ਵਡੇਰੀ ਉਮਰ ਦੇ ਰੁੱਖਾਂ ਨੂੰ ਮਿਲੇਗੀ ਪੈਨਸ਼ਨ, ਜਾਣੋ ਕਿਸ ਨੂੰ, ਕਿੰਨੀ ਅਤੇ ਕਿਵੇਂ ਮਿਲੇਗੀ

ਰੁੱਖਾਂ ਲਈ ਪੈਨਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਸਰਕਾਰ ਨੇ 75 ਸਾਲ ਤੋਂ ਵੱਧ ਉਮਰ ਦੇ ਰੁੱਖਾਂ ਲਈ ਪੈਨਸ਼ਨ ਦੇਣ ਦੀ ਯੋਜਨਾ ਬਣਾਈ ਹੈ (ਸੰਕੇਤਕ ਤਸਵੀਰ)
    • ਲੇਖਕ, ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

ਤੁਸੀਂ ਬਜ਼ੁਰਗਾਂ ਜਾਂ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਲੋਕਾਂ ਨੂੰ ਮਿਲਦੀ ਪੈਨਸ਼ਨ ਬਾਰੇ ਤਾਂ ਸੁਣਿਆ ਹੋਵੇਗਾ, ਪਰ ਕੀ ਕਦੇ ਬਜ਼ੁਰਗ ਰੁੱਖ਼ ਨੂੰ ਮਿਲ ਰਹੀ ਪੈਨਸ਼ਨ ਬਾਰੇ ਸੁਣਿਆ ਹੈ।

ਬਿਲਕੁਲ, ਤੁਸੀਂ ਵੀ ਹੈਰਾਨ ਹੋ ਗਏ ਹੋਣੇ ਪਰ ਹੁਣ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਸਰਕਾਰ 75 ਸਾਲ ਤੋਂ ਵੱਧ ਉਮਰ ਦੇ ਰੁੱਖ਼ਾਂ ਲਈ ਪੈਨਸ਼ਨ ਯੋਜਨਾ ਲੈ ਕੇ ਆਈ ਹੈ।

ਇਸ ਯੋਜਨਾ ਦਾ ਨਾਂਅ ਹੈ, ‘ਪ੍ਰਾਣ ਵਾਯੂ ਦੇਵਤਾ ਯੋਜਨਾ’ ਹੈ ਅਤੇ ਮਕਸਦ ਰੁੱਖਾਂ ਦੀ ਸਾਂਭ-ਸੰਭਾਲ ਕਰਨਾ ਹੈ।

ਜੰਗਲਾਤ ਮਹਿਕਮੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਕੀਮ ਵਿੱਚ ਉਨ੍ਹਾਂ ਨੂੰ ਰੁੱਖ਼ਾਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿਨ੍ਹਾਂ ਦੀ ਉਮਰ ਘੱਟੋ-ਘੱਟ 75 ਸਾਲ ਹੋਵੇ।

ਉਨ੍ਹਾਂ ਮੁਤਾਬਕ, "ਇਹ ਸਕੀਮ ਮੁੱਖ ਮੰਤਰੀ ਲੈ ਕੇ ਆਏ ਹਨ ਅਤੇ ਹਰਿਆਣਾ ਦਿਵਸ ਵਾਲੇ ਦਿਨ ਇਸ ਦਾ ਉਦਘਾਟਨ ਕੀਤਾ ਗਿਆ ਸੀ। ਸਕੀਮ ਦੇ ਤਹਿਤ ਜੇਕਰ ਕਿਸੇ ਸੰਸਥਾ, ਨਿੱਜੀ, ਪੰਚਾਇਤੀ ਜਾਂ ਕਿਸੇ ਹੋਰ ਥਾਂ ਦੇ ਅਜਿਹਾ ਕੋਈ ਰੁੱਖ਼ ਖੜ੍ਹਾ ਹੈ ਜਿਸ ਦੀ ਉਮਰ 75 ਸਾਲ ਤੋਂ ਵੱਧ ਹੈ ਤਾਂ ਉਸ ਨੂੰ ਹਰਿਆਣਾ ਸਰਕਾਰ ਵੱਲੋਂ 2750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਸਕੀਮ ਲਾਗੂ ਕੀਤੀ ਗਈ ਹੈ।"

ਵੀਡੀਓ ਕੈਪਸ਼ਨ, ਹੁਣ ਬੰਦਿਆਂ ਵਾਂਗ ਰੁੱਖ਼ਾਂ ਨੂੰ ਵੀ ਮਿਲੇਗੀ ਪੈਨਸ਼ਨ, ਕਿੰਨੀ ਤੇ ਕਿਵੇਂ ਮਿਲੇਗੀ

ਕਿਹੜੇ ਰੁੱਖ ਸ਼ਾਮਲ ਕੀਤੇ ਗਏੇ ਹਨ

ਅਜਿਹੇ ਰੁੱਖ਼ਾਂ ਦੀ ਗਿਣਤੀ ਬਾਰੇ ਹਰਿਆਣਾ ਵਿੱਚ ਸਰਵੇ ਕੀਤਾ ਗਿਆ।

ਇਸ ਤੋਂ ਇਲਾਵਾ ਸਬੰਧਿਤ ਲੋਕਾਂ ਕੋਲੋਂ ਅਰਜ਼ੀਆਂ ਵੀ ਮੰਗੀਆਂ ਗਈਆਂ ਜਿਨ੍ਹਾਂ ਦੀ ਜ਼ਮੀਨ 'ਤੇ ਅਜਿਹੇ ਰੁੱਖ਼ ਹਨ ਅਤੇ ਉਨ੍ਹਾਂ ਨੇ ਰੁੱਖ਼ਾਂ ਨੂੰ ਸਾਂਭਿਆ ਹੋਇਆ ਹੈ ਤਾਂ ਸਰਕਾਰ ਉਨ੍ਹਾਂ ਨੂੰ ਪੈਨਸ਼ਨ ਦੇਵੇਗੀ।

ਅਜਿਹੇ ਰੁੱਖ਼ਾਂ ਦੀ ਗਿਣਤੀ ਬਾਰੇ ਹਰਿਆਣਾ ਵਿੱਚ ਸਰਵੇ ਕੀਤਾ ਗਿਆ। ਇਸ ਤੋਂ ਇਲਾਵਾ ਸਬੰਧਿਤ ਲੋਕਾਂ ਕੋਲੋਂ ਅਰਜ਼ੀਆਂ ਵੀ ਮੰਗੀਆਂ ਗਈਆਂ ਜਿਨ੍ਹਾਂ ਦੀ ਜ਼ਮੀਨ 'ਤੇ ਅਜਿਹੇ ਰੁੱਖ਼ ਹਨ।

ਬੀਬੀਸੀ

ਜੈ ਕੁਮਾਰ ਮੁਤਾਬਕ, "ਸੂਬੇ ਵਿੱਚ ਅਜਿਹੇ 3810 ਰੁੱਖ਼ਾਂ ਲਈ ਪੈਨਸ਼ਨ ਜਾਰੀ ਕੀਤੀ ਗਈ ਹੈ।"

"ਕਰਨਾਲ ਜ਼ਿਲ੍ਹੇ ਵਿੱਚੋਂ ਅਜਿਹੇ 200 ਰੁੱਖ਼ਾਂ ਦੀਆਂ ਅਰਜ਼ੀਆਂ ਮਿਲੀਆਂ ਸਨ ਅਤੇ ਇਨ੍ਹਾਂ ਵਿੱਚੋਂ 50 ਫੀਸਦ ਰੁੱਖ਼ ਪੰਚਾਇਤੀ ਜ਼ਮੀਨ 'ਤੇ ਖੜ੍ਹੇ ਹਨ।"

ਇਸ ਤੋਂ ਇਲਾਵਾ ਅਜਿਹੇ 68 ਰੁੱਖ ਕੁਰੁਕਸ਼ੇਤਰ ਵਿੱਚ ਹਨ।

ਜੈ ਕੁਮਾਰ ਦਾ ਕਹਿਣਾ ਹੈ ਕਿ ਇਸ ਸਕੀਮ ਦਾ ਲਾਭ ਇਹ ਹੈ ਕਿ ਜਦੋਂ ਸਬੰਧਿਤ ਲੋਕਾਂ ਨੂੰ ਸਰਕਾਰ ਵੱਲੋਂ ਕੁਝ ਆਰਥਿਕ ਸਹਾਇਤਾ ਮਿਲੇਗੀ ਤਾਂ ਉਹ ਇਨ੍ਹਾਂ ਰੁੱਖ਼ਾਂ ਦੀ ਸਾਂਭ-ਸੰਭਾਲ ਹੋਰ ਵੀ ਵਧੀਆ ਢੰਗ ਨਾਲ ਕਰ ਸਕਣਗੇ।

ਰੁੱਖਾਂ ਲਈ ਪੈਨਸ਼ਨ

ਤਸਵੀਰ ਸਰੋਤ, Kamal Saini

ਤਸਵੀਰ ਕੈਪਸ਼ਨ, ਪਿੰਡਾਂ ਵਾਲਿਆਂ ਨੇ ਰੁੱਖਾਂ ਦੀ ਸੰਭਾਲ ਲਈ ਆਲੇ-ਦੁਆਲੇ ਥੜ੍ਹੇ ਤਿਆਰ ਕੀਤੇ ਹਨ

ਉਮਰ ਦੀ ਤਸਦੀਕ

ਅਧਿਕਾਰ ਮੁਤਾਬਕ ਰੁੱਖ਼ਾਂ ਦੀ ਉਮਰ ਦੀ ਤਸਦੀਕ ਕਰਨ ਲਈ ਪਿੰਡਾਂ ਦੇ ਬਜ਼ੁਰਗ ਲੋਕਾਂ, ਸਰਪੰਚਾਂ ਨਾਲ ਮਿਲ ਕੇ ਇੱਕ ਕਮੇਟੀ ਬਣਾਈ ਗਈ ਸੀ। ਇਸ ਤੋਂ ਇਲਾਵਾ ਜੰਗਲਾਤ ਮਹਿਕਮੇ ਦੀ ਮਦਦ ਵੀ ਲਈ ਗਈ ਹੈ।

ਉਧਰ ਸਰਕਾਰ ਦੀ ਇਸ ਸਕੀਮ ਨਾਲ ਸਥਾਨਕ ਲੋਕਾਂ ਵਿੱਚ ਵੀ ਉਤਸ਼ਾਹ ਨਜ਼ਰ ਆ ਰਿਹਾ ਹੈ।

ਉਹ ਕਹਿੰਦੇ ਹਨ, "ਸਾਡੇ ਲਈ ਇਹ ਰੁੱਖ਼ ਤਾਂ ਸਾਡੇ ਬਜ਼ੁਰਗਾਂ ਵਾਂਗ ਹੀ ਹਨ। ਸਾਡੇ ਪਿੰਡ ਦਾ ਇੱਕ ਰੁੱਖ਼ ਵੰਡ (ਭਾਰਤ-ਪਾਕਿਸਤਾਨ, 1947) ਦੀ ਵੰਡ ਤੋਂ ਪਹਿਲਾਂ ਦਾ ਹੈ।"

"ਅਸੀਂ ਸੁਣਦੇ ਹੁੰਦੇ ਸੀ ਕਿ ਵਿਦੇਸ਼ਾਂ ਵਿੱਚ 500 ਸਾਲ ਪੁਰਾਣਾ ਰੁੱਖ਼ ਹੈ, ਹੁਣ ਸਾਡੇ ਮੁਲਕ ਵਿੱਚ ਵੀ ਅਸੀਂ ਅਜਿਹਾ ਦੇਖਾਂਗੇ। ਰੁੱਖ਼ਾਂ ਨੂੰ ਬਚਾਉਣਾ ਚਾਹੀਦਾ ਹੈ। ਇਹ ਤਾਂ ਸਾਡਾ ਮਾਣ ਹਨ।"

ਰੁੱਖਾਂ ਲਈ ਪੈਨਸ਼ਨ

ਤਸਵੀਰ ਸਰੋਤ, Kamal Saini

ਇਸ ਤੋਂ ਇਲਾਵਾ ਪਿੰਡ ਸ਼ਾਮਗੜ੍ਹ ਦੇ ਲੋਕ ਵੀ ਇਸ ਫ਼ੈਸਲੇ ਤੋਂ ਬਾਅਦ ਬਹੁਤ ਖੁਸ਼ ਹਨ, ਇਸ ਪਿੰਡ ਦੇ ਲੋਕ ਇਨ੍ਹਾਂ ਰੁੱਖਾਂ ਦੀ ਛਾਂ ਮਾਣਦੇ ਹਨ।

ਕਈ ਲੋਕਾਂ ਨੇ ਇਨ੍ਹਾਂ ਰੁੱਖਾਂ ਦੇ ਥੱਲੇ ਨਿੱਕੀਆਂ-ਨਿੱਕੀਆਂ ਦੁਕਾਨਾਂ ਖੋਲ੍ਹੀਆਂ ਹਨ।

ਪਿੰਡ ਦੇ ਮੈਦਾਨ ਵਿੱਚ ਵੱਡਾ ਬੋਹੜ ਦਾ ਵੱਡਾ ਰੁੱਖ ਹੈ, ਇਸ ਦੇ ਹੇਠਾਂ ਪਿੰਡ ਦੇ ਬੱਚੇ ਖੇਡਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਇਸ ਦੀ ਉਮਰ 80 ਸਾਲ ਦੇ ਕਰੀਬ ਹੈ।

ਧਾਰਮਿਕ ਮਹੱਤਤਾ ਵਾਲੇ ਰੁੱਖ ਵੀ ਸ਼ਾਮਲ

ਰੁੱਖਾਂ ਲਈ ਪੈਨਸ਼ਨ

ਤਸਵੀਰ ਸਰੋਤ, Kamal Saini

ਜੇਕਰ ਗੱਲ ਕੁਰੁਕਸ਼ੇਤਰ ਦੀ ਕਰੀਏ ਤਾਂ ਉੱਥੇ ਚੁਣੇ ਗਏ 68 ਰੁੱਖ਼ਾਂ ਵਿੱਚ, ਧਾਰਮਿਕ ਮਹੱਤਤਾ ਵਾਲੇ ਰੁੱਖ਼ ਵੀ ਸ਼ਾਮਲ ਹਨ।

ਇਸ ਵਿੱਚ ਇੱਕ ਅਜਿਹਾ ਰੁੱਖ਼ ਹੈ ਜਿਸ ਬਾਰੇ ਇਹ ਵਿਸ਼ਵਾਸ ਹੈ ਕਿ ਇਹ ਰੁੱਖ਼ ਗੀਤਾ ਦੇ ਗਿਆਨ ਦਾ ਗਵਾਹ ਹੈ।

ਜਯੋਤੀਸਰ ਦੇ ਪੁਜਾਰੀ ਸੁਖਪਾਲ ਭਾਰਗਵ ਮੁਤਾਬਕ ਉੱਥੇ ਸਥਿਤ ਰੁੱਖ਼ ਪੁਰਾਣਾਂ ਦੇ ਮੁਤਾਬਕ 5,000 ਸਾਲ ਪੁਰਾਣਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਸਰਕਾਰ ਨੂੰ ਰੁੱਖ਼ਾਂ ਨੂੰ ਵਧਣ-ਫੁਲਣ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ। ਰੁੱਖ ਲੰਬੇ ਸਮੇਂ ਤੱਕ ਹਰੇ ਰਹਿੰਦੇ ਹਨ ਅਤੇ ਚੰਗੀ ਸਾਂਭ ਸੰਭਾਲ ਨਾਲ ਇਹ ਲੰਬੇ ਸਮੇਂ ਤੱਕ ਜਿਉਂਦੇ ਰਹਿ ਸਕਦੇ ਹਨ।"

ਪੰਚਾਇਤਾਂ ਨੇ ਰੁੱਖਾਂ ਦੀ ਸਾਂਭ ਸੰਭਾਲ ਸ਼ੁਰੂ ਕੀਤੀ

ਰੁੱਖਾਂ ਲਈ ਪੈਨਸ਼ਨ

ਤਸਵੀਰ ਸਰੋਤ, Kamal Saini

ਪੰਚਾਇਤਾਂ ਨੇ ਇਸ ਯੋਜਨਾ ਬਾਰੇ ਜਾਣਨ ਤੋਂ ਬਾਅਦ ਰੁੱਖਾਂ ਦੀ ਸਾਂਭ ਸੰਭਾਲ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਉੱਥੇ ਹੀ ਕਰਨਾਲ ਦੇ ਸ਼ਾਮਗੜ੍ਹ ਵਿੱਚ ਪੰਚਾਇਤ ਵੱਲੋਂ ਸਰਕਾਰ ਦੀ ਇਸ ਯੋਜਨਾ ਤੋਂ ਬਾਅਦ ਰੁੱਖਾਂ ਦੀ ਸਾਂਭ ਸੰਭਾਲ ਲਈ ਚਬੂਤਰੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਪਿੰਡ ਦੇ ਇੱਕ ਪੰਚਾਇਤ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਤਕਰੀਬਨ ਪੰਜ ਰੁੱਖ ਅਜਿਹੇ ਹਨ, ਜਿਨ੍ਹਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।

'ਰਕਮ ਵਿੱਚ ਵਾਧਾ ਹੋਣਾ ਚਾਹੀਦਾ ਹੈ'

ਰੁੱਖਾਂ ਲਈ ਪੈਨਸ਼ਨ

ਤਸਵੀਰ ਸਰੋਤ, Kamal Saini

ਤਸਵੀਰ ਕੈਪਸ਼ਨ, ਪਿੰਡ ਰੰਬਾ ਦੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਪਿੰਡ ਵਿੱਚ ਇਹ ਰੁੱਖ ਆਜ਼ਾਦੀ ਸਮੇਂ ਤੋਂ ਹੈ

ਹਰਿਆਣਾ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਹੋਰ ਪੁਰਾਣੇ ਰੁੱਖਾਂ ਨੂੰ ਇਸ ਪੈਨਸ਼ਨ ਸਕੀਮ ਵਿੱਚ ਸ਼ਾਮਲ ਕਰਨ ਲਈ ਵੀ ਅਰਜ਼ੀਆਂ ਪਾਈਆਂ ਹੋਈਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅੱਗੇ ਜਾ ਕੇ ਪੈਨਸ਼ਨ ਦੀ ਰਕਮ ਵਿੱਚ ਵਾਧਾ ਕਰਨਾ ਚਾਹੀਦਾ ਹੈ।

ਪਿੰਡ ਰੰਬਾ ਦੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਰੁੱਖ ਆਜ਼ਾਦੀ ਸਮੇਂ ਤੋਂ ਹੈ ਨਾਲ ਹੀ ਪਿੰਡ ਵਾਸੀਆਂ ਦੇ ਮਨ ਵਿੱਚ ਇਨ੍ਹਾਂ ਰੁੱਖਾਂ ਲਈ ਬਹੁਤ ਸਤਿਕਾਰ ਹੈ।

ਉਹ ਕਹਿੰਦੇ ਹਨ, "ਜਦੋਂ ਵੀ ਕੋਈ ਤਿਉਹਾਰ ਹੁੰਦਾ ਹੈ, ਉਦੋਂ ਇਨ੍ਹਾਂ ਰੁੱਖਾਂ ਉੱਤੇ ਪਿੰਡ ਵਾਲੇ ਦੀਵੇ ਵੀ ਜਗਾਉਂਦੇ ਹਨ ਅਤੇ ਪੂਜਦੇ ਹਨ।"

ਜੰਗਲਾਤ ਮਹਿਕਮੇ ਦੇ ਅਫ਼ਸਰ ਜੈ ਕੁਮਾਰ ਨੇ ਦੱਸਿਆ ਕਿ ਪੁਰਾਣੇ ਰੁੱਖ ਸਾਂਝੀ ਵਿਰਾਸਤ ਦਾ ਹਿੱਸਾ ਹਨ ਅਤੇ ਇਹ ਜ਼ਿੰਦਗੀ ਦੇ ਲਈ ਆਕਸੀਜਨ ਦਾ ਸਭ ਤੋਂ ਵੱਡਾ ਸਰੋਤ ਹਨ।

ਅਜਿਹੇ ਰੁੱਖ ਮਨੁੱਖੀ ਜ਼ਿੰਦਗੀ ਅਤੇ ਵਾਤਾਵਰਣ ਲਈ ਬੁਹੁਤ ਜ਼ਰੂਰੀ ਹਨ, ਇਨ੍ਹਾਂ ਨੂੰ ਬਚਾਉਣ ਦੀ ਲੋੜ ਹੈ।

'ਕੋਰੋਨਾ ਦੇ ਵੇਲੇ ਰੁੱਖਾਂ ਦੀ ਕਮੀ ਦਾ ਹੋਇਆ ਅਹਿਸਾਸ'

ਰੁੱਖਾਂ ਲਈ ਪੈਨਸ਼ਨ

ਤਸਵੀਰ ਸਰੋਤ, Kamal Saini

ਤਸਵੀਰ ਕੈਪਸ਼ਨ, 48 ਕੋਸ ਕਮੇਟੀ ਦੇ ਪ੍ਰਧਾਨ ਮਦਨ ਮੋਹਨ ਛਾਬੜਾ

48 ਕੋਸ ਕਮੇਟੀ ਦੇ ਪ੍ਰਧਾਨ ਮਦਨ ਮੋਹਨ ਛਾਬੜਾ ਦੇ ਮੁਤਾਬਕ ਕੁਰੁਕਸ਼ੇਤਰ ਵਿਕਾਸ ਬੋਰਡ ਦੇ ਅਧੀਨ ਅਜਿਹੇ ਕਈ ਰੁੱਖ ਹਨ ਜਿਨ੍ਹਾਂ ਨੂੰ ਪ੍ਰਾਣ ਵਾਯੂ ਦੇਵਤਾ ਯੋਜਨਾ ਦੇ ਅਨੁਸਾਰ ਪੈਨਸ਼ਨ ਮਿਲਣ ਵਾਲੀ ਹੈ।

ਇਨ੍ਹਾਂ ਰੁੱਖਾਂ ਦੀ ਦੇਖ-ਰੇਖ ਦੇ ਲਈ ਇਹ ਸਰਕਾਰ ਦਾ ਚੰਗਾ ਕਦਮ ਹੈ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਦੌਰ ਵੇਲੇ ਆਕਸੀਜਨ ਦੀ ਕਮੀ ਨਾਲ ਜੂਝਦੇ ਲੋਕ ਦਿਖੇ ਸਨ ਅਤੇ ਉਦੋਂ ਸਾਨੂੰ ਰੁੱਖਾਂ ਦੇ ਮਹੱਤਵ ਬਾਰੇ ਪਤਾ ਲੱਗਾ।

ਉਨ੍ਹਾਂ ਨੇ ਕਿਹਾ ਕਿ ਰੁੱਖ ਨਾ ਸਿਰਫ਼ ਇਨਸਾਨ ਬਲਕਿ ਪੰਛੀਆਂ ਦੇ ਲਈ ਵੀ ਬਹੁਤ ਜ਼ਰੂਰੀ ਹਨ।