ਫਰੀਦਕੋਟ : ਜੋ ਆਪਣੇ ਪੈਰਾਂ ਉੱਤੇ ਖੜ੍ਹਾ ਨਹੀਂ ਹੋ ਸਕਦਾ ਸੀ, ਉਹ ਟੀਚਰ ਕਿਵੇਂ ਬਣਿਆ ਰੁੱਖਾਂ ਦਾ ਰਾਖ਼ਾ

ਤਸਵੀਰ ਸਰੋਤ, BBC/Surinder Mann
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਸਹਿਯੋਗੀ
"ਜਦੋਂ ਮੈਂ ਬਚਪਨ ਵਿੱਚ ਆਪਣੇ ਹਾਣੀ ਮੁੰਡਿਆਂ ਨੂੰ ਖੇਡਦੇ-ਭੱਜਦੇ ਦੇਖਦਾ ਤਾਂ ਮੇਰਾ ਮਨ ਉਦਾਸ ਹੋ ਜਾਂਦਾ ਸੀ। ਮੈਂ ਬਚਪਨ ਤੋਂ ਹੀ ਦੋਵਾਂ ਲੱਤਾਂ ਤੋਂ ਅਪਾਹਜ ਹਾਂ। ਫਿਰ ਜਵਾਨ ਹੁੰਦਿਆਂ ਮੈਂ ਸੋਚ ਲਿਆ ਸੀ ਕਿ ਮੈਂ ਕੁੱਝ ਅਜਿਹਾ ਕਰਨਾ ਹੈ, ਜੋ ਮੈਨੂੰ ਅਪਾਹਜ ਹੋਣ ਦਾ ਅਹਿਸਾਸ ਹੀ ਨਾ ਹੋਣ ਦੇਵੇ।"
ਇਹ ਬੋਲ ਫਰੀਦਕੋਟ ਸ਼ਹਿਰ ਦੇ ਵਸਨੀਕ 44 ਸਾਲਾਂ ਦੇ ਸੰਦੀਪ ਅਰੋੜਾ ਦੇ ਹਨ, ਜੋ ਮਾਲਵਾ ਖਿੱਤੇ ਵਿੱਚ ਵਾਤਾਵਰਣ ਪ੍ਰੇਮੀ ਵਜੋਂ ਚਰਚਾ ਵਿੱਚ ਹਨ।
ਸੰਦੀਪ ਅਰੋੜਾ ਪੇਸ਼ੇ ਵਜੋਂ ਪਿੰਡ ਸੁਖਨਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਹਨ।
ਉਹ ਸਰੀਰਕ ਤੌਰ 'ਤੇ 80 ਫ਼ੀਸਦੀ ਅਪਾਹਜ ਹਨ ਤੇ ਉਹ ਆਪਣੀਆਂ ਲੱਤਾਂ ਦੇ ਸਹਾਰੇ ਚੱਲਣ-ਫਿਰਨ ਤੋਂ ਅਸਮਰੱਥ ਹਨ। ਤਿੰਨ-ਪਹੀਆ ਵਾਹਨ ਹੀ ਤੁਰਨ-ਫਿਰਨ ਲਈ ਉਨ੍ਹਾਂ ਦੀ ਜ਼ਿੰਦਗੀ ਦਾ ਸਹਾਰਾ ਹੈ।

ਤਸਵੀਰ ਸਰੋਤ, BBC/Surinder Mann
ਹੁਣ ਤੱਕ 20 ਹਜ਼ਾਰ ਤੋਂ ਵੱਧ ਪੌਦੇ ਲਗਾਏ
ਸਾਲ 2005 ਵਿੱਚ ਉਨਾਂ ਨੇ ਇਕੱਲਿਆਂ ਹੀ 'ਸੁਸਾਇਟੀ ਫਾਰ ਇਕੋਲੋਜੀਕਲ ਐਂਡ ਇਨਵਾਇਰਨਮੈਂਟਲ ਰਿਸੋਰਸਜ਼' (ਸੀਰ) ਨਾਂ ਦੀ ਸੰਸਥਾ ਬਣਾ ਕੇ ਸਾਂਝੀਆਂ ਥਾਵਾਂ 'ਤੇ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਇਸ ਮੁਹਿੰਮ ਤਹਿਤ ਉਹ ਹੁਣ ਤੱਕ ਆਪਣੇ ਸਾਥੀਆਂ ਨਾਲ ਮਿਲ ਕੇ 20 ਹਜ਼ਾਰ ਤੋਂ ਵੱਧ ਪੌਦੇ ਲਗਾ ਚੁੱਕੇ ਹਨ।
ਉਹ ਦੱਸਦੇ ਹਨ, "ਮੇਰੀ ਮਾਂ ਨੇ ਮੈਨੂੰ ਦੱਸਿਆ ਸੀ ਕਿ ਉਸ ਵੇਲੇ ਮੇਰੀ ਉਮਰ 11 ਮਹੀਨਿਆਂ ਦੀ ਸੀ, ਜਦੋਂ ਮੇਰੀਆਂ ਦੋਵੇਂ ਲੱਤਾਂ ਪੋਲੀਓਗ੍ਰਸਤ ਹੋ ਗਈਆਂ ਸਨ। ਉਸ ਸਮੇਂ ਤੱਕ ਮੇਰੇ ਪੋਲੀਓ ਦੀ ਬਿਮਾਰੀ ਦੀ ਰੋਕਥਾਮ ਲਈ 2 ਟੀਕੇ ਵੀ ਲੱਗ ਚੁੱਕੇ ਸਨ ਪਰ ਸ਼ਾਇਦ ਮੇਰੀ ਕਿਸਮਤ ਵਿੱਚ ਇਹੀ ਲਿਖਿਆ ਸੀ।"

ਤਸਵੀਰ ਸਰੋਤ, BBC/Surinder Mann
ਵਾਤਾਵਰਣ ਨਾਲ ਜੁੜਣ ਦੀ ਕਹਾਣੀ
ਸੰਦੀਪ ਅਰੋੜਾ ਦੱਸਦੇ ਹਨ ਕਿ ਉਨ੍ਹਾਂ ਦੀ ਵਾਤਾਵਰਣ ਸੰਭਾਲ ਨਾਲ ਜੁੜਣ ਦੀ ਕਹਾਣੀ ਵੀ ਦਿਲਚਸਪ ਹੈ।
ਅਰੋੜਾ ਕਹਿੰਦੇ ਹਨ, "ਇਹ ਤਾਂ ਮੈਂ ਆਪਣੀ ਪੜ੍ਹਾਈ ਦੇ ਦਿਨਾਂ ਦੌਰਾਨ ਹੀ ਸੋਚ ਲਿਆ ਸੀ ਕਿ ਜ਼ਿੰਦਗੀ ਵਿੱਚ ਕੁੱਝ ਅਜਿਹਾ ਜ਼ਰੂਰ ਕਰਨਾ ਹੈ, ਜਿਸ ਨਾਲ ਮੈਨੂੰ ਮੇਰੀ ਅਪਾਹਜਤਾ ਦਾ ਅਹਿਸਾਸ ਨਾਂ ਹੋਵੇ।"
"ਮੈਂ ਇੱਕ ਦਿਨ ਸ਼ਾਮ ਵੇਲੇ ਪਾਰਕ ਵਿੱਚ ਬੈਠਾ ਸੀ। ਮੈਂ ਦੇਖਿਆ ਕੇ 4-5 ਜਣੇ ਦੋ ਪੌਦੇ ਲੈ ਕੇ ਪਾਰਕ ਵਿੱਚ ਆਏ ਤੇ ਪੌਦੇ ਲਾਉਣ ਸਮੇਂ ਉਨ੍ਹਾਂ ਨੇ ਕੁੱਝ ਫੋਟੋਆਂ ਖਿੱਚਵਾਈਆਂ। ਇਹ ਫ਼ੋਟੋ ਅਗਲੇ ਦਿਨ ਅਖ਼ਬਾਰ ਵਿੱਚ ਛਪੀਆਂ ਹੋਈਆਂ ਸਨ।"

ਵਾਤਾਵਰਣ ਪ੍ਰੇਮੀ ਸੰਦੀਪ ਅਰੋੜਾ ਬਾਰੇ ਖਾਸ ਗੱਲਾਂ:
- ਸੰਦੀਪ ਅਰੋੜਾ 11 ਮਹੀਨੇ ਦੀ ਉਮਰ ਵਿੱਚ ਪੋਲੀਓ ਕਾਰਨ ਅਪਾਹਜ ਹੋ ਗਏ ਸਨ
- ਉਨ੍ਹਾਂ ਨੇ ਆਪਣੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਵਿੱਚ ਲਗਾਉਣ ਦਾ ਮਨ ਬਣਾਇਆ
- ਅਰੋੜਾ ਪੇਸ਼ੇ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਹਨ
- ਉਹ ਹੁਣ ਤੱਕ 20 ਹਜ਼ਾਰ ਤੋਂ ਵੱਧ ਪੌਦੇ ਲਗਾ ਚੁੱਕੇ ਹਨ ਜੋ ਵੱਧ ਫੁੱਲ ਰਹੇ ਹਨ

ਆਪਣੀ ਗੱਲ ਜਾਰੀ ਰੱਖਦੇ ਹੋਏ ਸੰਦੀਪ ਅਰੋੜਾ ਕਹਿੰਦੇ ਹਨ, "ਮੈਂ ਹਰ ਰੋਜ਼ ਪਾਰਕ ਆਉਂਦਾ ਤੇ ਦੇਖਦਾ ਕੇ ਨਵੇਂ ਲਾਏ ਪੌਦੇ ਪਾਣੀ ਦੀ ਕਮੀ ਕਾਰਨ ਸੁੱਕ ਰਹੇ ਸਨ ਪਰ ਪੌਦੇ ਲਾਗਾਉਣ ਵਾਲੇ ਮੈਨੂੰ ਕਦੀ ਵੀ ਇਸ ਪਾਰਕ ਵਿੱਚ ਦਿਖਾਈ ਨਹੀਂ ਦਿੱਤੇ।"
ਉਨ੍ਹਾਂ ਕਿਹਾ, "ਮੈਂ ਅਪਾਹਜ ਸੀ ਪਰ ਬੂਟੇ ਸੁੱਕਦੇ ਮੈਥੋਂ ਦੇਖੇ ਨਹੀਂ ਗਏ। ਮੈਂ ਆਪਣੇ ਤਿੰਨ-ਪਹੀਆ ਸਾਇਕਲ 'ਤੇ ਪਾਣੀ ਦੀ ਬਾਲਟੀ ਭਰ ਕੇ ਲਿਆਉਂਦਾ ਤੇ ਬੂਟਿਆਂ ਵਿੱਚ ਪਾਉਂਦਾ। ਇਸ ਨਾਲ ਬੂਟੇ ਮੁੜ ਹਰੇ ਹੋ ਗਏ ਤੇ ਅੱਜ ਇਹ ਦਰੱਖਤ ਬਣ ਚੁੱਕੇ ਹਨ।"
ਸੰਦੀਪ ਅਰੋੜਾ ਨੇ ਦੱਸਿਆ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਦਰੱਖਤ ਲਾਉਣ ਲਈ ਪ੍ਰੇਰਨਾ ਦਿੱਤੀ।
ਉਨਾਂ ਦੱਸਿਆ ਕਿ ਉਹ ਆਪਣੀ ਸਰਕਾਰੀ ਡਿਊਟੀ ਕਰਨ ਤੋਂ ਬਾਅਦ ਸਾਂਝੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਦੇ ਹਨ ਤੇ ਫਿਰ ਐਤਵਾਰ ਨੂੰ ਪੌਦੇ ਲਾਉਣ ਦਾ ਕੰਮ ਕਰਦੇ ਹਨ।
ਸੰਸਥਾ ਵਧਣ ਲੱਗੀ, ਪੌਦੇ ਦਰੱਖਤ ਬਣਦੇ ਗਏ
ਅਰੋੜਾ ਨੇ ਕਿਹਾ, "ਪਹਿਲਾਂ ਮੈਂ ਇਕੱਲਾ ਸੀ ਪਰ ਫਿਰ ਮੇਰੀ ਸੰਸਥਾ 'ਸੀਰ' ਨਾਲ ਲੋਕਾਂ ਦਾ ਕਾਫ਼ਲਾ ਜੁੜ ਗਿਆ। ਹੁਣ ਅਸੀਂ 150 ਮੈਂਬਰ ਹਾਂ। ਸਾਲ 2005 ਤੋਂ ਲੈ ਕੇ ਹੁਣ ਤੱਕ ਅਸੀਂ ਨਹਿਰਾਂ, ਸੜਕਾਂ ਦੇ ਕਿਨਾਰਿਆਂ, ਅਨਾਜ ਮੰਡੀਆਂ, ਸਕੂਲਾਂ, ਹਸਪਤਾਲਾਂ ਸਮੇਤ ਅਨੇਕਾਂ ਥਾਵਾਂ 'ਤੇ ਅਣਗਿਣਤ ਪੌਦੇ ਲਗਾਏ ਹਨ, ਜੋ ਅੱਜ ਵੱਡੇ ਦਰੱਖਤ ਬਣ ਚੁੱਕੇ ਹਨ।"
'ਸੀਰ' ਵੱਲੋਂ ਆਪਣੀ ਮੁਹਿੰਮ ਦੌਰਾਨ 150 ਕਿਸਮਾਂ ਦੇ ਦਰੱਖਤ ਲਾਏ ਗਏ ਹਨ। ਖੁਲ੍ਹੀਆਂ ਥਾਵਾਂ 'ਤੇ ਪਿੱਪਲ, ਨਿੰਮ ਅਤੇ ਬੋਹੜ ਦੀਆਂ ਤਿਰਵੈਣੀਆਂ ਲਗਾਈਆਂ ਗਈਆਂ ਹਨ।

ਤਸਵੀਰ ਸਰੋਤ, BBC/Surinder Mann
ਵਾਤਾਵਰਣ ਮਾਹਰ ਪ੍ਰੋ. ਨਿੱਤਨੇਮ ਸਿੰਘ ਮੰਨਦੇ ਹਨ ਕਿ ਇਹ ਤਿਰਵੈਣੀਆਂ ਮਨੁੱਖੀ ਜੀਵਨ ਲਈ ਆਕਸੀਜ਼ਨ ਦਾ ਇੱਕ ਅਹਿਮ ਸਰੋਤ ਹਨ।
ਉੱਘੇ ਸਮਾਜ-ਸੇਵੀ ਤੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਤਿਰਵੈਣੀਆਂ ਨੂੰ ਯੁੱਗਾਂ ਤੋਂ ਚੱਲਿਆ ਆ ਰਿਹਾ ਇੱਕ ਅਮੁੱਲ ਵਾਰਤਾਰਾ ਦੱਸਦੇ ਹਨ।
ਉਹ ਕਹਿੰਦੇ ਹਨ, "ਪਿੱਪਲ, ਬੋਹੜ ਅਤੇ ਨਿੰਮ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਸਭ ਤੋਂ ਵੱਧ ਸਹਾਈ ਹੁੰਦੇ ਹਨ। ਸਾਡੇ ਪੁਰਾਤਨ ਰਿਸ਼ੀਆਂ-ਮੁਨੀਆ ਨੇ ਤਿਰਵੈਣੀਆਂ ਲਗਾਉਣ ਨੂੰ ਸਭ ਤੋਂ ਵੱਡਾ ਪੁੰਨ ਵਾਲਾ ਕਾਰਜ ਦੱਸਿਆ ਸੀ।"

ਤਸਵੀਰ ਸਰੋਤ, BBC/Surinder Mann
ਫ਼ਰੀਦਕੋਟ ਸ਼ਹਿਰ ’ਚ ਵੱਖਰੀ ਮੁਹਿੰਮ
ਸੰਦੀਪ ਅਰੋੜਾ ਨੇ ਕਿਹਾ ਕਿ ਆਮ ਲੋਕਾਂ ਦਾ ਧਿਆਨ ਵਾਤਾਵਰਣ ਦੀ ਸ਼ੁੱਧਤਾ ਵੱਲ ਖਿੱਚਣ ਲਈ ਫਰੀਦਕੋਟ ਸ਼ਹਿਰ ਵਿੱਚ ਇੱਕ ਵੱਖਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਨਾਂ 'ਐਵਰੀ ਬਰਥਡੇਅ ਸ਼ੁੱਡ ਬੀ ਅਰਥ ਡੇਅ' ਹੈ।
ਇਸ ਮੁਹਿੰਮ ਤਹਿਤ 'ਸੀਰ' ਦੀ ਟੀਮ ਸ਼ਹਿਰ ਦੇ ਲੋਕਾਂ ਦੇ ਜਨਮ ਦਿਨ ਮੌਕੇ ਸਬੰਧਤ ਵਿਅਕਤੀ ਜਾਂ ਬੱਚੇ ਦੇ ਘਰ ਪੌਦਾ ਲੈ ਕੇ ਪਹੁੰਚਦੀ ਹੈ।
'ਸੀਰ' ਦੇ ਮੈਂਬਰ ਗੋਲਡੀ ਪੁਰਬਾ ਨੇ ਦੱਸਿਆ ਕਿ ਇਸ ਪੌਦੇ ਨੂੰ ਸੰਦੀਪ ਅਰੋੜਾ ਪਰਿਵਾਰ ਨਾਲ ਮਿਲ ਕੇ ਘਰ ਦੇ ਅੰਦਰ ਜਾਂ ਕਿਸੇ ਸਾਂਝੀ ਥਾਂ 'ਤੇ ਲਗਾਉਂਦੇ ਹਨ। ਇਸ ਪੌਦੇ ਨੂੰ ਪਾਲਣ ਦੀ ਜ਼ਿਮੇਵਾਰੀ ਸਬੰਧਤ ਪਰਿਵਾਰ ਦੀ ਤੈਅ ਕੀਤੀ ਜਾਂਦੀ ਹੈ।
ਉਹ ਕਹਿੰਦੇ ਹਨ, "ਅਜਿਹਾ ਨਹੀਂ ਹੈ ਕਿ ਪੌਦੇ ਨੂੰ ਪਾਲਣ ਦੀ ਜ਼ਿੰਮੇਦਾਰੀ ਪਰਿਵਾਰ ਨੂੰ ਦੇ ਕੇ ਅਸੀਂ ਮੁਕਤ ਹੋ ਜਾਂਦੇ ਹਾਂ। ਪਿਛਲੇ ਕਰੀਬ 20 ਸਾਲਾਂ ਤੋਂ ਸੰਦੀਪ ਅਰੋੜਾ ਹਰ ਰੋਜ਼ ਸਵੇਰੇ 5 ਵਜੇ ਸਾਰੇ ਮੈਂਬਰਾਂ ਨੂੰ ਫ਼ੋਨ ਕਰਕੇ ਇੱਕ ਜਗ੍ਹਾ ਇਕੱਠਾ ਕਰਦੇ ਹਨ। ਫਿਰ ਸਾਡੀਆਂ ਡਿਊਟੀਆਂ ਲਾਈਆਂ ਜਾਂਦੀਆਂ ਹਨ ਕਿ ਕਿਹੜੇ ਬੂਟਿਆਂ ਨੂੰ ਪਾਣੀ ਲਾਉਣਾ ਹੈ ਤੇ ਕਿਹੜੇ ਪੌਦਿਆਂ ਦੀ ਗੋਡੀ ਕਰਨੀ ਹੈ।"

ਤਸਵੀਰ ਸਰੋਤ, Surinder Maan/BBC
‘ਜ਼ਿੰਦਗੀ ਦਾ ਅਸਲ ਆਨੰਦ ਮਨੁੱਖਤਾ ਦੀ ਸੇਵਾ’
ਸੰਦੀਪ ਅਰੋੜਾ ਨੇ 'ਬੀਬੀਸੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਾਤਾਵਰਣ ਦੀ ਸੰਭਾਲ ਨੂੰ ਸਮਰਪਿਤ ਹਨ ਤੇ ਆਪਣੀ ਜ਼ਿੰਦਗੀ ਦੇ ਅੰਤਮ ਸਾਹ ਤੱਕ ਦਰੱਖਤ ਲਾਉਣ ਦੀ ਇੱਛਾ ਰੱਖਦੇ ਹਨ।
ਅਰੋੜਾ ਨੇ ਕਿਹਾ, "ਹੁਣ ਮੈਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਮੈਂ ਅਪਾਹਜ ਹਾਂ। ਮੈਂ ਜ਼ਿੰਦਗੀ ਦਾ ਅਸਲ ਆਨੰਦ ਮਨੁੱਖਤਾ ਦੀ ਸੇਵਾ ਕਰਕੇ ਲੈ ਰਿਹਾ ਹਾਂ।"
ਉਨ੍ਹਾਂ ਕਿਹਾ, "ਮੈਂ ਕਹਿਣਾ ਚਾਹੁੰਦਾ ਹਾਂ ਕਿ ਸਰੀਰਕ ਤੌਰ 'ਤੇ ਅਪਾਹਜ ਲੋਕ ਆਪਣੀ ਜ਼ਿੰਦਗੀ ਨੂੰ ਬੋਝ ਨਾ ਸਮਝਣ ਸਗੋਂ ਉਹ ਇੱਕ ਉਸਾਰੂ ਪ੍ਰੇਰਨਾ ਲੈ ਕੇ ਕੁੱਝ ਅਜਿਹਾ ਕਰਨ ਦੀ ਤਮੰਨਾ ਆਪਣੇ ਅੰਦਰ ਭਰਨ ਜੋ ਸਮਾਜ ਲਈ ਇੱਕ ਚਾਨਣ ਮੁਨਾਰਾ ਬਣੇ।”












