You’re viewing a text-only version of this website that uses less data. View the main version of the website including all images and videos.
'ਜੰਗ ਦੇ ਮਾਹੌਲ 'ਚ ਜੰਗ ਖ਼ਿਲਾਫ਼ ਖੜ੍ਹਨ ਵਾਲਾ ਬੰਦਾ ਆਪਣੇ-ਆਪ ਨੂੰ ਗੱਦਾਰ ਹੀ ਕਹਾਉਂਦਾ ਹੈ'- ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
ਜੰਗ ਦੇ ਨੁਕਸਾਨ ਤਾਂ ਬੜੇ ਨੇ, ਲੇਕਿਨ ਜੰਗ ਦਾ ਇੱਕ ਛੋਟਾ ਜਿਹਾ ਫ਼ਾਇਦਾ ਵੀ ਹੈ। ਨੁਕਸਾਨ ਸਾਨੂੰ ਸਾਰਿਆਂ ਨੂੰ ਪਤਾ ਹੈ ਫ਼ੌਜੀ ਤਾਂ ਫ਼ੌਜ ਵਿੱਚ ਭਰਤੀ ਹੀ ਜੰਗ ਲੜਨ ਲਈ ਹੁੰਦੇ ਨੇ, ਲੇਕਿਨ ਜਦੋਂ ਜੰਗ ਹੋਵੇ ਉਹਦੇ ਵਿੱਚ ਆਮ ਨਾਗਰਿਕ ਵੀ ਮਾਰੇ ਜਾਂਦੇ ਨੇ।
ਆਟੇ ਦਾਲ ਦਾ ਭਾਅ ਵੱਧ ਜਾਂਦਾ ਹੈ, ਕਈ ਵਿਚਾਰੇ ਘਰੋਂ ਬੇਘਰ ਹੋ ਜਾਂਦੇ ਨੇ, ਲੇਕਿਨ ਜੰਗ ਦੇ ਇਸ ਮਾਹੌਲ ਵਿੱਚ ਜੰਗ ਦੇ ਖ਼ਿਲਾਫ਼ ਖੜ੍ਹਨ ਵਾਲਾ ਬੰਦਾ ਆਪਣੇ ਆਪ ਨੂੰ ਗੱਦਾਰ ਹੀ ਕਹਾਉਂਦਾ ਹੈ।
ਇਸ ਲਈ ਅਸੀਂ ਵੀ ਕਹਿ ਦਿੰਦੇ ਹਾਂ,"ਜੰਗ ਹੂਈ ਤੋਂ ਹਮ ਆਪਣੀ ਜ਼ਮੀਨ ਕੇ ਚੱਪੇ-ਚੱਪੇ ਕੀ ਹਿਫ਼ਾਜ਼ਤ ਕਰੇਂਗੇ।"
ਲੇਕਿਨ ਅਸਲੀ ਗੱਲ ਇਹ ਹੈ ਕਿ ਜੰਗ ਹਾਲੇ ਸ਼ੁਰੂ ਨਹੀਂ ਹੋਈ, ਪਰ ਪਾਕਿਸਤਾਨੀ ਸਰਕਾਰ ਇਹ ਜੰਗ ਪਹਿਲਾਂ ਹੀ ਜਿੱਤ ਚੁੱਕੀ ਹੈ।
ਪੰਜਾਬੀਆਂ ਦਾ ਹਕੂਮਤ ਲਈ ਬਦਲਿਆ ਰੁਖ਼
ਪਾਕਿਸਤਾਨ ਵਿੱਚ ਹਕੂਮਤ ਹੋਈ ਵੀ ਹੋਵੇ, ਵਜ਼ੀਰ-ਏ-ਆਜ਼ਮ ਦਾ ਨਾਮ ਕੋਈ ਵੀ ਹੋਵੇ, ਵਜ਼ੀਰ-ਏ-ਦਿਫ਼ਾ (ਰੱਖਿਆ ਮੰਤਰੀ) ਕੋਈ ਵੀ ਹੋਵੇ, ਲੇਕਿਨ ਅਸਲੀ ਸਰਕਾਰ ਅੱਜ-ਕੱਲ੍ਹ ਵਰਦੀ ਵਾਲਿਆਂ ਦੀ ਹੈ।
ਤੇ ਪਾਕਿਸਤਾਨ ਦੀ ਵਰਦੀ ਵਾਲੀ ਸਰਕਾਰ ਨੂੰ ਜਿਹੜੇ ਪਿਆਰ ਦੀ ਆਦਤ ਸੀ ਉਹ ਥੋੜ੍ਹਾ ਜਿਹਾ ਘੱਟ ਹੋਇਆ ਸੀ, ਉਦੋਂ ਦਾ ਜਦੋਂ ਦਾ ਉਨ੍ਹਾਂ ਨੇ ਇਮਰਾਨ ਖ਼ਾਨ ਨੂੰ ਹਕੂਮਤੋਂ ਕੱਢਿਆ ਹੈ ਤੇ ਜੇਲ੍ਹ ਪਾਇਆ ਹੈ।
ਖ਼ਾਸ ਤੌਰ 'ਤੇ ਪੰਜਾਬ ਵਿੱਚ ਜਿੱਥੇ ਫ਼ੌਜ ਨੂੰ ਪਿਆਰ ਹੀ ਪਿਆਰ ਮਿਲ ਰਿਹਾ ਸੀ, ਉਹ ਐਸੀ ਜਗ੍ਹਾ ਹੈ ਜਿੱਥੇ ਲੋਕ ਕਹਿੰਦੇ ਸਨ,"ਮੇਰਿਆ ਢੋਲ ਸਿਪਾਹੀਆਂ ਤੈਨੂੰ ਰੱਬ ਦੀਆਂ ਰੱਖਾਂ।"
ਹੁਣ ਲੋਕ ਖੱਲੇ ਵਿਖਾਉਣ ਲੱਗੇ ਪਏ ਸਨ। ਜਿੱਥੇ ਗਾਣਾ ਵਜਦਾ ਸੀ...'ਮੇਰਾ ਮਾਹੀ ਸ਼ੈਲ-ਛਬੀਲਾ...ਹਾਏ ਨੀ ਕਰਨੈਲ ਨੀ ਜਰਨੈਲ ਨੀ..."
ਉੱਥੇ ਲੋਕ ਇਹ ਕਹਿਣ ਲੱਗ ਪਏ ਸਨ, ਬਈ ਇਹ ਅਸੀਂ ਕਿਹੜੇ ਕਬਜ਼ਾ ਗਰੁੱਪ ਦੇ ਵਸ ਪੈ ਗਏ ਹਾਂ।
ਫ਼ੌਜ ਨੂੰ ਦਿਲੋਂ ਪਿਆਰ ਕਰਨ ਵਾਲੇ ਪੰਜਾਬ ਵੀ ਇਹ ਕਹਿੰਦੇ ਫ਼ਿਰਦੇ ਸਨ,'ਮੁਝਸੇ ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨਾ ਮਾਂਗ...'
ਪਹਿਲਗਾਮ ਹਮਲੇ ਦਾ ਅਸਰ
ਫ਼ਿਰ ਹੋਇਆ ਪਹਿਲਗਾਮ ਹਮਲਾ। ਮੇਰੇ ਵਿਚਾਰੇ ਵਿੱਚ ਭਾਰਤੀ ਟੂਰਿਸਟ, ਸ਼ਾਮਤ ਆਈ ਕਸ਼ਮੀਰੀਆਂ ਦੀ...ਟੀਵੀ ਐਂਕਰਾਂ ਨੇ ਆਪੋ-ਆਪਣੇ ਸਟੂਡੀਓਜ਼ ਵਿੱਚ ਮੋਰਚੇ ਬੰਨ੍ਹ ਲਏ।
ਕਈ ਪਾਕਿਸਤਾਨੀਆਂ ਨੂੰ ਫ਼ੌਜ ਦਾ ਪਿਆਰ ਦੁਬਾਰਾ ਯਾਦ ਆਇਆ, ਜਿਵੇਂ ਕਦੀ ਕਦੀ ਵਿਛੜੇ ਸੱਜਣ ਦੀ ਯਾਦ ਆਉਂਦੀ ਹੈ। ਇਹਨੂੰ ਧਰਤੀ ਦਾ ਪਿਆਰ ਕਹਿ ਲਓ ਜਾਂ ਮਜਬੂਰੀ, ਕਿਉਂਕਿ ਜੇ ਇੰਡੀਆ ਨੇ ਹਮਲਾ ਕੀਤਾ ਤਾਂ ਜੰਗ ਤਾਂ ਫ਼ੌਜੀਆਂ ਨੇ ਹੀ ਲੜਨੀ ਹੈ।
ਟੈਂਕ ਵੀ ਉਨ੍ਹਾਂ ਕੋਲ, ਮਿਜ਼ਾਈਲ, ਲੜਾਕੂ ਜਹਾਜ਼, ਵੱਡਾ ਬੰਬ ਸਭ ਉਨ੍ਹਾਂ ਕੋਲ ਹੈ। ਬਲਕਿ ਜੰਗੀ ਤਰਾਨੇ ਵੀ ਉਹ ਆਪ ਹੀ ਬਣਵਾ ਲੈਂਦੇ ਨੇ।
ਪਾਕਿਸਤਾਨੀ ਹੁਣ ਜੇ ਫ਼ੌਜ ਦੇ ਪਿੱਛੇ ਨਾ ਖੜਨ ਤਾਂ ਕਿਹਦੀ ਮਾਂ ਨੂੰ ਮਾਸੀ ਕਹਿਣ।
ਜੰਗ ਦੌਰਾਨ ਛੋਟੇ ਮਸਲੇ ਭੁੱਲ ਜਾਂਦੇ ਹਨ
ਵੱਡੀ ਜੰਗ ਦਾ ਇੱਕ ਇਹ ਵੀ ਫ਼ਾਇਦਾ ਹੁੰਦਾ ਹੈ ਕਿ ਸਾਡੀਆਂ ਛੋਟੀਆਂ-ਛੋਟੀਆਂ ਜੰਗਾਂ ਲੁਕ ਗਈਆਂ ਨੇ। ਸਿੰਧੀ ਭਰਾ ਦੋ ਹਫ਼ਤਿਆਂ ਤੋਂ ਸੜਕਾਂ ਬੰਦ ਕਰਕੇ ਬੈਠੇ ਸਨ ਬਈ ਪੰਜਾਬ ਸਾਡਾ ਪਾਣੀ ਚੋਰੀ ਕਰਨ ਲੱਗਿਆ ਹੈ।
ਹੁਣ ਹਕੂਮਤ ਉਨ੍ਹਾਂ ਨੂੰ ਦਿਖਾਉਂਦੀ ਹੈ ਕਿ ਇੰਡੀਆ ਸਾਡਾ ਸਾਰਿਆਂ ਦਾ ਹੀ ਪਾਣੀ ਚੋਰੀ ਕਰਨ ਲੱਗਿਆ ਹੈ, ਆਓ ਇਹਦੇ ਨਾਲ ਲੜੀਏ।
ਬਲੋਚ ਫ਼ਿਰਦੇ ਸਨ,'ਬਈ ਸਾਡੇ ਬੱਚੇ ਗਾਇਬ ਕੀਤੇ ਸਨ, ਉਹ ਵਾਪਸ ਕਰੋ'।
ਉਨ੍ਹਾਂ ਨੂੰ ਵੀ ਇਹ ਹੀ ਜਵਾਬ ਹੈ ਕਿ ਆਓ ਪਹਿਲਾਂ ਅਸੀਂ ਇੰਡੀਆ ਨਾਲ ਨਿਬੜ ਲਈਏ।
ਕਿਸੇ ਨੇ ਗੱਦਾਰ ਕਿਉਂ ਕਹਾਉਣਾ
ਉੱਤੋਂ ਇੱਕ ਇਮਰਾਨ ਖ਼ਾਨ ਸੀ। ਜਿਹੜਾ ਦੋ ਸਾਲਾਂ ਤੋਂ ਜੇਲ੍ਹ ਵਿੱਚ ਹੈ ਉਸ ਨੂੰ ਭੈਣਾਂ ਨੂੰ ਵੀ ਨਹੀਂ ਮਿਲਣ ਦਿੰਦੇ। ਡੇਢ ਸੌ ਕੇਸ ਉਹਦੇ ਉੱਤੇ ਪਹਿਲਾਂ ਹੀ ਹੈ।
ਜਦੋਂ ਦੀਆਂ ਜੰਗ ਦੀਆਂ ਗੱਲਾਂ ਸ਼ੁਰੂ ਹੋਈਆ ਹਨ। ਇਹ ਕਹਿੰਦੇ ਪਏ ਨੇ, 'ਕਿੱਡਾ ਵਤਨ ਦੁਸ਼ਮਣ ਹੈ, ਆਪਣੇ ਜੇਲ੍ਹ ਦੇ ਸੈੱਲ ਵਿੱਚੋਂ ਇੰਡੀਆਂ ਨੂੰ ਕਿਉਂ ਨਹੀਂ ਲਲਕਾਰਦਾ'।
ਤੇ ਜੇ ਉਹਦੇ ਹਮਾਇਤੀ ਕਹਿੰਦੇ ਸਨ, ਪਹਿਲਾਂ ਇਹਨੂੰ ਜੇਲ੍ਹ ਤੋਂ ਕੱਢੋ ਤਾਂ ਜਵਾਬ ਆਉਂਦਾ ਸੀ, 'ਬਈ ਦੇਖੋ ਇਹ ਤਾਂ ਹੈ ਹੀ ਗੱਦਾਰ। ਇੱਥੇ ਜੰਗ ਲੱਗਣ ਵਾਲੀ ਹੈ ਤੇ ਇਹਨੂੰ ਆਪਣੀ ਆਜ਼ਾਦੀ ਦੀ ਪਈ ਹੈ।'
ਆਖ਼ਰ ਜੇਲ੍ਹ ਵਿੱਚੋਂ ਇਮਰਾਨ ਖ਼ਾਨ ਬੋਲ ਪਿਆ, ਉਹਦੇ ਆਸ਼ਿਕ ਕਹਿੰਦੇ ਨੇ ਬਈ ਉਹਨੇ ਮੋਦੀ ਨੂੰ ਬਹੁਤ ਲਲਕਾਰਿਆ ਹੈ।
ਦੇਖ ਲਓ, ਜੇ ਹੁਣ ਜੇਲ੍ਹ ਵਿੱਚ ਬੈਠਾ ਕੈਦੀ ਤੇ ਉਹਨੂੰ ਕੈਦ ਕਰਨ ਵਾਲੇ, ਇੱਕੋ ਬੋਲੀ ਬੋਲਣ ਲੱਗ ਪੈਣ ਤਾਂ ਇਸ ਜੰਗ ਦੇ ਮਾਹੌਲ ਵਿੱਚ ਅਸੀਂ ਕਿਉਂ ਗੱਦਾਰ ਕਹਾਈਏ?
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ