ਹਰਿਆਣਾ ਦੇ ਸਲਮਾਨ ਖ਼ਾਨ ਨੇ ਕੈਬ ਡਰਾਈਵਰ ਤੋਂ ਏਸ਼ੀਆ ਕੱਪ ’ਚ ਸੋਨ ਤਗਮਾ ਜਿੱਤਣ ਦਾ ਸਫਰ ਕਿਵੇਂ ਕੀਤਾ ਤੈਅ

    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਸਹਿਯੋਗੀ

ਹਰਿਆਣਾ ਦਾ ਮੇਵਾਤ, ਭਾਰਤ ਦੇ ਸਭ ਤੋਂ ਪਿਛੜੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਸ ਦੀ ਹੱਦ ਮਿਲੇਨੀਅਮ ਸ਼ਹਿਰ ਗੁੜਗਾਓਂ ਨਾਲ ਲੱਗਦੀ ਹੈ।

ਪਰ ਮੇਵਾਤ ਦੇ ਨੂੰਹ ਦੇ ਕਸਬੇ ਤੋਰੂ ਦੇ ਰਹਿਣ ਵਾਲੇ ਸਲਮਾਨ ਖ਼ਾਨ ਰੋਇੰਗ ਦੀ ਦੁਨੀਆ ਵਿੱਚ ਇੱਕ ਚਮਕਦੇ ਸਿਤਾਰੇ ਵਜੋਂ ਉਭਰੇ ਹਨ।

ਮੇਵਾਤ ਜਾਂ ਇਸ ਦੇ ਗੁਆਂਢੀ ਜ਼ਿਲ੍ਹਿਆਂ ਵਿੱਚ ਵਾਟਰ ਸਪੋਰਟਸ (ਪਾਣੀ ਵਾਲੀਆਂ ਖੇਡਾਂ) ਲਈ ਕੋਈ ਸੁਵਿਧਾ ਨਹੀਂ ਸੀ। 19 ਸਾਲ ਦੀ ਉਮਰ ਤੱਕ, ਉਨ੍ਹਾਂ ਦੇ ਕਦੇ ਵੀ ਇੱਕ ਮੁਕਾਬਲੇ ਵਾਲੀ ਖੇਡ ਦੇ ਤੌਰ 'ਤੇ ਸਮੁੰਦਰੀ ਸਫ਼ਰ ਬਾਰੇ ਨਹੀਂ ਸੁਣਿਆ ਸੀ।

ਸ਼ਨੀਵਾਰ ਨੂੰ 25 ਸਾਲਾ ਸਲਮਾਨ ਖ਼ਾਨ ਨੇ ਫੌਜ ਵਿੱਚ ਸ਼ਾਮਲ ਹੋ ਕੇ ਇੱਕ ਹੋਰ ਰੋਅਰ, ਨਿਤਿਨ ਦਿਓਲ ਨਾਲ ਮਿਲ ਕੇ ਇਹ ਕਾਰਨਾਮਾ ਕੀਤਾ।

ਦੱਖਣੀ ਕੋਰੀਆ ਦੇ ਚੁੰਗਜੂ ਵਿੱਚ ਹੋਏ ਏਸ਼ੀਆ ਕੱਪ ਵਿੱਚ ਪੁਰਸ਼ਾਂ ਦੇ ਡਬਲ ਸਕਲ (M2X) ਈਵੈਂਟ ਵਿੱਚ ਸੋਨ ਤਗਮਾ ਜਿੱਤਿਆ।

ਇੱਕ ਸਾਧਾਰਣ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸਲਮਾਨ ਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਹ ਸਤੰਬਰ 2018 ਵਿੱਚ ਇੱਕ ਕਾਂਸਟੇਬਲ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਏ।

ਸਲਮਾਨ ਖ਼ਾਨ ਭਾਰਤੀ ਫੌਜ ਦੀ 122 ਇੰਜੀਨੀਅਰ ਰੈਜੀਮੈਂਟ ਦਾ ਹਿੱਸਾ ਹਨ। ਇੱਥੇ ਹੀ ਉਨ੍ਹਾਂ ਨੂੰ ਰੋਇੰਗ ਦੀ ਦੁਨੀਆ ਵਿੱਚ ਦਾਖ਼ਲ ਹੋਣ ਦਾ ਮੌਕਾ ਮਿਲਿਆ।

ਸਲਮਾਨ ਦਾ ਕਹਿਣਾ ਹੈ, “ਮੈਂ ਅਜਿਹੇ ਖੇਤਰ ਤੋਂ ਆਇਆ ਹਾਂ ਜਿੱਥੇ ਨੌਜਵਾਨਾਂ ਲਈ ਖੇਡਾਂ ਵਿੱਚ ਕਰੀਅਰ ਬਣਾਉਣ ਦੇ ਮੌਕੇ ਨਹੀਂ ਹਨ। ਮੇਵਾਤ ਦੇ ਨੌਜਵਾਨਾਂ ਦੀ ਸਭ ਤੋਂ ਵੱਧ ਇੱਛਾ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣਾ ਹੈ।"

"ਜੇਕਰ ਮੈਂ ਭਾਰਤੀ ਫੌਜ ਵਿੱਚ ਭਰਤੀ ਨਾ ਹੁੰਦਾ ਤਾਂ ਮੈਨੂੰ ਸਮੁੰਦਰੀ ਸਫ਼ਰ ਕਰਨ ਅਤੇ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਨਾ ਮਿਲਦਾ। ਏਸ਼ੀਆ ਕੱਪ ਵਿੱਚ ਪੋਡੀਅਮ ਫਿਨਿਸ਼ (ਜਿੱਤਣਾ) ਮੇਰੇ ਲਈ ਖੇਡ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਇੱਕ ਵੱਡੀ ਪ੍ਰੇਰਣਾ ਹੈ ਅਤੇ ਮੇਰਾ ਅਗਲਾ ਟੀਚਾ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਦੇਸ਼ ਦਾ ਮਾਣ ਵਧਾਉਣਾ ਹੈ।"

“ਗੁਜਰਾਤ (2022) ਅਤੇ ਗੋਆ (2023) ਵਿੱਚ ਬੈਕ-ਟੂ-ਬੈਕ ਨੈਸ਼ਨਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ, ਮੇਰੇ ਇਲਾਕੇ ਦੇ ਬੱਚਿਆਂ ਨੇ ਰੋਇੰਗ ਬਾਰੇ ਗਿਆਨ ਹਾਸਿਲ ਕਰਨਾ ਸ਼ੁਰੂ ਕਰ ਦਿੱਤਾ ਹੈ।"

"ਕਿਉਂਕਿ ਇਹ ਇੱਕ ਮਹਿੰਗੀ ਖੇਡ ਹੈ ਅਤੇ ਮੇਵਾਤ ਖੇਤਰ ਵਿੱਚ ਜ਼ਿਆਦਾਤਰ ਨਾਗਰਿਕਾਂ ਦੀ ਪਹੁੰਚ ਤੋਂ ਬਾਹਰ ਹੈ, ਉਹ ਮੇਰੀਆਂ ਪੈੜਾਂ 'ਤੇ ਤੁਰਨਾ ਚਾਹੁੰਦੇ ਹਨ। ਮੈਂ ਕਹਿੰਦਾ ਹਾਂ ਭਾਰਤੀ ਫੌਜ ਵਿੱਚ ਸ਼ਾਮਲ ਹੋਵੋ ਅਤੇ ਰੋਇੰਗ ਤੱਕ ਪਹੁੰਚੋ।"

ਔਕੜਾਂ ਨਾਲ ਲੜਨਾ

ਸਲਮਾਨ ਦਾ ਸਫ਼ਲਤਾ ਦਾ ਸਫ਼ਰ ਕਾਫ਼ੀ ਚੁਣੌਤੀਆਂ ਨਾਲ ਭਰਿਆ ਰਿਹਾ।

2016 ਵਿੱਚ ਆਪਣੇ ਪਿਤਾ ਦੀ ਅਚਾਨਕ ਮੌਤ ਨੇ ਸਭ ਕੁਝ ਬਦਲ ਦਿੱਤਾ ਸੀ। ਦਰਅਸਲ, ਉਹੋ ਹੀ ਪਰਿਵਾਰ ਦੇ ਇੱਕੋ ਇੱਕ ਰੋਟੀ-ਰੋਜ਼ੀ ਕਮਾਉਣ ਵਾਲੇ ਸਨ।

ਉਸ ਸਮੇਂ ਨੇ 17 ਸਾਲਾ ਸਲਮਾਨ ਨੂੰ ਆਪਣੇ ਛੇ ਭੈਣ-ਭਰਾਵਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਵੱਲ ਧੱਕ ਦਿੱਤਾ।

ਬਿਨਾਂ ਕਿਸੇ ਖੇਤੀ ਵਾਲੀ ਜ਼ਮੀਨ ਜਾਂ ਆਮਦਨ ਦੇ ਬਦਲਵੇਂ ਸਰੋਤਾਂ ਦੇ, ਉਨ੍ਹਾਂ ਨੂੰ ਹਾਈ ਸਕੂਲ ਪੂਰਾ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਛੱਡਣੀ ਪਈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਉਬਰ ਲਈ ਕੈਬ ਚਲਾਉਣਾ ਪਈ।

6 ਫੁੱਟ ਅਤੇ 5 ਇੰਚ ਲੰਬੇ ਕੱਠਕਾਦੀ ਵਾਲੇ ਸਲਮਾਨ ਦੱਸਦੇ ਹਨ, “ਮੈਂ ਛੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹਾਂ, ਇਸ ਲਈ ਜਦੋਂ ਮੇਰੇ ਪਿਤਾ ਦੀ ਡੇਂਗੂ ਕਾਰਨ ਮੌਤ ਹੋਈ, ਤਾਂ ਸਾਰਾ ਬੋਝ ਮੇਰੇ ਮੋਢਿਆਂ 'ਤੇ ਆ ਗਿਆ।"

"ਮੈਂ ਪਰਿਵਾਰ ਦੇ ਗੁਜ਼ਾਰੇ ਲਈ ਪੂਰੀ ਕੋਸ਼ਿਸ਼ ਕੀਤੀ। ਮੇਰੇ ਪਿਤਾ, ਇੱਕ ਟਰੱਕ ਬਾਡੀ ਕਾਰੋਬਾਰ ਨਾਲ ਜੁੜੇ ਹੋਏ ਸਨ, ਉਨ੍ਹਾਂ ਨੇ ਪਰਿਵਾਰ ਲਈ ਇੱਕ ਵੈਗਨਆਰ ਕਾਰ ਖਰੀਦੀ ਸੀ, ਇਸਲ ਈ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਾਰ ਨੂੰ ਟੈਕਸੀ ਵਿੱਚ ਬਦਲਣਾ ਹੀ ਮੇਰੇ ਲਈ ਇੱਕੋ ਇੱਕ ਬਦਲ ਬਚਿਆ ਸੀ।"

ਉਹ ਅੱਗੇ ਦੱਸਦੇ ਹਨ, "ਉਸ ਉਮਰ ਵਿੱਚ ਸੱਤ ਮੈਂਬਰੀ ਪਰਿਵਾਰ ਦੀ ਦੇਖਭਾਲ ਕਰਨਾ ਮੇਰੇ ਲਈ ਬਹੁਤ ਹੀ ਚੁਣੌਤੀਪੂਰਨ ਸੀ। ਮੈਂ ਅਜਿਹੇ ਦਿਨ ਵੀ ਹੰਢਾਏ ਹਨ ਜਿਸ ਵੇਲੇ ਗੁਜ਼ਾਰਾ ਕਰਨਾ ਵੀ ਇੱਕ ਸੰਘਰਸ਼ ਸੀ। ਪਰ ਇਨ੍ਹਾਂ ਮੁਸ਼ਕਲਾਂ ਨੇ ਮੈਨੂੰ ਮਜ਼ਬੂਤ ਬਣਾਇਆ।"

ਉਹ ਅੱਗੇ ਕਹਿੰਦੇ ਹਨ, "ਮੈਂ ਆਪਣੇ ਭੈਣ-ਭਰਾਵਾਂ ਨੂੰ ਪੜ੍ਹਾਉਣ ਦੇ ਯੋਗ ਹੋਇਆ ਅਤੇ ਪਿਛਲੇ ਦੋ ਸਾਲਾਂ ਵਿੱਚ ਆਪਣੀਆਂ ਦੋਵੇਂ ਭੈਣਾਂ ਦੇ ਵਿਆਹ ਵੀ ਕੀਤੇ।"

“ਜਦੋਂ ਮੈਂ ਕੈਬ ਚਲਾਉਂਦਾ ਸੀ ਤਾਂ ਮੇਰੇ ਲੰਬੇ ਕੱਦ ਕਾਰਨ, ਬਹੁਤ ਸਾਰੇ ਯਾਤਰੀ ਸੁਝਾਅ ਦਿੰਦੇ ਸਨ ਕਿ ਮੈਨੂੰ ਖੇਡਾਂ ਵਿੱਚ ਹੱਥ ਅਜ਼ਮਾਉਣਾ ਚਾਹੀਦਾ ਹੈ। ਹਾਲਾਂਕਿ, ਕਿਉਂਕਿ ਮੇਵਾਤ ਵਿੱਚ ਖੇਡਾਂ ਦੀਆਂ ਸਹੂਲਤਾਂ ਨਹੀਂ ਸਨ, ਮੈਂ ਉਨ੍ਹਾਂ ਦੀ ਸਲਾਹ ਨੂੰ ਖਾਰਜ ਕਰ ਦਿੰਦਾ ਸੀ।"

"ਫਿਰ, ਮੇਰੇ ਇੱਕ ਦੋਸਤ ਨੇ ਮੈਨੂੰ ਫੌਜ ਵਿੱਚ ਭਰਤੀ ਹੋਣ ਦਾ ਸੁਝਾਅ ਦਿੱਤਾ। ਸ਼ੁਕਰ ਹੈ, ਮੈਂ ਸਤੰਬਰ 2018 ਵਿੱਚ ਫੌਜ ਵਿੱਚ ਚੁਣਿਆ ਗਿਆ, ਮੇਰੇ ਜੀਵਨ ਵਿੱਚ ਇੱਕ ਨਵੇਂ ਅਧਿਆਏ ਦੇ ਦਰਵਾਜ਼ੇ ਖੁੱਲ੍ਹੇ।"

ਰੋਇੰਗ ਕੋਰਸ ਵਿੱਚ ਦਾਖ਼ਲ

6 ਫੁੱਟ 5 ਇੰਚ ਦੀ ਕੱਦਕਾਠੀ ਅਤੇ ਸਲਮਾਨ ਦੇ ਸਰੀਰਕ ਗੁਣਾਂ ਨੇ ਫੌਜ ਵਿੱਚ ਆਪਣੇ ਸਾਥੀਆਂ ਅਤੇ ਉੱਚ ਅਧਿਕਾਰੀਆਂ ਦਾ ਧਿਆਨ ਖਿੱਚਿਆ।

ਸਲਮਾਨ ਦੱਸਦੇ ਹਨ, “ਸ਼ੁਰੂ ਵਿੱਚ, ਮੈਂ ਰੋਇੰਗ ਵਿੱਚ ਸ਼ਾਮਲ ਹੋਣ ਦੇ ਵਿਰੁੱਧ ਸੀ। ਮੇਰੀ ਫੌਜ ਦੀ ਸਿਖਲਾਈ ਦੌਰਾਨ, ਇੱਕ ਸਾਥੀ ਜਵਾਨ ਨੇ ਮੈਨੂੰ ਦੱਸਿਆ ਕਿ ਵਿਆਪਕ ਰੋਇੰਗ ਸਿਖਲਾਈ ਮੇਰੀ ਪਿੱਠ ਅਤੇ ਗੋਡਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਨਾਲ ਬਾਅਦ ਦੇ ਸਾਲਾਂ ਵਿੱਚ ਮੇਰੀ ਸਰੀਰਕ ਸਿਹਤ ਪ੍ਰਭਾਵਿਤ ਹੋ ਸਕਦੀ ਹੈ।"

"ਇਸ ਲਈ, ਜਦੋਂ ਰੇਜੀਮੈਂਟ ਵਿੱਚ ਕੋਚ ਨੇ ਰੋਇੰਗ ਵਿੱਚ ਸ਼ਾਮਲ ਹੋਣ ਲਈ ਸੰਪਰਕ ਕੀਤਾ, ਤਾਂ ਮੈਂ ਥੋੜ੍ਹਾ ਝਿਜਕਿਆ। ਹਾਲਾਂਕਿ, ਜਿਵੇਂ ਕਿ ਉਨ੍ਹਾਂ ਨੇ ਪਛਾਣ ਲਿਆ ਕਿ ਮੇਰਾ ਸਰੀਰ ਖੇਡ ਲਈ ਅਨੁਕੂਲ ਹੈ, ਉਨ੍ਹਾਂ ਨੇ ਮੈਨੂੰ ਇਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਅਤੇ ਅੱਜ ਮੈਂ ਉਨ੍ਹਾਂ ਦਾ ਸੱਚਮੁੱਚ ਧੰਨਵਾਦੀ ਹਾਂ। ਨਹੀਂ ਤਾਂ, ਮੈਂ ਕੌਮਾਂਤਰੀ ਖੇਡ ਖੇਤਰ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਗੁਆ ਬੈਠਦਾ।"

ਸਲਮਾਨ ਕਹਿੰਦੇ ਹਨ, "ਜੇਕਰ ਮੈਂ ਕੈਬ ਹੀ ਚਲਾਉਂਦਾ ਰਹਿੰਦਾ ਤਾਂ ਮੈਂ ਆਪਣੇ ਖੇਤਰ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਨਹੀਂ ਬਣਦਾ। ਫੌਜ ਅਤੇ ਬਾਅਦ ਵਿੱਚ ਰੋਇੰਗ ਦਾ ਸਫ਼ਰ ਸ਼ੁਰੂ ਕਰਨ ਨਾਲ ਮੇਰਾ ਸਭ ਕੁਝ ਬਿਹਤਰੀ ਵਿੱਚ ਬਦਲ ਗਿਆ।"

ਸਲਮਾਨ ਲਈ, ਰੋਇੰਗ ਵਿੱਚ ਪਹਿਲੀ ਸਫ਼ਲਤਾ ਸਾਲ 2022 ਅਹਿਮਦਾਬਾਦ ਨੈਸ਼ਨਲ ਖੇਡਾਂ ਵਿੱਚ ਮਿਲੀ, ਜਿੱਥੇ ਉਹ ਸਰਵਿਸਿਜ਼ ਟੀਮ ਦਾ ਹਿੱਸਾ ਸਨ। ਉੱਥੇ ਉਨ੍ਹਾਂ ਨੇ ਚੌਗੁਣੀ ਸਕਲ ਰੋਇੰਗ ਵਿੱਚ ਸੋਨ ਤਮਗਾ ਜਿੱਤਿਆ ਸੀ।

ਗੋਆ ਵਿੱਚ ਬਹੁ-ਅਨੁਸ਼ਾਸਨੀ ਖੇਡਾਂ ਦੇ ਅਗਲੇ ਸੰਸਕਰਣ ਵਿੱਚ, ਉਨ੍ਹਾਂ ਨੇ ਤੱਟਵਰਤੀ ਰੋਇੰਗ ਵਿੱਚ ਇੱਕ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ।

ਸਲਮਾਨ ਅੱਗੇ ਦੱਸਦੇ ਹਨ, “ਰੋਇੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ, ਮੈਂ ਲਗਭਗ ਦੋ ਸਾਲਾਂ ਲਈ ਅਸਫ਼ਲਤਾ ਦਾ ਅਨੁਭਵ ਕੀਤਾ ਅਤੇ ਸਰਵਿਸਿਜ਼ ਟੀਮ ਵਿੱਚ ਸ਼ਾਮਲ ਹੋਣ ਵਿੱਚ ਅਸਫਲ ਰਿਹਾ।"

"ਝਟਕੇ ਤੋਂ ਨਿਰਾਸ਼ ਹੋ ਕੇ, ਮੈਂ ਜਨਵਰੀ 2022 ਵਿੱਚ ਖੇਡ ਛੱਡਣ ਦਾ ਫ਼ੈਸਲਾ ਕੀਤਾ। ਹਾਲਾਂਕਿ, ਮੇਜਰ ਨਗੇਂਦਰ ਹੁੱਡਾ ਸਰ ਅਤੇ ਆਰਮੀ ਰੋਇੰਗ ਨੋਡ ਵਿੱਚ ਮੇਰੇ ਕੋਚਾਂ ਨੇ ਮੇਰੀ ਇਹ ਸਮਝਣ ਵਿੱਚ ਮਦਦ ਕੀਤੀ ਕਿ ਖੇਡਾਂ ਵਿੱਚ ਨਤੀਜੇ ਪ੍ਰਾਪਤ ਕਰਨ ਵਿੱਚ ਸਮਾਂ ਲੱਗਦਾ ਹੈ।"

ਉਹ ਅੱਗੇ ਦੱਸਦੇ ਹਨ, "ਉਸੇ ਸਾਲ ਬਾਅਦ ਵਿੱਚ, ਮੈਨੂੰ ਸਰਵਿਸਿਜ਼ ਟੀਮ ਲਈ ਚੁਣਿਆ ਗਿਆ ਅਤੇ 2022 ਦੀਆਂ ਰਾਸ਼ਟਰੀ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਉਸ ਸਫ਼ਲਤਾ ਨੇ ਖੇਡ ਪ੍ਰਤੀ ਮੇਰਾ ਨਜ਼ਰੀਆ ਬਦਲ ਦਿੱਤਾ ਅਤੇ ਹੁਣ ਮੈਂ ਸਮਝਦਾ ਹਾਂ ਕਿ ਨਿਰੰਤਰ ਸਿਖਲਾਈ ਸਫ਼ਲਤਾ ਦੀ ਕੁੰਜੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)