ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਦਾ ਵਿਆਹ, 'ਜਦੋਂ ਸੋਨੇ ਦੇ ਸਿੱਕਿਆਂ ਦੇ ਮੀਂਹ ਨੇ ਅੰਗਰੇਜ਼ਾਂ ਨੂੰ ਹੈਰਾਨ ਕੀਤਾ ਸੀ'

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਸ਼ੀਸ਼ ਮਹਿਲ ਤੋਂ ਸਵਾਰੀ ਕਰਦੇ ਹੋਏ ਆਏ ਮਹਾਰਾਜਾ ਨੇ ਰਾਹ ਵਿੱਚ ਸੋਨੇ ਦੀ ਵਰਖਾ ਕੀਤੀ ਅਤੇ ਫਿਰ ਭੰਗੀਆਂ ਦੇ ਕਿਲ਼ੇ ਵੱਲ ਗਏ, ਉਹ ਕੰਵਰ (ਨੌਨਿਹਾਲ ਸਿੰਘ) ਦੇ ਵਿਆਹ ਨਾਲ ਜੁੜੀਆਂ ਰਸਮਾਂ ਨੂੰ ਵੇਖ ਕੇ ਕਾਫੀ ਖੁਸ਼ ਸਨ।"

"ਕੰਵਰ ਨੌਨਿਹਾਲ ਦੀ ਮਾਂ ਪਰਦੇ ਪਿੱਛਿਓਂ ਬਾਹਰ ਆਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਕਿਹਾ, 'ਰੱਬ ਵੱਲੋਂ ਮੈਨੂੰ ਬਖ਼ਸ਼ਿਆ ਗਿਆ ਇਹ ਬਹੁਤ ਭਾਗਾਂ ਵਾਲਾ ਦਿਨ ਹੈ, ਮੈਨੂੰ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਇਹ ਦਿਨ ਮੇਰੇ ਪੁਰਖ਼ੇ ਨਹੀਂ ਵੇਖ ਸਕੇ ਸਨ'।"

ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਅਤੇ ਦਾਦਾ ਦੀ ਜਵਾਨ ਉਮਰ ਵਿੱਚ ਹੀ ਮੌਤ ਹੋ ਗਈ ਸੀ।

ਜਸ਼ਨ ਦੇ ਇਸ ਦ੍ਰਿਸ਼ ਅਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਹੀਆਂ ਗੱਲਾਂ ਦਾ ਜ਼ਿਕਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵਕੀਲ ਸੋਹਨ ਲਾਲ ਸੂਰੀ ਨੇ 'ਉਮਦਾਤ-ਉਤ-ਤਵਾਰੀਖ਼' ਵਿੱਚ ਕੀਤਾ ਹੈ।

ਮਾਰਚ 1837 ਵਿੱਚ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਸਿੱਖ ਰਾਜ ਦੇ ਸਭ ਤੋਂ ਵੱਡੇ ਸ਼ਾਹੀ ਜਸ਼ਨਾਂ ਵਿੱਚੋਂ ਇੱਕ ਸੀ ਅਤੇ ਸ਼ਾਇਦ ਆਖ਼ਰੀ ਵੀ।

ਇਸ ਵਿਆਹ ਤੋਂ 2 ਸਾਲ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ ਸੀ।

ਇਸ ਮਗਰੋਂ ਲਾਹੌਰ ਦਰਬਾਰ ਦਾ ਕੋਈ ਵੀ ਵਾਰਿਸ ਤਖ਼ਤ ਉੱਤੇ ਉਹੋ ਜਿਹੀ ਪਕੜ ਨਹੀਂ ਬਣਾ ਸਕਿਆ ਅਤੇ ਇਹ ਬ੍ਰਿਟਿਸ਼ ਰਾਜ ਦੇ ਕਬਜ਼ੇ ਹੇਠ ਆ ਗਿਆ।

ਆਕਸਫੋਰਡ ਵਿੱਚ ਪੜ੍ਹਾਉਂਦੇ ਡਾ. ਪ੍ਰੀਆ ਅਟਵਾਲ ਕਹਿੰਦੇ ਹਨ ਕਿ ਇਹ ਪੰਜਾਬ ਵਿੱਚ ਉਸ ਵੇਲੇ ਦਾ ਸਭ ਤੋਂ ਆਲੀਸ਼ਾਨ ਵਿਆਹ ਸੀ, ਹਾਲਾਂਕਿ ਸੋਸ਼ਲ ਮੀਡੀਆ ਉੱਤੇ ਇਸ ਵਿਆਹ ਨਾਲ ਕਈ ਕਹਾਣੀਆਂ ਵੀ ਜੁੜ ਗਈਆਂ ਹਨ, ਜਿਨ੍ਹਾਂ ਬਾਰੇ ਠੋਸ ਤੱਥ ਨਹੀਂ ਹਨ।

ਪ੍ਰੀਆ ਅਟਵਾਲ 'ਰੌਇਲਜ਼ ਐਂਡ ਰੈਬਲਜ਼' ਕਿਤਾਬ ਦੀ ਲੇਖਕਾ ਹਨ।

ਉਹ ਦੱਸਦੇ ਹਨ ਕਿ ਕੰਵਰ ਨੌਨਿਹਾਲ ਸਿੰਘ ਦਾ ਸ਼ਾਮ ਸਿੰਘ ਅਟਾਰੀਵਾਲਾ ਦੀ ਧੀ ਨਾਨਕੀ ਕੌਰ ਨਾਲ ਵਿਆਹ ਇੱਕ ਅਜਿਹਾ ਮੌਕਾ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ 'ਪਰਿਵਾਰ ਦੀ ਸਫ਼ਲਤਾ ਤੇ ਉਨ੍ਹਾਂ ਦੇ ਰਾਜ ਦੀ ਤਾਕਤ ਦੇ ਜਸ਼ਨ ਵਜੋਂ ਵਰਤਿਆ।'

ਸ਼ਾਮ ਸਿੰਘ ਅਟਾਰੀਵਾਲਾ ਸਿੱਖ ਰਾਜ ਦੇ ਪ੍ਰਮੁੱਖ ਜਰਨੈਲਾਂ ਵਿੱਚੋਂ ਇੱਕ ਸਨ।

ਆਪਣੀ ਕਿਤਾਬ ਵਿੱਚ ਪ੍ਰੀਆ ਲਿਖਦੇ ਹਨ ਕਿ ਇਸ ਦੇ ਕੂਟਨੀਤਕ ਅਤੇ ਸਿਆਸੀ ਅਰਥ ਵੀ ਸਨ, ਇਹ ਉਨ੍ਹਾਂ ਦੇ ਪਰਿਵਾਰ ਦੀ ਸ਼ਾਨਦਾਰ ਚੜ੍ਹਤ ਦੀ ਚਿਰ-ਸਥਾਈ ਯਾਦਗਾਰੀ ਸੀ।

ਪ੍ਰੀਆ ਦੱਸਦੇ ਹਨ, "ਹਾਲਾਂਕਿ ਖੜਕ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦਾ ਵਾਰਿਸ ਬਣਨਾ ਤੈਅ ਸੀ ਪਰ ਕੰਵਰ ਨੌਨਿਹਾਲ ਸਿੰਘ ਨੂੰ ਉਨ੍ਹਾਂ ਦੇ ਜੰਗੀ ਤੇ ਘੋੜਸਵਾਰੀ ਦੇ ਹੁਨਰ ਅਤੇ ਜਨੂੰਨ ਕਰਕੇ ਮਹਾਰਾਜਾ ਵਰਗਾ ਮੰਨਿਆ ਜਾਂਦਾ ਸੀ।"

"ਮਹਾਰਾਜਾ (ਰਣਜੀਤ ਸਿੰਘ) ਕੰਵਰ ਨੌਨਿਹਾਲ ਸਿੰਘ ਨੂੰ ਆਪਣੇ ਵੱਡੇ ਪੁੱਤਰ ਖੜਕ ਸਿੰਘ ਨਾਲੋਂ ਵੀ ਵੱਧ ਪਿਆਰ ਕਰਦੇ ਸਨ।"

6 ਨਵੰਬਰ 1840 ਨੂੰ ਕੰਵਰ ਨੌਨਿਹਾਲ ਦਾ ਦੇਹਾਂਤ ਹੋ ਗਿਆ ਸੀ।

'1 ਮਹੀਨੇ ਤੱਕ ਚੱਲੇ ਜਸ਼ਨ'

ਪ੍ਰੀਆ ਦੱਸਦੇ ਹਨ ਕਿ ਈਸਟ ਇੰਡੀਆ ਕੰਪਨੀ ਦੀ ਫੌਜ ਦੇ ਕਮਾਂਡਿੰਗ ਚੀਫ਼ ਸਰ ਹੈਨਰੀ ਫੇਨ ਇਸ ਮੌਕੇ ਮੁੱਖ ਮਹਿਮਾਨ ਸਨ ਇਸ ਤੋਂ ਇਲਾਵਾ ਸਤਲੁਜ ਪਾਰ ਦੀਆਂ ਰਿਆਸਤਾਂ ਦੇ ਸਰਦਾਰ ਅਤੇ ਰਾਜੇ ਵੀ ਇਸ ਵਿਆਹ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਸਨ।

"ਨੌਨਿਹਾਲ ਸਿੰਘ ਦੇ ਵਿਆਹ ਦੇ ਜਸ਼ਨ ਕਰੀਬ 1 ਮਹੀਨੇ ਤੱਕ ਚੱਲੇ ਤੇ ਇਸ ਉੱਤੇ ਬੇਰੋਕ ਪੈਸੇ ਖਰਚੇ ਗਏ, ਇਸ ਤੋਂ ਪਹਿਲਾਂ ਹੋਇਆ ਖੜਕ ਸਿੰਘ ਦਾ ਵਿਆਹ ਵੀ ਆਲੀਸ਼ਾਨ ਸੀ ਪਰ ਉਸਦੇ ਅੰਤ ਤੱਕ ਆਉਂਦੇ-ਆਉਂਦੇ ਪੈਸੇ ਥੁੜ ਗਏ ਸਨ।"

ਇਸ ਬਾਰੇ ਲਿਖਿਆ ਮਿਲਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਅਟਾਰੀ ਪਹੁੰਚੇ ਤਾਂ ਸੋਨੇ ਦੇ ਸਿੱਕਿਆਂ ਜਾ ਪੈਸਿਆਂ ਦੀ ਵਰਖਾ ਕੀਤੀ ਗਈ ਜਾਂ ਡੋਲੀ ਵੇਲੇ ਅਜਿਹਾ ਕੀਤਾ ਗਿਆ, ਅਜਿਹੇ ਮੌਕਿਆਂ ਉੱਤੇ ਮਹਾਰਾਜਿਆਂ ਵੱਲੋਂ ਅਜਿਹਾ ਕਰਨਾ ਰਵਾਇਤ ਸੀ।ਇਹ ਵਿਆਹ ਦੇਖਣ ਪਹੁੰਚੇ ਅੰਗਰੇਜ਼ਾਂ ਸਣੇ ਹੋਰ ਮਹਿਮਾਨਾਂ ਲਈ ਹੈਰਾਨੀ ਦਾ ਕਾਰਨ ਵੀ ਬਣਿਆ।

ਪ੍ਰੀਆ ਦੱਸਦੇ ਹਨ ਕਿ ਵਿਆਹ 'ਤੇ ਮੌਜੂਦ ਪਿੰਡ ਵਾਸੀਆਂ ਅਤੇ ਫੌਜੀਆਂ ਨੂੰ ਕਾਫੀ ਪੈਸੇ ਦਿੱਤੇ ਜਾਣ ਬਾਰੇ ਵੀ ਜ਼ਿਕਰ ਮਿਲਦਾ ਹੈ, ਪਰ ਇਸ ਪੂਰੇ ਸਮਾਗਮ ਉੱਤੇ ਕੁੱਲ ਕਿੰਨੇ ਪੈਸੇ ਖ਼ਰਚੇ ਗਏ ਇਸ ਬਾਰੇ ਰਿਕਾਰਡ ਨਹੀਂ ਹੈ।

ਹੋਰ ਸਮਕਾਲੀ ਸਰੋਤਾਂ ਮੁਤਾਬਕ, ਇਸ ਵਿਆਹ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਅਤੇ ਮਠਿਆਈਆਂ ਲਈ ਹਲਵਾਈਆਂ ਅਤੇ ਹੋਰ ਕਾਰੀਗਰਾਂ ਨੂੰ ਮਹੀਨਾ ਪਹਿਲਾਂ ਹੀ ਬੁਲਾ ਲਿਆ ਗਿਆ ਸੀ।

ਦਰਬਾਰੀ ਵਕੀਲ ਨੇ ਵਿਆਹ ਬਾਰੇ ਕੀ ਲਿਖਿਆ

10 ਫਰਵਰੀ ਨੂੰ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਨੂੰ ਅੰਮ੍ਰਿਤਸਰ ਵਿੱਚ ਵਿਆਹ ਦੀਆਂ ਤਿਆਰੀਆਂ ਲਈ ਭੇਜ ਦਿੱਤਾ ਗਿਆ ਸੀ। ਰਣਜੀਤ ਸਿੰਘ ਵੱਲੋਂ ਆਪਣੇ ਮੰਤਰੀ ਭਾਈ ਰਾਮ ਨੂੰ ਵੀ ਅਟਾਰੀ ਵਿੱਚ ਮਨੋਰੰਜਨ ਦੀਆਂ ਤਿਆਰੀਆਂ ਵਿੱਚ ਸਹਾਇਤਾ ਲਈ ਭੇਜਿਆ ਸੀ।

ਮਹਾਰਾਜੇ ਵੱਲੋਂ ਆਪ ਵੀ ਤੋਹਫ਼ਿਆਂ ਅਤੇ ਗਹਿਣਿਆਂ ਜਿਹੀਆਂ ਚੀਜ਼ਾਂ ਵੱਲ ਗਹੁ ਨਾਲ ਧਿਆਨ ਦਿੱਤਾ ਗਿਆ।

ਵਟਣੇ ਦੀ ਰਸਮ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਤੇ ਮਾਈ ਨਕਈ ਵੱਲੋਂ ਮੋਹਰੀ ਭੂਮਿਕਾ ਨਿਭਾਈ ਗਈ।

ਪ੍ਰੀਆ ਲਿਖਦੇ ਹਨ ਕਿ ਉਮਦਾਤ-ਉਤ-ਤਵਾਰੀਖ਼ ਵਿੱਚ ਵਿਆਹ ਬਾਰੇ ਜੋ ਵੀ ਲਿਖਿਆ ਗਿਆ, ਉਹ ਪਹਿਲਾਂ ਮਹਾਰਾਜਾ ਨੂੰ ਸੁਣਾਇਆ ਜਾਂਦਾ ਸੀ, ਇਸ ਲਈ ਇਹ ਇੱਕ ਸਰਕਾਰੀ ਰਿਕਾਰਡ ਹੈ।

ਉਮਦਾਤ-ਉਤ-ਤਵਾਰੀਖ਼ ਵਿੱਚ ਲਿਖਿਆ ਗਿਆ ਕਿ 10 ਮਾਰਚ ਨੂੰ ਮਹਾਰਾਜਾ ਰਣਜੀਤ ਸਿੰਘ ਅਟਾਰੀ ਪਿੰਡ ਵਿੱਚ ਗਏ ਅਤੇ ਡੋਲੇ ਨੂੰ ਲਾੜੇ ਦੇ ਨਾਲ ਅੰਮ੍ਰਿਤਸਰ ਵੱਲ ਤੋਰਿਆ, ਇਸ ਵੇਲੇ ਭਾਰੀ ਮਾਤਰਾ ਵਿੱਚ ਪੈਸੇ ਵਰ੍ਹਾਏ ਗਏ।

ਇਸ ਮਗਰੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਪਰਤੇ ਅਤੇ ਸਰ ਹੈਨਰੀ ਫੇਨ ਨਾਲ ਸ਼ਾਲਾਬਾਗ਼ ਵਿੱਚ ਇਕੱਠ ਕੀਤਾ।

ਰੌਇਲਜ਼ ਐਂਡ ਰੈਬਲਜ਼ ਕਿਤਾਬ ਮੁਤਾਬਕ, ਸ਼ਾਲੀਮਾਰ ਬਾਗ਼ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਵੱਲੋਂ ਬਣਵਾਇਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਇਸ ਨੂੰ ਸ਼ਾਲਾਬਾਗ਼ ਕਹਿੰਦੇ ਸਨ।

ਉਮਦਾਤ-ਉਤ-ਤਵਾਰੀਖ਼ ਮੁਤਾਬਕ, "ਕੰਵਰ ਨੌਨਿਹਾਲ ਸਿੰਘ ਨੂੰ ਹੁਕਮ ਦਿੱਤਾ ਗਿਆ ਕਿ ਉਹ ਜੇਤੂ ਫੌਜੀਆਂ ਨੂੰ ਹਰ ਕਿਸਮ ਦੇ ਸਾਜੋ-ਸਾਮਾਨ, ਗਹਿਣਿਆਂ ਨਾਲ ਸਜੀਆਂ ਕਾਠੀਆਂ ਅਤੇ ਹੋਰ ਸ਼ਾਨਦਾਰ ਚੀਜ਼ਾਂ ਨਾਲ ਸਭ ਤੋਂ ਉਚਿਤ ਢੰਗ ਨਾਲ ਸਜਾਏ, ਅਤੇ ਉਨ੍ਹਾਂ ਦੀ ਪਰੇਡ ਲਾਟ ਸਾਹਿਬ (ਬ੍ਰਿਟਿਸ਼ ਨੁਮਾਇੰਦੇ) ਨੂੰ ਇਸ ਤਰ੍ਹਾਂ ਵਿਖਾਈ ਜਾਵੇ ਕਿ ਦੇਖਣ ਵਾਲਿਆਂ ਅਤੇ ਸੁਣਨ ਵਾਲਿਆਂ ਦੀਆਂ ਅੱਖਾ ਚਮਕ ਉੱਠਣ।"

ਵਿਆਹ ਅਤੇ ਜਮਰੌਦ ਦੀ ਲੜਾਈ

ਵਿਆਹ ਦੇ ਸੰਦਰਭ ਵਿੱਚ ਲੇਖਕ ਹਰੀ ਰਾਮ ਗੁਪਤਾ ਆਪਣੀ ਕਿਤਾਬ ਹਿਸਟਰੀ ਆਫ ਸਿੱਖਸ ਵਿੱਚ ਲਿਖਦੇ ਹਨ ਕਿ ਮਹਾਰਾਜਾ ਆਪਣੀ ਤਾਕਤ, ਦੌਲਤ ਅਤੇ ਫੌਜ ਨਾਲ ਬ੍ਰਿਟਿਸ਼ ਨੁਮਾਇੰਦੇ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ, ਇਸ ਲਈ ਪੇਸ਼ਾਵਰ ਸਣੇ ਹੋਰ ਥਾਵਾਂ ਤੋਂ ਵੀ ਫੌਜ ਵਾਪਸ ਬੁਲਾਈ ਗਈ ਸੀ।

ਮਹਾਰਾਜਾ ਵੱਲੋਂ ਹਰੀ ਸਿੰਘ ਨਲਵਾ ਨੂੰ ਖ਼ੈਬਰ ਪਾਸ ਦੇ ਮੂੰਹ ਨੇੜੇ ਜਮਰੌਦ ਉੱਤੇ ਕਿਲ਼ਾ ਬਣਾਉਣ ਲਈ ਕਿਹਾ ਗਿਆ ਸੀ। ਅਫ਼ਗਾਨ ਸ਼ਾਸਕ ਦੋਸਤ ਮੁਹੰਮਦ ਖ਼ਾਨ ਕਿਲ਼ੇ ਨੂੰ ਇੱਕ ਖ਼ਤਰਾ ਸਮਝਦਾ ਸੀ।

10 ਮਾਰਚ ਨੂੰ ਹਰੀ ਸਿੰਘ ਵੱਲੋਂ ਮਦਦ ਦੀ ਮੰਗ ਕਰਦਿਆਂ ਚਿੱਠੀ ਭੇਜੀ ਗਈ, ਉਨ੍ਹਾਂ ਨੂੰ ਜਵਾਬ ਦਿੱਤਾ ਗਿਆ ਕਿ ਬ੍ਰਿਟਿਸ਼ ਨੁਮਾਇੰਦੇ ਦੀ ਵਾਪਸੀ ਮਗਰੋਂ ਫੌਜ ਭੇਜ ਦਿੱਤੀ ਜਾਵੇਗੀ। 21 ਅਪ੍ਰੈਲ ਨੂੰ ਇੱਕ ਹੋਰ ਚਿੱਠੀ ਫੇਜੀ ਗਈ।

ਇਸ ਮਗਰੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੰਵਰ ਨੌਨਿਹਾਲ ਸਣੇ ਹੋਰ ਜਣਿਆ ਨੂੰ ਤੇਜ਼ੀ ਨਾਲ ਪੇਸ਼ਾਵਰ ਪਹੁੰਚਣ ਲਈ ਕਿਹਾ।

ਹਰੀ ਸਿੰਘ ਨਲੂਆ ਦੀ 30 ਅਪ੍ਰੈਲ ਤੋਂ 1 ਮਈ ਵਿਚਕਾਰ ਲੜਦਿਆਂ ਮੌਤ ਹੋ ਗਈ ਸੀ।

'ਕੰਵਰ ਨੌਨਿਹਾਲ ਸਿੰਘ ਦੀ ਮੌਤ'

ਕੰਵਰ ਨੌਨਿਹਾਲ ਸਿੰਘ ਪੇਸ਼ਾਵਰ ਦੇ ਕਿਲ਼ੇ ਦੀ ਰਾਖੀ ਲਈ ਕੰਮ ਕਰ ਰਹੇ ਸਨ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ। ਇਸ ਲਈ ਉਹ 1840 ਵਿੱਚ ਲਾਹੌਰ ਵਾਪਸ ਆ ਗਏ ਸਨ।

ਪ੍ਰੀਆ ਦੱਸਦੇ ਹਨ ਕਿ ਭੇਦਭਰੇ ਹਾਲਾਤ ਵਿੱਚ ਹੋਈ ਖੜਕ ਸਿੰਘ ਦੀ ਮੌਤ ਤੋਂ ਬਾਅਦ ਆਪਣੇ ਪਿਤਾ ਦੇ ਸਸਕਾਰ ਵਾਲੇ ਦਿਨ ਹੀ ਕੰਵਰ ਨੌਨਿਹਾਲ ਸਿੰਘ ਦੀ ਮੌਤ ਹੋ ਗਈ ਸੀ।

ਇਹ ਕਿਹਾ ਜਾਂਦਾ ਹੈ ਕਿ ਕੰਵਰ ਨੌਨਿਹਾਲ ਸਿੰਘ ਉੱਤੇ ਦਰਵਾਜ਼ਾ ਡਿੱਗ ਗਿਆ ਸੀ ਪਰ ਉਨ੍ਹਾਂ ਦੀ ਮੌਤ ਦੇ ਕਾਰਨ ਹਾਲੇ ਵੀ ਅਸਪਸ਼ਟ ਹਨ।

ਪ੍ਰੀਆ ਕਹਿੰਦੇ ਹਨ ਕਿ ਬ੍ਰਿਟਿਸ਼ ਪੈਨਸ਼ਨ ਰਿਕਾਰਡਜ਼ ਦੇ ਮੁਤਾਬਕ, ਕੰਵਰ ਨੌਨਿਹਾਲ ਸਿੰਘ ਦੇ ਚਾਰ ਵਿਆਹ ਹੋਏ ਸਨ। ਉਨ੍ਹਾਂ ਦੀਆਂ ਪਤਨੀਆਂ ਦੇ ਨਾਮ ਸਨ – ਨਾਨਕੀ ਕੌਰ, ਸਾਹਿਬ ਕੌਰ, ਭਦੌੜਨ ਕੌਰ ਅਤੇ ਕਟੋਚਨ ਕੌਰ।

ਕੰਵਰ ਨੌਨਿਹਾਲ ਸਿੰਘ ਦੀ ਕੋਈ ਵੀ ਸੰਤਾਨ ਨਹੀਂ ਸੀ। ਲੇਖਕਾ ਪ੍ਰੀਆ ਮੁਤਾਬਕ, ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦੇ ਲਾਹੌਰ ਦਰਬਾਰ ਉੱਤੇ ਕਬਜ਼ੇ ਤੋਂ ਬਾਅਦ ਨੌਨਿਹਾਲ ਦੀ ਸੰਤਾਨ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਗਿਆ ਸੀ।

ਸਿਰਫ਼ 5 ਸਾਲ ਪਹਿਲਾਂ ਹੀ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਉੱਤੇ ਪਰਿਵਾਰ ਦੀ ਚੜ੍ਹਤ ਬਾਰੇ ਜਸ਼ਨ ਮਨਾਏ ਜਾ ਰਹੇ ਸਨ ਤੇ ਇਸ ਦੇ 2 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਅਤੇ ਅਗਲੇ ਸਾਲਾਂ ਵਿੱਚ ਲਾਹੌਰ ਦਰਬਾਰ ਦੇ ਹੋਰ ਵਾਰਿਸਾਂ - ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਅਤੇ ਸ਼ੇਰ ਸਿੰਘ ਦੀ ਵੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)