You’re viewing a text-only version of this website that uses less data. View the main version of the website including all images and videos.
ਰਿਕਾਰਡ ਤੋੜਦਾ ਪਾਰਾ ਤੇ ਗਰਮ ਹੁੰਦਾ ਸਮੁੰਦਰ, ਵਿਗਿਆਨੀਆਂ ਦੀ ਕੀ ਹੈ ਚੇਤਾਵਨੀ ਤੇ ਚਿੰਤਾ
- ਲੇਖਕ, ਜਾਰਜਿਨਾ ਰੈਨਰਡ, ਇਰਵਨ ਰੈਵੋਲਟ, ਜੇਨਾ ਤੋਸ਼ਚਿੰਸਕੀ
- ਰੋਲ, ਬੀਬੀਸੀ ਜਲਵਾਯੂ ਪੱਤਰਕਾਰ ਅਤੇ ਡੇਟਾ ਟੀਮ
ਤਾਪਮਾਨ ਵਿੱਚ ਰਿਕਾਰਡ ਵਾਧਾ, ਸਮੁੰਦਰ ਦੀ ਸਤਿਹ ਦੇ ਵਧਦੇ ਤਾਪਮਾਨ ਅਤੇ ਅੰਟਾਰਕਟਿਕ ਸਾਗਰ 'ਚ ਬਰਫ਼ ਪਿਘਲਣ ਦੀਆਂ ਇੱਕ ਤੋਂ ਬਾਅਦ ਇੱਕ ਘਟਨਾਵਾਂ ਨੂੰ ਲੈ ਕੇ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਵਿੱਚ ਦੇਖੀ ਜਾ ਰਹੀ ਤੇਜ਼ੀ ਅਤੇ ਉਨ੍ਹਾਂ ਦੀ ਘਟਨਾ ਦਾ ਸਮਾਂ ਕੁਝ ਅਜਿਹਾ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਪੂਰੇ ਯੂਰਪ ਵਿੱਚ ਭਿਆਨਕ ਗਰਮੀ ਦੀ ਲਹਿਰ ਇੱਕ 'ਸਭ ਤੋਂ ਘਾਤਕ ਕੁਦਰਤੀ ਆਫ਼ਤ' ਹੈ ਜੋ ਹੋਰ ਰਿਕਾਰਡ ਤੋੜ ਸਕਦੀ ਹੈ।
ਪਾਕਿਸਤਾਨ ਅਜੇ ਤੱਕ ਪਿਛਲੇ ਸਾਲ ਦੇ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕਿਆ ਹੈ ਅਤੇ ਇਸ ਸਾਲ ਇੱਕ ਵਾਰ ਫਿਰ ਤੋਂ ਮਾਨਸੂਨ ਦੀ ਭਾਰੀ ਬਾਰਿਸ਼ ਦਾ ਸਾਹਮਣਾ ਕਰ ਰਿਹਾ ਹੈ।
ਪਿਛਲੇ ਸਾਲ ਦੇ ਹੜ੍ਹਾਂ ਨੇ ਪਾਕਿਸਤਾਨ ਵਿੱਚ 1,500 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ, ਜਦਕਿ ਹਜ਼ਾਰਾਂ ਹੈਕਟੇਅਰ ਖੇਤ ਪਾਣੀ ਵਿੱਚ ਡੁੱਬ ਗਏ ਸਨ। ਇਸ ਦੇ ਨਾਲ ਹੀ ਲਾਹੌਰ ਵਿੱਚ ਇਸ ਸਾਲ ਹੁਣ ਤੱਕ ਦੋ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਦਾ ਇੱਕ ਵੱਡਾ ਹਿੱਸਾ ਇਸ ਸਾਲ ਬਹੁਤ ਜ਼ਿਆਦਾ ਮੀਂਹ ਨਾਲ ਜੂਝ ਰਿਹਾ ਹੈ। ਜਿੱਥੇ ਦੇਸ਼ ਦਾ 40 ਫੀਸਦ ਹਿੱਸਾ ਜ਼ਿਆਦਾ ਮੀਂਹ ਅਤੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਦੇਸ਼ ਦਾ ਵੱਡਾ ਹਿੱਸਾ ਅਜੇ ਵੀ ਮੀਂਹ ਨੂੰ ਤਰਸ ਰਿਹਾ ਹੈ।
ਰਾਜਧਾਨੀ ਦਿੱਲੀ ਸਣੇ ਕਈ ਇਲਾਕਿਆਂ 'ਚ ਇਸ ਸਾਲ ਮਾਨਸੂਨ ਦੇ ਮੀਂਹ ਨੇ ਪਿਛਲੇ ਦਹਾਕਿਆਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਜਲਵਾਯੂ ਪਰਿਵਰਤਨ 'ਤੇ ਸ਼ਹਿਰ ਦੇ ਪ੍ਰਸ਼ਾਸਨ ਦੇ ਡਰਾਫਟ ਐਕਸ਼ਨ ਪਲਾਨ ਅਨੁਸਾਰ, ਜਲਵਾਯੂ ਪਰਿਵਰਤਨ ਕਾਰਨ ਦਿੱਲੀ ਨੂੰ ਸਾਲ 2050 ਤੱਕ 2.75 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।
ਇਸ ਰਿਪੋਰਟ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਸ਼ਹਿਰ ਨੂੰ ਗਰਮ ਹਵਾਵਾਂ, ਉੱਚ ਤਾਪਮਾਨ ਅਤੇ ਹਵਾ ਵਿੱਚ ਘੱਟ ਨਮੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਰਿਪੋਰਟ ਨੂੰ ਅਜੇ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਹੈ।
ਜਲਵਾਯੂ ਤਬਦੀਲੀ ਦਾ ਕਾਰਨ
ਮਾਹਿਰਾਂ ਦੀ ਮੰਨੀਏ ਤਾਂ ਮੌਸਮ ਅਤੇ ਸਮੁੰਦਰ ਵਿੱਚ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਜਲਵਾਯੂ ਪਰਿਵਰਤਨ ਨਾਲ ਸਿੱਧਾ ਜੋੜ ਕੇ ਦੇਖਣਾ ਮੁਸ਼ਕਲ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਬਹੁਤ ਗੁੰਝਲਦਾਰ ਹਨ।
ਇਸ ਸਬੰਧੀ ਕਈ ਅਧਿਐਨ ਕੀਤੇ ਜਾ ਰਹੇ ਹਨ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਦੁਨੀਆਂ ਦੇ ਸਾਹਮਣੇ ਕਈ ਡਰਾਉਣੇ ਦ੍ਰਿਸ਼ ਆਉਣ ਲੱਗੇ ਹਨ।
ਲੰਡਨ ਸਕੂਲ ਆਫ ਇਕਨਾਮਿਕਸ ਦੇ ਵਾਤਾਵਰਣ ਭੂਗੋਲ ਵਿਗਿਆਨੀ ਡਾਕਟਰ ਥਾਮਸ ਸਮਿਥ ਕਹਿੰਦੇ ਹਨ, "ਮੈਨੂੰ ਅਜਿਹੇ ਕਿਸੇ ਹੋਰ ਦੌਰ ਦੀ ਜਾਣਕਾਰੀ ਨਹੀਂ ਹੈ ਜਦੋਂ ਜਲਵਾਯੂ ਪ੍ਰਣਾਲੀ ਦੇ ਸਾਰੇ ਹਿੱਸੇ ਰਿਕਾਰਡ ਪੱਧਰ 'ਤੇ ਕਿਸੇ ਨਾ ਕਿਸੇ ਮੁਸੀਬਤ ਨਾਲ ਜੂਝ ਰਹੇ ਹੋਣ।''
ਦੂਜੇ ਪਾਸੇ, ਇੰਪੀਰੀਅਲ ਕਾਲਜ ਲੰਡਨ ਵਿੱਚ ਜਲਵਾਯੂ ਵਿਗਿਆਨ ਪੜ੍ਹਾ ਰਹੇ ਡਾਕਟਰ ਪਾਓਲੋ ਸੇਪੀ ਕਹਿੰਦੇ ਹਨ ਕਿ ਜੀਵਸ਼ਮ ਤੋਂ ਮਿਲਣ ਵਾਲੇ ਇੰਧਨ ਕਾਰਨ ਹੋ ਰਹੀ ਗਲੋਬਲ ਵਾਰਮਿੰਗ ਅਤੇ ਅਲ ਨੀਨੋ (2018 ਤੋਂ ਮੌਸਮ ਵਿੱਚ ਹੋ ਰਹੀ ਤਬਦੀਲੀ ਦੀ ਕੁਦਰਤੀ ਪ੍ਰਕਿਰਿਆ) ਕਾਰਨ ਅਜਿਹਾ ਲੱਗਦਾ ਹੈ ਕਿ ਧਰਤੀ ਹੁਣ "ਕਿਸੇ ਅਣਜਾਣ ਖੇਤਰ ਵਿੱਚ ਦਾਖਲ ਹੋ ਗਈ ਹੈ"।
ਇਸ ਸਾਲ ਗਰਮੀਆਂ ਵਿੱਚ ਹੁਣ ਤੱਕ ਮੌਸਮ ਦੇ ਚਾਰ ਰਿਕਾਰਡ ਟੁੱਟ ਚੁੱਕੇ ਹਨ - ਇਸ ਸਾਲ ਜੁਲਾਈ ਵਿੱਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ, ਵਿਸ਼ਵ ਪੱਧਰ 'ਤੇ ਜੂਨ ਸਭ ਤੋਂ ਗਰਮ ਮਹੀਨਾ ਸੀ, ਸਮੁੰਦਰਾਂ ਵਿੱਚ ਬਹੁਤ ਜ਼ਿਆਦਾ ਗਰਮ ਲੂ ਅਤੇ ਅੰਟਾਰਕਟਿਕ ਸਾਗਰ 'ਚ ਜੰਮੀ ਬਰਫ਼ ਵਿੱਚ ਰਿਕਾਰਡ ਕਮੀ ਆਈ।
ਪਰ ਮੌਸਮ ਵਿੱਚ ਆ ਰਹੀਆਂ ਇਨ੍ਹਾਂ ਤਬਦੀਲੀਆਂ ਦੇ ਸਾਡੇ ਲਈ ਕੀ ਸੰਕੇਤ ਹਨ ਧਰਤੀ ਅਤੇ ਮਨੁੱਖੀ ਭਵਿੱਖ ਨੂੰ ਇਹ ਕਿਸ ਹੱਦ ਤੱਕ ਪ੍ਰਭਾਵਿਤ ਕਰ ਸਕਦੇ ਹਨ?
ਰਿਕਾਰਡ ਤੋੜ ਗਰਮੀ
ਇਸ ਵਾਰ ਦੁਨੀਆਂ ਭਰ 'ਚ ਜੁਲਾਈ ਮਹੀਨੇ 'ਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਇਸ ਨੇ 2016 ਵਿੱਚ ਬਣੇ ਗਲੋਬਲ ਔਸਤ ਤਾਪਮਾਨ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ।
ਜਲਵਾਯੂ 'ਤੇ ਨਜ਼ਰ ਰੱਖਣ ਵਾਲੀ ਯੂਰਪੀ ਸੰਘ ਦੀ ਏਜੰਸੀ ਕੋਪਰਨਿਕਸ ਦੇ ਅਨੁਸਾਰ, ਇਸ ਸਾਲ 6 ਜੁਲਾਈ ਨੂੰ ਵਿਸ਼ਵ ਦਾ ਔਸਤ ਤਾਪਮਾਨ 17.08 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।
ਧਰਤੀ ਦੇ ਗਰਮ ਹੋਣ ਦੇ ਕਾਰਨਾਂ ਪਿੱਛੇ ਜੈਵਿਕ ਇੰਧਨ ਜਿਵੇਂ ਕਿ ਤੇਲ, ਕੋਲਾ ਅਤੇ ਗੈਸ ਦੇ ਜਲਣ ਤੋਂ ਨਿਕਲਣ ਵਾਲੇ ਨਿਕਾਸ ਸ਼ਾਮਲ ਹਨ।
ਇੰਪੀਰੀਅਲ ਕਾਲਜ ਲੰਡਨ ਵਿੱਚ ਜਲਵਾਯੂ ਵਿਗਿਆਨੀ ਡਾਕਟਰ ਫਰੈਡਰਿਕ ਓਟੋ ਦਾ ਕਹਿਣਾ ਹੈ ਕਿ ਗ੍ਰੀਨਹਾਊਸ ਗੈਸਾਂ ਕਾਰਨ ਧਰਤੀ ਦੇ ਗਰਮ ਹੋਣ ਬਾਰੇ ਇਸ ਤਰ੍ਹਾਂ ਦੀ ਭਵਿੱਖਬਾਣੀ ਪਹਿਲਾਂ ਕਰ ਦਿੱਤੀ ਗਈ ਸੀ।
ਡਾਕਟਰ ਫਰੈਡਰਿਕ ਕਹਿੰਦੇ ਹਨ, "ਇਸ ਰੁਝਾਨ ਦੇ ਵਧਣ ਪਿੱਛੇ ਸੌ ਫੀਸਦੀ ਮਨੁੱਖੀ ਹੱਥ ਹੈ।"
ਡਾਕਟਰ ਥਾਮਸ ਸਮਿਥ ਕਹਿੰਦੇ ਹਨ, "ਜੇਕਰ ਮੈਨੂੰ ਕਿਸੇ ਗੱਲ 'ਤੇ ਹੈਰਾਨੀ ਹੈ ਤਾਂ ਉਹ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਜੂਨ ਮਹੀਨੇ ਵਿੱਚ ਹੀ ਰਿਕਾਰਡ ਟੁੱਟ ਗਿਆ ਹੈ। ਅਜੇ ਤਾਂ ਸਾਲ ਵੀ ਪੂਰਾ ਨਹੀਂ ਹੋਇਆ। ਆਮ ਤੌਰ 'ਤੇ ਵਿਸ਼ਵ ਪੱਧਰ 'ਤੇ ਐਲ-ਨੀਨੋ ਪ੍ਰਕਿਰਿਆ ਦਾ ਅਸਰ ਇਸ ਦੇ ਸ਼ੁਰੂ ਹੋਣ ਤੋਂ ਬਾਅਦ ਪੰਜ-ਛੇ ਮਹੀਨਿਆਂ ਤੱਕ ਦਿਖਾਈ ਨਹੀਂ ਦਿੰਦਾ।"
ਐਲ-ਨੀਨੋ ਜਲਵਾਯੂ ਦੇ ਉਤਰਾਅ-ਚੜ੍ਹਾਅ ਦੀ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਕੁਦਰਤੀ ਪ੍ਰਕਿਰਿਆ ਹੈ।
ਊਸ਼ਣ ਕਟਿਬੰਧੀ ਪ੍ਰਸ਼ਾਂਤ ਵਿੱਚ, ਇਹ ਪ੍ਰਕਿਰਿਆ ਸਮੁੰਦਰ ਦੀ ਸਤਿਹ 'ਤੇ ਮੌਜੂਦ ਪਾਣੀ ਨੂੰ ਗਰਮ ਕਰ ਦਿੰਦੀ ਹੈ, ਜਿਸ ਨਾਲ ਵਾਯੂਮੰਡਲ 'ਚ ਗਰਮ ਹਵਾਵਾਂ ਚੱਲਣ ਲੱਗਦੀਆਂ ਹਨ। ਆਮ ਤੌਰ 'ਤੇ ਇਹ ਪ੍ਰਕਿਰਿਆ ਵਿਸ਼ਵ ਪੱਧਰ 'ਤੇ ਵਾਯੂਮੰਡਲ ਦੇ ਤਾਪਮਾਨ ਨੂੰ ਵਧਾ ਦਿੰਦੀ ਹੈ।
ਉਦਯੋਗੀਕਰਨ ਤੋਂ ਪਹਿਲਾਂ ਦੇ ਦੌਰ 'ਚ ਜੂਨ ਮਹੀਨੇ ਦੇ ਤਾਪਮਾਨ ਦੀ ਤੁਲਨਾ 'ਚ ਇਸ ਸਾਲ ਜੂਨ ਮਹੀਨੇ 'ਚ ਔਸਤ ਵਿਸ਼ਵ ਪੱਧਰ ਦਾ ਤਾਪਮਾਨ 1.47 ਡਿਗਰੀ ਸੈਲਸੀਅਸ ਤੱਕ ਵੱਧ ਰਿਹਾ।
ਉਦਯੋਗੀਕਰਨ ਲਗਭਗ 1800 ਦੇ ਲਾਗੇ ਸ਼ੁਰੂ ਹੋਇਆ, ਜਿਸ ਤੋਂ ਬਾਅਦ ਮਨੁੱਖ ਲਗਾਤਾਰ ਵੱਡੀ ਮਾਤਰਾ ਵਿੱਚ ਗ੍ਰੀਨਹਾਊਸ ਗੈਸਾਂ ਨੂੰ ਵਾਯੂਮੰਡਲ ਵਿੱਚ ਛੱਡਦਾ ਰਿਹਾ ਹੈ।
2023 ਦੀਆਂ ਗਰਮੀਆਂ ਵਿੱਚ ਜੋ ਵਾਪਰਿਆ, ਕੀ ਉਸ ਦੀ ਭਵਿੱਖਬਾਣੀ ਇੱਕ ਦਹਾਕੇ ਪਹਿਲਾਂ ਕੀਤੀ ਗਈ ਸੀ?
ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਸਮਿਥ ਕਹਿੰਦੇ ਹਨ ਕਿ ਜਲਵਾਯੂ ਦੀ ਭਵਿੱਖਬਾਣੀ ਕਰਨ ਲਈ ਵਰਤੇ ਜਾਣ ਵਾਲੇ ਮਾਡਲ ਲੰਬੇ ਸਮੇਂ ਵਿੱਚ ਰੁਝਾਨਾਂ ਦਾ ਅੰਦਾਜ਼ਾ ਲਗਾਉਣ ਵਿੱਚ ਕਾਰਗਰ ਹਨ ਪਰ ਇਹ 10 ਸਾਲਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਦੇ।
ਉਹ ਕਹਿੰਦੇ ਹਨ, "1990 ਦੇ ਮਾਡਲ ਦੇ ਅਨੁਸਾਰ ਅਸੀਂ ਬਹੁਤ ਹੱਦ ਤੱਕ ਉੱਥੇ ਹੀ ਹਾਂ ਜਿੱਥੇ ਅੱਜ ਹਾਂ। ਪਰ ਅਗਲੇ 10 ਸਾਲਾਂ ਵਿੱਚ ਸਥਿਤੀ ਅਸਲ ਵਿੱਚ ਕਿਹੋ ਜਿਹੀ ਹੋਵੇਗੀ ਇਸ ਦਾ ਸਹੀ ਮੁਲਾਂਕਣ ਕਰਨਾ ਬਹੁਤ ਔਖਾ ਹੈ।"
ਉਹ ਕਹਿੰਦੇ ਹਨ, "ਅਜਿਹਾ ਨਹੀਂ ਲੱਗਦਾ ਕਿ ਵਧਦਾ ਤਾਪਮਾਨ ਘਟਣਾ ਸ਼ੁਰੂ ਹੋ ਜਾਵੇਗਾ।"
ਗਰਮ ਹੁੰਦਾ ਸਮੁੰਦਰ
ਮਈ, ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਚ ਵਿਸ਼ਵ ਪੱਧਰ 'ਤੇ ਸਮੁੰਦਰ ਦੇ ਔਸਤ ਤਾਪਮਾਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਾਲ 2016 'ਚ ਸਮੁੰਦਰ ਦੀ ਸਤਿਹ 'ਤੇ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਸਾਲ ਤਾਪਮਾਨ ਰਿਕਾਰਡ ਪੱਧਰ 'ਤੇ ਪਹੁੰਚਣ ਵਾਲਾ ਹੈ।
ਪਰ ਉੱਤਰੀ ਅਟਲਾਂਟਿਕ ਸਾਗਰ ਵਿੱਚ ਅੱਤ ਦੀ ਗਰਮੀ ਕਾਰਨ ਵੱਧ ਰਿਹਾ ਸਮੁੰਦਰੀ ਤਾਪਮਾਨ ਵਿਗਿਆਨੀਆਂ ਲਈ ਖ਼ਾਸ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਬ੍ਰਿਸਟਲ ਯੂਨੀਵਰਸਿਟੀ ਵਿੱਚ ਭੂ-ਵਿਗਿਆਨ ਦੇ ਪ੍ਰੋਫੈਸਰ ਡੈਨਿਲਾ ਸ਼ਮਿੱਡ ਕਹਿੰਦੇ ਹਨ, "ਅਸੀਂ ਪਹਿਲਾਂ ਕਦੇ ਅਟਲਾਂਟਿਕ ਦੇ ਇਸ ਹਿੱਸੇ ਵਿੱਚ ਗਰਮ ਲਹਿਰਾਂ ਨਹੀਂ ਦੇਖੀਆਂ ਸਨ। ਮੈਂ ਇਸ ਦੀ ਉਮੀਦ ਨਹੀਂ ਕਰ ਰਹੀ ਸੀ।"
ਜੂਨ ਦੇ ਮਹੀਨੇ ਵਿੱਚ, ਆਇਰਲੈਂਡ ਦੇ ਪੱਛਮੀ ਤੱਟ 'ਤੇ ਤਾਪਮਾਨ ਔਸਤ ਨਾਲੋਂ 4 ਅਤੇ 5 ਡਿਗਰੀ ਸੈਲਸੀਅਸ ਜ਼ਿਆਦਾ ਤੱਕ ਪਹੁੰਚ ਗਿਆ ਸੀ।
ਨੈਸ਼ਨਲ ਓਸ਼ਨਿਕ ਐਂਡ ਐਟਮਾਸਫ਼ੇਰਿਕ ਐਡਮਿਨਿਸਟ੍ਰੇਸ਼ਨ ਨੇ ਇਸ ਨੂੰ ਸ਼੍ਰੇਣੀ 5 ਦੀ ਗਰਮ ਲੂ ਕਿਹਾ ਹੈ, ਜਿਸ ਦਾ ਅਰਥ ਹੈ 'ਬਹੁਤ ਜ਼ਿਆਦਾ ਤੋਂ ਵੀ ਜ਼ਿਆਦਾ' ਗਰਮ ਹਵਾਵਾਂ।
ਹਾਲਾਂਕਿ ਪ੍ਰੋਫੈਸਰ ਡੈਨਿਲਾ ਸ਼ਮਿੱਡ ਦਾ ਕਹਿਣਾ ਹੈ ਕਿ ਤਾਪਮਾਨ ਵਧਣ ਦੇ ਇਸ ਵਰਤਾਰੇ ਨੂੰ ਜਲਵਾਯੂ ਤਬਦੀਲੀ ਨਾਲ ਜੋੜਨਾ ਗੁੰਝਲਦਾਰ ਹੈ, ਪਰ ਤੁਸੀਂ ਕਹਿ ਸਕਦੇ ਹੋ ਕਿ ਅਜਿਹਾ ਹੋ ਰਿਹਾ ਹੈ।
ਉਹ ਦੱਸਦੇ ਹਨ ਕਿ ਇਹ ਸਪੱਸ਼ਟ ਹੈ ਕਿ ਧਰਤੀ ਗਰਮ ਹੋ ਰਹੀ ਹੈ ਅਤੇ ਵਾਯੂਮੰਡਲ ਵਿੱਚ ਮੌਜੂਦ ਗਰਮ ਹਵਾ ਨੂੰ ਸਮੁੰਦਰ ਜਜ਼ਬ ਕਰ ਰਿਹਾ ਹੈ।
ਉਹ ਕਹਿੰਦੇ ਹਨ, "ਜਲਵਾਯੂ ਪਰਿਵਰਤਨ ਦੇ ਸਾਡੇ ਮਾਡਲਾਂ ਵਿੱਚ ਕੁਦਰਤੀ ਪਰਿਵਰਤਨਸ਼ੀਲਤਾ ਹੈ ਅਤੇ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਬਾਰੇ ਪਹਿਲਾਂ ਤੋਂ ਕੋਈ ਅਨੁਮਾਨ ਨਹੀਂ ਲਗਾਇਆ ਗਿਆ ਸੀ, ਘੱਟ-ਘੱਟ ਉਨ੍ਹਾਂ ਦੇ ਇਸੇ ਵੇਲੇ ਘਟਣ ਬਾਰੇ ਤਾਂ ਨਹੀਂ।
ਦੁਨੀਆਂ ਦੀ ਜ਼ਰੂਰਤ ਦੀ 50 ਫੀਸਦੀ ਆਕਸੀਜਨ ਸਮੁੰਦਰ ਤੋਂ ਹੀ ਮਿਲਦੀ ਹੈ।
ਸਮੁੰਦਰੀ ਇਕੋਸਿਸਟਮ 'ਤੇ ਮੌਸਮ 'ਚ ਆ ਰਹੇ ਬਦਲਾਅ ਦੇ ਅਸਰ ਬਾਰੇ ਉਹ ਕਹਿੰਦੇ ਹਨ, "ਜਦੋਂ ਅਸੀਂ ਗਰਮ ਲੂ ਦੀ ਗੱਲ ਕਰਦੇ ਹਾਂ ਤਾਂ ਲੋਕ ਅਕਸਰ ਸੁੱਕ ਰਹੇ ਰੁੱਖਾਂ ਅਤੇ ਪੀਲੇ ਹੋ ਰਹੇ ਘਾਹ ਬਾਰੇ ਸੋਚਦੇ ਹਨ।''
"ਅਟਲਾਂਟਿਕ ਸਾਗਰ ਦਾ ਤਾਪਮਾਨ ਜਿੰਨਾ ਹੋਣਾ ਚਾਹੀਦਾ ਹੈ ਉਸ ਨਾਲੋਂ 5 ਡਿਗਰੀ ਸੈਲਸੀਅਸ ਵੱਧ ਗਰਮ ਹੈ। ਇਸ ਦਾ ਮਤਲਬ ਹੈ ਕਿ ਜੀਵਾਂ ਨੂੰ ਆਪਣਾ ਕੰਮ ਸਹਿਜ ਰੂਪ ਨਾਲ ਕਰਨ ਲਈ ਹੁਣ 50 ਫੀਸਦੀ ਤੋਂ ਜ਼ਿਆਦਾ ਭੋਜਨ ਦੀ ਜ਼ਰੂਰਤ ਹੁੰਦੀ ਹੈ।''
ਜਲਵਾਯੂ ਤਬਦੀਲੀ ਕੀ ਹੈ?
- ਜਲਵਾਯੂ ਕਈ ਸਾਲਾਂ ਤੋਂ ਕਿਸੇ ਜਗ੍ਹਾ ਦਾ ਔਸਤ ਮੌਸਮ ਹੁੰਦਾ ਹੈ
- ਜਲਵਾਯੂ ਤਬਦੀਲੀ ਉਨ੍ਹਾਂ ਔਸਤ ਸਥਿਤੀਆਂ ਵਿੱਚ ਆਈ ਇੱਕ ਤਬਦੀਲੀ ਹੈ
- ਵਿਸ਼ਵਵਿਆਪੀ ਪੱਧਰ 'ਤੇ ਤਾਪਮਾਨ ਵਧਣ ਦੇ ਨਾਲ ਧਰਤੀ ਹੁਣ ਤੇਜ਼ੀ ਨਾਲ ਜਲਵਾਯੂ ਤਬਦੀਲੀ ਦੇ ਦੌਰ ਵਿੱਚ ਹੈ
ਇਸ ਦੇ ਕੀ ਪ੍ਰਭਾਵ ਹੋ ਸਕਦੇ ਹਨ
- ਜਲਵਾਯੂ ਤਬਦੀਲੀ ਸਾਡੇ ਰਹਿਣ ਦੇ ਢੰਗ ਨੂੰ ਬਦਲ ਦੇਵੇਗੀ
- ਇਸ ਨਾਲ ਪਾਣੀ ਦੀ ਕਮੀ ਹੋ ਸਕਦੀ ਹੈ ਅਤੇ ਭੋਜਨ ਪੈਦਾ ਕਰਨਾ ਮੁਸ਼ਕਿਲ ਹੋ ਸਕਦਾ ਹੈ
- ਸਮੁੰਦਰ ਦੇ ਵਧਦੇ ਪੱਧਰ ਕਾਰਨ ਕੁਝ ਖੇਤਰ ਖਤਰਨਾਕ ਤੌਰ 'ਤੇ ਗਰਮ ਹੋ ਸਕਦੇ ਹਨ ਤੇ ਦੂਸਰੇ ਰਹਿਣ ਯੋਗ ਨਹੀਂ ਹੋ ਸਕਦੇ
- ਧਰੁਵੀ ਰਿੱਛਾਂ ਦੇ ਅਲੋਪ ਹੋਣ ਦਾ ਖ਼ਤਰਾ ਹੈ ਕਿਉਂਕਿ ਉਹ ਜਿਸ ਬਰਫ਼ 'ਤੇ ਨਿਰਭਰ ਕਰਦੇ ਹਨ, ਉਹ ਪਿਘਲ ਰਹੀ ਹੈ
- ਗੰਭੀਰ ਮੌਸਮ ਜਿਵੇਂ ਲੂਅ, ਮੂਸਲਾਧਾਰ ਮੀਂਹ ਅਤੇ ਤੂਫਾਨ - ਅਕਸਰ ਅਤੇ ਬਹੁਤ ਤੀਬਰ ਹੋ ਜਾਣਗੇ
- ਗਰੀਬ ਦੇਸ਼ਾਂ ਦੇ ਲੋਕ, ਜੋ ਇਸ ਤਬਦੀਲੀ ਨਾਲ ਆਪਣੇ ਜੀਵਨ ਵਿੱਚ ਬਦਲਾਅ ਨਹੀਂ ਲਿਆ ਸਕਣਗੇ, ਉਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ
- ਧਰੁਵੀ ਬਰਫ਼ ਅਤੇ ਗਲੇਸ਼ੀਅਰ ਪਿਘਲਣ ਨਾਲ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਵਧੇਗਾ
- ਜੰਗਲਾਂ 'ਚ ਲੱਗਣ ਵਾਲੀ ਅੱਗ ਵਧੇਗੀ ਅਤੇ ਇਸ ਨਾਲ ਵਾਤਾਵਰਨ ਤੇ ਜੀਵਨ ਦਾ ਨੁਕਸਾਨ ਹੋਵੇਗਾ
- ਜਲਵਾਯੂ ਤਬਦੀਲੀ ਇੰਨੀ ਤੇਜ਼ੀ ਨਾਲ ਹੋ ਰਹੀ ਹੈ ਕਿ ਬਹੁਤ ਸਾਰੀਆਂ ਪ੍ਰਜਾਤੀਆਂ ਦੇ ਅਲੋਪ ਹੋ ਜਾਣ ਦੀ ਸੰਭਾਵਨਾ ਹੈ
ਅੰਟਾਰਕਟਿਕਾ ਵਿੱਚ ਜੰਮੀ ਬਰਫ਼ ਵਿੱਚ ਰਿਕਾਰਡ ਕਮੀ
ਜੁਲਾਈ ਮਹੀਨੇ ਵਿੱਚ ਅੰਟਾਰਕਟਿਕ ਸਾਗਰ ਵਿੱਚ ਮੌਜੂਦ ਬਰਫ਼ ਦੀ ਚਾਦਰ ਵਿੱਚ ਰਿਕਾਰਡ ਕਮੀ ਆਈ ਹੈ। 1981 ਤੋਂ 2010 ਤੱਕ ਦੀ ਔਸਤ ਦੀ ਤੁਲਨਾ ਕਰੀਏ ਤਾਂ ਅੰਟਾਰਕਟਿਕਾ ਤੋਂ ਯੂਕੇ ਦੇ ਆਕਾਰ ਤੋਂ 10 ਗੁਣਾ ਵੱਡੇ ਖੇਤਰ ਜਿੰਨੀ ਬਰਫ਼ ਹੁਣ ਪਿਘਲ ਚੁੱਕੀ ਹੈ।
ਵਿਗਿਆਨੀਆਂ ਅਨੁਸਾਰ ਇਹ ਚੇਤਾਵਨੀ ਘੰਟੀ ਹੈ ਅਤੇ ਉਹ ਜਲਵਾਯੂ ਤਬਦੀਲੀ ਨਾਲ ਇਸ ਦੇ ਅਸਲ ਸਬੰਧ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਬ੍ਰਿਟਿਸ਼ ਅੰਟਾਰਕਟਿਕ ਸਰਵੇਖਣ ਦੇ ਡਾਕਟਰ ਕੈਰੋਲਿਨ ਹੋਮਸ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਅੰਟਾਰਕਟਿਕ ਸਾਗਰ ਦੀ ਬਰਫ਼ ਪਿਘਲ ਸਕਦੀ ਹੈ ਪਰ ਜੇਕਰ ਅਸੀਂ ਮੌਜੂਦਾ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਇਹ ਖੇਤਰ ਦੇ ਮੌਸਮ 'ਚ ਆ ਰਹੇ ਬਦਲਾਅ ਜਾਂ ਸਮੁੰਦਰ ਦੀਆਂ ਲਹਿਰਾਂ ਕਾਰਨ ਵੀ ਹੋ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਰਿਕਾਰਡ ਟੁੱਟਣ ਦਾ ਮਾਮਲਾ ਨਹੀਂ ਹੈ, ਸਗੋਂ ਇਹ ਰਿਕਾਰਡ ਲੰਬੇ ਸਮੇਂ ਲਈ ਟੁੱਟ ਗਿਆ ਹੈ।
ਡਾਕਟਰ ਕੈਰੋਲਿਨ ਹੋਮਸ ਮੁਤਾਬਕ, "ਇਹ ਕੁਝ ਅਜਿਹਾ ਹੈ ਜੋ ਅਸੀਂ ਇਸ ਜੁਲਾਈ ਤੋਂ ਪਹਿਲਾਂ ਨਹੀਂ ਦੇਖਿਆ ਸੀ। ਇਸ ਤੋਂ ਪਹਿਲਾਂ ਬਰਫ਼ ਵਿੱਚ ਕਮੀ ਆਈ ਸੀ, ਪਰ ਇਹ ਉਸ ਤੋਂ ਵੀ 10 ਫੀਸਦੀ ਜ਼ਿਆਦਾ ਘੱਟ ਹੋਈ ਹੈ, ਜੋ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਜੋ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਅਸਲ ਵਿੱਚ ਇਹ ਨਹੀਂ ਸਮਝ ਰਹੇ ਕਿ ਤਬਦੀਲੀ ਕਿੰਨੀ ਤੇਜ਼ੀ ਨਾਲ ਹੋ ਰਹੀ ਹੈ।"
ਵਿਗਿਆਨੀਆਂ ਦਾ ਮੰਨਣਾ ਸੀ ਕਿ ਗਲੋਬਲ ਵਾਰਮਿੰਗ ਦਾ ਵੱਡਾ ਅਸਰ ਕਿਸੇ ਨਾ ਕਿਸੇ ਸਮੇਂ ਅੰਟਾਰਕਟਿਕਾ ਵਿੱਚ ਜੰਮੀ ਹੋਈ ਬਰਫ਼ ਉੱਤੇ ਪਵੇਗਾ। ਪਰ ਡਾਕਟਰ ਹੋਮਜ਼ ਦਾ ਕਹਿਣਾ ਹੈ ਕਿ 2015 ਤੱਕ ਇਸ ਨੇ ਵਿਸ਼ਵ ਦੇ ਹੋਰ ਸਮੁੰਦਰਾਂ ਵਿੱਚ ਗਲੋਬਲ ਰੁਝਾਨਾਂ ਨੂੰ ਪਿੱਛੇ ਛੱਡ ਦਿੱਤਾ।
ਉਹ ਕਹਿੰਦੇ ਹਨ, "ਤੁਸੀਂ ਕਹਿ ਸਕਦੇ ਹੋ ਕਿ ਅਸੀਂ ਪਹਾੜ ਦੀ ਚੋਟੀ ਤੋਂ ਹੇਠਾਂ ਡਿੱਗ ਰਹੇ ਹਾਂ, ਪਰ ਸਾਨੂੰ ਇਹ ਵੀ ਨਹੀਂ ਪਤਾ ਕਿ ਖਾਈ ਅਸਲ 'ਚ ਕਿੰਨੀ ਡੂੰਘੀ ਹੈ।''
"ਮੈਨੂੰ ਲੱਗਦਾ ਹੈ ਕਿ ਜਿਸ ਤੇਜ਼ ਗਤੀ ਨਾਲ ਇਹ ਹੋ ਰਿਹਾ ਹੈ, ਉਹ ਸਾਡੇ ਲਈ ਹੈਰਾਨੀਜਨਕ ਹੈ। ਇਸ ਨੂੰ ਕਿਸੇ ਹਾਲ ਵੀ ਬਿਹਤਰ ਸਥਿਤੀ ਨਹੀਂ ਕਿਹਾ ਜਾ ਸਕਦਾ ਪਰ ਇਸ 'ਤੇ ਅਸੀਂ ਨਜ਼ਰ ਰੱਖ ਰਹੇ ਹਾਂ ਅਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਸਭ ਤੋਂ ਭੈੜੀ ਸਥਿਤੀ ਦੇ ਬਿਲਕੁਲ ਲਾਗੇ ਹੈ।''
ਵਿਗਿਆਨੀ ਕਹਿੰਦੇ ਹਨ ਕਿ ਇਸ ਸਾਲ 'ਚ ਆਉਣ ਵਾਲੇ ਮਹੀਨਿਆਂ ਵਿੱਚ ਅਤੇ 2024 ਦੀ ਸ਼ੁਰੂਆਤ ਵਿੱਚ ਅਸੀਂ ਅਜਿਹੀਆਂ ਹੋਰ ਘਟਨਾਵਾਂ ਦੇਖ ਸਕਦੇ ਹਾਂ।
ਹਾਲਾਂਕਿ, ਡਾਕਟਰ ਫਰੈਡਰਿਕ ਓਟੋ ਦਾ ਕਹਿਣਾ ਹੈ ਕਿ ਜੋ ਕੁਝ ਹੋ ਰਿਹਾ ਹੈ ਉਸ ਨੂੰ "ਜਲਵਾਯੂ ਦਾ ਪਤਨ" ਜਾਂ "ਅਨਿਯੰਤਰਿਤ ਵਾਰਮਿੰਗ" ਕਹਿ ਸਕਦੇ ਹਾਂ।
ਉਹ ਕਹਿੰਦੇ ਹਨ, "ਅਸੀਂ ਇੱਕ ਨਵੇਂ ਦੌਰ ਵਿੱਚ ਹਾਂ, ਪਰ ਅਸੀਂ ਅਜੇ ਵੀ ਬਹੁਤ ਸਾਰੇ ਲੋਕਾਂ ਲਈ ਇੱਕ ਸੁਰੱਖਿਅਤ ਭਵਿੱਖ ਯਕੀਨੀ ਬਣਾ ਸਕਦੇ ਹਾਂ।''
(ਮਾਰਕ ਪਾਇਨਟਿੰਗ ਅਤੇ ਬੇਕੀ ਡੇਲ ਦੁਆਰਾ ਰਿਪੋਰਟਿੰਗ ਸਹਿਯੋਗ)