ਸਿੱਪ ਕੀ ਹੈ? ਕੀ ਤੁਸੀਂ 1000 ਰੁਪਏ ਲਾ ਕੇ ਕਰੋੜਾਂ ਕਮਾ ਸਕਦੇ ਹੋ? ਸਿੱਪ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ

    • ਲੇਖਕ, ਸੁਭਾਸ਼ ਚੰਦਰ ਬੋਸ
    • ਰੋਲ, ਬੀਬੀਸੀ ਪੱਤਰਕਾਰ ਤਮਿਲ

200 ਰੁਪਏ ਲਾਓ ਅਤੇ ਲੱਖਪਤੀ ਬਣੋ... ਪਿਛਲੇ ਕੁਝ ਸਮੇਂ ਤੋਂ ਅਸੀਂ ਸਾਰੇ ਅਜਿਹੇ ਇਸ਼ਤਿਹਾਰ ਸੋਸ਼ਲ ਮੀਡੀਆ ਅਤੇ ਹੋਰ ਪਲੇਟਫਾਰਮਾਂ ਉੱਪਰ ਦੇਖ ਰਹੇ ਹਾਂ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਨੀ ਅਹਿਮ ਆਮਦਨੀ ਮਿਊਚਲ ਫੰਡ ਕੰਪਨੀਆਂ ਵਿਚ ਸਿੱਪ (SIP) ਰਾਹੀਂ ਨਿਵੇਸ਼ ਕਰਕੇ ਕਮਾਈ ਜਾ ਸਕਦੀ ਹੈ।

ਆਖਰ ਇਹ ਕਿਹੋ-ਜਿਹੀ ਨਿਵੇਸ਼ ਯੋਜਨਾ ਹੈ। ਕੀ ਕੋਈ ਵਾਕਈ ਇਸ ਰਾਹੀਂ ਪੈਸਾ ਕਮਾ ਸਕਦਾ ਹੈ। ਇਸ ਲੇਖ ਵਿੱਚ ਅਸੀਂ ਇਸੇ ਦੇ ਨਫ਼ੇ-ਨੁਕਸਾਨ ਦੀ ਚਰਚਾ ਕਰਨ ਜਾ ਰਹੇ ਹਾਂ।

ਸਿੱਪ ਕੀ ਹੈ?

ਸਿੱਪ (SIP) ਜਾਣੀ ਸਿਸਟਮੈਟਿਕ ਇਨਵੈਸਟਮੈਂਟ ਪਲੈਨ, ਭਾਵ ਅਜਿਹਾ ਨਿਵੇਸ਼ ਜੋ ਤੁਸੀਂ ਕਿਸੇ ਨਿਯਮਬੱਧ ਰੂਪ ਵਿੱਚ ਕਰਦੇ ਹੋ।

ਇਸ ਰਾਹੀਂ ਤੁਸੀਂ ਕੋਈ ਚੁਣੀ ਹੋਈ ਮਿਊਚਲ ਫੰਡ ਕੰਪਨੀ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਲੈਂਦੀ ਹੈ।

ਕੰਪਨੀ ਇਹ ਪੈਸਾ ਵੱਖ-ਵੱਖ ਕੰਪਨੀਆਂ ਦੇ ਵੱਖ-ਵੱਖ ਸ਼ੇਅਰ ਦੀ ਮਾਰਕਿਟਾਂ ਵਿੱਚ ਉਪਲੱਬਧ ਸ਼ੇਅਰਾਂ ਵਿੱਚ ਲਾ ਕੇ ਉਸ ਤੋਂ ਮਿਲਣ ਵਾਲਾ ਮੁਨਾਫ਼ਾ ਤੁਹਾਨੂੰ ਦਿੰਦੀ ਹੈ।

ਸਿੱਪ ਨਿਵੇਸ਼ ਦੋ ਤਰ੍ਹਾਂ ਦੇ ਹੁੰਦੇ ਹਨ?

ਸਤੀਸ਼ ਕੁਮਾਰ ਇੱਕ ਵਿੱਤ ਸਲਾਹਕਾਰ ਅਤੇ ਵੌਨਕਰਿਊ ਵਿੱਚ ਮੁੱਖ ਵਿੱਤ ਅਫ਼ਸਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਪ ਵਿੱਚ ਨਿਵੇਸ਼ ਦੇ ਦੋ ਵਿਕਲਪ ਹਨ।

ਪਹਿਲਾ ਹੈ ਗ੍ਰੋਥ ਫੰਡ ਅਤੇ ਦੂਜਾ ਹੈ ਡਿਵੀਡੈਂਡ ਫੰਡ।

“ਤੁਹਾਡੇ ਗ੍ਰੋਥ ਫੰਡ ਨੂੰ ਕੁਝ ਤੈਅ ਮਿਆਦ ਲਈ ਨਿਵੇਸ਼ ਕਰਕੇ ਮੁਨਾਫ਼ਾ ਕਮਾਇਆ ਜਾਂਦਾ ਹੈ। ਜਦਕਿ ਡਿਵੀਡੈਂਡ ਫੰਡ ਵਿੱਚ ਤੁਸੀਂ ਮਹੀਨੇ ਵਿੱਚ ਇੱਕ ਵਾਰ, ਹਰ ਤਿਮਾਹੀ ਵਿੱਚ ਇੱਕ ਵਾਰ ਜਾਂ ਸਾਲ ਵਿੱਚ ਇੱਕ ਵਾਰ ਡਿਵੀਡੈਂਡ ਲੈ ਸਕਦੇ ਹੋ।”

ਕੀ ਇਹ ਮੱਧ ਵਰਗ ਲਈ ਲਾਹੇਵੰਦ ਹੈ?

ਅਰਥਸ਼ਾਸਤਰੀ ਕੇ ਰਾਜੇਸ਼ ਦਾ ਕਹਿਣਾ ਹੈ ਕਿ ਸਿੱਪ ਤੋਂ ਸਿਰਫ਼ ਮਿਡਲ ਕਲਾਸ ਪਰਿਵਾਰ ਹੀ ਲਾਭ ਲੈ ਸਕਦੇ ਹਨ।

ਇਸ ਨੂੰ ਸਮਝਾਉਂਦੇ ਹੋਏ ਉਹ ਦੱਸਦੇ ਹਨ, “ਜਦੋਂ ਸਟਾਕ ਮਾਰਕਿਟ ਦੀ ਗੱਲ ਆਉਂਦੀ ਹੈ ਤਾਂ ਕਿਸੇ ਚੰਗੀ ਕੰਪਨੀ ਦਾ ਸ਼ੇਅਰ 700 ਰੁਪਏ ਤੋਂ ਉੱਪਰ ਦੀ ਕੀਮਤ ਦਾ ਹੈ। ਜੇ ਤੁਹਾਡੇ ਕੋਲ ਘੱਟੋ-ਘੱਟ 2000 ਰੁਪਏ ਹੋਣ ਤਾਂ ਹੀ ਤੁਸੀਂ ਸ਼ੇਅਰ ਮਾਰਕਿਟ ਵਿੱਚ ਦਾਖਿਲ ਹੋ ਸਕਦੇ ਹੋ। ਉਸ ਪੈਸੇ ਨਾਲ ਤੁਸੀਂ ਸਿਰਫ ਪੰਜ ਸ਼ੇਅਰ ਖ਼ੀਰਦ ਸਕਦੇ ਹੋ।"

ਉਹ ਅੱਗੇ ਦੱਸਦੇ ਹਨ,"ਇਸ ਤਰ੍ਹਾਂ ਤੁਸੀਂ ਬਹੁਤ ਥੋੜ੍ਹੀ ਰਾਸ਼ੀ ਨਿਵੇਸ਼ ਕਰ ਸਕਦੇ ਹੋ। ਇਨ੍ਹਾਂ ਵਿੱਚੋਂ ਜੇ ਕੁਝ ਸ਼ੇਅਰ ਡਿੱਗ ਜਾਣ ਤਾਂ ਨੁਕਸਾਨ ਹੋ ਜਾਂਦਾ ਹੈ।”

“ਜਦਕਿ ਮਿਊਚਲ ਫੰਡ ਵਿੱਚ ਸ਼ੁਰੂਆਤੀ ਨਿਵੇਸ਼ 500 ਰੁਪਏ ਤੋਂ ਵੀ ਸ਼ੁਰੂ ਹੋ ਜਾਂਦਾ ਹੈ। ਜਿਸ ਕੰਪਨੀ ਦੇ ਫੰਡ ਵਿੱਚ ਤੁਸੀਂ ਨਿਵੇਸ਼ ਕਰਦੇ ਹੋ ਉਹ ਤੁਹਾਡੇ ਲਾਏ ਪੈਸੇ ਨਾਲ ਕਈ ਕੰਪਨੀਆਂ ਦੇ ਸ਼ੇਅਰ ਖ਼ਰੀਦਦੀ ਹੈ। ਇੱਥੇ ਜੇ ਕੋਈ ਕੰਪਨੀ ਡਿੱਗ ਵੀ ਜਾਂਦੀ ਹੈ ਤਾਂ ਦੂਜੀ ਮੁਨਾਫ਼ੇਯੋਗ ਹੁੰਦੀ ਹੈ, ਤੁਹਾਡੇ ਸਟਾਕ ਦੀ ਕੀਮਤ ਵਧਦੀ ਰਹਿੰਦੀ ਹੈ।”

ਕੇ ਰਾਜੇਸ਼ ਦਾ ਕਹਿਣਾ ਹੈ ਕਿ ਇਹ ਇੱਕ ਮੱਧ ਵਰਗੀ ਪਰਿਵਾਰ ਦੇ ਮੈਂਬਰ ਦੇ ਨੁਕਸਾਨ ਨੂੰ ਸੀਮਤ ਕਰਦਾ ਹੈ ਅਤੇ ਘੱਟੋ-ਘੱਟ ਆਮਦਨ ਦੀ ਗਰੰਟੀ ਦਿੰਦਾ ਹੈ।

ਬੈਂਕ ਖਾਤੇ ਅਤੇ ਸਿੱਪ ਨਿਵੇਸ਼ ਵਿੱਚ ਕੀ ਫਰਕ ਹੈ?

ਕੇ. ਰਾਜੇਸ਼ ਦੱਸਦੇ ਹਨ, ਬਹੁਤ ਸਾਰੇ ਲੋਕ ਪੈਸਾ ਬਚਾਉਣ ਅਤੇ ਵਧਾਉਣ ਲਈ ਬੈਂਕ ਖਾਤਿਆਂ ਵਿੱਚ ਰੱਖਦੇ ਹਨ ਪਰ ਸਿੱਪ ਨਿਵੇਸ਼ ਉਸ ਤੋਂ ਵੱਖਰਾ ਹੈ।

“ਦੋਵਾਂ ਵਿੱਚ ਨਿਵੇਸ਼ ਦੇ ਖ਼ਤਰੇ ਅਤੇ ਨਿਵੇਸ਼ ਬਦਲੇ ਮੁਨਾਫੇ ਦਾ ਫਰਕ ਹੈ। ਜਦੋਂ ਖ਼ਤਰਾ ਘੱਟ ਹੁੰਦਾ ਹੈ ਤਾਂ ਮੁਨਾਫ਼ਾ ਵੀ ਘੱਟ ਹੁੰਦਾ ਹੈ। ਜਦੋਂ ਖ਼ਤਰਾ ਜ਼ਿਆਦਾ ਹੁੰਦਾ ਹੈ ਤਾਂ ਮੁਨਾਫ਼ਾ ਵੀ ਜ਼ਿਆਦਾ ਹੁੰਦਾ ਹੈ।”

ਮਿਸਾਲ ਵਜੋਂ ਕਿਸੇ ਵੀ ਬੈਂਕ ਵਿੱਚ ਕਿਸੇ ਵੀ ਤਰ੍ਹਾਂ ਦੇ ਬਚਤ ਖਾਤੇ ਵਿੱਚ ਪੈਸੇ ਰੱਖਣ ਦਾ ਕੋਈ ਖ਼ਤਰਾ ਨਹੀਂ ਹੈ। ਇੱਥੇ ਮੁਨਾਫ਼ਾ ਸਿਰਫ 7-8% ਹੈ।

ਲੰਬੇ ਸਮੇਂ ਲਈ ਸਿੱਪ ਵਿੱਚ ਨਿਵੇਸ਼ ਕਰਨ ਵਿੱਚ ਖ਼ਤਰਾ ਹੈ ਪਰ ਅੰਤ ਵਿੱਚ ਤੁਹਾਨੂੰ ਵਾਪਸੀ ਵੀ 15-18% ਦੀ ਹੁੰਦੀ ਹੈ।

ਉਨ੍ਹਾਂ ਨੇ ਕਿਹਾ, “ਜੇ ਬੈਂਕ 7% ਦਿੰਦਾ ਹੈ ਤਾਂ ਸਲਾਨਾ ਮਹਿੰਗਾਈ ਦਰ 6% ਹੈ। ਸਾਡੀ ਜ਼ਿਆਦਾਤਰ ਆਮਦਨੀ ਉੱਥੇ ਹੀ ਖ਼ਤਮ ਹੋ ਜਾਂਦੀ ਹੈ। ਜਦਕਿ ਮਿਊਚਲ ਫੰਡ ਵਿੱਚ ਜਿੱਥੇ ਵਾਪਸੀ 15-18% ਸਾਨੂੰ ਮਹਿੰਗਾਈ ਘਟਾ ਕੇ ਵੀ ਮੁਨਾਫ਼ਾ ਹੁੰਦਾ ਹੈ।”

ਮਿਊਚਲ ਫੰਡ ਅਤੇ ਸਿੱਪ ਵਿੱਚ ਕੀ ਫਰਕ ਹੈ?

ਬਹੁਤ ਸਾਰੇ ਲੋਕ ਮਿਊਚਲ ਫੰਡ ਅਤੇ ਸਿੱਪ ਵਿੱਚ ਉਲਝ ਜਾਂਦੇ ਹਨ। ਅਸੀਂ ਇਨ੍ਹਾਂ ਦੋਵਾਂ ਦੇ ਫਰਕ ਬਾਰੇ ਕੇ. ਰਾਜੇਸ਼ ਨੂੰ ਪੁੱਛਿਆ।

ਤੁਸੀਂ ਮਿਊਚਲ ਫੰਡ ਵਿੱਚ ਨਿਵੇਸ਼ ਕਰਨਾ ਹੈ ਤਾਂ ਸਿੱਪ ਉਸ ਵਿੱਚ ਨਿਵੇਸ਼ ਕਰਨ ਦਾ ਨਿਯਮਬੱਧ ਤਰੀਕਾ ਹੈ।

ਉਨ੍ਹਾਂ ਮੁਤਾਬਕ, “ਤੁਸੀਂ ਮਿਊਚਲ ਫੰਡ ਵਿੱਚ ਦੋ ਤਰ੍ਹਾਂ ਨਿਵੇਸ਼ ਕਰ ਸਕਦੇ ਹੋ। ਜੋ ਇੱਕੋ ਸਮੇਂ ਵੱਡੀ ਰਕਮ ਨਿਵੇਸ਼ ਕਰਦੇ ਹਨ- ਉੱਕਾ-ਪੁੱਕਾ ਕਿਹਾ ਜਾਂਦਾ ਹੈ। ਸਿੱਪ ਇੱਕ ਹੋਰ ਤਰੀਕਾ ਜਿਸ ਵਿੱਚ ਤੁਸੀਂ ਥੋੜ੍ਹਾ-ਥੋੜ੍ਹਾ ਪੈਸਾ ਹਰ ਮਹੀਨੇ ਨਿਵੇਸ਼ ਕਰਦੇ ਹੋ। ਲਿਕਿਊਡਿਟੀ ਦਾ ਖ਼ਤਰਾ ਦੋਵਾਂ ਵਿੱਚ ਹੈ ਪਰ ਲੰਬੇ ਸਮੇਂ ਦੇ ਨਿਵੇਸ਼ਕਾਂ ਲਈ ਖ਼ਤਰਾ ਥੋੜ੍ਹਾ ਹੈ।”

ਨਵੇਂ ਨਿਵੇਸ਼ਕਾਂ ਨੂੰ ਕੀ ਕਰਨਾ ਚਾਹੀਦਾ ਹੈ?

ਬਜ਼ਾਰ ਵਿੱਚ ਨਵੇਂ ਨਿਵੇਸ਼ਕਾਂ ਨੂੰ ਅਕਸਰ ਸਹੀ ਮਾਰਗ ਦਰਸ਼ਨ ਨਹੀਂ ਮਿਲਦਾ ਅਤੇ ਉਹ ਗਲਤੀਆਂ ਕਰਦੇ ਹਨ।

ਕੇ. ਰਾਜੇਸ਼ ਦਾ ਕਹਿਣਾ ਹੈ ਕਿ ਪਹਿਲੀ ਵਾਰ ਨਿਵੇਸ਼ ਕਰਨ ਵਾਲੇ ਨਿਵੇਸ਼ਕ ਨੂੰ ਤਿੰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਉਨ੍ਹਾਂ ਮੁਤਾਬਕ, “ਪਹਿਲੀ ਚੀਜ਼ ਹੈ ਕਿ ਕੋਈ ਨਿਵੇਸ਼ਕ ਖ਼ਤਰਾ ਕਿੰਨਾ ਚੁੱਕਣਾ ਚਾਹੁੰਦਾ ਹੈ। ਫਿਰ ਹੀ ਉਹ ਫੈਸਲਾ ਕਰ ਸਕਦਾ ਹੈ ਕਿ ਉਹ ਕਿੰਨਾ ਪੈਸਾ ਨਿਵੇਸ਼ ਕਰ ਸਕਦਾ ਹੈ।”

“ਫਿਰ ਤੁਸੀਂ ਕਿਸੇ ਚੰਗੇ ਬੈਂਕ ਨਾਲ ਡੀਮੈਟ ਖਾਤਾ ਖੁੱਲ੍ਹਵਾ ਸਕਦੇ ਹੋ। ਤੈਅ ਕਰੋ ਕਿ ਪੈਸਾ ਉੱਕਾ-ਪੁੱਕਾ ਨਿਵੇਸ਼ ਕਰਨਾ ਹੈ ਜਾਂ ਮਹੀਨਾਵਾਰ ਕਿਸ਼ਤਾਂ ਦੇ ਰੂਪ ਵਿੱਚ।”

ਕੇ. ਰਾਜੇਸ਼ ਦਾ ਕਹਿਣਾ ਹੈ ਕਿ ਜੇ ਤੁਸੀਂ ਫਟਾ-ਫਟ ਅਮੀਰ ਬਣਨਾ ਚਾਹੁੰਦੇ ਹੋ ਤਾਂ ਸਾਵਧਾਨ ਰਹੋ।

ਯੋਜਨਾ ਬਣਾ ਕੇ ਨਿਵੇਸ਼ ਕਰੋ

ਵਿੱਤੀ ਸਲਾਹਕਾਰ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਤੁਹਾਨੂੰ ਸਿੱਪ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਭਵਿੱਖ ਦੇ ਮਨਸੂਬਿਆਂ ਬਾਰੇ –- ਜਿਵੇਂ, ਨਿਵੇਸ਼ ਯੋਜਨਾ ਅਤੇ ਰਿਟਾਇਰਮੈਂਟ ਯੋਜਨਾਵਾਂ ਬਾਰੇ ਸੋਚਣਾ ਚਾਹੀਦਾ ਹੈ।

“ਆਪਣੀ ਉਮਰ ਦੇ ਹਿਸਾਬ ਨਾਲ ਕੋਈ ਜਣਾ ਮਿਊਚਲ ਫੰਡ ਬਾਰੇ ਤੈਅ ਕਰ ਸਕਦਾ ਹੈ।”

ਮਿਸਾਲ ਵਜੋਂ ਕੋਈ ਨੌਜਵਾਨ ਆਪਣੇ ਨਿਵੇਸ਼ ਦਾ 100 ਇਕੁਇਟੀ ਫੰਡ ਵਿੱਚ ਲਾ ਸਕਦਾ ਹੈ।

ਇਸ ਤਰ੍ਹਾਂ ਜੇ ਕੋਈ ਇਨਸਾਨ ਦਰਮਿਆਨੀ ਉਮਰ ਦਾ ਹੈ ਤਾਂ ਉਸ ਨੂੰ ਹਾਈਬ੍ਰਿਡ ਫੰਡਾਂ ਵਿੱਚ ਪੈਸਾ ਲਾਉਣਾ ਚਾਹੀਦਾ ਹੈ।

ਜਦਕਿ ਬਜ਼ੁਰਗਾਂ ਨੂੰ ਬਿਨਾਂ ਕੋਈ ਵੱਡਾ ਖ਼ਤਰਾ ਚੁੱਕਿਆਂ ਡੈਟ ਫੰਡਾਂ ਅਤੇ ਗੋਲਡ ਬਾਂਡਸ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।

ਕੀ ਤੁਸੀਂ ਪੈਸੇ ਕਢਵਾ ਸਕਦੇ ਹੋ?

ਤੁਸੀਂ ਆਪਣੇ ਬੈਂਕ ਖਾਤੇ ਵਿੱਚੋਂ ਜਦੋਂ ਚਾਹੋਂ ਪੈਸੇ ਲੈ ਸਕਦੇ ਹੋ। ਅਸੀਂ ਕੇ. ਰਾਜੇਸ਼ ਨੂੰ ਮਿਊਚਲ ਫੰਡ ਵਿੱਚੋਂ ਪੈਸੇ ਕਢਵਾਉਣ ਬਾਰੇ ਪੁੱਛਿਆ।

ਕੇ. ਰਾਜੇਸ਼ ਮੁਤਾਬਕ, “ਆਮਦਨ ਕਰ ਭਰਨ ਵਾਲਿਆਂ ਲਈ ਸਿੱਪ ਇੱਕ ਚੰਗਾ ਵਿਕਲਪ ਹੈ। ਤੁਸੀਂ ਕਿਸੇ ਵੀ ਸਮੇਂ ਪੈਸੇ ਲਾ ਸਕਦੇ ਹੋ ਅਤੇ ਕਿਸੇ ਵੀ ਨਿਵੇਸ਼ ਵਿੱਚੋਂ ਜਦੋਂ ਚਾਹੋ ਕਢਵਾ ਸਕਦੇ ਹੋ। ਜੇ ਤੁਸੀਂ ਨਿਵੇਸ਼ ਬੰਦ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ। ਜੇ ਤੁਸੀਂ ਕੁਝ ਸਮੇਂ ਲਈ ਰੁਕਣਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ।”

ਕਿਸ ਤਰ੍ਹਾਂ ਦੇ ਫੰਡ ਉਪਲੱਬਧ ਹਨ?

ਭਾਰਤ ਵਿੱਚ ਹਜ਼ਾਰਾਂ ਵਿੱਤੀ ਸੰਸਥਾਵਾਂ ਹਨ। ਇਸਦੇ ਨਾਲ ਹੀ ਕੁਝ ਸੈਂਕੜੇ ਹੀ ਹਨ ਜੋ ਜਾਇਦਾਦ ਪ੍ਰਬੰਧਨ ਦੇ ਖੇਤਰ ਵਿੱਚ ਹਨ। ਇਨ੍ਹਾਂ ਨੂੰ ਏਐੱਮਸੀ (ਅਸੈੱਟ ਮੈਨੇਜਮੈਂਟ ਕੰਪਨੀ) ਕਿਹਾ ਜਾਂਦਾ ਹੈ। ਇਨ੍ਹਾਂ ਕੰਪਨੀਆਂ ਕੋਲ 100 ਤੋਂ ਜ਼ਿਆਦਾ ਫੰਡ ਹਨ।

ਇਸ ਲਈ ਕੇ. ਰਾਜੇਸ਼ ਕਹਿੰਦੇ ਹਨ ਕਿ ਇਕੁਇਟੀ ਫੰਡ ਉਹ ਹੁੰਦੇ ਹਨ ਜੋ ਸਿਰਫ਼ ਸਟੌਕਸ ਵਿੱਚ ਲਾਏ ਜਾਂਦੇ ਹਨ। ਡੈਟ ਫੰਡ ਉਹ ਹੁੰਦੇ ਹਨ ਜੋ ਬਾਂਡਸ ਅਤੇ ਡਿਪਾਜ਼ਿਟਸ ਵਿੱਚ ਲਾਏ ਜਾਂਦੇ ਹਨ। ਜਦਕਿ ਹਾਈਬ੍ਰਿਡ ਫੰਡ ਵਿੱਚ ਇਹ ਸਾਰੇ ਹੁੰਦੇ ਹਨ।

ਜਦਕਿ ਲਿਕੁਇਡ ਫੰਡ— ਥੋੜ੍ਹੇ ਸਮੇਂ ਲਈ ਪੈਸੇ ਦੇ ਬਜ਼ਾਰ ਵਿੱਚ ਨਿਵੇਸ਼ ਕੀਤੇ ਜਾਂਦੇ ਹਨ ਅਤੇ ਬੈਂਕਾਂ ਨੂੰ ਉਧਾਰ ਦੇ ਰੂਪ ਵਿੱਚ ਹੁੰਦੇ ਹਨ। ਜੇ ਤੁਸੀਂ ਸਿਰਫ ਆਈਟੀ ਕੰਪਨੀਆਂ ਵਿੱਚ ਨਿਵੇਸ਼ ਕਰਦੇ ਹੋ ਤਾਂ ਇਸ ਨੂੰ ਆਈਟੀ ਫੰਡ ਕਿਹਾ ਜਾਂਦਾ ਹੈ।

ਜੇ ਤੁਸੀਂ ਬੁਨਿਆਦੀ ਢਾਂਚੇ ਨਾਲ ਜੁੜੀਆਂ ਕੰਪਨੀਆਂ ਵਿੱਚ ਨਿਵੇਸ਼ ਕਰਦੇ ਹੋ ਤਾਂ ਇਹ ਨੂੰ ਇਨਫਰਾ-ਸਟਰਕਚਰ ਫੰਡ ਕਿਹਾ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਕਈ ਕਿਸਮ ਦੇ ਮਿਊਚਲ ਫੰਡ ਹਨ।

ਕਿਹੜੀ ਕੰਪਨੀ ਵਿੱਚ ਨਿਵੇਸ਼ ਕਰੀਏ?

ਇਨ੍ਹੀਂ ਦਿਨੀਂ ਹਰ ਕੋਈ ਰਾਤੋ-ਰਾਤ ਅਮੀਰ ਬਣਨਾ ਚਾਹੁੰਦਾ ਹੈ। ਇਸ ਕਾਰਨ ਕਈ ਕਿਸਮ ਦੀਆਂ ਧੋਖਾਧੜੀਆਂ ਚੱਲ ਪਈਆਂ ਹਨ।

ਅਸੀਂ ਕੇ. ਰਾਜੇਸ਼ ਨੂੰ ਪੁੱਛਿਆ, ਕੀ ਇਸ ਤਰ੍ਹਾਂ ਦੀਆਂ ਧੋਖਾ ਧੜੀਆਂ ਇਸ ਖੇਤਰ ਵਿੱਚ ਵੀ ਹਨ? ਕਿਹੜੀ ਕੰਪਨੀ ਵਿੱਚ ਨਿਵੇਸ਼ ਕਰੀਏ?

ਉਨ੍ਹਾਂ ਨੇ ਦੱਸਿਆ, “ਜਦੋਂ ਨਿਵੇਸ਼ ਕੰਪਨੀਆਂ ਦੀ ਗੱਲ ਆਉਂਦੀ ਹੈ ਤਾਂ, ਇਹ ਕੰਪਨੀਆਂ ਬਹੁਤ ਸਖਤ ਨਿਯਮਾਂ ਦੇ ਤਹਿਤ ਕੰਮ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਉੱਪਰ ਰਿਜ਼ਰਵ ਬੈਂਕ, ਐਸੋਸੀਏਸ਼ਨ ਆਫ਼ ਮਿਊਚਲ ਫੰਡਸ ਅਤੇ ਸੇਬੀ ਨਜ਼ਰ ਰੱਖਦੇ ਹਨ। ਇਸ ਲਈ ਇਨ੍ਹਾਂ ਕੰਪਨੀਆਂ ਬਾਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ। ਹਾਂ ਤੁਸੀਂ ਸਾਵਧਾਨ ਰਹਿਣਾ ਹੈ ਕਿ ਤੁਸੀਂ ਕਿਹੜੇ ਫੰਡ ਵਿੱਚ ਨਿਵੇਸ਼ ਕਰਨ ਜਾ ਰਹੇ ਹੋ।”

ਕਿਹੜਾ ਮਿਊਚਲ ਫੰਡ ਨਿਵੇਸ਼ ਕਰਨਯੋਗ ਹੈ?

ਨਵੇਂ ਨਿਵੇਸ਼ਕ ਉਲਝੇ ਰਹਿੰਦੇ ਹਨ ਕਿ ਉਹ ਕਿਹੜੇ ਮਿਊਚਲ ਫੰਡ ਵਿੱਚ ਨਿਵੇਸ਼ ਕਰਨ।

ਉਨ੍ਹਾਂ ਲਈ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸੁਣਨਾ ਕਾਫੀ ਤਣਾ ਅਪੂਰਨ ਹੋ ਜਾਂਦਾ ਹੈ ਜਿਨ੍ਹਾਂ ਨੇ ਨਿਵੇਸ਼ ਤਾਂ ਕਰ ਰੱਖਿਆ ਹੈ ਪਰ ਉਮੀਦ ਮੁਤਾਬਕ ਵਾਪਸੀ ਨਹੀਂ ਹੋਈ।

ਅਜਿਹੇ ਮਿਊਚਲ ਫੰਡ ਅਜਿਹੇ ਵਿਕਲਪ ਹਨ ਜੋ ਹਮੇਸ਼ਾ ਸੁਰੱਖਿਅਤ ਹੁੰਦੇ ਹਨ ਅਤੇ ਘੱਟ ਖ਼ਤਰੇ ਵਾਲੇ ਹੁੰਦੇ ਹਨ।

ਕੇ. ਰਾਜੇਸ਼ ਦੱਸਦੇ ਹਨ, “ਆਮ ਤੌਰ ਉੱਤੇ ਆਈਟੀ ਅਤੇ ਇਨਫਰਾ-ਸਟਰਕਚਰ ਫੰਡ ਬਰਸਾਤੀ ਡੱਡੂ ਹੁੰਦੇ ਹਨ। ਇਨ੍ਹਾਂ ਵਿੱਚ ਉਤਰਾਅ-ਚੜ੍ਹਾਅ ਹਮੇਸ਼ਾ ਚਲਦੇ ਰਹਿੰਦੇ ਹਨ।“

“ਜਦਕਿ ਇੰਡੈਕਸ ਫੰਡਾਂ ਵਿੱਚ ਇਹ ਸਾਰੇ ਕਿਸਮ ਦੇ ਫੰਡ ਸ਼ਾਮਲ ਹੁੰਦੇ ਹਨ।”

ਕੇ. ਰਾਜੇਸ਼ ਦੱਸਦੇ ਹਨ, “ਸਾਰੀਆਂ ਕੰਪਨੀਆਂ ਕੋਲ ਇੰਡੈਕਸ ਫੰਡ ਹੁੰਦੇ ਹਨ। ਨਿਫਟੀ ਅਤੇ ਸੈਂਸੈਕਸ ਦੇ ਪਿਛਲੇ ਇਤਿਹਾਸ ਮੁਤਾਬਕ ਇਨ੍ਹਾਂ ਨੇ ਲਗਾਤਾਰ 16% ਵਾਪਸੀ ਕੀਤੀ ਹੈ। ਇਸ ਲਈ ਜੇ ਤੁਸੀਂ ਕਿਸੇ ਇੰਡੈਕਸ ਫੰਡ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਡੀ ਕੰਪਨੀ ਨਿਫਟੀ ਜਾਂ ਸੈਂਸੈਕਸ ਵਿੱਚੋਂ ਕਈ ਸ਼ੇਅਰ ਖ਼ਰੀਦੇਗੀ। ਤੁਹਾਡੇ ਸ਼ੇਅਰਾਂ ਦੀ ਕੀਮਤ ਉਸ ਵਿੱਚ ਸ਼ਾਮਲ ਕੰਪਨੀਆਂ ਤੋਂ ਤੈਅ ਹੁੰਦੀ ਹੈ।”

ਮਿਊਚਲ ਫੰਡ ਦੇ ਵਾਧੇ-ਘਾਟੇ ਕੀ ਹਨ?

ਹਰ ਨਿਵੇਸ਼ ਦੇ ਵਾਧੇ-ਘਾਟੇ ਹੁੰਦੇ ਹਨ। ਇਸੇ ਤਰ੍ਹਾਂ ਸਿੱਪ ਦੇ ਵੀ ਆਪਣੇ ਨਫੇ-ਨੁਕਸਾਨ ਹਨ।

ਕੇ. ਰਾਜੇਸ਼ ਦੱਸਦੇ ਹਨ, “ਕੋਈ ਗਰੰਟੀ ਨਹੀਂ ਹੈ ਕਿ 3 ਤੋਂ 5 ਸਾਲ ਦੇ ਥੋੜ੍ਹੇ ਸਮੇਂ ਵਿੱਚ ਹੀ ਉਮੀਦ ਮੁਤਾਬਕ ਵਾਪਸੀ ਹੋ ਜਾਵੇਗੀ। ਹਾਂ ਜੇ ਤੁਸੀਂ ਇਸ ਤਰ੍ਹਾਂ 10 ਜਾਂ ਇਸ ਤੋਂ ਵੱਧ ਸਾਲਾਂ ਲਈ ਨਿਵੇਸ਼ ਕਰਦੇ ਰਹੋਂ ਤਾਂ ਵਿੱਤੀ ਨੁਕਸਾਨ ਦਾ ਖ਼ਤਰਾ ਘੱਟ ਜਾਂਦਾ ਹੈ।”

ਉਹ ਅੱਗੇ ਦੱਸਦੇ ਹਨ, “ਤੁਹਾਨੂੰ ਆਪਣੇ ਨਿਵੇਸ਼ ਦੇ 30 ਫੀਸਦੀ ਤੋਂ ਜ਼ਿਆਦਾ ਦਾ ਨੁਕਸਾਨ ਨਹੀਂ ਹੁੰਦਾ।''

ਜਦਕਿ ਸਤੀਸ਼ ਕੁਮਾਰ ਮੁਤਾਬਕ,“ ਸਿੱਪ ਨਾਲ ਨਿਵੇਸ਼ ਦੇ ਮਾਮਲੇ ਵਿੱਚ, ਕੰਪਨੀ ਕੋਲ ਪੈਸੇ ਦੇ ਨੁਕਸਾਨ ਤੋਂ ਬਚਣ ਲਈ ਇੱਕ ਫੰਡ ਪ੍ਰਬੰਧਕ ਹੁੰਦਾ ਹੈ ਅਤੇ ਇੱਕ ਟੀਮ ਹੁੰਦੀ ਹੈ ਜੋ ਨਿਵੇਸ਼ ਤੋਂ ਪਹਿਲਾਂ ਰਣਨੀਤੀ ਤਿਆਰ ਕਰਦੀ ਹੈ। ਜਦਕਿ ਸ਼ੇਅਰ ਮਾਰਕਿਟ ਵਿੱਚ ਅਸੀਂ ਖ਼ੁਦ ਕੋਈ ਸ਼ੇਅਰ ਖ਼ੀਰਦਦੇ ਹਾਂ ਅਤੇ ਜੇ ਇਸਦਾ ਮੁੱਲ ਡਿੱਗਦਾ ਹੈ ਤਾਂ ਸਾਡਾ ਨੁਕਸਾਨ ਹੁੰਦਾ ਹੈ।”

ਕੀ ਤੁਸੀਂ 1000 ਰੁਪਏ ਨਿਵੇਸ਼ ਕਰਕੇ ਕਰੋੜਾਂ ਕਮਾ ਸਕਦੇ ਹੋ?

ਬਹੁਤ ਸਾਰੇ ਨਿਵੇਸ਼ਕ ਥੋੜ੍ਹਾ ਪੈਸਾ ਲਾ ਕੇ ਵੱਡੀ ਵਾਪਸੀ ਚਾਹੁੰਦੇ ਹਨ। ਬਹੁਤ ਸਾਰੇ ਧੋਖੇਬਾਜ਼ ਇਨ੍ਹਾਂ ਲੋਕਾਂ ਦਾ ਫਾਇਦਾ ਚੁੱਕ ਕੇ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ।

ਸਤੀਸ਼ ਕੁਮਾਰ ਦਾ ਕਹਿਣਾ ਹੈ ਤੁਸੀਂ ਇੰਨੇ ਥੋੜ੍ਹੇ ਸਮੇਂ ਵਿੱਚ ਸਿੱਪ ਰਾਹੀਂ ਕਰੋੜਾਂ ਰੁਪਏ ਨਹੀਂ ਕਮਾ ਸਕਦੇ। ਇਸ ਲਈ ਨਿਵੇਸ਼ ਦੇ ਹੋਰ ਵਿਕਲਪ ਹਨ।

ਉਹ ਇਹ ਵੀ ਦੱਸਦੇ ਹਨ ਕਿ ਸਿੱਪ ਵਿੱਚ ਹੌਲੀ-ਹੌਲੀ ਨਿਵੇਸ਼ ਕਰਨ ਨਾਲ ਖ਼ਤਰਾ ਘਟ ਜਾਂਦਾ ਹੈ ਅਤੇ ਵਾਪਸੀ ਸਥਿਰ ਹੋ ਜਾਂਦੀ ਹੈ।

ਸਿੱਪ ਕੈਲਕੂਲੇਟਰ ਕੀ ਹੁੰਦਾ ਹੈ?

ਜੇ ਸਿੱਪ ਲਗਾਉਣ ਵਾਲਾ ਭਵਿੱਖ ਵਿੱਚ ਉਸ ਨੂੰ ਕਿੰਨੀ ਵਾਪਸੀ ਹੋਵੇਗੀ, ਇਸਦਾ ਹਿਸਾਬ ਨਹੀਂ ਲਗਾ ਸਕਦਾ ਤਾਂ ਇਹ ਕੰਮ ਸਿੱਪ ਕੈਲਕੂਲੇਟਰ ਜ਼ਰੀਏ ਕੀਤਾ ਜਾ ਸਕਦਾ ਹੈ।

ਇਹ ਤੁਹਾਡੇ ਸਧਾਰਨ ਕੈਲਕੂਲਟਰ ਵਾਂਗ ਹੀ ਕੰਮ ਕਰਦਾ ਹੈ। ਤੁਸੀਂ ਜਿੰਨਾ ਨਿਵੇਸ਼ ਕਰੋਗੇ ਉਸ ਹਿਸਾਬ ਨਾਲ ਤੁਹਾਨੂੰ ਵਾਪਸੀ ਦੇ ਅਨੁਮਾਨ ਮਿਲ ਜਾਂਦੇ ਹਨ।

ਇਸ ਲਈ ਤੁਸੀਂ ਸਿੱਧਾ ਗੂਗਲ ਸਰਚ ਵੀ ਕਰ ਸਕਦੇ ਹੋ।

ਇਸ ਤਰ੍ਹਾਂ ਤੁਸੀਂ ਆਪਣੇ ਨਿਵੇਸ਼ ਨੂੰ ਇੱਕ ਪੈਂਤੜੇ ਤਹਿਤ ਖਾਸ ਦਿਸ਼ਾ ਵਿੱਚ ਲਾ ਕੇ ਰੱਖ ਸਕਦੇ ਹੋ।

ਐੱਨਏਵੀ ਕੀ ਹੁੰਦੇ ਹਨ?

ਹਰ ਸ਼ੇਅਰ ਦਾ ਮੁੱਲ ਹੁੰਦਾ ਹੈ। ਜਦਕਿ ਮਿਊਚਲ ਫੰਡ ਸਿਰਫ਼ ਇਕਾਈਆਂ ਹੁੰਦੇ ਹਨ। ਹਰ ਇਕਾਈ ਦੀ ਕੀਮਤ ਉਸ ਦੀ ਕੁੱਲ ਸੰਪਤੀ ਦੇ ਅਧਾਰ ਉੱਤੇ ਤੈਅ ਹੁੰਦੀ ਹੈ।

ਇਸ ਨਾਲ ਤੁਹਾਨੂੰ ਉਸ ਫੰਡ ਬਾਰੇ ਸਮਝਣ ਵਿੱਚ ਸੌਖ ਹੁੰਦੀ ਹੈ। ਜਦੋਂ ਵੀ ਮਿਊਚਲ ਫੰਡ ਵੇਚੇ ਜਾਂ ਖ਼ਰੀਦੇ ਜਾਂਦੇ ਹਨ ਤਾਂ ਇਨ੍ਹਾਂ ਦਾ ਵਟਾਂਦਰਾ ਇਕਾਈਆਂ (ਯੂਨਿਟਾਂ) ਵਿੱਚ ਹੁੰਦਾ ਹੈ।