You’re viewing a text-only version of this website that uses less data. View the main version of the website including all images and videos.
ਅਨਿਲ ਅੰਬਾਨੀ: ਕਦੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚ ਸ਼ਾਮਲ ਇਸ ਵਿਅਕਤੀ ਦੇ ਦਾਅ ਕਿਵੇਂ ਪੁੱਠੇ ਪੈਂਦੇ ਗਏ?
- ਲੇਖਕ, ਦਿਨੇਸ਼ ਉਪਰੇਤੀ
- ਰੋਲ, ਬੀਬੀਸੀ ਪੱਤਰਕਾਰ
"ਇੱਕ ਵਾਰ ਜਦੋਂ ਤੁਹਾਨੂੰ ਸਫਲਤਾ ਮਿਲ ਜਾਵੇ ਤਾਂ ਅਗਲੀ ਸਫਲਤਾ ਹੋਰ ਆਸਾਨੀ ਨਾਲ ਮਿਲ ਜਾਂਦੀ ਹੈ।"
ਇਹ ਗੱਲ ਅਨਿਲ ਅੰਬਾਨੀ ਨੇ ਸਾਲ 2004 ਵਿੱਚ ਬੀਬੀਸੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਹੀ ਸੀ।
ਬੇਸ਼ੱਕ, ਉਦੋਂ ਉਹ ਰਿਲਾਇੰਸ ਇੰਡਸਟਰੀਜ਼ ਲਈ ਕੰਮ ਕਰ ਰਹੇ ਸਨ, ਜਿਸਦੀ ਸਥਾਪਨਾ ਉਨ੍ਹਾਂ ਦੇ ਪਿਤਾ ਧੀਰੂਭਾਈ ਅੰਬਾਨੀ ਨੇ ਕੀਤੀ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਭਰਾ ਮੁਕੇਸ਼ ਅੰਬਾਨੀ ਦਾ ਵੀ ਸਹਾਰਾ ਮਿਲਿਆ ਹੋਇਆ ਸੀ।
ਪਰ ਅਗਲੇ ਕੁਝ ਮਹੀਨਿਆਂ ਵਿੱਚ ਘਟਨਾਵਾਂ ਤੇਜ਼ੀ ਨਾਲ ਬਦਲ ਗਈਆਂ ਅਤੇ ਦੋਵੇਂ ਭਰਾ ਪਰਿਵਾਰਕ ਕਾਰੋਬਾਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਹੱਦ ਤੱਕ ਚਲੇ ਗਏ।
ਅਨਿਲ ਨੂੰ ਉਹ ਮਿਲਿਆ ਜੋ ਉਹ ਚਾਹੁੰਦੇ ਸਨ ਜਾਂ ਜੋ ਉਨ੍ਹਾਂ ਦੀ ਸ਼ਖਸੀਅਤ ਵਿੱਚ ਝਲਕਦਾ ਹੁੰਦਾ ਸੀ - ਟੈਲੀਕਾਮ, ਫਾਇਨੈਂਸ਼ੀਅਲ ਸਰਵਿਸਿਜ਼ ਅਤੇ ਐਨਰਜੀ - ਨਵੇਂ ਦੌਰ ਦੇ ਨਵੇਂ ਕਾਰੋਬਾਰ।
ਹਾਲਾਂਕਿ ਰਿਲਾਇੰਸ ਗਰੁੱਪ ਦਾ ਮੁੱਖ ਕਾਰੋਬਾਰ ਪੈਟਰੋਕੈਮੀਕਲਸ ਸੀ, ਪਰ ਉਸ ਵੇਲੇ ਆਤਮਵਿਸ਼ਵਾਸ ਨਾਲ ਭਰਪੂਰ ਅਤੇ ਦੌੜਨ ਦੇ ਸ਼ੌਕੀਨ ਅਨਿਲ ਨੂੰ ਨਵੇਂ ਜ਼ਮਾਨੇ ਦੇ ਇਨ੍ਹਾਂ ਕਾਰੋਬਾਰਾਂ ਵਿੱਚ ਤਰੱਕੀ ਦੀਆਂ ਵਧੇਰੇ ਸੰਭਾਵਨਾਵਾਂ ਨਜ਼ਰ ਆਈਆਂ।
ਭਾਰਤ ਇੱਕ ਟੈਲੀਕਾਮ ਕ੍ਰਾਂਤੀ ਦੀ ਕਗਾਰ 'ਤੇ ਸੀ ਅਤੇ ਫਾਇਨੈਂਸ਼ੀਅਲ ਸਰਵਿਸਿਜ਼, ਬੀਮਾ ਅਤੇ ਐਨਰਜੀ ਲਈ ਵਿਦੇਸ਼ੀ ਨਿਵੇਸ਼ ਲਈ ਆਪਣੇ ਦਰਵਾਜ਼ੇ ਖੋਲ੍ਹ ਰਿਹਾ ਸੀ।
ਅਜਿਹੀ ਸਥਿਤੀ ਵਿੱਚ ਅਨਿਲ ਅੰਬਾਨੀ ਨੇ ਸਾਲ 2006 ਵਿੱਚ ਅਨਿਲ ਧੀਰੂਭਾਈ ਅੰਬਾਨੀ ਗਰੁੱਪ (ਏਡੀਏਜੀ) ਦੀ ਸਥਾਪਨਾ ਕੀਤੀ।
ਬਹੁਤ ਸਾਰੇ ਵਿਸ਼ਲੇਸ਼ਕ ਅਨਿਲ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ 'ਤੇ ਦਾਅ ਲਗਾ ਰਹੇ ਸਨ। ਸਾਲ 2008 ਵਿੱਚ ਉਨ੍ਹਾਂ ਨੇ ਰਿਲਾਇੰਸ ਪਾਵਰ ਦਾ ਆਈਪੀਓ ਲਾਂਚ ਕੀਤਾ।
ਇਹ ਭਾਰਤੀ ਸਟਾਕ ਮਾਰਕੀਟ ਲਈ ਇੱਕ ਇਤਿਹਾਸਕ ਪਲ ਸੀ, ਕਿਉਂਕਿ ਉਹ ਆਈਪੀਓ ਕੁਝ ਮਿੰਟਾਂ ਵਿੱਚ ਹੀ ਓਵਰਸਬਸਕ੍ਰਾਈਬ ਹੋ ਗਿਆ ਸੀ।
ਜਿੰਨੇ ਸ਼ੇਅਰ ਆਫਰ ਕੀਤੇ ਗਏ ਸਨ, ਉਨ੍ਹਾਂ ਤੋਂ ਲਗਭਗ 69 ਗੁਣਾ ਸ਼ੇਅਰਾਂ ਲਈ ਬੋਲੀਆਂ ਲਗਾਈਆਂ ਗਈਆਂ ਸਨ।
ਇਹ ਉਸ ਸਮੇਂ ਭਾਰਤ ਦਾ ਸਭ ਤੋਂ ਵੱਡਾ ਆਈਪੀਓ ਸੀ।
ਸਾਲ 2008 ਵਿੱਚ ਫੋਰਬਸ ਮੈਗਜ਼ੀਨ ਦੁਆਰਾ ਕੀਤੇ ਗਏ ਇੱਕ ਸਰਵੇਖਣ ਵਿੱਚ ਅਨਿਲ ਅੰਬਾਨੀ 42 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਸਨ।
ਲਗਾਤਾਰ ਪੁੱਠੇ ਪੈਂਦੇ ਦਾਅ
ਪੈਨਸਿਲਵੇਨੀਆ ਯੂਨੀਵਰਸਿਟੀ ਦੇ ਵਾਰਟਨ ਤੋਂ ਐਮਬੀਏ ਅਨਿਲ ਅੰਬਾਨੀ ਨੇ ਇੱਕ ਪਾਵਰ ਕੰਪਨੀ ਤਾਂ ਬਣਾ ਲਈ ਪਰ ਉਨ੍ਹਾਂ ਦੇ ਵੱਡੇ ਭਰਾ ਮੁਕੇਸ਼ ਅੰਬਾਨੀ ਨਾਲ ਉਨ੍ਹਾਂ ਦੇ ਝਗੜੇ ਖਤਮ ਨਹੀਂ ਹੋਏ ਅਤੇ ਇਹ ਝਗੜੇ ਉਨ੍ਹਾਂ ਦੇ ਕਾਰੋਬਾਰ ਦੇ ਰਾਹ ਵਿੱਚ ਅੜਿੱਕਾ ਬਣੇ।
ਸੀਨੀਅਰ ਕਾਰੋਬਾਰੀ ਪੱਤਰਕਾਰ ਪਵਨ ਕੁਮਾਰ ਕਹਿੰਦੇ ਹਨ, "ਅਨਿਲ ਅੰਬਾਨੀ ਨੇ ਦਾਦਰੀ ਗੈਸ ਪ੍ਰੋਜੈਕਟ ਸ਼ੁਰੂ ਕੀਤਾ ਸੀ। ਇਸ ਦੇ ਲਈ ਕ੍ਰਿਸ਼ਨਾ ਗੋਦਾਵਰੀ ਬੇਸਿਨ (ਕੇਜੀਡੀ-6) ਤੋਂ ਸਸਤੀਆਂ ਦਰਾਂ 'ਤੇ ਗੈਸ ਪ੍ਰਾਪਤ ਕੀਤੀ ਜਾਣੀ ਸੀ। ਕੇਜੀਡੀ-6 ਦਾ ਮਾਲਕਾਨਾ ਹੱਕ ਮੁਕੇਸ਼ ਅੰਬਾਨੀ ਕੋਲ ਸੀ। ਉਨ੍ਹਾਂ ਨੇ ਸਸਤੀਆਂ ਦਰਾਂ 'ਤੇ ਗੈਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਲੜਾਈ ਸੁਪਰੀਮ ਕੋਰਟ ਤੱਕ ਪਹੁੰਚੀ।"
ਸਾਲ 2010 ਵਿੱਚ, ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਦੋਵੇਂ ਭਰਾ (ਅਨਿਲ ਅਤੇ ਮੁਕੇਸ਼) ਪਰਿਵਾਰਕ ਸਮਝੌਤੇ ਨੂੰ ਨਵੇਂ ਸਿਰਿਓਂ ਤੈਅ ਕਰਨ। ਇਸ ਦੇ ਨਾਲ ਹੀ ਅਦਾਲਤ ਨੇ ਗੈਸ ਦੀ ਕੀਮਤ ਨਿਰਧਾਰਤ ਕਰਨ ਦਾ ਅਧਿਕਾਰ ਸਰਕਾਰ ਨੂੰ ਦੇ ਦਿੱਤਾ।
ਨਵੇਂ ਇਕਰਾਰਨਾਮੇ ਦੇ ਅਨੁਸਾਰ, ਗੈਸ ਦੀ ਕੀਮਤ 4.2 ਡਾਲਰ ਪ੍ਰਤੀ ਐਮਐਮਬੀਟੀਯੂ (ਮਿਲੀਅਨ ਮੀਟ੍ਰਿਕ ਬ੍ਰਿਟਿਸ਼ ਥਰਮਲ ਯੂਨਿਟ) ਨਿਰਧਾਰਤ ਕੀਤੀ ਗਈ, ਜਦਕਿ ਸਾਲ 2005 ਵਿੱਚ ਦੋਵਾਂ ਭਰਾਵਾਂ ਨੇ 17 ਸਾਲਾਂ ਲਈ 2.34 ਡਾਲਰ ਪ੍ਰਤੀ ਐਮਐਮਬੀਟੀਯੂ ਦੀ ਕੀਮਤ ਨਿਰਧਾਰਤ ਕੀਤੀ ਸੀ।
ਇਸ ਤੋਂ ਇਲਾਵਾ, ਅਨਿਲ ਅੰਬਾਨੀ ਨੇ ਦੱਖਣੀ ਅਫ਼ਰੀਕੀ ਟੈਲੀਕਾਮ ਕੰਪਨੀ ਐਮਟੀਐਨ ਨਾਲ ਇੱਕ ਕਰਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਸੌਦਾ ਵੀ ਸਿਰੇ ਨਹੀਂ ਚੜ੍ਹਿਆ।
ਟੈਲੀਕਾਮ ਵਿੱਚ ਵਿਸਥਾਰ ਲਈ ਭਰਪੂਰ ਗੁੰਜਾਇਸ਼ ਸੀ, ਪਰ ਇਸ ਵਿੱਚ ਵੱਡੇ ਨਿਵੇਸ਼ ਦੀ ਵੀ ਓਨੀ ਹੀ ਲੋੜ ਸੀ।
ਕਾਰੋਬਾਰੀ ਪੱਤਰਕਾਰ ਅਸੀਮ ਮਨਚੰਦਾ ਕਹਿੰਦੇ ਹਨ, "ਅਜਿਹਾ ਲੱਗਦਾ ਸੀ ਕਿ ਅਨਿਲ ਅੰਬਾਨੀ ਦੇ ਦਾਅ ਉਲਟੇ ਪੈ ਰਹੇ ਸਨ। ਅਨਿਲ ਅਜਿਹੇ ਪ੍ਰੋਜੈਕਟਾਂ ਵਿੱਚ ਪੈਰ ਧਰ ਲੈਂਦੇ ਸਨ, ਜਿਨ੍ਹਾਂ ਲਈ ਹਜ਼ਾਰਾਂ ਕਰੋੜ ਰੁਪਏ ਦੀ ਲੋੜ ਹੁੰਦੀ ਸੀ। ਉਹ ਵਿਦੇਸ਼ਾਂ ਵਿੱਚ ਕੰਪਨੀਆਂ ਖਰੀਦਣ ਅਤੇ ਆਪਣੇ ਸਾਮਰਾਜ ਨੂੰ ਵਧਾਉਣ 'ਤੇ ਖੁੱਲ੍ਹ ਕੇ ਖਰਚ ਕਰ ਰਹੇ ਸਨ।"
ਅਤੇ ਫਿਰ ਸਾਲ 2008 ਵਿੱਚ ਅਮਰੀਕਾ ਵਿੱਚ ਲੇਹਮੇਨ ਬ੍ਰਦਰਜ਼ ਦੇ ਪਤਨ ਨਾਲ ਹੀ ਪੂਰੀ ਦੁਨੀਆਂ ਆਰਥਿਕ ਮੰਦੀ ਦੀ ਚਪੇਟ 'ਚ ਆ ਗਈ। ਅਨਿਲ ਅੰਬਾਨੀ ਵੀ ਇਸ ਤੋਂ ਅਛੂਤੇ ਨਹੀਂ ਰਹੇ।
ਪੱਤਰਕਾਰ ਪਵਨ ਕੁਮਾਰ ਕਹਿੰਦੇ ਹਨ, "ਲੇਹਮੇਨ ਬ੍ਰਦਰਜ਼ ਮਾਮਲੇ ਤੋਂ ਬਾਅਦ ਭਾਰਤ ਵਿੱਚ ਵੀ ਬੈਂਕਿੰਗ ਖੇਤਰ ਲਈ ਨਿਯਮ ਸਖ਼ਤ ਕਰ ਦਿੱਤੇ ਗਏ ਸਨ। ਉਦਯੋਗਪਤੀਆਂ ਨੂੰ ਵੀ ਕਰਜ਼ੇ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਹੋਣ ਲੱਗੀਆਂ ਸਨ। ਅਨਿਲ ਅੰਬਾਨੀ ਆਪਣਾ ਕਾਰੋਬਾਰ ਵਧਾ ਰਹੇ ਸਨ ਅਤੇ ਉਨ੍ਹਾਂ ਨੂੰ ਪੂੰਜੀ ਦੀ ਲੋੜ ਸੀ, ਪਰ ਹੁਣ ਉਨ੍ਹਾਂ ਕੋਲ ਇਸਦੀ ਸਖਤ ਘਾਟ ਸੀ।
2ਜੀ ਸਪੈਕਟ੍ਰਮ ਦੇ ਕਥਿਤ ਘੁਟਾਲੇ ਵਿੱਚ ਸਾਲ 2011 ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅਨਿਲ ਅੰਬਾਨੀ ਤੋਂ ਪੁੱਛਗਿੱਛ ਵੀ ਕੀਤੀ।
ਚਮਕ-ਧਮਕ ਵਾਲੀ ਕਾਰਜ-ਸ਼ੈਲੀ
ਜਿਵੇਂ ਹੀ ਅਨਿਲ ਨੇ ਰਿਲਾਇੰਸ-ਅਨਿਲ ਧੀਰੂਭਾਈ ਅੰਬਾਨੀ ਸਮੂਹ (ਆਰ-ਏਡੀਏਜੀ) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ, ਉਨ੍ਹਾਂ ਦੀ ਸ਼ਾਨਦਾਰ ਅਤੇ ਚਮਕ-ਧਮਕ ਵਾਲੀ ਕਾਰਜ-ਸ਼ੈਲੀ ਸਾਫ ਨਜ਼ਰ ਆਉਣ ਲੱਗੀ।
ਅਨਿਲ ਅੰਬਾਨੀ ਅਕਸਰ ਮੀਡੀਆ ਵਿੱਚ ਖ਼ਬਰਾਂ ਵਿੱਚ ਰਹਿੰਦੇ ਸਨ।
ਅਸੀਮ ਮਨਚੰਦਾ ਕਹਿੰਦੇ ਹਨ, "ਅਨਿਲ ਅੰਬਾਨੀ ਆਪਣੇ ਟੈਲੀਕਾਮ ਕਾਰੋਬਾਰ ਨਾਲ ਸਬੰਧਤ ਛੋਟੀਆਂ-ਛੋਟੀਆਂ ਘੋਸ਼ਣਾਵਾਂ ਲਈ ਵੀ ਪ੍ਰੈਸ ਕਾਨਫਰੰਸਾਂ ਬੁਲਾ ਲੈਂਦੇ ਸਨ। ਉਹ ਆਪਣੇ ਅਧਿਕਾਰੀਆਂ ਤੋਂ ਇਸਦੀ ਵਿਸਤ੍ਰਿਤ ਪ੍ਰੈਜ਼ੇਂਟੇਸ਼ਨ ਕਰਾਉਂਦੇ ਸਨ।"
ਇੱਕ ਘਟਨਾ ਨੂੰ ਯਾਦ ਕਰਦੇ ਹੋਏ ਉਹ ਦੱਸਦੇ ਹਨ, ''ਦਿੱਲੀ ਸਥਿਤ ਸੰਚਾਰ ਭਵਨ ਉਨ੍ਹਾਂ ਦਾ ਅਕਸਰ ਆਉਣ-ਜਾਣ ਲੱਗਿਆ ਰਹਿੰਦਾ ਸੀ। ਉਹ ਕਈ ਵਾਰ ਸੰਚਾਰ ਭਵਨ ਦੇ ਪਿੱਛੇ ਖਬਰ ਏਜੰਸੀ ਯੂਐਨਆਈ ਦੀ ਕੰਟੀਨ ਵਿੱਚ ਚਲੇ ਜਾਂਦੇ ਸਨ ਅਤੇ ਉੱਥੇ ਪੱਤਰਕਾਰਾਂ ਨੂੰ ਮਿਲਦੇ ਸਨ।"
ਉਹ ਅਮਿਤਾਭ ਬੱਚਨ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਦੇ ਕਰੀਬੀ ਸਨ ਅਤੇ ਅਕਸਰ ਸਮਾਜਵਾਦੀ ਪਾਰਟੀ ਆਗੂ ਅਮਰ ਸਿੰਘ ਨਾਲ ਵੀ ਦੇਖੇ ਜਾਂਦੇ ਸਨ।
ਅਨਿਲ ਦਾ ਬਾਲੀਵੁੱਡ ਨਾਲ ਲਗਾਅ ਪੁਰਾਣਾ ਸੀ। ਉਨ੍ਹਾਂ ਨੇ ਸਾਲ 1991 ਵਿੱਚ ਮਸ਼ਹੂਰ ਅਦਾਕਾਰਾ ਟੀਨਾ ਮੁਨੀਮ ਨਾਲ ਵਿਆਹ ਕੀਤਾ। ਆਪਣੇ ਕਾਰੋਬਾਰ ਦਾ ਵਿਸਥਾਰ ਕਰਦੇ ਹੋਏ ਅਨਿਲ ਅੰਬਾਨੀ ਮਨੋਰੰਜਨ ਦੀ ਦੁਨੀਆਂ ਨਾਲ ਵੀ ਜੁੜੇ।
ਉਨ੍ਹਾਂ ਨੇ ਫਿਲਮ ਨਿਰਮਾਤਾ ਸਟੀਵਨ ਸਪੀਲਬਰਗ ਦੇ ਡ੍ਰੀਮਵਰਕਸ ਸਟੂਡੀਓ ਨਾਲ ਸਾਂਝੇਦਾਰੀ ਵਿੱਚ ਫਿਲਮਾਂ ਬਣਾਈਆਂ।
ਉਨ੍ਹਾਂ ਮਲਟੀਪਲੈਕਸ ਚੇਨ 'ਐਡਲੈਬਸ' ਖਰੀਦੀ ਅਤੇ ਸਾਲ 2008 ਤੱਕ ਭਾਰਤ ਅਤੇ ਵਿਦੇਸ਼ਾਂ ਵਿੱਚ 700 ਸਕ੍ਰੀਨਾਂ ਨਾਲ ਸਭ ਤੋਂ ਵੱਡੇ ਮਲਟੀਪਲੈਕਸ ਦੇ ਮਾਲਕ ਬਣ ਗਏ।
ਰਿਲਾਇੰਸ ਕਮਿਊਨੀਕੇਸ਼ਨਜ਼ ਦੀ 'ਗਲਤ ਡਾਇਲਿੰਗ'
ਸਾਲ 2002 ਵਿੱਚ ਜਦੋਂ ਰਿਲਾਇੰਸ ਇਨਫੋਕਾਮ ਦੀ ਸ਼ੁਰੂਆਤ ਹੋਈ ਸੀ, ਤਾਂ ਇਸਨੇ ਸੀਡੀਐਮਏ (ਕੋਡ ਡਿਵੀਜ਼ਨ ਮਲਟੀਪਲ ਐਕਸੈਸ) ਤਕਨਾਲੋਜੀ ਨੂੰ ਚੁਣਿਆ।
ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਇੱਕ ਉੱਭਰਦੀ ਤਕਨਾਲੋਜੀ ਹੈ ਅਤੇ ਏਅਰਟੈੱਲ ਅਤੇ ਹਚਿਸਨ ਵਰਗੇ ਮੁਕਾਬਲੇਬਾਜ਼ ਆਪਰੇਟਰਾਂ ਦੀ ਜੀਐਸਐਮ (ਗਲੋਬਲ ਸਿਸਟਮ ਫਾਰ ਮੋਬਾਈਲ) ਤਕਨਾਲੋਜੀ ਨਾਲੋਂ ਬਿਹਤਰ ਹੈ।
ਪਰ ਸੀਡੀਐਮਏ ਸਿਰਫ਼ 2ਜੀ ਅਤੇ 3ਜੀ ਤੱਕ ਸੀਮਿਤ ਸੀ। ਜਦੋਂ ਭਾਰਤ ਵਿੱਚ 4ਜੀ ਅਤੇ ਬਾਅਦ ਵਿੱਚ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਤਾਂ ਆਰਕਾਮ ਬੁਰੀ ਤਰ੍ਹਾਂ ਪਛੜਨ ਲੱਗ ਪਈ।
ਹਾਲਾਤ ਅਜਿਹੇ ਹੋ ਗਏ ਕਿ ਕੰਪਨੀ ਨੇ ਟੈਲੀਕਾਮ ਕਾਰੋਬਾਰ ਤੋਂ ਛੁਟਕਾਰਾ ਪਾਉਣਾ ਹੀ ਬਿਹਤਰ ਸਮਝਿਆ।
ਅਨਿਲ ਅੰਬਾਨੀ ਨੇ ਸਤੰਬਰ 2018 ਵਿੱਚ ਰਿਲਾਇੰਸ ਕਮਿਊਨੀਕੇਸ਼ਨਜ਼ ਦੀ ਸਾਲਾਨਾ ਸ਼ੇਅਰਧਾਰਕਾਂ ਦੀ ਮੀਟਿੰਗ ਵਿੱਚ ਐਲਾਨ ਕੀਤਾ ਕਿ "ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਇਸ ਖੇਤਰ ਵਿੱਚ ਅੱਗੇ ਨਹੀਂ ਵਧਾਂਗੇ।"
ਪਰ ਅਨਿਲ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਸਨ।
ਅਸੀਮ ਮਨਚੰਦਾ ਦੱਸਦੇ ਹਨ, "ਅਨਿਲ ਆਪਣੀ ਟੈਲੀਕਾਮ ਜਾਇਦਾਦ ਆਪਣੇ ਵੱਡੇ ਭਰਾ ਮੁਕੇਸ਼ ਦੀ ਰਿਲਾਇੰਸ ਜੀਓ ਨੂੰ 18,000 ਕਰੋੜ ਰੁਪਏ ਵਿੱਚ ਵੇਚਣ ਲਈ ਸਹਿਮਤ ਹੋ ਗਏ ਸਨ। ਪਰ ਇਹ ਡੀਲ ਓਦੋਂ ਟੁੱਟ ਗਈ ਜਦੋਂ ਦੂਰਸੰਚਾਰ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਜੀਓ ਨੂੰ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਬਕਾਏ ਵੀ ਅਦਾ ਕਰਨੇ ਪੈਣਗੇ, ਜਿਸ ਨੂੰ ਜੀਓ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।"
ਰਫ਼ਾਲ ਤੋਂ ਕੁਝ ਰਾਹਤ!
ਅਨਿਲ ਅੰਬਾਨੀ ਨੇ ਸਾਲ 2015 ਵਿੱਚ ਪਿਪਾਵਾਵ ਡਿਫੈਂਸ ਐਂਡ ਆਫਸ਼ੋਰ ਇੰਜੀਨੀਅਰਿੰਗ ਨੂੰ 2,082 ਕਰੋੜ ਰੁਪਏ ਵਿੱਚ ਖਰੀਦਿਆ।
ਉਨ੍ਹਾਂ ਦਾ ਇਰਾਦਾ ਡਿਫੈਂਸ ਸੈਕਟਰ ਵਿੱਚ ਕਦਮ ਰੱਖਣ ਦਾ ਸੀ ਪਰ ਇੱਥੇ ਵੀ ਵਿਵਾਦਾਂ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ।
ਵਿਰੋਧੀ ਪਾਰਟੀ ਕਾਂਗਰਸ ਨੇ ਅਨਿਲ ਅੰਬਾਨੀ 'ਤੇ ਇਲਜ਼ਾਮ ਲਗਾਈ ਕਿ ਉਨ੍ਹਾਂ ਨੇ ਰਫ਼ਾਲ ਲੜਾਕੂ ਜੈੱਟ ਆਫਸੈੱਟ ਸੌਦੇ ਵਿੱਚ ਅਨੁਚਿਤ ਫਾਇਦਾ ਲਿਆ ਹੈ।
ਰਾਹੁਲ ਗਾਂਧੀ ਨੇ 7 ਮਾਰਚ 2019 ਨੂੰ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ, "ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਮਿਲ ਸਕਣ, ਇਸ ਲਈ ਰਫ਼ਾਲ ਸੌਦੇ ਵਿੱਚ ਦੇਰੀ ਕੀਤੀ ਗਈ। ਜੇਕਰ ਇਹ ਸੌਦਾ ਸਾਡੀ (ਯੂਪੀਏ) ਸਰਕਾਰ ਦੇ ਸੌਦੇ ਅਨੁਸਾਰ ਕੀਤਾ ਗਿਆ ਹੁੰਦਾ ਤਾਂ ਰਫ਼ਾਲ ਜਹਾਜ਼ ਹੁਣ ਤੱਕ ਭਾਰਤ ਵਿੱਚ ਹੁੰਦੇ।"
ਸਵਾਲ ਇਹ ਹੈ ਕਿ ਕੀ ਤੇਜ਼ ਤਰਾਰ ਅਨਿਲ ਅੰਬਾਨੀ ਦੀਆਂ ਕੰਪਨੀਆਂ ਕਾਰੋਬਾਰੀ ਮੰਦੀ ਦਾ ਸ਼ਿਕਾਰ ਹੋਈਆਂ ਜਾਂ ਮਿਸ ਮੈਨੇਜਮੈਂਟ ਕਾਰਨ ਉਨ੍ਹਾਂ ਦਾ ਇਹ ਹਾਲ ਹੋਇਆ?
ਪੱਤਰਕਾਰ ਪਵਨ ਕੁਮਾਰ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਹੀ ਕਾਰਨ ਰਹੇ। ਅਨਿਲ ਅੰਬਾਨੀ ਆਪਣੇ ਕਾਰੋਬਾਰ 'ਤੇ ਫੋਕਸ ਨਹੀਂ ਕਰ ਸਕੇ। ਜੇਕਰ ਉਹ ਇੱਕ ਕਾਰੋਬਾਰ ਵਿੱਚ ਅਸਫਲ ਹੋ ਜਾਂਦੇ ਸਨ, ਤਾਂ ਉਹ ਦੂਜੇ ਕਾਰੋਬਾਰ ਦਾ ਰੁਖ ਕਰ ਲੈਂਦੇ ਸਨ। ਬੇਸ਼ੱਕ ਉਨ੍ਹਾਂ ਨੇ ਹਰ ਉਸ ਕਾਰੋਬਾਰ ਵਿੱਚ ਕਦਮ ਰੱਖਿਆ ਜੋ ਇੱਕ ਲਾਭਦਾਇਕ ਸੌਦਾ ਹੋ ਸਕਦਾ ਸੀ, ਪਰ ਕਾਰੋਬਾਰ ਚਲਾਉਣ ਲਈ ਕਾਫ਼ੀ ਨਕਦੀ ਦੀ ਲੋੜ ਹੁੰਦੀ ਸੀ, ਜੋ ਉਨ੍ਹਾਂ ਕੋਲ ਨਹੀਂ ਸੀ।"
ਕੰਪਨੀਆਂ ਦੀ ਮਾੜੀ ਹਾਲਤ
ਅਨਿਲ ਅੰਬਾਨੀ, ਜੋ ਕਦੇ ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਸਨ, ਹੁਣ ਉਨ੍ਹਾਂ ਖ਼ਿਲਾਫ਼ ਲੋਨ ਧੋਖਾਧੜੀ ਤੋਂ ਲੈ ਕੇ ਮਨੀ ਲਾਂਡਰਿੰਗ ਤੱਕ ਦੇ ਮਾਮਲੇ ਚੱਲ ਰਹੇ ਹਨ।
ਸਾਲ 2020 ਵਿੱਚ, ਚੀਨੀ ਬੈਂਕਾਂ ਦੇ ਕਰਜ਼ੇ ਨਾਲ ਸਬੰਧਤ ਵਿਵਾਦ 'ਤੇ ਇੰਗਲੈਂਡ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਅਨਿਲ ਅੰਬਾਨੀ ਨੇ ਮੰਨਿਆ ਸੀ ਕਿ ਉਹ ਦਿਵਾਲੀਆ ਹਨ ਅਤੇ ਕਰਜ਼ਾ ਚੁਕਾਉਣ ਵਿੱਚ ਅਸਮਰੱਥ ਹਨ।
ਅਨਿਲ ਦੇ ਵਕੀਲ ਨੇ ਆਪਣੀ ਦਲੀਲ ਵਿੱਚ ਕਿਹਾ ਸੀ, "ਅਨਿਲ ਅੰਬਾਨੀ ਦੀ ਨੈਟਵਰਥ ਜ਼ੀਰੋ ਹੈ, ਉਹ ਦਿਵਾਲੀਆ ਹਨ। ਇਸ ਲਈ ਉਹ ਬਕਾਇਆ ਵਾਪਸ ਨਹੀਂ ਕਰ ਸਕਦੇ। ਪਰਿਵਾਰ ਦੇ ਮੈਂਬਰ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਣਗੇ।"
ਦੂਜੇ ਪਾਸੇ, ਅਨਿਲ ਅੰਬਾਨੀ ਦੀਆਂ ਕੰਪਨੀਆਂ ਨਾਲ ਸਬੰਧਤ 17000 ਕਰੋੜ ਰੁਪਏ ਦੇ ਕਥਿਤ ਲੋਨ ਦੀ ਧੋਖਾਧੜੀ ਦੀ ਵੀ ਜਾਂਚ ਚੱਲ ਰਹੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਅਨਿਲ ਅੰਬਾਨੀ ਤੋਂ ਪੁੱਛਗਿੱਛ ਵੀ ਕੀਤੀ ਹੈ।
ਇਸ ਨਾਲ ਨਾ ਸਿਰਫ਼ ਉਨ੍ਹਾਂ ਦੇ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਧਾਰਕਾਂ ਨੂੰ ਝਟਕਾ ਲੱਗਾ ਹੈ, ਸਗੋਂ ਅਨਿਲ ਦੀ ਆਪਣੀ ਬਾਕੀ ਬਚੀ ਹਿੱਸੇਦਾਰੀ ਦੀ ਕੀਮਤ ਵੀ 'ਸਫ਼ਾਚੱਟ' ਹੋ ਗਈ ਹੈ।
ਪਿਛਲੇ ਇੱਕ ਮਹੀਨੇ ਵਿੱਚ ਰਿਲਾਇੰਸ ਇਨਫਰਾਸਟ੍ਰਕਚਰ ਦੇ ਸ਼ੇਅਰਾਂ ਵਿੱਚ 28 ਫੀਸਦੀ ਦੀ ਗਿਰਾਵਟ ਆਈ ਹੈ।
ਜਦਕਿ ਪਿਛਲੇ ਪੰਜ-ਛੇ ਵਪਾਰਕ ਸੈਸ਼ਨਾਂ ਵਿੱਚ ਰਿਲਾਇੰਸ ਪਾਵਰ ਦੇ ਸ਼ੇਅਰ ਲਗਭਗ 20 ਫੀਸਦੀ ਟੁੱਟ ਗਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ