You’re viewing a text-only version of this website that uses less data. View the main version of the website including all images and videos.
ਪੁਤਿਨ ਦਾ ਅਚਾਨਕ ਇਸ ਸਮਝੌਤੇ ਤੋਂ ਪਿੱਛੇ ਹਟਣਾ, ਦੁਨੀਆ ਲਈ ਗੰਭੀਰ ਸੰਕਟ ਖੜ੍ਹਾ ਕਰ ਸਕਦਾ ਹੈ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਜੋ ਫੈਸਲਾ ਕੀਤਾ ਹੈ, ਉਸ ਦਾ ਅਸਰ ਪੂਰੀ ਦੂਨੀਆਂ ਉੱਤੇ ਪੈ ਸਕਦਾ ਹੈ।
ਯੂਕਰੇਨ ਬਲੈਕ ਸੀ (ਕਾਲਾ ਸਾਗਰ) ਦੇ ਜ਼ਰੀਏ ਅਨਾਜ ਦੀ ਸੁਰੱਖਿਅਤ ਬਰਾਮਦਗੀ ਕਰਦਾ ਹੈ ਪਰ ਰੂਸ ਹੁਣ ਇਸ ਸਮਝੌਤੇ ਤੋਂ ਪਿੱਛੇ ਹਟ ਗਿਆ ਹੈ।
ਰੂਸ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ, ਤੁਰਕੀ ਅਤੇ ਯੂਕਰੇਨ ਨੂੰ ਦੱਸਿਆ ਕਿ ਉਹ ਇਸ ਸਮਝੌਤੇ ਨੂੰ ਅੱਗੇ ਨਹੀਂ ਵਧਾਏਗਾ। ਰੂਸ ਨੇ ਪੱਛਮੀ ਦੇਸ਼ਾਂ ਉੱਤੇ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਾ ਨਿਭਾਉਣ ਦਾ ਇਲਜ਼ਾਮ ਲਾਇਆ ਹੈ।
ਰੂਸ ਦੇ ਇਸ ਫੈਸਲੇ ਦੀ ਸੰਸਾਰ ਪੱਧਰ ਦੇ ਆਗੂਆਂ ਨੇ ਇਹ ਕਹਿੰਦੇ ਨਿਖੇਧੀ ਕੀਤੀ ਹੈ ਕਿ ਇਸ ਨਾਲ ਸੰਸਾਰ ਦੇ ਸਭ ਤੋਂ ਗਰੀਬ ਮੁਲਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਰੂਸ ਨੇ ਕਿਹਾ ਹੈ ਕਿ ਜੇਕਰ ਉਸ ਦੀਆਂ ਸ਼ਰਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਉਹ ਮੁੜ ਸਮਝੌਤੇ ਵਿੱਚ ਸ਼ਾਮਲ ਹੋ ਜਾਵੇਗਾ।
ਇਹ ਸਮਝੌਤਾ ਇਸਤਾਂਬੁਲ ਦੇ ਸਮੇਂ ਮੁਤਾਬਕ ਮੰਗਲਵਾਰ ਰਾਤ 12 ਵਜੇ ਖਤਮ ਹੋ ਗਿਆ ਹੈ।
ਇਸ ਸਮਝੌਤੇ ਤੋਂ ਬਾਅਦ, ਕਾਰਗੋ ਜਹਾਜ਼ ਕਾਲੇ ਸਾਗਰ ਉੱਤੇ ਓਡੇਸਾ, ਕੋਰਨੋਮੋਰਸਕ ਅਤੇ ਯੂਜ਼ਨੀ/ਪਿਵਡੇਨੀ ਦੀਆਂ ਬੰਦਰਗਾਹਾਂ ਵਿੱਚੋਂ ਲੰਘ ਰਹੇ ਸਨ।
ਕੀ ਹੈ ਰੂਸ ਦੀ ਸ਼ਿਕਾਇਤ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਲੰਬੇ ਸਮੇਂ ਤੋਂ ਸ਼ਿਕਾਇਤ ਕੀਤੀ ਹੈ ਕਿ ਸਮਝੌਤੇ ਦੇ ਕੁਝ ਹਿੱਸਿਆਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ, ਜੋ ਰੂਸ ਨੂੰ ਆਪਣਾ ਭੋਜਨ ਅਤੇ ਖਾਦ ਬਰਾਮਦ ਕਰਨ ਦੀ ਇਜਾਜ਼ਤ ਦਿੰਦਾ ਹੈ।
ਉਨ੍ਹਾਂ ਨੇ ਖਾਸ ਤੌਰ 'ਤੇ ਕਿਹਾ ਹੈ ਕਿ ਇਸ ਸਮਝੌਤੇ ਦੀ ਸ਼ਰਤ ਇਹ ਸੀ ਕਿ ਗਰੀਬ ਦੇਸ਼ਾਂ ਨੂੰ ਅਨਾਜ ਦਿੱਤਾ ਜਾਵੇਗਾ, ਪਰ ਅਜਿਹਾ ਨਹੀਂ ਹੋਇਆ।
ਰੂਸ ਨੇ ਵੀ ਵਾਰ-ਵਾਰ ਸ਼ਿਕਾਇਤ ਕੀਤੀ ਹੈ ਕਿ ਉਹ ਪੱਛਮੀ ਦੇਸਾਂ ਦੀਆਂ ਪਾਬੰਦੀਆਂ ਕਾਰਨ ਆਪਣੇ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਕਰਨ ਵਿੱਚ ਅਸਮਰੱਥ ਹੈ। ਪੁਤਿਨ ਨੇ ਕਈ ਵਾਰ ਇਸ ਸਮਝੌਤੇ ਨੂੰ ਤੋੜਨ ਦੀ ਧਮਕੀ ਵੀ ਦਿੱਤੀ ਸੀ।
ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਆਪਣੀਆਂ ਸ਼ਿਕਾਇਤਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਪੱਛਮੀ ਦੇਸ਼ਾਂ ਨੇ 'ਖੁੱਲ੍ਹੇਆਮ ਹਮਲਾ' ਕੀਤਾ ਹੈ ਅਤੇ ਆਪਣੇ ਵਪਾਰਕ ਹਿੱਤਾਂ ਨੂੰ ਮਾਨਵਤਾਵਾਦੀ ਉਦੇਸ਼ਾਂ ਤੋਂ ਉੱਪਰ ਰੱਖਿਆ ਹੈ।
ਰੂਸ ਨੂੰ ਮਨਾ ਲਵਾਂਗੇ-ਤੁਰਕੀ
ਇਸ ਦੇ ਨਾਲ ਹੀ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯਪ ਅਰਦੋਆਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਸਮਝਦੇ ਹਨ ਕਿ ਪੁਤਿਨ ਸਮਝੌਤੇ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਅਤੇ ਜਦੋਂ ਉਹ ਅਗਲੇ ਮਹੀਨੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲਣਗੇ ਤਾਂ ਉਹ ਸਮਝੌਤੇ ਨੂੰ ਦੁਬਾਰਾ ਲਾਗੂ ਕਰਨ ਬਾਰੇ ਚਰਚਾ ਕਰਨਗੇ।
ਇਹ ਅਨਾਜ ਬਰਾਮਦ ਸਮਝੌਤਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਯੂਕਰੇਨ ਸੂਰਜਮੁਖੀ, ਮੱਕੀ, ਕਣਕ ਅਤੇ ਬਾਜਰੇ ਦਾ ਸਭ ਤੋਂ ਵੱਡਾ ਬਰਾਮਦਕਰਤਾ ਹੈ।
ਫਰਵਰੀ 2022 'ਚ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਜੰਗੀ ਜਹਾਜ਼ਾਂ ਨੇ ਯੂਕਰੇਨ ਦੀਆਂ ਬੰਦਰਗਾਹਾਂ ਨੂੰ ਘੇਰ ਲਿਆ ਸੀ, ਜਿਸ ਕਾਰਨ 2 ਕਰੋੜ ਟਨ ਅਨਾਜ ਫਸ ਗਿਆ ਸੀ। ਇਸ ਘੇਰਾਬੰਦੀ ਕਾਰਨ ਵਿਸ਼ਵ ਪੱਧਰ 'ਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧ ਗਈਆਂ ਸਨ।
ਇਸ ਕਾਰਨ ਪੱਛਮ ਏਸ਼ੀਆ ਅਤੇ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਅਨਾਜ ਸੰਕਟ ਵੀ ਪੈਦਾ ਹੋ ਗਿਆ ਸੀ ਕਿਉਂਕਿ ਇਹ ਦੇਸ਼ ਯੂਕਰੇਨ ਦੇ ਅਨਾਜ ਉੱਤੇ ਨਿਰਭਰ ਹਨ।
ਤੁਰਕੀ ਅਤੇ ਸੰਯੁਕਤ ਰਾਸ਼ਟਰ ਦੇ ਲੰਬੇ ਯਤਨਾਂ ਅਤੇ ਵਿਚੋਲਗੀ ਤੋਂ ਬਾਅਦ, ਪਿਛਲੇ ਸਾਲ ਜੁਲਾਈ ਵਿੱਚ ਰੂਸ ਅਤੇ ਯੂਕਰੇਨ ਵਿਚਕਾਰ ਅਨਾਜ ਦੀ ਬਰਾਮਦ ਲਈ ਇੱਕ ਸਮਝੌਤਾ ਹੋਇਆ ਸੀ।
ਅਸੀਂ ਡਰੇ ਹੋਏ ਨਹੀਂ ਹਾਂ- ਜ਼ੇਲੇਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਨਾਜ ਦੀ ਬਰਾਮਦਗੀ ਜਾਰੀ ਰੱਖਣਾ ਚਾਹੁੰਦਾ ਹੈ। ਉਸ ਨੇ ਇਹ ਵੀ ਕਿਹਾ ਕਿ ਇਹ ਸਮਝੌਤਾ ਦੋ ਸਮਝੌਤਿਆਂ 'ਤੇ ਅਧਾਰਤ ਹੈ, ਇੱਕ ਉੱਤੇ ਯੂਕਰੇਨ ਅਤੇ ਦੂਜੇ ਉੱਤੇ ਰੂਸ ਨੇ ਹਸਤਾਖ਼ਰ ਕੀਤੇ ਹੋਏ ਹਨ।
ਰੂਸ ਦੇ ਸਮਝੌਤੇ ਤੋਂ ਪਿੱਛੇ ਹਟਣ ਤੋਂ ਬਾਅਦ ਜ਼ੇਲੇਂਸਕੀ ਨੇ ਕਿਹਾ, "ਅਸੀਂ ਡਰਨ ਵਾਲੇ ਨਹੀਂ ਹਾਂ।"
ਜ਼ੇਲੇਂਸਕੀ ਨੇ ਕਿਹਾ, “ਜਹਾਜ਼ਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਨੇ ਸਾਡੇ ਨਾਲ ਗੱਲ ਕੀਤੀ ਹੈ। ਉਹ ਅਨਾਜ ਦੀ ਢੋਆ-ਢੁਆਈ ਜਾਰੀ ਰੱਖਣ ਲਈ ਤਿਆਰ ਹਨ, ਜੇਕਰ ਯੂਕਰੇਨ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਤੁਰਕੀ ਉਨ੍ਹਾਂ ਨੂੰ ਲੰਘਣ ਦੀ ਇਜਾਜ਼ਤ ਦਿੰਦਾ ਹੈ।’’
ਜ਼ੇਲੇਂਸਕੀ ਦੇ ਸਲਾਹਕਾਰ, ਮਿਖਾਈਲੋ ਪੋਡੋਲਿਆਕ ਨੇ ਸੰਕੇਤ ਦਿੱਤਾ ਹੈ ਕਿ ਯੂਕਰੇਨ ਤੋਂ ਅਨਾਜ ਲੈ ਕੇ ਜਾਣ ਵਾਲੇ ਜਹਾਜ਼ਾਂ ਦੀ ਸੁਰੱਖਿਆ ਲਈ ਇੱਕ ਅੰਤਰਰਾਸ਼ਟਰੀ ਗਸ਼ਤੀ ਫੋਰਸ ਤੈਨਾਤ ਕੀਤੀ ਜਾ ਸਕਦੀ ਹੈ।
ਹਾਲਾਂਕਿ ਉਸ ਨੇ ਮੰਨਿਆ ਕਿ ਕਈ ਦੇਸ਼ ਇਸ ਸਮੂਹ 'ਚ ਸ਼ਾਮਲ ਹੋਣ ਦੇ ਇੱਛੁਕ ਨਹੀਂ ਹੋਣਗੇ।
ਯੂਕਰੇਨ ਦੀ ਅਨਾਜ ਐਸੋਸੀਏਸ਼ਨ ਦੇ ਪ੍ਰਧਾਨ ਨਿਕੋਲੇ ਗੋਰਬਾਚੇਵ ਨੇ ਕਿਹਾ ਕਿ ਇਸ ਦੇ ਮੈਂਬਰਾਂ ਨੇ ਡੈਨਿਊਬ ਨਦੀ 'ਤੇ ਬੰਦਰਗਾਹ ਸਮੇਤ ਬਦਲਵੇਂ ਰੂਟਾਂ ਦੀ ਪਛਾਣ ਕੀਤੀ ਹੈ।
ਹਾਲਾਂਕਿ ਉਹ ਸਵੀਕਾਰ ਕਰਦਾ ਹੈ ਕਿ ਇਨ੍ਹਾਂ ਬੰਦਰਗਾਹਾਂ ਦੀ ਸਮਰੱਥਾ ਸੀਮਤ ਹੋਵੇਗੀ ਅਤੇ ਇਨ੍ਹਾਂ ਰਾਹੀਂ ਅਨਾਜ ਬਰਾਮਦ ਕਰਨਾ ਮਹਿੰਗਾ ਹੋਵੇਗਾ।
ਪੱਛਮੀ ਆਗੂਆਂ ਨੇ ਕੀਤੀ ਨਿਖੇਧੀ
ਰੂਸ ਦੇ ਇਸ ਫੈਸਲੇ ਤੋਂ ਤੁਰੰਤ ਬਾਅਦ ਪੱਛਮੀ ਆਗੂਆਂ ਨੇ ਇਸ ਦੀ ਆਲੋਚਨਾ ਕੀਤੀ ਹੈ।
ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਰੂਸ ਦੇ ਇਸ ਕਦਮ ਨੂੰ 'ਪਾਗਲਪਨ' ਕਿਹਾ ਹੈ। ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਇਸ ਨੂੰ 'ਬੇਰਹਿਮੀ' ਦੱਸਿਆ ਹੈ।
ਇਸ ਦੇ ਨਾਲ ਹੀ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੇ ਮੁਖੀ ਗੋਜੀ ਓਕੋਨਜੋ ਇਵੀਏਲਾ ਨੇ ਕਿਹਾ ਹੈ ਕਿ ਕਾਲੇ ਸਾਗਰ ਰਾਹੀਂ ਅਨਾਜ, ਭੋਜਨ ਅਤੇ ਖਾਦਾਂ ਦੀ ਢੋਆ-ਢੁਆਈ ਬਾਰੇ ਸਮਝੌਤਾ ਦੁਨੀਆਂ ਭਰ ਵਿੱਚ ਭੋਜਨ ਦੀਆਂ ਕੀਮਤਾਂ ਦੀ ਸਥਿਰਤਾ ਲਈ ਬਹੁਤ ਮਹੱਤਵਪੂਰਨ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਰੂਸ ਇਸ ਸਮਝੌਤੇ ਤੋਂ ਪਿੱਛੇ ਹਟਣ 'ਤੇ ਮੁੜ ਵਿਚਾਰ ਕਰੇਗਾ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ ਸੰਗਠਨ ਰੂਸ ਦੇ ਫੈਸਲੇ ਕਾਰਨ ਪੈਦਾ ਹੋਣ ਵਾਲੇ ਮਨੁੱਖੀ ਸੰਕਟ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੇਗਾ।
ਗੁਟੇਰੇਸ ਨੇ ਕਿਹਾ, “ਭੁੱਖੀ ਅਤੇ ਦੁਖੀ ਦੁਨੀਆਂ ਵਿੱਚ ਬਹੁਤ ਕੁਝ ਦਾਅ 'ਤੇ ਹੈ।''
ਰੂਸ ਦਾ ਇਹ ਫੈਸਲਾ ਕ੍ਰਾਇਮੀਆ 'ਚ ਪੁਲ 'ਤੇ ਹੋਏ ਹਮਲੇ ਤੋਂ ਤੁਰੰਤ ਬਾਅਦ ਆਇਆ ਹੈ। ਇਸ ਹਮਲੇ ਵਿੱਚ ਦੋ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਯੂਕਰੇਨ ਨੇ ਅਧਿਕਾਰਤ ਤੌਰ 'ਤੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਯੂਕਰੇਨ ਦੇ ਰੱਖਿਆ ਬਲਾਂ ਦੇ ਸੁਰੱਖਿਆ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਹ ਇਸ ਪਿੱਛੇ ਸਨ।
ਇਸ ਦੇ ਨਾਲ ਹੀ ਰਾਸ਼ਟਰਪਤੀ ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਇਸ ਸਮਝੌਤੇ ਨੂੰ ਰੱਦ ਕਰਨ ਦਾ ਹਮਲੇ ਨਾਲ ਕੋਈ ਸਬੰਧ ਨਹੀਂ ਹੈ।
ਮਾਸਕੋ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, 'ਇਸ ਹਮਲੇ ਤੋਂ ਪਹਿਲਾਂ ਵੀ ਰਾਸ਼ਟਰਪਤੀ ਪੁਤਿਨ ਨੇ ਰੂਸ ਦਾ ਸਟੈਂਡ ਸਪਸ਼ਟ ਕੀਤਾ ਸੀ।'
ਰੂਸ ਅਤੇ ਯੂਕਰੇਨ ਜੰਗ ਬਾਰੇ ਖਾਸ ਗੱਲਾਂ:
- ਰੂਸ ਅਤੇ ਯੂਕਰੇਨ ਵਿੱਚਕਾਰ ਜੰਗ 24 ਫ਼ਰਵਰੀ 2022 ਨੂੰ ਸ਼ੁਰੂ ਹੋਈ ਸੀ
- ਪੱਛਮੀ ਨੇਤਾ ਮੰਨਦੇ ਹਨ ਕਿ ਇਹ ਜੰਗ ਯੂਕਰੇਨ ਨੂੰ ਜਿੱਤਣੀ ਚਾਹੀਦੀ ਹੈ
- ਯੂਕਰੇਨ ਲਈ ਨਿਰਪੱਖਤਾ ਦੀ ਕੋਈ ਵੀ ਸੰਭਾਵਨਾ ਲੰਬੇ ਸਮੇਂ ਤੋਂ ਖ਼ਤਮ ਹੋ ਗਈ ਹੈ
- ਰਾਸ਼ਟਰਪਤੀ ਪੁਤਿਨ ਨੇ ਚੇਤਾਵਨੀ ਦਿੱਤੀ ਸੀ ਕਿ ਯੁੱਧ "ਇੱਕ ਲੰਮੀ ਪ੍ਰਕਿਰਿਆ" ਹੋ ਸਕਦੀ ਹੈ
ਰੂਸ ਸਮਝੌਤੇ ਤੋਂ ਬਾਹਰ ਕਿਉਂ ਆਇਆ?
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪੱਛਮੀ ਦੇਸ਼ਾਂ ਨੇ ਇਸ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਹਨ।
ਐਟਲਾਂਟਿਕ ਕੌਂਸਲ ਦੇ ਸੀਨੀਅਰ ਸਾਥੀ ਅਤੇ ਗਲੋਬਲ ਮਾਮਲਿਆਂ ਦੇ ਮਾਹਿਰ ਰਿਚ ਆਊਟਜ਼ੇਨ ਮੁਤਾਬਕ ਸਮਝੌਤੇ ਤੋਂ ਬਾਹਰ ਆਉਣਾ ਰੂਸ ਦੀ ਰਣਨੀਤੀ ਦਾ ਹਿੱਸਾ ਹੈ।
ਰੂਸ ਆਪਣੇ 'ਤੇ ਲਾਈਆਂ ਗਈਆਂ ਪਾਬੰਦੀਆਂ 'ਚ ਰਾਹਤ ਚਾਹੁੰਦਾ ਹੈ। ਰੂਸ ਮਾਨਵਤਾਵਾਦੀ ਉਪਾਵਾਂ ਨੂੰ ਰਿਆਇਤਾਂ 'ਤੇ ਸ਼ਰਤ ਬਣਾਉਂਦਾ ਹੈ, ਜੋ ਇਸ ਦੇ ਫੌਜੀ, ਆਰਥਿਕ ਅਤੇ ਰਾਜਨੀਤਿਕ ਹਿੱਤਾਂ ਨੂੰ ਪੂਰਾ ਕਰਦੇ ਹਨ।
ਰੂਸ ਚਾਹੁੰਦਾ ਹੈ ਕਿ ਉਸ ਦੇ ਖੇਤੀਬਾੜੀ ਬੈਂਕ ਰੋਸਲਖੋਜ਼ ਬੈਂਕ ਨੂੰ ਸਵਿਫ਼ਟ (ਇੱਕ ਪ੍ਰਣਾਲੀ ਜੋ ਦੁਨੀਆ ਭਰ ਦੇ ਬੈਂਕਾਂ ਵਿਚਕਾਰ ਲੈਣ-ਦੇਣ ਨੂੰ ਨਿਯੰਤ੍ਰਿਤ ਕਰਦੀ ਹੈ) ਵਿੱਚ ਦੁਬਾਰਾ ਸ਼ਾਮਲ ਕੀਤਾ ਜਾਵੇ।
ਇਸ ਤੋਂ ਇਲਾਵਾ, ਰੂਸ ਆਪਣੀ ਖੇਤੀਬਾੜੀ ਮਸ਼ੀਨਰੀ ਲਈ ਮੁਰੰਮਤ ਦੇ ਹਿੱਸੇ ਪ੍ਰਾਪਤ ਕਰਨਾ ਚਾਹੁੰਦਾ ਹੈ ਅਤੇ ਆਪਣੀ ਹੋਰ ਜਾਇਦਾਦ ਖਾਲੀ ਕਰਨਾ ਚਾਹੁੰਦਾ ਹੈ। ਪੁਤਿਨ ਨੇ ਵਾਰ-ਵਾਰ ਇਲਜ਼ਾਮ ਲਾਇਆ ਹੈ ਕਿ ਰੂਸ ਨੂੰ ਇਸ ਅਨਾਜ ਸਮਝੌਤੇ ਤੋਂ ਵਾਅਦੇ ਮੁਤਾਬਕ ਲਾਭ ਨਹੀਂ ਮਿਲੇ।
ਸੰਸਾਰ ਉੱਤੇ ਕੀ ਅਸਰ ਹੋਵੇਗਾ?
ਅਫ਼ਰੀਕਾ ਅਤੇ ਪੱਛਮੀ ਏਸ਼ੀਆ ਦੇ ਦੇਸ਼ਾਂ ਅਤੇ ਵਿਸ਼ਵ ਖੁਰਾਕ ਪ੍ਰਣਾਲੀ 'ਤੇ ਰੂਸ ਦੇ ਇਸ ਸਮਝੌਤੇ ਤੋਂ ਹਟਣ ਦੇ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਇਸ ਸਮਝੌਤੇ ਤੋਂ ਬਾਅਦ ਯੂਕਰੇਨ 30 ਮਿਲੀਅਨ ਟਨ ਕਣਕ ਦੀ ਬਰਾਮਦਗੀ ਕਰ ਸਕਿਆ ਹੈ। ਇਸ ਕਾਰਨ, ਕੋਰੋਨਾ ਅਤੇ ਯੂਕਰੇਨ ਯੁੱਧ ਤੋਂ ਬਾਅਦ ਗਲੋਬਲ ਸਪਲਾਈ ਚੇਨ ਵਿੱਚ ਪਏ ਵਿਘਨ ਅਤੇ ਵਧੀਆਂ ਕੀਮਤਾਂ ਵਿੱਚ ਕੁਝ ਸਥਿਰਤਾ ਆਈ ਸੀ।
ਇਸ ਦੇ ਬਾਵਜੂਦ ਸਥਿਤੀ ਨਾਜ਼ੁਕ ਬਣੀ ਹੋਈ ਹੈ। ਪਰ ਵਿਸ਼ਵ ਪੱਧਰ 'ਤੇ ਖੁਰਾਕੀ ਵਸਤਾਂ ਦੀ ਮਹਿੰਗਾਈ ਵਧੀ ਹੈ। ਮਾਰਚ 2022 ਵਿੱਚ ਖੇਤੀਬਾੜੀ ਸੰਸਥਾਵਾਂ ਦਾ ਫੂਡ ਇੰਡੈਕਸ 160 ਤੱਕ ਪਹੁੰਚ ਗਿਆ ਸੀ।
ਹਾਲਾਂਕਿ ਇਸ 'ਚ ਗਿਰਾਵਟ ਆਈ ਹੈ ਅਤੇ ਇਸ ਸਾਲ ਜੂਨ 'ਚ ਇਹ 122 ਸੀ। ਜੇ ਅਸੀਂ ਜੂਨ 2020 ਨਾਲ ਤੁਲਨਾ ਕਰੀਏ, ਤਾਂ ਇਹ ਅਜੇ ਵੀ ਕਾਫ਼ੀ ਉੱਚਾ ਹੈ। ਉਦੋਂ ਇਹ 93 'ਤੇ ਸੀ। ਵਿਸ਼ਵ ਪੱਧਰ 'ਤੇ ਖਾਣ-ਪੀਣ ਦੀਆਂ ਕੀਮਤਾਂ ਸਾਲਾਨਾ ਪੰਜ ਫੀਸਦੀ ਤੋਂ ਵੱਧ ਵਧਦੀਆਂ ਹਨ।
ਹਾਲਾਂਕਿ, ਅਸਲ ਵਿੱਚ ਜ਼ਿੰਬਾਬਵੇ ਵਿੱਚ ਮਹਿੰਗਾਈ ਦਰ 80 ਫੀਸਦੀ, ਮਿਸਰ ਵਿੱਚ 30 ਅਤੇ ਲਾਓਸ ਵਿੱਚ 14 ਫੀਸਦੀ ਹੈ।
ਮਹਿੰਗਾਈ ਦੀ ਮਾਰ ਹੇਠ ਆਏ ਦੇਸ਼ਾਂ ਵਿੱਚ, ਸਭ ਤੋਂ ਵੱਧ ਪ੍ਰਭਾਵ ਔਰਤਾਂ ਅਤੇ ਪਹਿਲਾਂ ਹੀ ਪਛੜੇ ਭਾਈਚਾਰਿਆਂ ਉੱਤੇ ਪੈਂਦਾ ਹੈ।
ਵਿਸ਼ਵ ਬੈਂਕ ਮੁਤਾਬਕ, ਪਿਛਲੇ ਦੋ ਹਫ਼ਤਿਆਂ ਵਿੱਚ ਵਿਸ਼ਵ ਪੱਧਰ ’ਤੇ ਕਣਕ ਦੀਆਂ ਕੀਮਤਾਂ ਵਿੱਚ 3 ਫੀਸਦੀ ਦੀ ਗਿਰਾਵਟ ਆਈ ਹੈ। ਸੋਮਵਾਰ ਨੂੰ ਰੂਸ ਦੇ ਐਲਾਨ ਤੋਂ ਬਾਅਦ ਇਸ ਦਾ ਵਾਧਾ ਤੈਅ ਮੰਨਿਆ ਜਾ ਰਿਹਾ ਹੈ।