ਕੋਚੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਲੈਣ ਵਾਲਾ ਸ਼ਖ਼ਸ਼ ਕੌਣ ਹੈ, ਜਿਸ ਨੇ ਪੁਲਿਸ ਅੱਗੇ ਆਤਮ-ਸਮਰਪਣ ਕੀਤਾ

ਕੇਰਲ ਦੇ ਕੋਚੀ ਵਿੱਚ ਐਤਵਾਰ ਸਵੇਰੇ ਇਸਾਈ ਭਾਈਚਾਰੇ ਦੇ ਇੱਕ ਕੰਨਵੈਨਸ਼ਨ ਸੈਂਟਰ ਵਿੱਚ ਹੋਏ ਬੰਬ ਧਮਾਕੇ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ।

ਸੂਬੇ ਦੇ ਏਡੀਜੀਪੀ (ਕਾਨੂੰਨ ਤੇ ਪ੍ਰਬੰਧਨ) ਅਜੀਤ ਕੁਮਾਰ ਨੇ ਦੱਸਿਆ ਕਿ ਇੱਕ ਸ਼ਖ਼ਸ ਨੇ ਯੇਹੋਵਾ ਵਿਟਨੈਸ ਇਸਾਈ ਭਾਈਚਾਰੇ ਦੇ ਪ੍ਰੋਗਰਾਮ ਵਿੱਚ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ।

ਅਜੀਤ ਕੁਮਾਰ ਨੇ ਦੱਸਿਆ, ‘‘ਸਵੇਰੇ ਇੱਕ ਵਿਅਕਤੀ ਨੇ ਤ੍ਰਿਸ਼ੂਲ ਗ੍ਰਾਮੀਣ ਦੇ ਕੋਡਾਕਾਰਾ ਪੁਲਿਸ ਥਾਣੇ ਵਿੱਚ ਆਤਮ ਸਮਪਰਣ ਕਰਨ ਤੋਂ ਬਾਅਦ ਦਾਅਵਾ ਕੀਤਾ ਕਿ ਇਹ ਬੰਬ ਧਮਾਕੇ ਉਸਨੇ ਕੀਤੇ ਹਨ।’’

ਉਨ੍ਹਾਂ ਦੱਸਿਆ ਕਿ ਆਤਮ ਸਮਰਪਣ ਕਰਨ ਵਾਲੇ ਸ਼ਖਸ ਦਾ ਨਾਂ ਡੋਮਿਨਿਕ ਮਾਰਟਿਨ ਹੈ, ਉਹ ਆਪਣੇ ਆਪ ਨੂੰ ਯੇਹੋਵਾ ਵਿਟਨੈਸ ਭਾਈਚਾਰੇ ਦਾ ਹੀ ਮੈਂਬਰ ਦੱਸ ਰਿਹਾ ਹੈ।

ਕੇਰਲ ਦੇ ਕੋਚੀ ਵਿੱਚ ਐਤਵਾਰ ਸਵੇਰੇ ਇੱਕ ਕਨਵੈਨਸ਼ਨ ਸੈਂਟਰ ਵਿੱਚ 2 ਧਮਾਕੇ ਹੋਏ ਹੋਏ ਹਨ

ਕੇਰਲ ਪੁਲਿਸ ਨੇ ਧਮਾਕਿਆਂ ਵਿੱਚ ਹੁਣ ਤੱਕ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਧਮਾਕਿਆਂ 'ਚ 36 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 5 ਗੰਭੀਰ ਜ਼ਖਮੀ ਹਨ।

ਸੂਬੇ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਧਮਾਕੇ 'ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ 'ਮੰਦਭਾਗਾ' ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਕਦੋਂ ਅਤੇ ਕਿੱਥੇ ਹੋਇਆ ਧਮਾਕਾ

ਕੇਰਲ ਦੇ ਡੀਜੀਪੀ ਸ਼ੇਖ ਦਰਵੇਸ਼ ਨੇ ਦੱਸਿਆ ਕਿ ਜ਼ਮਰਾ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿੱਚ ਸਵੇਰੇ ਕਰੀਬ 9.40 ਵਜੇ ਧਮਾਕਾ ਹੋਇਆ। ਐਤਵਾਰ ਨੂੰ ਇਸ ਪ੍ਰੋਗਰਾਮ ਦਾ ਆਖ਼ਰੀ ਦਿਨ ਸੀ।

ਉਨ੍ਹਾਂ ਨੇ ਦੱਸਿਆ, "ਇੱਥੇ ਯੇਹੋਵਾ ਵਿਟਨੈੱਸ ਪ੍ਰੋਗਰਾਮ ਚੱਲ ਰਿਹਾ ਸੀ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 36 ਲੋਕ ਇਲਾਜ ਅਧੀਨ ਹਨ।"

"ਸੀਨੀਅਰ ਪੁਲਿਸ ਅਧਿਕਾਰੀ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ। ਇਸ ਦੇ ਪਿੱਛੇ ਜੋ ਵੀ ਹਨ, ਉਨ੍ਹਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇਗੀ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।"

"ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕਾ ਇੱਕ ਆਈਈਡੀ (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਨਾਲ ਕੀਤਾ ਗਿਆ ਸੀ।"

"ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਮੈਂ ਸ਼ਾਂਤੀ ਬਣਾਈ ਰੱਖਣ ਅਤੇ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਵਾਲੀ ਪੋਸਟ ਨਾ ਪਾਉਣ ਦੀ ਅਪੀਲ ਕਰਦਾ ਹਾਂ।"

ਯੇਹੋਵਾ ਵਿਟਨੈਸ ਇੱਕ ਮਸੀਹੀ ਭਾਈਚਾਰਾ ਹੈ। ਚਸ਼ਮਦੀਦਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ।

ਕੇਰਲ ਦੇ ਏਡੀਜੀਪੀ ਲਾਅ ਐਂਡ ਆਰਡਰ ਅਜੀਤ ਕੁਮਾਰ ਨੇ ਬੀਬੀਸੀ ਦੇ ਸਹਿਯੋਗੀ ਇਮਰਾਨ ਕੁਰੈਸ਼ੀ ਨੂੰ ਦੱਸਿਆ ਕਿ ਹਾਲ ਵਿੱਚ ਦੋ ਧਮਾਕੇ ਹੋਏ। ਧਮਾਕੇ ਵੇਲੇ ਹਾਲ ਵਿੱਚ ਕਰੀਬ ਦੋ ਹਜ਼ਾਰ ਲੋਕ ਮੌਜੂਦ ਸਨ।

ਕੇਰਲ ਦੇ ਇੰਡਸਟਰੀ ਮੰਤਰੀ ਪੀ ਰਾਜੀਵ ਨੇ ਕਿਹਾ ਹੈ ਕਿ ਧਮਾਕੇ ਦੀ ਥਾਂ ਨੂੰ ਘੇਰ ਲਿਆ ਗਿਆ ਹੈ ਅਤੇ ਅੱਗ ਬੁਝਾਉ ਦਸਤੇ ਨੂੰ ਰਾਹਤ ਕਾਰਜ ਵਿੱਚ ਲਗਾਇਆ ਗਿਆ ਹੈ।

ਧਮਾਕੇ ਤੋਂ ਬਾਅਦ ਸੂਬੇ ਦੀ ਸਿਹਤ ਮੰਤਰੀ ਵੀਨਾ ਜੌਰਜ ਨੇ ਸਿਹਤ ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਡਿਊਟੀ 'ਤੇ ਪਰਤਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜ਼ਖਮੀਆਂ ਦੇ ਬਿਹਤਰ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਨੇ ਕਲਾਮਸੇਰੀ ਮੈਡੀਕਲ ਕਾਲਜ, ਏਰਨਾਕੁਲਮ ਜਨਰਲ ਹਸਪਤਾਲ ਅਤੇ ਕੋਟਾਯਮ ਮੈਡੀਕਲ ਕਾਲਜ ਨੂੰ ਐਮਰਜੈਂਸੀ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ।

  • ਕੇਰਲ ਦੇ ਕੋਚੀ ਵਿੱਚ ਐਤਵਾਰ ਸਵੇਰੇ ਇੱਕ ਕਨਵੈਨਸ਼ਨ ਸੈਂਟਰ ਵਿੱਚ ਧਮਾਕੇ ਹੋਏ।
  • ਕਲਾਮਸੇਰੀ ਹੋਏ ਧਮਾਕਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 36 ਲੋਕ ਜਖ਼ਮੀ ਹੋਏ ਹਨ।
  • ਸੂਬੇ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਧਮਾਕੇ 'ਤੇ ਦੁੱਖ ਪ੍ਰਗਟਾਇਆ ਹੈ।
  • ਕੇਰਲ ਦੇ ਡੀਜੀਪੀ ਮੁਤਾਬਕ ਇਹ ਯੋਹੇਵਾ ਵਿਟਨੈਸ ਪ੍ਰੋਗਰਾਮ ਦੌਰਾਨ ਹੋਏ ਹਨ।
  • ਡੀਜੀਪੀ ਮੁਤਾਬਕ ਧਮਾਕਾ ਆਈਈਡੀ ਨਾਲ ਕੀਤੀ ਗਿਆ ਹੈ।

ਆਈਈਡੀ ਕੀ ਹੁੰਦੀ ਹੈ

ਆਈਈਡੀ ਦਾ ਅਰਥ ਹੈ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਇਸ।

ਇਹ ਇੱਕ ਧਮਾਕਾਖੇਜ਼ ਸਮੱਗਰੀ ਹੁੰਦੀ ਹੈ, ਜੋ ਰਵਾਇਤੀ ਫੌਜੀ ਉਤਪਾਦਨ ਦੇ ਤਰੀਕਿਆਂ ਤੋਂ ਉਲਟ ਤਰੀਕਿਆਂ ਨਾਲ ਤਿਆਰ ਕੀਤੀ ਜਾਂਦੀ ਅਤੇ ਵਰਤੀ ਜਾਂਦੀ ਹੈ।

ਆਈਈਡੀ ਨੂੰ ਕਈ ਤਰ੍ਹਾਂ ਦੀਆਂ ਸਮੱਗਰੀਆਂ ਤੋਂ ਬਣਾਇਆ ਜਾ ਸਕਦਾ ਹੈ, ਜਿਸ ਵਿੱਚ ਮਿਲਟਰੀ ਵਾਲਾ ਗੋਲਾ ਬਾਰੂਦ, ਵਪਾਰਕ ਅਸਲਾ, ਜਾਂ ਇੱਥੋਂ ਤੱਕ ਕਿ ਘਰੇਲੂ ਵਿਸਫੋਟਕ ਵੀ ਸ਼ਾਮਲ ਹਨ।

ਇਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਵਿਸਫੋਟ ਕੀਤਾ ਜਾ ਸਕਦਾ ਹੈ, ਜਿਸ ਵਿੱਚ ਰਿਮੋਟ, ਟਾਈਮਰ ਜਾਂ ਸਵਿੱਚ ਵੀ ਸ਼ਾਮਲ ਹੈ।

ਇਹਨਾਂ ਨੂੰ ਸੜਕ ਕਿਨਾਰੇ, ਇਮਾਰਤਾਂ ਜਾਂ ਵਾਹਨਾਂ 'ਤੇ ਰੱਖਿਆ ਜਾ ਸਕਦਾ ਹੈ। ਆਈਈਡੀਜ਼ ਦਾ ਪਤਾ ਲਗਾਉਣਾ ਅਤੇ ਇਸ ਨੂੰ ਚੱਲ਼ਣ ਤੋਂ ਬਹੁਤ ਮੁਸ਼ਕਲ ਹੈ। ਇਹ ਭਾਰੀ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਬਣ ਸਕਦੇ ਹਨ।

ਕੀ ਪ੍ਰਤੀਕਰਮ ਆ ਰਿਹਾ ਹੈ?

ਸਮਾਚਾਰ ਏਜੰਸੀ ਪੀਟੀਆਈ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰੰਤ ਕੇਰਲ ਵਿੱਚ ਅੱਤਵਾਦ ਵਿਰੋਧੀ ਐੱਨਐੱਸਜੀ ਅਤੇ ਐੱਨਆਈਏ ਟੀਮਾਂ ਭੇਜਣ ਦੇ ਆਦੇਸ਼ ਦਿੱਤੇ ਹਨ।

ਜਦਕਿ ਏਐੱਨਆਈ ਮੁਤਾਬਕ ਅਮਿਤ ਸ਼ਾਹ ਨੇ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਹੈ ਅਤੇ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਹੈ।

ਇਸ ਦੌਰਾਨ ਕਾਂਗਰਸ ਨੇਤਾ ਅਤੇ ਕੇਰਲ ਦੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਉਹ ਇੱਕ ਧਾਰਮਿਕ ਸਮਾਗਮ 'ਤੇ ਧਮਾਕੇ ਦੀ ਖ਼ਬਰ ਤੋਂ ਸਦਮੇ 'ਚ ਹਨ।

ਉਨ੍ਹਾਂ ਲਿਖਿਆ, "ਮੈਂ ਇਸ ਦੀ ਸਪੱਸ਼ਟ ਤੌਰ 'ਤੇ ਨਿਖੇਧੀ ਕਰਦਾ ਹਾਂ ਅਤੇ ਤੁਰੰਤ ਪੁਲਿਸ ਕਾਰਵਾਈ ਦੀ ਮੰਗ ਕਰਦਾ ਹਾਂ।"

"ਪਰ ਇਹ ਕਾਫ਼ੀ ਨਹੀਂ ਹੈ। ਆਪਣੇ ਸੂਬੇ ਨੂੰ ਮਾਰਨ ਅਤੇ ਤਬਾਹੀ ਦੀ ਮਾਨਸਿਕਤਾ ਦਾ ਸ਼ਿਕਾਰ ਹੁੰਦਾ ਦੇਖ ਕੇ ਦੁੱਖ ਹੁੰਦਾ ਹੈ। ਮੈਂ ਸਾਰੇ ਧਾਰਮਿਕ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰੋ ਅਤੇ ਸਾਰਿਆਂ ਨੂੰ ਦੱਸੋ ਕਿ ਹਿੰਸਾ ਨਾਲ ਜੇਕਰ ਕੁਝ ਵੀ ਹਾਸਲ ਹੋਵੇਗਾ ਤਾਂ ਉਹ ਹੈ ਹਿੰਸਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)