ਟੈਕਸ ਤੇ ਬੀਮਾ ਨਾਲ ਜੁੜੇ ਇਹ ਨਿਯਮ 1 ਅਪ੍ਰੈਲ ਤੋਂ ਬਦਲ ਰਹੇ ਹਨ, ਜਿਨ੍ਹਾਂ ਬਾਰੇ ਜਾਨਣਾ ਜ਼ਰੂਰੀ ਹੈ

ਪਹਿਲੀ ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੁੰਦਾ ਹੈ। ਇਸ ਵਾਰ ਕਈ ਨਿਯਮ ਬਦਲ ਰਹੇ ਹਨ।

ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਸ ਲੇਖ ਵਿੱਚ ਅਜਿਹੇ ਹੀ ਕੁਝ ਬਦਲਾਵਾਂ ਦੀ ਗੱਲ ਕਰ ਰਹੇ ਹਾਂ—

ਮਾਹਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਇਨ੍ਹਾਂ ਤਬਦਲੀਆਂ ਤੋਂ ਜਾਣੂ ਨਹੀਂ ਹੋ ਤਾਂ ਤੁਹਾਡਾ ਆਰਥਿਕ ਨੁਕਸਾਨ ਹੋ ਸਕਦਾ ਹੈ।

ਆਮਦਨ ਕਰ

ਨਵੀਂ ਆਮਦਨ ਕਰ ਪ੍ਰਣਾਲੀ ਪਹਿਲੀ ਅਪ੍ਰੈਲ 2024 ਤੋਂ ਲਾਗੂ ਹੋਣ ਜਾ ਰਹੀ ਹੈ।

ਇਸ ਮੁਤਾਬਕ ਤੁਹਾਨੂੰ ਹੁਣ ਆਮਦਨ ਕਰ ਨਵੀਂ ਪ੍ਰਣਾਲੀ ਤਹਿਤ ਭਰਨਾ ਪਵੇਗਾ। ਜੇ ਤੁਸੀਂ ਪੁਰਾਣੀ ਪ੍ਰਣਾਲੀ ਰਾਹੀਂ ਹੀ ਕਰ ਭਰਨਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਕੰਪਨੀ ਨੂੰ ਦੱਸਣਾ ਪਵੇਗਾ।

ਨਵੀਂ ਕਰ ਪ੍ਰਣਾਲੀ ਵਿੱਚ ਕਰ ਇਸ ਤਰ੍ਹਾਂ ਹੋਵੇਗਾ—

  • 3 ਲੱਖ ਰੁਪਏ ਤੱਕ- 0%
  • 3-6 ਲੱਖ ਰੁਪਏ ਤੱਕ - 5%
  • 6-9 ਲੱਖ ਰੁਪਏ ਤੱਕ - 10%
  • 9-12 ਲੱਖ ਰੁਪਏ ਤੱਕ - 15%
  • 12-15 ਲੱਖ ਰੁਪਏ ਤੱਕ - 20%
  • 15 ਲੱਖ ਰੁਪਏ ਤੋਂ ਵੱਧ - 30%

ਬੀਮਾ ਪਾਲਿਸੀ ਕੰਪਨੀ ਨੂੰ ‘ਵਾਪਸ ਕਰਨੀ’

ਜੇ ਕੋਈ ਬੀਮਾ ਧਾਰਕ ਆਪਣਾ ਬੀਮਾ ਉਸ ਕੰਪਨੀ ਨੂੰ ਵਾਪਸ ਕਰ ਦਿੰਦਾ ਹੈ ਜਾਂ ‘ਸਮਰਪਣ’ ਕਰ ਦਿੰਦਾ ਹੈ। ਇਸ ਦਾ ਮੁੱਲ ਤੈਅ ਕਰਨ ਲਈ ਆਈਆਰਡੀਏਆਈ ਨੇ ਨਿਯਮਾਂ ਵਿੱਚ ਬਦਲਾਅ ਕੀਤੇ ਹਨ।

ਨਵੇਂ ਨਿਯਮ ਪਹਿਲੀ ਅਪ੍ਰੈਲ ਤੋਂ ਲਾਗੂ ਹੋਣਗੇ।

ਮਿਸਾਲ ਵਜੋਂ ਜੇ ਤੁਸੀਂ ਕੋਈ ਨਵਾਂ ਬੀਮਾ ਖ਼ਰੀਦਿਆ ਹੈ, ਕੁਝ ਸਮੇਂ ਲਈ ਕਿਸ਼ਤਾਂ ਵੀ ਭਰੀਆਂ ਹਨ।

ਹਾਲਾਂਕਿ ਕੁਝ ਸਮੇਂ ਬਾਅਦ ਤੁਸੀਂ ਇਸ ਨੂੰ ਜਾਰੀ ਨਹੀਂ ਰੱਖਣਾ ਚਾਹੁੰਦੇ ਅਤੇ ਪੁੱਗਣ ਤੋਂ ਪਹਿਲਾਂ ਹੀ ਬੰਦ ਕਰਨਾ ਚਾਹੁੰਦੇ ਹੋ। ਅਜਿਹੀ ਸਥਿਤੀ ਵਿੱਚ ਬੀਮਾ ਪਾਲਿਸੀ ਬੀਮਾ ਕੰਪਨੀ ਨੂੰ ਵਾਪਸ ਚਲੀ ਜਾਵੇਗੀ।

ਨਵੇਂ ਨਿਯਮਾਂ ਮੁਤਾਬਕ ਇਸ ਸੂਰਤ ਵਿੱਚ ਕਿਸ ਨੂੰ ਕਿੰਨਾ ਪੈਸਾ ਮਿਲੇਗਾ?

ਨਾਨ ਸਿੰਗਲ ਪ੍ਰੀਮੀਅਮ-

  • ਇਹ ਇੱਕ ਬੀਮਾ ਪਾਲਿਸੀ ਹੁੰਦੀ ਹੈ ਜਿਸ ਦੀਆਂ ਕਈ ਕਿਸ਼ਤਾਂ ਹੁੰਦੀਆਂ ਹਨ।
  • ਜੇ ਤੁਸੀਂ ਆਪਣਾ ਬੀਮਾ ਦੂਜੇ ਸਾਲ ਵਿੱਚ ਬੰਦ ਕਰਦੇ ਹੋ ਤਾਂ ਤੁਹਾਡੇ ਵੱਲੋਂ ਭਰੀਆਂ ਕਿਸ਼ਤਾਂ ਦੀ ਰਕਮ ਦਾ 30% ਤੱਕ ਮਿਲੇਗਾ।
  • ਜੇ ਤੁਸੀਂ ਆਪਣੀ ਪਾਲਿਸੀ ਤੀਜੇ ਸਾਲ ਵਿੱਚ ਸਰੰਡਰ ਕਰਦੇ ਹੋ ਤਾਂ ਤੁਹਾਨੂੰ 35% ਤੱਕ ਵਾਪਸ ਮਿਲੇਗਾ।
  • ਜੇ ਤੁਸੀਂ ਚੌਥੇ ਤੋਂ 7ਵੇਂ ਸਾਲ ਦੌਰਾਨ ਆਪਣੀ ਪਾਲਿਸੀ ਸਰੰਡਰ ਕਰਦੇ ਹੋ ਤਾਂ ਤੁਹਾਨੂੰ 50% ਤੱਕ ਰਾਸ਼ੀ ਵਾਪਸ ਮਿਲੇਗੀ।
  • ਜੇ ਤੁਸੀਂ ਆਖਰੀ ਦੋ ਸਾਲਾਂ ਵਿੱਚ ਪਾਲਿਸੀ ਸਰੰਡਰ ਕਰਦੇ ਹੋ ਤਾਂ ਤੁਹਾਨੂੰ 90% ਰਾਸ਼ੀ ਵਾਪਸ ਮਿਲੇਗੀ।

ਸਿੰਗਲ ਪ੍ਰੀਮੀਅਮ

  • ਬੀਮੇ ਜਿਨ੍ਹਾਂ ਦੀ ਸਾਲ ਵਿੱਚ ਇੱਕੋ ਕਿਸ਼ਤ ਭਰੀ ਜਾਂਦੀ ਹੈ।
  • ਜੇ ਤੀਜੇ ਸਾਲ ਵਿੱਚ ਪਾਲਿਸੀ ਸਰੰਡਰ ਕੀਤੀ ਜਾਂਦੀ ਹੈ ਤਾਂ 75% ਰਾਸ਼ੀ ਵਾਪਸ ਮਿਲੇਗੀ।
  • ਜੇ ਆਖਰੀ ਦੋ ਸਾਲਾਂ ਦੌਰਾਨ ਅਜਿਹਾ ਕਰਦੇ ਹੋ ਤਾਂ ਤੁਹਾਨੂੰ 90% ਰਕਮ ਵਾਪਸ ਮਿਲੇਗੀ।

ਇਸ ਦਾ ਮਤਲਬ ਹੈ ਕਿ ਜੇ ਬੀਮਾ ਪਹਿਲੇ ਤਿੰਨ ਸਾਲਾਂ ਦੌਰਾਨ ਬੰਦ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਥੋੜ੍ਹੀ ਰਕਮ ਵਾਪਸ ਮਿਲੇਗੀ।

ਨਵੇਂ ਨਿਯਮਾਂ ਮੁਤਾਬਕ ਚਾਰ ਸਾਲ ਬਾਅਦ ਬੀਮਾ ਬੰਦ ਕਰਨ ਵਾਲੇ ਗਾਹਕਾਂ ਨੂੰ ਜ਼ਿਆਦਾ ਪੈਸੇ ਮਿਲਣਗੇ।

ਕੌਮੀ ਪੈਨਸ਼ਨ ਸਕੀਮ

ਕੌਮੀ ਪੈਨਸ਼ਨ ਸਕੀਮ ਦੇ ਵੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਸਾਨੂੰ “ਟੂ ਫੈਕਟਰ ਅਥੈਂਟੀਕੇਸ਼ਨ” ਕਰਨੀ ਪਵੇਗੀ।

ਇਸਦਾ ਮਤਲਬ ਹੈ ਕਿ ਹੁਣ ਤੁਸੀਂ ਪਹਿਲਾਂ ਵਾਂਗ ਸਿਰਫ਼ ਆਈਡੀ ਪਾਸਵਰਡ ਨਾਲ ਲਾਗਇਨ ਨਹੀਂ ਕਰ ਸਕੋਗੇ। ਇਸ ਨਾਲ ਕੋਈ ਅਣਅਧਿਕਾਰਿਤ ਵਿਅਕਤੀ ਤੁਹਾਡੇ ਖਾਤੇ ਤੱਕ ਨਹੀਂ ਪਹੁੰਚ ਸਕੇਗਾ।

ਤੁਹਾਨੂੰ ਆਪਣਾ ਖਾਤਾ ਦੇਖਣ ਲਈ ਆਪਣੇ ਅਧਾਰ ਨੰਬਰ ਦੀ ਪੁਸ਼ਟੀ ਕਰਨੀ ਪਵੇਗੀ ਅਤੇ ਤੁਹਾਡੇ ਮੋਬਾਈਲ ਉੱਪਰ ਭੇਜਿਆ ਓਟੀਪੀ ਵੀ ਵਰਤਣਾ ਪਵੇਗਾ।

ਕਰਮਚਾਰੀ ਪਰਾਵੀਡੈਂਟ ਫੰਡ (ਈਪੀਐੱਫ਼)

ਜੇ ਤੁਸੀਂ ਇੰਪਲਾਈਜ਼ ਪਰਾਵੀਡੈਂਟ ਫੰਡ ਆਰੇਗਨਾਈਜ਼ੇਸ਼ਨ ਦੇ ਰਜਿਸਟਰਡ ਮੈਂਬਰ ਹੋ ਅਤੇ ਆਪਣੀ ਕੰਪਨੀ ਬਦਲ ਲੈਂਦੇ ਹੋ। ਉਸ ਸਥਿਤੀ ਵਿੱਚ ਤੁਹਾਡਾ ਬਕਾਇਆ ਆਪਣੇ-ਆਪ ਨਵੀਂ ਕੰਪਨੀ ਵਿੱਚ ਬਦਲ ਦਿੱਤਾ ਜਾਵੇਗਾ।

ਇਸ ਦਾ ਮਤਲਬ ਹੈ ਕਿ ਤੁਹਾਨੂੰ ਪੀਐੱਫ ਟ੍ਰਾਂਸਫਰ ਨਹੀਂ ਕਰਵਾਉਣਾ ਪਵੇਗਾ ਸਗੋਂ ਇਹ ਕੰਮ ਹੁਣ ਆਪਣੇ-ਆਪ ਹੋ ਜਾਵੇਗਾ।

ਫਾਸਟ ਟੈਗ

ਪਹਿਲੀ ਅਪ੍ਰੈਲ ਤੋਂ ਫਾਸਟ ਟੈਗ ਦੇ ਨਿਯਮ ਵੀ ਬਦਲ ਰਹੇ ਹਨ

ਫਾਸਟ ਟੈਗ ਦੀ ਸੇਵਾ ਲੈਣ ਲਈ ਕੇਵਾਈਸੀ ਪ੍ਰਕਿਰਿਆ ਕਰਨੀ ਪਵੇਗੀ। ਜੇ ਤੁਸੀਂ ਕੇਵਾਈਸੀ ਨਹੀਂ ਕਰਦੇ ਹੋ ਤਾਂ ਤੁਹਾਡਾ ਟੈਗ ਬੰਦ ਹੋ ਜਾਵੇਗਾ।

ਕੇਵਾਈਸੀ ਫਾਸਟ ਟੈਗ ਲਈ ਮਹੱਤਵਪੂਰਨ ਹੈ। ਇਸ ਰਾਹੀਂ ਵਰਤੋਂਕਾਰ ਦੀ ਪਛਾਣ ਸਥਾਪਿਤ ਕੀਤੀ ਜਾਂਦੀ ਹੈ।

ਗਾਹਕਾਂ ਨੂੰ ਵਿੱਤੀ ਸੇਵਾਵਾਂ ਲੈਣ ਲਈ ਕੇਵਾਈਸੀ ਕਰਨਾ ਪਵੇਗਾ। ਇਹੀ ਨਿਯਮ ਫਾਸਟ ਟੈਗ ਉੱਪਰ ਵੀ ਲਾਗੂ ਹੋਵੇਗਾ।

ਜੇ ਤੁਹਾਡੇ ਵੇਰਵਿਆਂ ਵਿੱਚ ਕੋਈ ਬਦਲਾਅ ਹੋਇਆ ਹੈ ਤਾਂ ਤੁਹਾਨੂੰ ਇਸ ਬਾਰੇ ਆਪਣੇ ਬੈਂਕ ਨੂੰ ਦੱਸਣਾ ਚਾਹੀਦਾ ਹੈ।

ਜੇ ਤੁਸੀਂ ਆਪਣੀ ਨਜ਼ਦੀਕੀ ਬਰਾਂਚ ਵਿੱਚ ਜਾ ਕੇ ਬੈਂਕ ਨੂੰ ਦੱਸੋਗੇ ਤਾਂ ਉਹ ਤੁਹਾਡੇ ਫਾਸਟ ਟੈਗ ਵਿੱਚ ਤੁਹਾਡੇ ਵੇਰਵੇ ਅਪਡੇਟ ਕਰ ਦੇਵੇਗਾ।

ਜੇ ਕੇਵਾਈਸੀ ਨਹੀਂ ਕੀਤਾ ਹੋਵੇਗਾ ਤਾਂ ਬਕਾਇਆ ਹੋਣ ਦੇ ਬਾਵਜੂਦ ਤੁਹਾਡੇ ਭੁਗਤਾਨ ਨਹੀਂ ਹੋਣਗੇ।

ਓਲਾ ਮਨੀ ਵਾਲੇਟ

ਓਲਾ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਓਲਾ ਮਨੀ ਵਾਲੇਟ ਨੂੰ ਇੱਕ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ (ਪੀਪੀਆਈ) ਵਿੱਚ ਬਦਲਣ ਜਾ ਰਹੀ ਹੈ।

ਹੁਣ ਗਾਹਕ ਆਪਣੇ ਓਲਾ ਖਾਤੇ ਵਿੱਚ ਮਹੀਨੇ ਦਾ ਵੱਧ ਤੋਂ ਵੱਧ 10000 ਰੁਪਏ ਦਾ ਬੈਲੰਸ ਰੱਖ ਸਕਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)