You’re viewing a text-only version of this website that uses less data. View the main version of the website including all images and videos.
ਪੁਲਾੜ ਧਰਤੀ ਤੋਂ ਕਿੰਨੀ ਦੂਰੀ 'ਤੇ ਸ਼ੁਰੂ ਹੁੰਦਾ ਹੈ, ਜਦੋਂ ਪੁਲਾੜ ਯਾਨ ਦਾ ਸੰਪਰਕ ਧਰਤੀ ਤੋਂ ਟੁੱਟ ਜਾਂਦਾ ਹੈ ਤਾਂ ਕੀ ਹੁੰਦਾ ਹੈ
- ਲੇਖਕ, ਸ਼ਾਰਦਾ.ਵੀ
- ਰੋਲ, ਬੀਬੀਸੀ ਪੱਤਰਕਾਰ
ਸਪੇਸ ਕਮਿਊਨੀਕੇਸ਼ਨ ਯਾਨੀ ਪੁਲਾੜ ਸੰਚਾਰ ਦਾ ਮਤਲਬ ਹੈ ਦੂਰ-ਦੁਰਾਡੇ ਮੈਸੇਜ ਨੂੰ ਭੇਜਣਾ। ਕਈ ਵਾਰ ਇਸ ਨੂੰ ਭੇਜਣ ਵਿੱਚ ਕੁਝ ਮਿੰਟ ਲੱਗਦੇ ਹਨ ਅਤੇ ਕਈ ਵਾਰ ਕੁਝ ਘੰਟੇ।
ਭਾਵੇਂ ਵਿਗਿਆਨ ਅਤੇ ਤਕਨੀਕ ਨੇ ਕਾਫੀ ਤਰੱਕੀ ਕੀਤੀ ਹੈ ਪਰ ਕਈ ਵਾਰ ਇਸ ਦੌਰਾਨ ਰੁਕਾਵਟਾਂ ਵੀ ਆ ਸਕਦੀਆਂ ਹਨ। ਅਜਿਹੀ ਸੂਰਤ ਵਿੱਚ, ਸਪੇਸ ਵਿੱਚ ਪੁਲਾੜ ਯਾਤਰੀਆਂ ਅਤੇ ਧਰਤੀ ਵਿਚਾਲੇ ਕੰਟਰੋਲ ਸੈਂਟਰ ਦਾ ਸੰਚਾਰ ਰੁੱਕ ਜਾਂਦਾ ਹੈ।
ਪਰ ਅਜਿਹੀ ਸੂਰਤ ਵਿੱਚ ਪੁਲਾੜ ਯਾਤਰੀ ਕੀ ਕਰਦੇ ਹਨ, ਅਜਿਹੇ ਵਿੱਚ ਸਪੇਸਕ੍ਰਾਫਟ ਕਿਵੇਂ ਰਿਐਕਟ ਕਰਦਾ ਹੈ, ਇਸ ਰਿਪੋਰਟ ਵਿੱਚ ਸਮਝਦੇ ਹਾਂ।
ਇਸ ਰਿਪੋਰਟ ਵਿੱਚ ਅਸੀਂ ਇਹ ਵੀ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖ਼ਰ ਸਪੇਸ ਕਿਸ ਨੂੰ ਕਹਿੰਦੇ ਹਾਂ। ਧਰਤੀ ਤੋਂ ਕਿੰਨੀਂ ਦੂਰੀ ਤੋਂ ਸਪੇਸ ਦੀ ਸ਼ੁਰੂਆਤ ਹੁੰਦੀ ਹੈ।
ਸਪੇਸ ਕਮਿਊਨੀਕੇਸ਼ਨ ਨੂੰ ਵੌਕੀ-ਟੌਕੀ ਵਾਂਗ ਸਮਝਿਆ ਜਾ ਸਕਦਾ ਹੈ। ਇੱਕ ਪਾਸੇ ਮੈਸੇਜ ਭੇਜਣ ਵਾਲਾ ਹੁੰਦਾ ਹੈ ਅਤੇ ਦੂਜੇ ਪਾਸੇ ਮੈਸੇਜ ਪ੍ਰਾਪਤ ਕਰਨ ਵਾਲਾ ਹੁੰਦਾ ਹੈ।
ਸਪੇਸਕ੍ਰਾਫਟ ਦੇ ਵਿੱਚ ਇੱਕ ਟ੍ਰਾਂਸਮੀਟਰ ਲੱਗਿਆ ਹੁੰਦਾ ਹੈ ਜੋ ਕਿ ਸਿਗਨਲ ਭੇਜਦਾ ਹੈ ਅਤੇ ਧਰਤੀ ਵਿੱਚ ਵੱਡੇ ਐਨਟੀਨਾ ਲੱਗੇ ਹੁੰਦੇ ਹਨ ਜੋ ਕਿ ਮੈਸੇਜ ਨੂੰ ਰਿਸੀਵ ਕਰਦੇ ਹਨ। ਯਾਨੀ ਸਪੇਸ ਕਮਿਊਨੀਕੇਸ਼ਨ ਸਿਸਟਮ ਰਾਹੀਂ ਪੁਲਾੜ ਵਾਹਨ ਤੋਂ ਧਰਤੀ ਅਤੇ ਧਰਤੀ ਤੋਂ ਪੁਲਾੜ ਵਾਹਨ ਤੱਕ ਮੈਸੇਜ ਸਿਗਨਲਾਂ ਰਾਹੀਂ ਪਹੁੰਚਾਇਆ ਜਾਂਦਾ ਹੈ।
ਇਸ ਦੇ ਲਈ ਸਪੇਸ ਕਮਿਊਨੀਕੇਸ਼ਨ ਰੇਡੀਓ ਵੇਵਜ਼ ਦੀ ਵਰਤੋਂ ਕਰਦਾ ਹੈ। ਜਦੋਂ ਅਸੀਂ ਪੁਲਾੜ ਵਿੱਚ ਮੌਜੂਦ ਸਪੇਸ ਕ੍ਰਾਫਟ ਦੀ ਦਿਸ਼ਾ ਵੱਲ ਇਨ੍ਹਾਂ ਐਨਟੀਨਾ ਨੂੰ ਲਗਾਉਂਦੇ ਹਾਂ ਤਾਂ ਉਹ ਬਿਨਾਂ ਰੁਕਾਵਟ ਤੋਂ ਸਿਗਨਲ ਫੜ ਪਾਉਂਦੇ ਹਨ। ਇਨ੍ਹਾਂ ਐਨਟੀਨਾਂ ਨੂੰ ਸਪੇਸਕ੍ਰਾਫਟ ਦੀ ਲਾਈਨ ਦੇ ਮੁਤਾਬਕ ਹੀ ਡਿਜ਼ਾਈਨ ਕੀਤਾ ਜਾਂਦਾ ਹੈ।
ਪਰ ਧਰਤੀ ਤਾਂ ਘੁੰਮਦੀ ਰਹਿੰਦੀ ਹੈ। ਅਜਿਹੇ ਵਿੱਚ ਐਨਟੀਨਾ ਨੂੰ ਸਪੇਸਕ੍ਰਾਫਟ ਦੀ ਦਿਸ਼ਾ ਵੱਲ ਝੁਕਾਇਆ ਜਾਂਦਾ ਹੈ। ਇਸ ਲਈ ਧਰਤੀ ਉੱਤੇ ਇਨ੍ਹਾਂ ਐਨਟੀਨਾ ਨੂੰ ਵੱਖ-ਵੱਖ ਜਗ੍ਹਾਵਾਂ ਤੇ ਲਗਾਇਆ ਜਾਂਦਾ ਹੈ।
ਡੀਪ ਸਪੇਸ ਕਮਿਊਨੀਕੇਸ਼ਨ
ਜਦੋਂ ਧਰਤੀ ਦੀ ਓਰਬਿਟ ਤੋਂ ਮੀਲਾਂ ਦੂਰ ਮੌਜੂਦ ਸਪੇਸਕ੍ਰਾਫਟ ਨਾਲ ਸੰਚਾਰ ਕੀਤਾ ਜਾਂਦਾ ਹੈ ਤਾਂ ਉਸ ਦੇ ਲਈ ਖ਼ਾਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਡੀਪ ਸਪੇਸ ਕਮਿਊਨੀਕੇਸ਼ਨ ਕਹਿੰਦੇ ਹਨ।
ਇਸ ਡੀਪ ਸਪੇਸ ਕਮਿਊਨੀਕੇਸ਼ਨ ਨਾਲ ਅਸੀਂ ਵੱਖ-ਵੱਖ ਗ੍ਰਹਿ ਬਾਰੇ ਸਮਝਦੇ ਹਾਂ, ਇਸ ਗੱਲ ਬਾਰੇ ਜਾਣਦੇ ਹਾਂ ਕਿ ਚੰਨ੍ਹ ਉੱਤੇ ਕੀ ਹੋ ਰਿਹਾ ਹੈ ਜਾਂ ਫਿਰ ਉਲਕਾਪਿੰਡ ਵਿੱਚ ਕੀ ਹੋ ਰਿਹਾ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਡੀਪ ਸਪੇਸ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਵਿਕਸਿਤ ਕੀਤਾ ਹੋਇਆ ਹੈ।
ਧਰਤੀ ਦੇ ਘੁੰਮਣ ਦੌਰਾਨ ਸਪੇਸਕ੍ਰਾਫਟ ਨਾਲ ਸੰਚਾਰ ਨਾ ਰੁਕੇ, ਇਸ ਲਈ ਨਾਸਾ ਵੱਲੋਂ 3 ਵੱਖ-ਵੱਖ ਥਾਵਾਂ ਉੱਤੇ ਵੱਡੇ-ਵੱਡੇ ਐਨਟੀਨਾ ਲਗਾਏ ਗਏ ਹਨ। ਇਹ ਐਨਟੀਨਾ ਕੈਲੀਫੋਰਨੀਆ, ਸਪੇਨ ਅਤੇ ਆਸਟ੍ਰੇਲੀਆ ਵਿੱਚ ਲੱਗੇ ਹੋਏ ਹਨ। ਪੂਰੀ ਦੁਨੀਆਂ ਵਿੱਚ ਸਭ ਤੋਂ ਮਜ਼ਬੂਤ ਡੀਪ ਸਪੇਸ ਕਮਿਊਨਿਕੇਸ਼ਨ ਸਿਸਟਮ ਨਾਸਾ ਦਾ ਹੀ ਮੰਨਿਆ ਜਾਂਦਾ ਹੈ।
ਨਾਸਾ ਵੱਲੋਂ ਜਿਹੜੇ ਵੱਡੇ-ਵੱਡੇ ਐਨਟੀਨਾ ਲਗਾਏ ਗਏ ਹਨ, ਉਨ੍ਹਾਂ ਦਾ ਵਿਆਸ 70 ਮੀਟਰ ਹੈ। ਹਰ ਐਨਟੀਨਾ ਦਾ ਭਾਰ 2700 ਟਨ ਹੁੰਦਾ ਹੈ। ਇਹ ਅਰਬਾਂ ਮੀਲ ਦੂਰ ਮੌਜੂਦ ਸਪੇਸਕ੍ਰਾਫਟ ਨੂੰ ਵੀ ਟਰੈਕ ਕਰ ਸਕਦੇ ਹਨ।
ਇੰਟਰਸਟੈਲਰ ਸਪੇਸ ਕਮਿਊਨੀਕੇਸ਼ਨ
ਹੁਣ ਗੱਲ ਕਰਦੇ ਹਾਂ ਇੰਟਰਸਟੈਲਰ ਸਪੇਸ ਕਮਿਊਨੀਕੇਸ਼ਨ ਦੀ ਹੈ। ਇਸ ਦਾ ਮਤਲਬ ਹੁੰਦਾ ਹੈ ਹੈ ਸਪੇਸ ਵਿੱਚ ਕਮਿਊਨਿਕੇਸ਼ਨ ਸਿਸਟਮ ਨੂੰ ਵਿਕਸਿਤ ਕਰਨਾ। ਹਾਲੇ ਤੱਕ ਨਾਸਾ ਵੱਲੋਂ ਲਾਂਚ ਕੀਤੀਆਂ ਦੋ ਸੈਟੇਲਾਈਟਾਂ ਵੋਇਜਰ 1 ਅਤੇ ਵੋਇਜਰ 2 ਇਸ ਪੁਆਇੰਟ ਤੱਕ ਪਹੁੰਚ ਪਾਈਆਂ ਹਨ।
ਨਾਸਾ ਦੇ ਐਨਟੀਨਾ ਇਨ੍ਹਾਂ ਸੈਟੇਲਾਈਟਾਂ ਨਾਲ ਵੀ ਸੰਚਾਰ ਕਰ ਪਾਉਂਦੇ ਹਨ।
ਇਹ ਕਮਿਊਨਿਕੇਸ਼ਨ ਸੈਂਟਰ ਗੋਲਡਸਟੋਨ, ਕੈਲੀਫੋਰਨੀਆ, ਮੈਡਰਿਡ, ਸਪੇਨ ਅਤੇ ਆਸਟ੍ਰੇਲੀਆ ਵਿੱਚ ਹਨ ਜਿੱਥੇ ਵੱਡੇ ਅਤੇ ਛੋਟੇ, ਦੋਵੇਂ ਤਰ੍ਹਾਂ ਦੇ ਐਨਟੀਨਾ ਹਨ।
ਇਨ੍ਹਾਂ ਦਾ ਕੰਮ ਸਪੇਸਕ੍ਰਾਫਟ ਨੂੰ ਟਰੈਕ ਕਰਨਾ, ਉਨ੍ਹਾਂ ਨਾਲ ਸੰਚਾਰ ਕਰਨਾ ਅਤੇ ਉਨ੍ਹਾਂ ਨੂੰ ਨਿਰਦੇਸ਼ ਦੇਣਾ ਹੁੰਦਾ ਹੈ।
ਇਸੇ ਤਰ੍ਹਾਂ ਯੂਰੋਪੀਅਨ ਸਪੇਸ ਏਜੰਸੀ ਨੇ ਵੀ ਡੀਪ ਸਪੇਸ ਕਮਿਊਨੀਕੇਸ਼ਨ ਫ੍ਰੇਮਵਰਕ ਤਿਆਰ ਕੀਤਾ ਹੈ। ਸਪੇਨ, ਆਸਟ੍ਰੇਲੀਆ ਅਤੇ ਅਰਜਨਟੀਨਾ ਵਿੱਚ 35 ਮੀਟਰ ਵਿਆਸ ਦੇ ਵੱਡੇ ਐਨਟੀਨਾ ਲੱਗੇ ਹਨ।
ਇਸਰੋ ਦੇ ਸਾਬਕਾ ਚੇਅਰਮੈਨ ਸੀਵਾਨ ਨੇ ਦੱਸਿਆ ਕੇ ਇੰਡੀਅਨ ਸਪੇਸ ਰਿਸਰਚ ਆਰਗਨਾਈਜ਼ੇਸ਼ਨ ਯਾਨੀ ਇਸਰੋ ਦਾ ਐਨਟੀਨਾ ਬੈਗਲੋਰ ਵਿੱਚ ਲੱਗਿਆ ਹੈ, ਜਿਸ ਦਾ ਵਿਆਸ 32 ਮੀਟਰ ਹੈ। ਇਸ ਕਮਿਊਨਿਕੇਸ਼ਨ ਸਿਸਟਮ ਦੀ ਵਰਤੋਂ ਚੰਦਰਯਾਨ ਪ੍ਰੌਜੈਕਟ ਦੌਰਾਨ ਕੀਤੀ ਗਈ ਸੀ। ਭਾਰਤ ਦੇ ਦੇਸ਼-ਵਿਦੇਸ਼ਾਂ ਵਿੱਚ ਕੁੱਲ 18 ਸੈਂਟਰ ਹਨ ਜਿਨ੍ਹਾਂ ਵਿੱਚ 18 ਮੀਟਰ ਵਿਆਸ ਦੇ ਦੋ ਐਨਟੀਨਾ ਹਨ।
ਤੇਜ਼ ਸੰਚਾਰ ਲਈ ਦੁਨੀਆ ਭਰ ਦੇ ਸਪੇਸ ਵਿਗਿਆਨੀ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਹਨ ਰੇਡੀਓ ਵੇਵਜ਼ ਦੀ ਜਗ੍ਹਾ ਲੇਜ਼ਰ ਦੀ ਵਰਤੋਂ ਕੀਤੀ ਜਾਵੇ।
ਸਪੇਸਕ੍ਰਾਫਟ ਦਾ ਧਰਤੀ ਨਾਲ ਸੰਚਾਰ ਰੁਕ ਕਿਵੇਂ ਸਕਦਾ ਹੈ
ਭਾਵੇਂ ਪੁਲਾੜ ਸੰਚਾਰ ਲਈ ਵੱਡੇ-ਵੱਡੇ ਐਨਟੀਨਾ ਸਥਾਪਤ ਕੀਤੇ ਗਏ ਹਨ ਪਰ ਹਮੇਸ਼ਾ ਇਸ ਗੱਲ ਦਾ ਖਤਰਾ ਰਹਿੰਦਾ ਹੈ ਕਿ ਸਪੇਸਕ੍ਰਾਫਟ ਦਾ ਧਰਤੀ ਨਾਲ ਸੰਚਾਰ ਹੀ ਰੁੱਕ ਜਾਵੇ।
ਸਪੇਸਕ੍ਰਾਫਟ ਧਰਤੀ ਨਾਲੋਂ ਉਸ ਵੇਲੇ ਸੰਪਰਕ ਖੋਹ ਸਕਦਾ ਹੈ ਜਦੋਂ ਉਹ ਪੁਲਾੜ ਵਿੱਚ ਕਿਸੇ ਵਸਤੂ ਦੇ ਕੋਲੋ ਗੁਜ਼ਰਦਾ ਹੈ। ਹਾਲਾਂਕਿ ਜੋ ਪ੍ਰੋਜੈਕਟ ਲੀਡ ਕਰ ਰਹੇ ਹੁੰਦੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਖਦਸ਼ਾ ਹੁੰਦਾ ਹੈ ਕਿ ਇਹ ਕਦੋਂ ਅਤੇ ਕਿਵੇਂ ਹੋ ਸਕਦਾ ਹੈ।
ਇਸ ਲਈ ਸਪੇਸਕ੍ਰਾਫਟ ਨੂੰ ਆਪਣੇ ਆਪ ਸੰਚਾਲਨ ਕਰਨ ਦੇ ਯੋਗ ਵੀ ਬਣਾਇਆ ਜਾਂਦਾ ਹੈ।
ਅਤੇ ਕਈ ਵਾਰ ਕਿਸੀ ਗਲਤੀ ਜਾਂ ਖ਼ਾਮੀ ਕਾਰਨ ਵੀ ਸਪੇਸਕ੍ਰਾਫਟ ਦਾ ਧਰਤੀ ਤੋਂ ਸੰਪਰਕ ਟੁੱਟ ਸਕਦਾ ਹੈ। ਅਜਿਹੇ ਵਿੱਚ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਪੁਲਾੜ ਯਾਤਰੀਆਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾਂਦੀ ਹੈ।
ਇਸ ਬਾਰੇ ਇਸਰੋ ਦੇ ਸਾਬਕਾ ਨਿਰਦੇਸ਼ਕ ਮਾਈਲਾਸਾਮੀ ਅੱਨਾਦੁਰਈ ਨੇ ਦੱਸਿਆ ਕਿ ਅਜਿਹੀ ਐਮਰਜੈਂਸੀ ਵਾਲੀ ਸਥਿਤੀ ਲਈ ਪੁਲਾੜ ਯਾਤਰੀਆਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾਂਦੀ ਹੈ।
"ਹਮੇਸ਼ਾ 'ਪਲੈਨ ਬੀ' ਉਨ੍ਹਾਂ ਕੋਲ ਤਿਆਰ ਹੁੰਦਾ ਹੈ। ਅਜਿਹਾ ਸਪੇਸਕ੍ਰਾਫਟ ਲਈ ਵੀ ਹੁੰਦਾ ਹੈ। ਚੰਦਰਯਾਨ 3 ਪ੍ਰੋਜੈਕਟ ਵੇਲੇ ਵੀ ਸਪੇਸਕ੍ਰਾਫਟ ਨੂੰ ਅਜਿਹੇ ਕਿਸੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਕੀਤਾ ਗਿਆ ਸੀ ਕਿ ਜੇਕਰ ਵਾਹਨ ਤੈਅ ਥਾਂ ਉੱਤੇ ਲੈਂਡ ਨਹੀਂ ਕਰ ਪਾਉਂਦਾ ਹੈ ਤਾਂ ਉਹ ਫੇਰ ਕਿੱਥੇ ਲੈਂਡ ਕਰੇਗਾ। ਜੇਕਰ ਧਰਤੀ ਨਾਲ ਸੰਪਰਕ ਟੁੱਟ ਜਾਵੇ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਦਾ ਕੰਮ ਹੀ ਰੁੱਕ ਜਾਵੇਗਾ।"
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਲਾੜ ਯਾਤਰੀਆਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਹੱਲ ਕਿਵੇਂ ਕੱਢਣਾ ਹੈ।
ਜੇਕਰ ਆਟੋਮੈਟਿਕ ਕਾਰ ਵਿੱਚ ਅਚਾਨਕ ਕੋਈ ਖਰਾਬੀ ਹੋ ਜਾਵੇ ਤਾਂ ਡਰਾਈਵਰ ਕਾਰ ਦਾ ਕੰਟਰੋਲ ਆਪਣੇ ਹੱਥਾ ਵਿੱਚ ਲੈ ਲੈਂਦਾ ਹੈ। ਉਸੇ ਤਰ੍ਹਾਂ ਸਪੇਸਕ੍ਰਾਫਟ ਨਾਲ ਹੁੰਦਾ ਹੈ।
ਕੋਈ ਤਕਨੀਕੀ ਖਰਾਬੀ ਹੋ ਜਾਵੇ ਤਾਂ ਪੁਲਾੜ ਯਾਤਰੀ ਇਸ ਨੂੰ ਠੀਕ ਕਰ ਸਕਦੇ ਹਨ। ਪਰ ਜੇਕਰ ਦਿੱਕਤ ਸਪੇਸ ਕ੍ਰਾਫਟ ਦੇ ਬਾਹਰ ਹੁੰਦੀ ਹੈ ਤਾਂ ਪੁਲਾੜ ਯਾਤਰੀਆਂ ਲਈ ਇਸ ਨੂੰ ਠੀਕ ਕਰਨਾ ਔਖਾ ਹੈ।
ਅਜਿਹਾ ਸਾਲ 2023 ਵਿੱਚ ਹੋਇਆ ਸੀ ਜਦੋਂ ਹਾਊਸਟਨ ਵਿੱਚ ਨਾਸਾ ਦੀ ਇਮਾਰਤ ਵਿੱਚ ਬਿਜਲੀ ਚੱਲੇ ਜਾਣ ਦੇ ਕਾਰਨ ਇੰਟਰਨੈਸ਼ਨਲ ਸਪੇਸ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ ਸੀ।
ਉਸ ਵੇਲੇ ਰੂਸ ਦੇ ਸਪੇਸ ਕਮਿਊਨਿਕੇਸ਼ਨ ਸਿਸਟਮ ਨੇ ਪੁਲਾੜ ਯਾਤਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਬੈਕਅੱਪ ਕੰਟਰੋਲ ਸੈਂਟਰ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ 90 ਮਿੰਟਾਂ ਵਿੱਚ ਸਪੇਸਕ੍ਰਾਫਟ ਦਾ ਧਰਤੀ ਨਾਲ ਸੰਪਰਕ ਦੁਬਾਰਾ ਜੁੜ ਗਿਆ ਸੀ।
ਧਰਤੀ ਤੋਂ ਸਪੇਸਕ੍ਰਾਫਟ ਨੂੰ ਜਾਣਕਾਰੀ ਦੇਣ ਵਿੱਚ ਕਿੰਨਾ ਸਮਾਂ
ਮਾਈਲਾਸਾਮੀ ਅਨਾਦੁਰਈ ਦੱਸਦੇ ਹਨ ਕਿ ਜਦੋਂ ਮੰਗਲ ਗ੍ਰਹਿ ਧਰਤੀ ਦੇ ਸਭ ਤੋਂ ਜ਼ਿਆਦਾ ਕੋਲ ਹੁੰਦਾ ਹੈ ਤਾਂ ਮੈਸੇਜ ਭੇਜਣ ਵਿੱਚ 4 ਮਿੰਟ ਲੱਗਦੇ ਹਨ ਅਤੇ ਜਦੋਂ ਉਹ ਧਰਤੀ ਤੋਂ ਸਭ ਤੋਂ ਜ਼ਿਆਦਾ ਦੂਰ ਹੁੰਦਾ ਹੈ ਤਾਂ ਮੈਸੇਜ ਭੇਜਣ ਵਿੱਚ 24 ਮਿੰਟ ਲੱਗਦੇ ਹਨ।
ਬਾਕੀ ਇਹ ਸਮਾਂ ਦੂਰੀ ਦੇ ਹਿਸਾਬ ਨਾਲ ਤਾਂ ਬਦਲਦਾ ਹੀ ਹੈ ਪਰ ਇਹ ਉਦੋਂ ਵੀ ਬਦਲਦਾ ਹੈ ਕਿ ਮੈਸੇਜ ਵਿੱਚ ਕੀ ਹੈ।
ਕੀ ਇਹ ਲਿਖਤੀ ਮੈਸੇਜ ਹੈ ਜਾਂ ਆਡੀਓ ਮੈਸੇਜ ਹੈ ਜਾਂ ਫਿਰ ਵੀਡੀਓ ਮੈਸੇਜ ਹੈ। ਅਤੇ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਮੈਸੇਜ ਭੇਜਿਆ ਕਿਸ ਤਕਨੀਕ ਰਾਹੀਂ ਜਾ ਰਿਹਾ ਹੈ।
ਪੁਲਾੜ ਕੀ ਹੈ
ਧਰਤੀ ਅਤੇ ਪੁਲਾੜ ਦੇ ਵਿਚਲੀ ਸੀਮਾ ਨੂੰ ਕਰਮਨ ਰੇਖਾ ਕਿਹਾ ਜਾਂਦਾ ਹੈ।
ਆਮ ਕਰਕੇ ਬਹੁਤੇ ਦੇਸ਼ਾਂ ਦਾ ਮੰਨਣਾ ਹੈ ਕਿ ਕਰਮਨ ਰੇਖਾ ਤੋਂ ਬਾਅਦ ਸਪੇਸ ਯਾਨੀ ਪੁਲਾੜ ਸ਼ੁਰੂ ਹੋ ਜਾਂਦਾ ਹੈ। ਕਰਮਨ ਰੇਖਾ ਸਮੁੰਦਰ ਦੇ ਤਲ ਤੋਂ 100 ਕਿਲੋਮੀਟਰ ਦੀ ਉਚਾਈ 'ਤੇ ਹੁੰਦਾ ਹੈ।
ਹਾਲਾਂਕਿ ਕੁਝ ਥਾਵਾਂ ਉੱਤੇ 100 ਕਿਲੋਮੀਟਰ ਦੀ ਉਚਾਈ ਤੋਂ ਵੀ ਪੁਲਾੜ ਦੀ ਸ਼ੁਰੂਆਤ ਨਹੀਂ ਹੁੰਦੀ।
ਜਦੋਂ ਤੁਸੀਂ ਇਸ ਤੈਅ ਉਚਾਈ ਉੱਤੇ ਪਹੁੰਚ ਜਾਂਦੇ ਹੋ ਤਾਂ ਕੋਈ ਵੀ ਵਸਤੂ ਜਿਸ ਨੂੰ ਓਰਬਿਟਲ ਵੀਲੋਸਿਟੀ ਨਹੀਂ ਮਿਲ ਪਾਉਂਦੀ ਤਾਂ ਉਹ ਧਰਤੀ ਉੱਤੇ ਵਾਪਸ ਡਿੱਗ ਜਾਂਦੀ ਹੈ।
ਹਾਲਾਂਕਿ ਅਮਰੀਕਾ ਦਾ ਮੰਨਣਾ ਹੈ ਕਿ 80 ਕਿਲੋਮੀਟਰ ਤੋਂ ਬਾਅਦ ਪੁਲਾੜ ਦੀ ਸ਼ੁਰੂਆਤ ਹੋ ਜਾਂਦੀ ਹੈ।
ਇਸ 80 ਕਿਲੋਮੀਟਰ ਨੂੰ ਪੁਲਾੜ ਯਾਤਰੀ ਰੇਖਾ ਕਿਹਾ ਜਾਂਦਾ ਹੈ। ਅਤੇ ਜੋ ਵੀ ਯਾਤਰੀ ਜਾਂ ਖੋਜੀ ਇਸ ਤੈਅ ਉਚਾਈ ਤੋਂ ਉੱਪਰ ਜਾਂਦਾ ਹੈ ਤਾਂ ਉਸ ਨੂੰ ਪੁਲਾੜ ਯਾਤਰੀ ਕਿਹਾ ਜਾਂਦਾ ਹੈ।
ਹਾਲਾਂਕਿ ਕਿੰਨੇ ਕਿਲੋਮੀਟਰ ਤੋਂ ਬਾਅਦ ਪੁਲਾੜ ਸ਼ੁਰੂ ਹੁੰਦਾ ਹੈ ਇਸ ਉੱਪਰ ਵਿਸ਼ਵ ਪੱਧਰ ਉੱਤੇ ਕੋਈ ਵੀ ਸਹਿਮਤੀ ਨਹੀਂ ਬਣੀ ਹੈ।
ਹਾਲਾਂਕਿ ਵਰਲਡ ਏਅਰ ਸਪੋਰਟਸ ਫੈਡਰੇਸ਼ਨ ਐੱਡ ਦਾ ਫੈਡਰੇਸ਼ਨ ਐਰਾਨੋਟਿਕ ਇੰਟਰਨੈਸ਼ਨ 100 ਕਿਲੋਮੀਟਰ ਦੇ ਦਾਇਰੇ ਨੂੰ ਹੀ ਕਰਮਨ ਰੇਖਾ ਮੰਨਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ