ਵਿਰਸਾ ਸਿੰਘ ਵਲਟੋਹਾ: ਗਰਮ ਖ਼ਿਆਲੀ ਪੰਥਕ ਸਿਆਸਤ ਤੋਂ ਜਥੇਦਾਰਾਂ ’ਤੇ ਸਵਾਲ ਚੁੱਕਣ ਤੱਕ ਦਾ ਸਫ਼ਰ, ਕੀ ਹਨ ਪੁਰਾਣੇ ਵਿਵਾਦ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਵਿਰਸਾ ਸਿੰਘ ਵਲਟੋਹਾ ਨੇ ਗਰਮ ਖ਼ਿਆਲੀ ਪੰਥਕ ਸਿਆਸਤ ਨਾਲ ਜੁੜੇ ਇੱਕ ਵਿਦਿਆਰਥੀ ਵਜੋਂ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਅੱਜ ਉਹ ਜਥੇਦਾਰਾਂ ਦੀ ਕਾਰਗੁਜ਼ਾਰੀ ਉੱਪਰ ਉਂਗਲ ਚੁੱਕਣ ਕਾਰਨ ਸਵਾਲਾਂ ਦੇ ਘੇਰੇ ਵਿੱਚ ਹਨ।

ਖੇਮਕਰਨ ਤੋਂ ਦੋ ਵਾਰ ਵਿਧਾਇਕ ਰਹੇ ਵਿਰਸਾ ਸਿੰਘ ਵਲਟੋਹਾ ਦਾ ਪਿਛੋਕੜ 1980ਵਿਆਂ ਵਿੱਚ ਪੰਜਾਬ ਅੰਦਰ ਸ਼ੁਰੂ ਹੋਈ ਵੱਖਵਾਦੀ ਲਹਿਰ ਨਾਲ ਜੁੜਿਆ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਅੰਦਰ ਹਾਲ ਹੀ ਵਿੱਚ ਉੱਠੀ ਬਗ਼ਾਵਤ ਵਿਚਾਲੇ 'ਬਾਦਲ ਪਰਿਵਾਰ ਪ੍ਰਤੀ ਨੇੜਤਾ' ਰੱਖਣ ਵਾਲੇ ਵਲਟੋਹਾ ਬੀਤੇ ਦਿਨੀਂ ਪੰਥਕ ਸਿਆਸਤ ਵਿੱਚ ਆਏ ਭੂਚਾਲ ਦਾ ਕਾਰਨ ਬਣੇ ਸਨ।

ਜਥੇਦਾਰਾਂ ਵਾਲੇ ਬੋਲਣ ਕਾਰਨ ਵਿਰਸਾ ਸਿੰਘ ਵਿਰੁੱਧ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਦੋ ਤਖ਼ਤਾਂ ਦੇ ਜਥੇਦਾਰਾਂ ਨੇ ਉਨ੍ਹਾਂ ਨੂੰ ‘ਧਮਕੀਆਂ’ ਮਿਲਣ ਦੇ ਇਲਜ਼ਾਮ ਲਾਏ ਗਏ। ਇਸ ਦਾ ਨਾਲ ਹੀ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਗੱਲ ਵੀ ਕਹੀ ਸੀ।

ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਅਸਤੀਫ਼ਾ ਦਿੰਦਿਆ ਕਿਹਾ ਸੀ, "ਮੇਰੀ ਜਾਤ ਤੱਕ ਪਰਖੀ ਗਈ, ਮੇਰੀਆਂ ਧੀਆਂ ਬਾਰੇ ਬੋਲਿਆ ਗਿਆ।"

ਇਹਨਾਂ ਇਲਜ਼ਾਮਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਗੰਭੀਰ ਸੰਕਟ ਦੀ ਸਥਿਤੀ ਪੈਦਾ ਕਰ ਦਿੱਤੀ।

ਹਾਲਾਂਕਿ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਰੱਦ ਕੀਤਾ ਸੀ।

ਇਸ ਮਗਰੋਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵਿਰਸਾ ਸਿੰਘ ਵੱਲੋਂ ਮੁਆਫ਼ੀ ਮੰਗੀ ਪਰ ਸੁਖਬੀਰ ਸਿੰਘ ਬਾਦਲ ਵੱਲੋਂ ਵਲਟੋਹਾ ਮਾਮਲੇ ਵਿੱਚ ਕੋਈ ਜਨਤਕ ਬਿਆਨ ਨਹੀਂ ਦਿੱਤਾ ਗਿਆ ਹੈ।

ਇਸ ਰਿਪੋਰਟ ਵਿੱਚ ਅਸੀਂ ਵਿਰਸਾ ਸਿੰਘ ਵਲਟੋਹਾ ਦੇ ਪਿਛੋਕੜ ਤੇ ਸਿਆਸੀ ਜੀਵਨ ਦੀ ਸ਼ੁਰੂਆਤ ਦੇ ਨਾਲ-ਨਾਲ ਉਨ੍ਹਾਂ ਨਾਲ ਜੁੜੇ ਅਪਰਾਧਕ ਮਾਮਲਿਆਂ ਅਤੇ ਵਿਵਾਦਾਂ ਬਾਰੇ ਗੱਲ ਕਰਾਂਗੇ।

ਭਿੰਡਰਾਵਾਲੇ ਦੇ ਕਰੀਬੀ ਰਹੇ ਹੋਣ ਦਾ ਦਾਅਵਾ

ਵਿਰਸਾ ਸਿੰਘ ਵਲਟੋਹਾ ਆਪਣੀਆਂ ਵੱਖ-ਵੱਖ ਫੇਸਬੁੱਕ ਪੋਸਟਾਂ ਤੇ ਮੀਡੀਆ ਇੰਟਰਵਿਊਜ਼ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਰੀਬੀ ਰਹੇ ਹੋਣ ਦਾ ਜ਼ਿਕਰ ਕਰਦੇ ਹਨ।

ਅੰਮ੍ਰਿਤਸਰ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਪੱਤਰਕਾਰੀ ਕਰ ਰਹੇ ਜਸਬੀਰ ਸਿੰਘ ਪੱਟੀ ਦੱਸਦੇ ਹਨ ਕਿ ਵਿਰਸਾ ਸਿੰਘ ਵਲਟੋਹਾ ਨੇ ਸਿਆਸੀ ਸਫ਼ਰ ਦੀ ਸ਼ੁਰੂਆਤ ਸ੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ ਤੋਂ ਕੀਤੀ ਸੀ।

ਏਆਈਐੱਸਐੱਸਐੱਫ ਜਥੇਬੰਦੀ ’ਤੇ 1984 'ਚ ਪਾਬੰਦੀ ਲਗਾ ਦਿੱਤੀ ਗਈ ਸੀ।

ਬਠਿੰਡਾ ਰਹਿੰਦੇ ਲੇਖਕ ਹਰਵਿੰਦਰ ਸਿੰਘ ਖਾਲਸਾ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਆਗੂ ਰਹੇ ਹਨ।

ਉਨ੍ਹਾਂ ਦੱਸਿਆ, “ਏਆਈਐੱਸਐੱਸਐੱਫ ਜਥੇਬੰਦੀ ਨਾਲ ਜੁੜੇ ਕਾਰਕੁਨ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸਨ, ਵਿਰਸਾ ਸਿੰਘ ਵਲਟੋਹਾ ਉਨ੍ਹਾਂ ਆਗੂਆਂ ਵਿੱਚੋਂ ਹਨ ਜੋ ਫੜੇ ਗਏ ਸਨ।”

ਇਸ ਮਗਰੋਂ ਵਿਰਸਾ ਸਿੰਘ ਵੱਖ-ਵੱਖ ਮਾਮਲਿਆਂ ਵਿੱਚ ਜੋਧਪੁਰ ਜੇਲ੍ਹ ਸਣੇ ਹੋਰ ਜੇਲ੍ਹਾਂ ਵਿੱਚ ਵੀ ਰਹੇ।ਉਨ੍ਹਾਂ ਉੱਤੇ ਨੈਸ਼ਨਲ ਨੈਸ਼ਨਲ ਸਕਿਓਰਟੀ ਐਕਟ (ਐੱਨਐੱਸਏ) ਵੀ ਲੱਗਾ ਸੀ

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੱਸਦੇ ਹਨ ਕਿ ਉਨ੍ਹਾਂ ਨੇ 1984 ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਆਪਣੀ ਰਿਪੋਰਟਿੰਗ ਦੌਰਾਨ ਵਿਰਸਾ ਸਿੰਘ ਵਲਟੋਹਾ ਨੂੰ ਫੈਡਰੇਸ਼ਨ ਵਿੱਚ ਵਿਚਰਦਿਆਂ ਦੇਖਦੇ ਰਹੇ ਹਨ।

ਉਹ ਦੱਸਦੇ ਹਨ ਕਿ ਵਿਰਸਾ ਸਿੰਘ ਦੀ ਉਮਰ ਉਦੋਂ ਕਾਫੀ ਛੋਟੀ ਸੀ ਤੇ ਉਹ ਕਾਲਜ ਵਿੱਚ ਹੀ ਸਨ।

ਵਿਰਸਾ ਸਿੰਘ ਵਲਟੋਹਾ ਨੇ ਸਕੂਲ ਤੋਂ ਬਾਅਦ ਆਪਣੀ ਪੜ੍ਹਾਈ ਬੀੜ ਬਾਬਾ ਬੁੱਢਾ ਸਾਹਿਬ ਕਾਲਜ, ਤਰਨਤਾਰਨ ਤੋਂ ਕੀਤੀ ਸੀ।

2024 ਦੀਆਂ ਆਮ ਚੋਣਾਂ ਲਈ ਦਾਇਰ ਕੀਤੇ ਗਏ ਹਲਫ਼ਨਾਮੇ ਮੁਤਾਬਕ ਵਿਰਸਾ ਸਿੰਘ ਵਲਟੋਹਾ ਨੇ ਸਾਲ 1989 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੰਜਾਬੀ ਵਿੱਚ ਐੱਮਏ ਦੀ ਡਿਗਰੀ ਹਾਸਲ ਕੀਤੀ ਸੀ।

ਜਸਬੀਰ ਸਿੰਘ ਪੱਟੀ ਦੱਸਦੇ ਹਨ ਕਿ ਵਿਰਸਾ ਸਿੰਘ ਇੱਕ ਗਰੀਬ ਤੇ ਗ਼ੈਰ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਸਨ।

ਉਹ ਦੱਸਦੇ ਹਨ ਕਿ ਵਿਰਸਾ ਸਿੰਘ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਸਬੰਧ ਸਾਲ 1995 ਵਿੱਚ ਬਣੇ।

ਪੱਟੀ ਮੁਤਾਬਕ ਸਾਲ 1997 ਦੀਆਂ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਸਟਾਫ਼ ਸਲੈਕਸ਼ਨ ਬੋਰਡ ਦੇ ਮੈਂਬਰ ਬਣਾਇਆ ਗਿਆ।

ਵਿਰਸਾ ਸਿੰਘ ਵਲਟੋਹਾ ਅੰਤਰਾਸ਼ਟਰੀ ਸਰਹੱਦ ਨੇੜੇ ਪੈਂਦੇ ਪੰਜਾਬ ਦੇ ਖੇਮਕਰਨ ਹਲਕੇ ਤੋਂ ਦੋ ਵਾਰੀ ਵਿਧਾਇਕ (2007-2017) ਰਹਿ ਚੁੱਕੇ ਹਨ।

ਖੇਮਕਰਨ ਹਲਕਾ 2012 ਦੀ ਡੀਲਿਮੀਟੇਸ਼ਨ ਤੋਂ ਪਹਿਲਾਂ ਵਲਟੋਹਾ ਹਲਕੇ ਵਜੋਂ ਜਾਣਿਆਂ ਜਾਂਦਾ ਸੀ।

ਇਸ ਦੇ ਨਾਲ ਹੀ ਉਹ ਵੱਖ-ਵੱਖ ਸਰਕਾਰੀ ਪ੍ਰਸ਼ਾਸਨਿਕ ਅਹੁਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਸੀਨੀਅਰ ਪੁਜੀਸ਼ਨਾਂ ਉੱਤੇ ਰਹੇ ਹਨ।

ਕਿਹੜੇ-ਕਿਹੜੇ ਅਪਰਾਧਕ ਮਾਮਲਿਆਂ ਨਾਲ ਜੁੜਿਆ ਨਾਮ

ਵਿਰਸਾ ਸਿੰਘ ਵਲਟੋਹਾ ਵੱਲੋਂ ਸਾਲ 2024 ਦੀਆਂ ਆਮ ਚੋਣਾਂ ਲਈ ਦਾਇਰ ਕੀਤੇ ਹਲਫ਼ਨਾਮੇ ਮੁਤਾਬਕ ਉਹ ਕਿਸੇ ਵੀ ਕੇਸ ਵਿੱਚ ਦੋਸ਼ੀ ਸਾਬਿਤ ਨਹੀਂ ਹੋਏ ਹਨ।

ਹਾਲਾਂਕਿ ਵਿਰਸਾ ਸਿੰਘ ਵਲਟੋਹਾ ਦਾ ਨਾਮ ਹਿੰਸਾ ਦੇ ਕਈ ਮਾਮਲਿਆਂ ਨਾਲ ਜੁੜਦਾ ਰਿਹਾ ਹੈ।

30 ਸਤੰਬਰ 1983 ਨੂੰ ਅੰਮ੍ਰਿਤਸਰ ਦੇ ਪੱਟੀ ਵਿੱਚ ਡਾਕਟਰ ਸੁਦਰਸ਼ਨ ਤ੍ਰੇਹਨ ਦਾ ਕਤਲ ਹੋਇਆ ਸੀ।

ਇਸ ਕਤਲ ਦੇ ਮਾਮਲੇ ਵਿੱਚ ਵਿਰਸਾ ਸਿੰਘ ਵਲਟੋਹਾ ਉੱਤੇ ਵੀ ਕੇਸ ਚੱਲਿਆ ਸੀ।

ਇਸ ਮਾਮਲੇ ਵਿੱਚ ਉਨ੍ਹਾਂ ਨੂੰ ‘ਪ੍ਰੋਕਲੇਮਡ’ ਓਫ਼ੈਂਡਰ' ਐਲਾਨਿਆ ਗਿਆ ਸੀ।

ਇੱਕ ਮੀਡੀਆ ਅਦਾਰੇ ਵੱਲੋਂ ਇਹ ਗੱਲ ਸਾਹਮਣੇ ਲਿਆਂਦੀ ਗਈ ਸੀ ਕਿ ਵਿਰਸਾ ਸਿੰਘ ਵਲਟੋਹਾ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਮਿਲੀ ਸੀ ਪਰ ਉਹ ਬਰੀ ਨਹੀਂ ਹੋਏ ਸਨ।

ਇਸ ਮਾਮਲੇ ਵਿੱਚ ਪੁਲਿਸ ਨੇ ਕਰੀਬ ਤਿੰਨ ਦਹਾਕਿਆਂ ਬਾਅਦ ਫਰਵਰੀ 2019 ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਸੀ।

ਵਲਟੋਹਾ ਦੇ ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਉੱਤੇ ਆਈਪੀਸੀ ਦੀ ਧਾਰਾ 188(ਸਰਕਾਰੀ ਮੁਲਾਜ਼ਮ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨਾ), 269, ਤੇ 51(ਬੀ) ਡੀਐੱਮ ਐਕਟ ਤਹਿਤ ਮਾਮਲੇ ਦਰਜ ਹਨ।

ਜਦੋਂ ਵਿਧਾਨ ਸਭਾ ਵਿੱਚ ਜਾਤੀਵਾਦੀ ਸ਼ਬਦ ਵਰਤੇ

ਵਲਟੋਹਾ ਨੇ ਸਾਲ 2014 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਇੱਕ ਬਹਿਸ ਦੌਰਾਨ ਬੋਲਦਿਆਂ ਕਿਹਾ ਸੀ, “ਮੈਂ ਅੱਤਵਾਦੀ ਹਾਂ, ਅੱਤਵਾਦੀ ਰਹਾਂਗਾ।”

ਇਸ ਮਗਰੋਂ ਭਾਜਪਾ ਦੀ ਪੰਜਾਬ ਇਕਾਈ ਨੇ ਵੀ ਉਨ੍ਹਾਂ ਦੀ ਨਿਖੇਧੀ ਕੀਤੀ ਸੀ।

ਅਕਾਲੀ ਸਰਕਾਰ ਦੌਰਾਨ ਸਾਲ 2016 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਬੋਲਦਿਆਂ ਵਿਰਸਾ ਸਿੰਘ ਵਲਟੋਹਾ ਨੇ ‘ਜਾਤੀਵਾਦੀ’ ਸ਼ਬਦਾਂ ਦੀ ਵਰਤੋਂ ਕੀਤੀ ਸੀ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਵੇਲੇ ਵਿਰਸਾ ਸਿੰਘ ਵਲਟੋਹਾ ਦੀ ਗ੍ਰਿਫ਼ਤਾਰੀ ਦੀ ਵੀ ਮੰਗ ਕੀਤੀ ਗਈ ਸੀ।

ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੋਣ ਤੇ ਕੈਰੋਂ ਨਾਲ 'ਸਿਆਸੀ ਵੈਰ'

ਵਿਰਸਾ ਸਿੰਘ ਵਲਟੋਹਾ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਖੇਮਕਰਨ ਹਲਕੇ ਤੋਂ ਹਾਰ ਦਾ ਸਾਹਮਣਾ ਕਰ ਚੁੱਕੇ ਹਨ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ, ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿੱਚ ਹਾਰ ਮਿਲੀ ਸੀ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਐੱਨਐੱਸਏ ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਉੱਤੇ ਵੀ ਕਈ ਧਿਰਾਂ ਵੱਲੋਂ ਉਮੀਦਵਾਰ ਵਾਪਸ ਲਏ ਜਾਣ ਦਾ ਦਬਾਅ ਪਾਇਆ ਗਿਆ ਸੀ।

ਆਪਣੇ ਚੋਣ ਪ੍ਰਚਾਰ ਦੌਰਾਨ ਵਿਰਸਾ ਸਿੰਘ ਵਲਟੋਹਾ ਨੇ ਅਮ੍ਰਿਤਪਾਲ ਸਿੰਘ ਦੇ ਸਿਆਸੀ ਪੈਂਤੜੇ ਦੀ ਨਿਖੇਧੀ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ‘ਸੱਚੀ ਪੰਥਕ ਪਾਰਟੀ’ ਦੱਸਿਆ।

ਜਸਬੀਰ ਸਿੰਘ ਪੱਟੀ ਦੱਸਦੇ ਹਨ ਕਿ ਵਿਰਸਾ ਸਿੰਘ ਵਲਟੋਹਾ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਚਾਲੇ ਸਿਆਸੀ ਤਣਾਅ ਵੀ ਚਰਚਾ ਦਾ ਵਿਸ਼ਾ ਰਿਹਾ ਹੈ।

ਇਨ੍ਹਾਂ ਚੋਣਾਂ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹਾਰ ਗਏ ਸਨ। ਆਦੇਸ਼ ਪ੍ਰਤਾਪ ਕੈਰੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਹਨ।ਉਹ ਰਿਸ਼ਤੇ ਵਿੱਚ ਸੁਖਬੀਰ ਬਾਦਲ ਦੇ ਜੀਜਾ ਲੱਗਦੇ ਹਨ।

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਖੇਮਕਰਨ ਵਿੱਚ ਰੈਲੀ ਕਰਕੇ ਵਿਰਸਾ ਸਿੰਘ ਵਲਟੋਹਾ ਨੂੰ ਪਹਿਲਾ ਉਮੀਦਵਾਰ ਐਲਾਨਿਆ ਗਿਆ ਸੀ।

ਉਸ ਵੇਲੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਖੇਮਕਰਨ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ।

ਆਦੇਸ਼ ਪ੍ਰਤਾਪ ਕੈਰੋਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ।

ਮੌਜੂਦਾ ਮਾਮਲਾ ਕੀ ਹੈ?

ਵਿਰਸਾ ਸਿੰਘ ਵਲਟੋਹਾ ਵੱਲੋਂ ਇਹ ਇਲਜ਼ਾਮ ਲਗਾਏ ਗਏ ਸਨ ਕਿ ਸੁਖਬੀਰ ਬਾਦਲ ਉੱਤੇ ਅਕਾਲ ਤਖ਼ਤ ਵੱਲੋਂ ਕਾਰਵਾਈ ਭਾਜਪਾ ਤੇ ਆਰਐੱਐੱਸ ਦੇ ਦਬਾਅ ਹੇਠ ਕੀਤੀ ਜਾ ਰਹੀ ਹੈ।

ਜਿਸ ਮਗਰੋਂ ਉਨ੍ਹਾਂ ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਤਲਬ ਕੀਤਾ ਗਿਆ ਤੇ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲਾਂ ਲਈ ਕੱਢੇ ਜਾਣ ਦਾ ਆਦੇਸ਼ ਦਿੱਤਾ ਗਿਆ।

ਇਸ ਮਗਰੋਂ ਵਿਰਸਾ ਸਿੰਘ ਵਲਟੋਹਾ ਨੇ ਆਪ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਏ ਕਿ ਵਲਟੋਹਾ ਵਿਰੁੱਧ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਕਈ ਧਮਕੀਆਂ ਮਿਲੀਆਂ ਤੇ ਉਨ੍ਹਾਂ ਦੇ ਪਰਿਵਾਰ ਲਈ ਮਾੜੀ ਸ਼ਬਦਾਵਲੀ ਵਰਤੀ ਗਈ।

ਇਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੇ ਵੀ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਨਾ-ਮਨਜ਼ੂਰ ਕਰ ਦਿੱਤਾ ਤੇ ਉਨ੍ਹਾਂ ਨੂੰ ਅਹੁਦੇ ਉੱਤੇ ਬਣੇ ਰਹਿਣ ਲਈ ਕਿਹਾ।

ਹਰਵਿੰਦਰ ਸਿੰਘ ਦੱਸਦੇ ਹਨ ਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਬਿਆਨਬਾਜ਼ੀ ਨੇ ਸੁਖਬੀਰ ਬਾਦਲ ਦੇ ਭਵਿੱਖ ਲਈ ਰਾਹ ਮੁਸ਼ਿਕਲ ਕਰ ਰਹੀ ਹੈ।

ਉਹ ਕਹਿੰਦੇ ਹਨ ਕਿ ਇਸ ਦਾ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉੱਤੇ ਕਾਫੀ ਅਸਰ ਪਵੇਗਾ ਤੇ ਅਕਾਲੀ ਦਲ ਨੂੰ ਕਈ ਸੀਟਾਂ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਬੀਬੀਸੀ ਪੰਜਾਬੀ ਨੇ ਵਿਰਸਾ ਸਿੰਘ ਵਲਟੋਹਾ ਨਾਲ ਇਸ ਪੂਰੇ ਘਟਨਾਕ੍ਰਮ ਬਾਰੇ ਗੱਲ ਕਰਨ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਨੇ ਕਿਹਾ, “ਮੈਂ ਇਸ ਮਾਮਲੇ ਬਾਰੇ ਹਾਲੇ ਚੁੱਪ ਹਾਂ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)