ਸਿਰਫ਼ 12 ਜ਼ਬਰਦਸਤ ਚੌਕੇ ਲਗਾਏ ਸਗੋਂ ਚਾਰ ਛੱਕੇ ਵੀ ਜੜੇ।
ਇੰਨਾ ਹੀ ਨਹੀਂ ਉਨ੍ਹਾਂ ਨੇ ਛੱਕਾ ਲਗਾ ਕੇ ਆਪਣਾ ਸੈਂਕੜਾ ਵੀ ਪੂਰਾ ਕੀਤਾ।

ਤਸਵੀਰ ਸਰੋਤ, BCCI/IPL
ਸੈਂਕੜੇ ਬਾਰੇ ਵਿਰਾਟ ਕੋਹਲੀ ਨੇ ਕੀ ਕਿਹਾ?
ਮੈਚ ਜਿੱਤਣ ਤੋਂ ਬਾਅਦ ਵਿਰਾਟ ਨੂੰ ਮੈਚ ਦੌਰਾਨ ਸਭ ਤੋਂ ਵੱਧ ਚੌਕੇ ਅਤੇ ਸਭ ਤੋਂ ਲੰਬੇ ਛੱਕੇ ਮਾਰਨ ਵਾਲੇ ਪਲੇਅਰ ਆਫ਼ ਦਿ ਮੈਚ ਦਾ ਐਵਾਰਡ ਵੀ ਮਿਲਿਆ।
ਇਸ ਦੌਰਾਨ ਵਿਰਾਟ ਨੇ ਆਪਣੀ ਪਾਰੀ ਅਤੇ ਮੈਚ ਬਾਰੇ ਗੱਲ ਕੀਤੀ।
ਵਿਰਾਟ ਨੇ ਕਿਹਾ, "ਅੱਜ ਗੇਂਦ ਬੱਲੇ ਦੇ ਬਿਲਕੁਲ ਵਿਚਕਾਰ ਆ ਰਹੀ ਸੀ। ਅਸੀਂ ਚੰਗੀ ਸ਼ੁਰੂਆਤ ਚਾਹੁੰਦੇ ਸੀ ਪਰ ਅਸੀਂ ਇਹ ਵੀ ਨਹੀਂ ਸੋਚਿਆ ਸੀ ਕਿ 172 ਦੇ ਸਕੋਰ ਤੱਕ ਇੱਕ ਵੀ ਵਿਕਟ ਨਹੀਂ ਡਿੱਗੇਗੀ।"
ਉਨ੍ਹਾਂ ਕਿਹਾ, "ਪਿਛਲੇ ਇੱਕ ਜਾਂ ਦੋ ਮੈਚ ਮੇਰੇ ਲਈ ਖ਼ਰਾਬ ਰਹੇ। ਨੈੱਟ 'ਤੇ ਵੀ ਮੈਂ ਗੇਂਦ ਨੂੰ ਚੰਗੀ ਤਰ੍ਹਾਂ ਨਹੀਂ ਮਾਰ ਸਕਿਆ। ਇਸ ਲਈ ਮੈਂ ਖੁਸ਼ ਹਾਂ ਕਿ ਇਹ ਪਾਰੀ ਸਹੀ ਸਮੇਂ 'ਤੇ ਆਈ ਹੈ।"
ਡੁਪਲੇਸੀ ਨਾਲ ਸਾਂਝੇਦਾਰੀ ਕਰਨ 'ਤੇ ਵਿਰਾਟ ਨੇ ਮਜ਼ਾਕ ਕੀਤਾ, "ਸਾਨੂੰ ਦੋਵਾਂ ਨੂੰ ਟੈਟੂ ਬਹੁਤ ਪਸੰਦ ਹਨ।"
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਵਿਚਾਲੇ ਚੰਗੀ ਸਮਝ ਹੈ ਅਤੇ ਅਸੀਂ ਜਾਣਦੇ ਹਾਂ ਕਿ ਮੈਚ ਨੂੰ ਕਿਵੇਂ ਅੱਗੇ ਲਿਜਾਣਾ ਹੈ।
ਦੂਜੇ ਪਾਸੇ ਵਿਰਾਟ ਦੇ ਨਾਲ ਚੰਗੀ ਸਾਂਝੇਦਾਰੀ ਬਾਰੇ ਫ਼ਾਫ਼ ਡੁਪਲੇਸੀ ਨੇ ਕਿਹਾ, "ਮੈਂ ਅਤੇ ਕੋਹਲੀ ਇੱਕ-ਦੂਜੇ ਦੇ ਪੂਰਕ ਹਾਂ ਅਤੇ ਵੱਖ-ਵੱਖ ਖੇਤਰਾਂ 'ਚ ਗੇਂਦ ਨੂੰ ਹਿੱਟ ਕਰਦੇ ਹਾਂ। ਮੈਦਾਨ ਦੇ ਬਾਹਰ ਵੀ ਸਾਡੀ ਸਮੀਕਰਨ ਸ਼ਾਨਦਾਰ ਹੈ।"

ਤਸਵੀਰ ਸਰੋਤ, ANI
ਚਾਰ ਸਾਲਾਂ ਬਾਅਦ ਮਾਰਿਆ ਵਿਰਾਟ ਨੇ ਸੈਂਕੜਾ
ਆਈਪੀਐੱਲ 'ਚ ਵਿਰਾਟ ਦਾ ਸੈਂਕੜਾ ਚਾਰ ਸਾਲ ਬਾਅਦ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਈਡਨ ਗਾਰਡਨ ਵਿੱਚ 2019 ਵਿੱਚ 100 ਦੌੜਾਂ ਦੀ ਪਾਰੀ ਖੇਡੀ ਸੀ।
ਵਿਰਾਟ ਪਹਿਲਾਂ ਹੀ ਆਈਪੀਐੱਲ ਵਿੱਚ ਸੱਤ ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ।
ਹੁਣ ਇਸ ਪਾਰੀ ਦੇ ਨਾਲ ਵਿਰਾਟ ਨੇ ਆਈਪੀਐੱਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਕ੍ਰਿਸ ਗੇਲ ਦੀ ਬਰਾਬਰੀ ਕਰ ਲਈ ਹੈ।
ਇਸ ਸੀਜ਼ਨ ਵਿੱਚ ਵਿਰਾਟ ਨੇ ਆਪਣੇ ਬੱਲੇ ਨਾਲ ਛੇ ਅਰਧ-ਸੈਂਕੜਿਆਂ ਅਤੇ ਇੱਕ ਸੈਂਕੜੇ ਦੀ ਮਦਦ ਨਾਲ ਹੁਣ ਤੱਕ 538 ਦੌੜਾਂ ਬਣਾਈਆਂ ਹਨ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਚੌਥੇ ਸਥਾਨ ’ਤੇ ਆ ਗਿਆ ਹੈ।
ਵਿਰਾਟ ਨੇ ਇਸ ਸੀਜ਼ਨ ਦੇ ਪਹਿਲੇ ਹੀ ਮੈਚ 'ਚ ਮੁੰਬਈ ਇੰਡੀਅਨਜ਼ ਖ਼ਿਲਾਫ਼ 82 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਨੇ 61, 50, 59, 54 ਅਤੇ 55 ਦੌੜਾਂ ਦੀ ਪਾਰੀ ਵੀ ਖੇਡੀ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨ ’ਚ ਵੀ ਹੋਈ ਤਾਰੀਫ਼?
ਵਿਰਾਟ ਕੋਹਲੀ ਦੀ ਇਸ ਪਾਰੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪ੍ਰਸ਼ੰਸਕ ਕੀਲੇ ਗਏ ਬਲਕਿ ਕ੍ਰਿਕਟ ਦੇ ਕਈ ਦਿੱਗਜਾਂ ਨੇ ਵੀ ਉਨ੍ਹਾਂ ਦੀ ਇਸ ਪਾਰੀ ਦਾ ਆਨੰਦ ਮਾਣਿਆ।
ਉਨ੍ਹਾਂ ਦੇ ਸਾਥੀ ਰਹੇ ਏਬੀ ਡਿਵਿਲੀਅਰਸ ਨੇ ਵੀ ਟਵੀਟ ਕਰਕੇ ਵਿਰਾਟ ਦੀ ਪਾਰੀ ਦੀ ਤਾਰੀਫ਼ ਕੀਤੀ ਹੈ।
ਸਚਿਨ ਤੇਂਦੁਲਕਰ ਨੇ ਲਿਖਿਆ, "ਜਦੋਂ ਉਨ੍ਹਾਂ ਨੇ ਪਹਿਲੀ ਹੀ ਗੇਂਦ 'ਤੇ ਕਵਰ ਡਰਾਈਵ ਮਾਰੀ, ਤਾਂ ਇਹ ਪਤਾ ਲੱਗ ਗਿਆ ਸੀ ਕਿ ਇਹ ਵਿਰਾਟ ਦਾ ਦਿਨ ਹੋਵੇਗਾ।”
“ਵਿਰਾਟ ਅਤੇ ਫ਼ਾਫ਼ ਪੂਰੀ ਤਰ੍ਹਾਂ ਕੰਟਰੋਲ 'ਚ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਨਾ ਸਿਰਫ ਵੱਡੇ ਸ਼ਾਟ ਖੇਡੇ, ਬਲਕਿ ਇੱਕ ਸ਼ਾਨਦਾਰ ਸਫ਼ਲ ਸਾਂਝੇਦਾਰੀ ਦਾ ਵੀ ਪ੍ਰਦਰਸ਼ਨ ਵੀ ਕੀਤਾ। ਜਿਸ ਤਰ੍ਹਾਂ ਦੋਵਾਂ ਨੇ ਬੱਲੇਬਾਜ਼ੀ ਕੀਤੀ, ਉਨ੍ਹਾਂ ਲਈ 186 ਦੌੜਾਂ ਦਾ ਸਕੋਰ ਕਾਫੀ ਨਹੀਂ ਸੀ।''
ਇਸ ਪਾਰੀ ਤੋਂ ਬਾਅਦ ਵਰਿੰਦਰ ਸਹਿਵਾਗ ਨੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, "ਵਿਰਾਟ ਕੋਹਲੀ ਦਾ 6ਵਾਂ ਆਈਪੀਐੱਲ ਸੈਂਕੜਾ। ਉਹ ਆਪਣੀ ਬਿਹਤਰੀਨ ਫ਼ਾਰਮ ਵਿੱਚ ਹੈ।"
ਇਸ ਦੇ ਨਾਲ ਹੀ ਗੁਜਰਾਤ ਟਾਈਟਨਸ ਜਿਸ ਨਾਲ ਵਿਰਾਟ ਦੀ ਟੀਮ ਦਾ ਆਖਰੀ ਮੈਚ ਹੈ, ਦੇ ਦਿੱਗਜ ਗੇਂਦਬਾਜ਼ ਰਾਸ਼ਿਦ ਖਾਨ ਨੇ ਵੀ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਟਵੀਟ ਕੀਤਾ, "ਕਿੰਗ ਕੋਹਲੀ ਨੇ ਕੀ ਪਾਰੀ ਖੇਡੀ। ਮੇਰੀ ਪ੍ਰਸ਼ੰਸਾ ਸਵੀਕਾਰ ਕਰੋ।"
ਮੈਚ ਦੀ ਕੁਮੈਂਟਰੀ ਕਰਦੇ ਹੋਏ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ 'ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਇਸ ਮੈਚ 'ਚ ਵੱਖ-ਵੱਖ ਪੱਧਰ ਦੀ ਕ੍ਰਿਕਟ ਦਾ ਪ੍ਰਦਰਸ਼ਨ ਕੀਤਾ ਹੈ।'
ਵਿਰਾਟ ਦੀ ਇਸ ਪਾਰੀ ਦੀ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਡਾਰੀਆਂ ਨੇ ਵੀ ਤਾਰੀਫ਼ ਕੀਤੀ ਹੈ।
ਜਦੋਂ ਵਿਰਾਟ ਸੈਂਕੜਾ ਬਣਾ ਕੇ ਆਊਟ ਹੋਏ ਤਾਂ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਏਡਨ ਮਾਰਕਰਮ ਨੇ ਉਨ੍ਹਾਂ ਕੋਲ ਆ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਕਈ ਹੋਰ ਖਿਡਾਰੀ ਵੀ ਵਿਰਾਟ ਨੂੰ ਵਧਾਈ ਦੇਣ ਪਹੁੰਚੇ।

ਤਸਵੀਰ ਸਰੋਤ, ANI
ਡੁਪਲੇਸੀ ਦੇ ਸਿਰ ਹੈ ਆਰੇਂਜ ਕੈਪ
ਵਿਰਾਟ ਦੇ ਨਾਲ ਹੀ ਇਸ ਮੈਚ 'ਚ ਉਨ੍ਹਾਂ ਦੇ ਕਪਤਾਨ ਫ਼ਾਫ਼ ਡੁਪਲੇਸੀ ਦਾ ਬੱਲਾ ਵੀ ਗਰਜਿਆ ਅਤੇ ਉਨ੍ਹਾਂ ਨੇ 71 ਦੌੜਾਂ ਦੀ ਪਾਰੀ ਖੇਡੀ।
ਵਿਰਾਟ ਨੇ ਫ਼ਾਫ਼ ਡੁਪਲੇਸੀ ਨਾਲ ਪਹਿਲੀ ਵਿਕਟ ਲਈ 172 ਦੌੜਾਂ ਦੀ ਸਾਂਝੇਦਾਰੀ ਕੀਤੀ।
ਦੋਵਾਂ ਦੀ ਸਾਂਝੇਦਾਰੀ ਇਸ ਮੈਚ 'ਚ ਹੀ ਨਹੀਂ ਸਗੋਂ ਪੂਰੇ ਸੀਜ਼ਨ ਦੌਰਾਨ ਅਵੱਲ ਦਰਜੇ ਦੀ ਰਹੀ ਹੈ।
ਦੋਵਾਂ ਨੇ ਮਿਲ ਕੇ ਇਸ ਸੀਜ਼ਨ 'ਚ ਹੁਣ ਤੱਕ ਕੁੱਲ 796 ਦੌੜਾਂ ਬਣਾਈਆਂ ਹਨ।
ਡੁਪਲੇਸੀ ਦਾ ਇਸ ਸੀਜ਼ਨ 'ਚ ਇਹ ਅੱਠਵਾਂ ਅਰਧ ਸੈਂਕੜਾ ਹੈ, ਜੋ ਕਿ ਕਿਸੇ ਵੀ ਬੱਲੇਬਾਜ਼ ਨਾਲੋਂ ਜ਼ਿਆਦਾ ਹੈ।
ਕੁੱਲ 702 ਦੌੜਾਂ ਦੇ ਨਾਲ ਆਰੇਂਜ ਕੈਪ ਡੁਪਲੇਸੀ ਦੇ ਸਿਰ 'ਤੇ ਹੀ ਸਜਿਆ ਹੋਇਆ ਹੈ। ਕ੍ਰਿਕੇਟ ਵਿੱਚ ਆਰੇਂਜ ਕੈਪ (ਸੰਤਰੀ ਟੋਪੀ) ਉਸ ਨੂੰ ਪਹਿਨਾਈ ਜਾਂਦੀ ਹੈ ਜੋ ਕਿਸੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਏ।

ਤਸਵੀਰ ਸਰੋਤ, ANI

ਆਪੀਐੱਲ ਰਿਕਾਰਡ ਬੁੱਕ
- ਆਪੀਐੱਲ ਦਾ ਪਹਿਲਾ ਮੈਚ ਜਿਸ ਵਿੱਚ ਦੋਵਾਂ ਟੀਮਾਂ ਨੇ ਸੈਂਕੜਾ ਲਗਾਇਆ।
- ਸਨਰਾਈਜ਼ਰਜ਼ ਹੈਦਰਾਬਾਦ ਲਈ ਹੇਨਰਿਕ ਕਲਾਸੇਨ ਨੇ ਸੈਂਕੜਾ ਲਗਾਇਆ।
- ਆਈਪੀਐੱਲ ਵਿੱਚ ਕਲਾਸੇਨ ਦਾ ਇਹ ਪਹਿਲਾ ਸੈਂਕੜਾ ਹੈ।
- ਵਿਰਾਟ ਕੋਹਲੀ ਨੇ ਰਾਇਲ ਚੈਲੇਂਜਰਜ਼ ਬੈਂਗਲੌਰ ਲਈ ਸੈਂਕੜਾ ਲਗਾਇਆ।
- ਦੋਵਾਂ ਬੱਲੇਬਾਜ਼ਾਂ ਨੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ।
- ਆਈਪੀਐੱਲ 'ਚ ਵਿਰਾਟ ਕੋਹਲੀ ਦਾ ਇਹ ਛੇਵਾਂ ਸੈਂਕੜਾ ਹੈ।
- ਹੁਣ ਵਿਰਾਟ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ ਵਿੱਚ ਕ੍ਰਿਸ ਗੇਲ ਦੇ ਬਰਾਬਰ ਆ ਗਿਆ ਹੈ।
- ਵਿਰਾਟ ਅਤੇ ਫ਼ਾਫ਼ ਡੁਪਲੇਸੀ ਦਰਮਿਆਨ ਇਸ ਆਈਪੀਐੱਲ ਦੀ ਸਭ ਤੋਂ ਵੱਡੀ ਸਾਂਝੇਦਾਰੀ, ਦੋਵਾਂ ਨੇ ਪਹਿਲੀ ਵਿਕਟ ਵਿੱਚ 172 ਦੌੜਾਂ ਜੋੜੀਆਂ।
- ਸਨਰਾਈਜ਼ਰਜ਼ ਹੈਦਰਾਬਾਦ: 186/5, ਹੇਨਰਿਕ ਕਲਾਸੇਨ 104 ਦੌੜਾਂ।
- ਰਾਇਲ ਚੈਲੇਂਜਰਜ਼ ਬੈਂਗਲੌਰ: 187/2, ਵਿਰਾਟ ਕੋਹਲੀ 100 ਦੌੜਾਂ, ਫ਼ਾਫ਼ ਡੁਪਲੇਸੀ 71 ਦੌੜਾਂ।


ਤਸਵੀਰ ਸਰੋਤ, BCCI
ਹੇਨਰਿਕ ਕਲਾਸੇਨ ਦੀ ਯਾਦਗਾਰ ਪਾਰੀ
ਭਾਵੇਂ ਵਿਰਾਟ ਕੋਹਲੀ ਨੇ ਮੈਚ ਜੇਤੂ ਸੈਂਕੜਾ ਲਗਾਇਆ ਪਰ ਇਸ ਤੋਂ ਪਹਿਲਾਂ ਹੇਨਰਿਕ ਕਲਾਸੇਨ ਨੇ ਵੀ ਇਸ ਆਈਪੀਐੱਲ ਵਿੱਚ ਆਪਣਾ ਪਹਿਲਾ ਸੈਂਕੜਾ ਲਗਾਇਆ ਅਤੇ ਇਸ ਦੇ ਨਾਲ ਹੀ ਇਹ ਮੈਚ ਆਈਪੀਐੱਲ ਦੇ ਇਤਿਹਾਸ ਵਿੱਚ ਜੁੜ ਗਿਆ।
ਇਹ ਪਹਿਲਾ ਮੈਚ ਸੀ ਜਿਸ ਵਿੱਚ ਦੋਵੇਂ ਟੀਮਾਂ ਨੇ ਸੈਂਕੜੇ ਲਗਾਏ ਸਨ।
ਸਨਰਾਈਜ਼ਰਸ ਹੈਦਰਾਬਾਦ ਵਲੋਂ ਹੇਨਰਿਕ ਕਲਾਸੇਨ ਨੇ ਸੈਂਕੜਾ ਲਗਾਇਆ। ਉਨ੍ਹਾਂ ਨੇ ਆਪਣੀ ਤੂਫ਼ਾਨੀ ਪਾਰੀ 'ਚ 49 ਗੇਂਦਾਂ 'ਚ 103 ਦੌੜਾਂ ਬਣਾਈਆਂ।
ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਵੱਲੋਂ ਇਹ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ।
ਇਸ ਮੈਚ 'ਚ ਉਨ੍ਹਾਂ ਨੂੰ ਆਊਟ ਕਰਨ ਵਾਲੇ ਗੇਂਦਬਾਜ਼ ਹਰਸ਼ਲ ਪਟੇਲ ਨੇ ਵੀ ਉਨ੍ਹਾਂ ਦੀ ਪਾਰੀ ਦੀ ਤਾਰੀਫ਼ ਕੀਤੀ।
ਇਸ ਦੇ ਨਾਲ ਹੀ ਵਿਰਾਟ ਦੇ ਸਾਬਕਾ ਸਾਥੀ ਏਬੀ ਡਿਵਿਲੀਅਰਸ ਨੇ ਵੀ ਟਵੀਟ ਕਰਕੇ ਕਲਾਸੇਨ ਦੀ ਪਾਰੀ ਦੀ ਤਾਰੀਫ਼ ਕੀਤੀ।
ਉਨ੍ਹਾਂ ਨੇ ਲਿਖਿਆ, "ਹੇਨਰਿਕ ਕਲਾਸੇਨ ਇੱਕ ਸੁਪਰ ਸਪੈਸ਼ਲ ਖਿਡਾਰੀ ਹੈ। ਮੈਂ ਉਨ੍ਹਾਂ ਨੂੰ ਸਪਿਨ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਖਿਡਾਰੀਆਂ ਵਿੱਚੋਂ ਇੱਕ ਦੇਖਦਾ ਹਾਂ।"
ਇਸ ਲਈ ਜਦੋਂ ਕਲਾਸੇਨ ਨੇ ਸੈਂਕੜਾ ਬਣਾਇਆ ਤਾਂ ਫ਼ੀਲਡਿੰਗ ਕਰ ਰਹੇ ਵਿਰਾਟ ਕੋਹਲੀ ਉਨ੍ਹਾਂ ਦੀ ਤਾਰੀਫ 'ਚ ਤਾੜੀਆਂ ਮਾਰਦੇ ਨਜ਼ਰ ਆਏ।

ਤਸਵੀਰ ਸਰੋਤ, Getty Images
ਹਾਲੇ ਪਲੇਆਫ਼ ਦੀ ਰਾਹ ਸੌਖੀ ਨਹੀਂ ਹੈ
ਇਸ ਮੈਚ 'ਚ ਰਾਇਲ ਚੈਲੇਂਜਰਜ਼ ਬੈਂਗਲੌਰ ਦੀ ਜਿੱਤ ਦੇ ਬਾਵਜੂਦ ਕਿਹੜੀਆਂ ਟੀਮਾਂ ਪਲੇਆਫ਼ 'ਚ ਪਹੁੰਚਣਗੀਆਂ, ਇਸ ਦਾ ਫ਼ੈਸਲਾ ਲੀਗ ਮੈਚਾਂ ਦੇ ਖ਼ਤਮ ਹੋਣ ਤੱਕ ਹੀ ਤੈਅ ਹੋਵੇਗਾ।
ਗੁਜਰਾਤ ਟਾਈਟਨਸ ਦੀ ਟੀਮ ਪਲੇਆਫ਼ ਵਿੱਚ ਪਹੁੰਚ ਚੁੱਕੀ ਹੈ ਅਤੇ ਅੰਕਾਂ ਦੀ ਗੱਲ ਕਰੀਏ ਤਾਂ ਪੁਆਇੰਟ ਟੇਬਲ ਵਿੱਚ ਸਿਖਰ ’ਤੇ ਹੈ। ਦੂਜੇ ਪਾਸੇ ਦਿੱਲੀ ਕੈਪੀਟਲਸ ਅਤੇ ਸਨਰਾਈਜ਼ਰਸ ਹੈਦਰਾਬਾਦ ਪਲੇਆਫ਼ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ।
ਪੁਆਇੰਟ ਟੇਬਲ (ਅੰਕ ਸੂਚੀ) 'ਚ 15-15 ਅੰਕਾਂ ਨਾਲ ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਦੂਜੇ ਅਤੇ ਤੀਜੇ ਸਥਾਨ 'ਤੇ ਕਾਇਮ ਹਨ।
ਇਸ ਦੇ ਨਾਲ ਹੀ ਇਸ ਜਿੱਤ ਨਾਲ ਬੈਂਗਲੌਰ ਦੀ ਟੀਮ ਚੌਥੇ ਸਥਾਨ 'ਤੇ ਪਹੁੰਚ ਗਈ ਹੈ, ਪਰ ਪਲੇਆਫ਼ 'ਚ ਪਹੁੰਚਣ ਲਈ ਉਸ ਨੂੰ ਆਪਣਾ ਆਖਰੀ ਲੀਗ ਮੈਚ ਵੀ ਜਿੱਤਣਾ ਪਵੇਗਾ।
ਉਸ ਨੇ ਆਪਣਾ ਆਖਰੀ ਲੀਗ ਮੈਚ ਇਸ ਟੂਰਨਾਮੈਂਟ ਦੇ ਪਲੇਆਫ਼ ਵਿੱਚ ਪਹੁੰਚ ਚੁੱਕੀ ਮਜ਼ਬੂਤ ਟੀਮ ਗੁਜਰਾਤ ਟਾਈਟਨਜ਼ ਖ਼ਿਲਾਫ਼ ਖੇਡਣਾ ਹੈ।
ਇਹ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।
ਯਾਨੀ ਕਿ ਰਾਇਲ ਚੈਲੇਂਜਰਸ ਬੈਂਗਲੌਰ ਦੀ ਟੀਮ ਪਲੇਆਫ਼ 'ਚ ਪਹੁੰਚੇਗੀ ਜਾਂ ਨਹੀਂ, ਇਸ ਦਾ ਫ਼ੈਸਲਾ ਆਉਣ ਵਾਲੇ ਐਤਵਾਰ ਨੂੰ ਹੀ ਹੋਵੇਗਾ।












