You’re viewing a text-only version of this website that uses less data. View the main version of the website including all images and videos.
ਅਨਵਾਰੁਲ ਹੱਕ ਕਾਕੜ ਕੌਣ, ਜਿਨ੍ਹਾਂ ਨੂੰ ਪਾਕਿਸਤਾਨ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ
ਬਲੋਚਿਸਤਾਨ ਆਰਮੀ ਪਾਰਟੀ ਦੇ ਸੈਨੇਟਰ ਅਨਵਾਰੁਲ ਹੱਕ ਕਾਕੜ ਨੂੰ ਪਾਕਿਸਤਾਨ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।
ਪਾਕਸਿਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉਹ ਦੇਸ਼ ਦੇ ਅੱਠਵੇਂ ਕਾਰਜਕਾਰੀ ਪ੍ਰਧਾਨ ਮੰਤਰੀ ਹਨ ਅਤੇ ਹੁਣ ਤੱਕ ਇਤਿਹਾਸ 'ਚ ਸਭ ਤੋਂ ਛੋਟੀ ਉਮਰ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਹਨ।
ਚੋਣਾਂ ਹੋਣ ਤੱਕ ਉਹ ਕੰਮ ਚਲਾਊ ਸਰਕਾਰ ਦੀ ਅਗਵਾਈ ਕਰਨਗੇ। ਪਾਕਿਸਤਾਨ ਦੀ ਸੰਸਦ ਭੰਗ ਹੋਣ ਤੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਦੇ ਨਾਮ 'ਤੇ ਸਹਿਮਤੀ ਬਣੀ।
ਪਾਕਿਸਤਾਨ ਦੇ ਸੰਵਿਧਾਨ 'ਚ ਇਹ ਸ਼ਰਤ ਹੈ ਕਿ ਸੰਸਦ (ਨੈਸ਼ਨਲ ਅਸੈਂਬਲੀ) ਅਤੇ ਰਾਜ ਦੀਆਂ ਵਿਧਾਨ ਸਭਾਵਾਂ ਦੇ ਭੰਗ ਹੋਣ ਦੇ 90 ਦਿਨਾਂ ਦੇ ਅੰਦਰ ਚੋਣਾਂ ਹੋ ਜਾਣੀਆਂ ਚਾਹੀਦੀਆਂ ਹਨ।
ਅਨਵਾਰੁਲ ਹੱਕ ਕਾਕੜ, ਬਲੋਚਿਸਤਾਨ ਦੇ ਪਸ਼ਤੂਨਾਂ ਦੀ ਜਾਣੀ-ਪਛਾਣੀ ਕਾਕੜ ਜਨਜਾਤੀ ਤੋਂ ਹਨ।
ਅਨਵਾਰੁਲ ਹੱਕ ਕਾਕੜ ਕੌਣ ਹਨ?
ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਸਾਲ 1971 'ਚ ਪੈਦਾ ਹੋਏ ਅਨਵਾਰੁਲ ਦੇ ਪਿਤਾ ਅਹਿਤਸ਼ਾਮ-ਉਲ ਹੱਕ ਕਾਕੜ ਨੇ ਆਪਣਾ ਕਰੀਅਰ ਤਹਿਸੀਲਦਾਰ ਵਜੋਂ ਸ਼ੁਰੂ ਕੀਤਾ ਸੀ। ਬਾਅਦ 'ਚ ਉਨ੍ਹਾਂ ਵੱਖ-ਵੱਖ ਸਰਕਾਰੀ ਅਹੁਦਿਆਂ 'ਤੇ ਕੰਮ ਕੀਤਾ।
ਪਾਕਿਸਤਾਨ ਬਣਨ ਤੋਂ ਪਹਿਲਾਂ ਅਨਵਾਰੁਲ ਹੱਕ ਦੇ ਦਾਦਾ ਕਲਾਤ ਸੂਬੇ 'ਚ ਕਲਾਤ ਦੇ ਖ਼ਾਨ ਦੇ ਲਈ ਇੱਕ ਡਾਕਟਰ ਵਜੋਂ ਕੰਮ ਕਰਦੇ ਸਨ।
ਅਨਵਾਰੁਲ ਹੱਕ ਕਾਕੜ ਨੇ ਆਪਣੀ ਮੁੱਢਲੀ ਸਿੱਖਿਆ ਕਵੇਟਾ ਤੋਂ ਪੂਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਲੰਡਨ ਵਿੱਚ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ।
ਉਨ੍ਹਾਂ ਨੂੰ ਸਾਹਿਤ ਦਾ ਸ਼ੌਕ ਹੈ ਅਤੇ ਉਨ੍ਹਾਂ ਦੀ ਗਿਣਤੀ ਬਲੋਚਿਸਤਾਨ ਦੇ ਪੜ੍ਹੇ-ਲਿਖੇ ਲੋਕਾਂ 'ਚ ਹੁੰਦੀ ਹੈ।
1999 ਵਿੱਚ ਮੁਸਲਿਮ ਲੀਗ (ਨਵਾਜ਼) ਦੀ ਸਰਕਾਰ ਡਿੱਗ ਗਈ, ਜਿਸ ਮਗਰੋਂ ਉਹ ਮੁਸਲਿਮ ਲੀਗ (ਕਯੂ-ਕੈਦ ਏ ਆਜ਼ਮ) 'ਚ ਸ਼ਾਮਲ ਹੋ ਗਏ।
2002 ਵਿੱਚ ਮੁਸਲਿਮ ਲੀਗ (ਕਯੂ) ਦੇ ਟਿਕਟ 'ਤੇ ਉਨ੍ਹਾਂ ਨੇ ਕਵੇਟਾ ਤੋਂ ਨੈਸ਼ਨਲ ਅਸੈਂਬਲੀ ਸੀਟ ਲਈ ਚੋਣ ਲੜੀ, ਪਰ ਉਨ੍ਹਾਂ ਨੂੰ ਸਫਲਤਾ ਨਾ ਮਿਲੀ।
2013 ਵਿੱਚ ਆਮ ਚੋਣਾਂ ਹੋਈਆਂ ਤਾਂ ਬਲੋਚਿਸਤਾਨ 'ਚ ਮੁਸਲਿਮ ਲੈਟ (ਨਵਾਜ਼) ਅਤੇ ਰਾਸ਼ਟਰਵਾਦੀ ਪਾਰਟੀਆਂ ਦੀ ਗੱਠਜੋੜ ਵਾਲੀ ਸਰਕਾਰ ਬਣੀ।
ਇੱਥੋਂ ਦੇ ਹੀ ਮੁੱਖ ਮੰਤਰੀ ਸਰਦਾਰ ਸਨਾਉੱਲ੍ਹਾ ਜਹਰੀ ਦੀ ਸਰਕਾਰ 'ਚ ਅਨਵਾਉਲ ਹੱਕ ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸਨ।
ਸਾਲ 2018 'ਚ ਜਦੋਂ ਮੁਸਲਿਮ ਲੀਗ (ਨਵਾਜ਼) ਚੋਣਾਂ 'ਚ ਹਾਰ ਗਈ ਤਾਂ ਬਲੋਚਿਸਤਾਨ 'ਚ ਬਲੋਚਿਸਤਾਨ ਅਵਾਮੀ ਨਾਲ ਦੀ ਇੱਕ ਨਵੀਂ ਪਾਰਟੀ ਬਣੀ।
ਅਨਵਾਰੁਲ ਨਾ ਸਿਰਫ਼ ਇਸ ਪਾਰਟੀ ਦਾ ਹਿੱਸਾ ਬਣੇ ਸਗੋਂ ਉਹ ਬਲੋਚਿਸਤਾਨ ਅਵਾਮੀ ਪਾਰਟੀ ਦੇ ਸੰਸਥਾਪਕਾਂ ਵਿੱਚੋਂ ਵੀ ਇੱਕ ਬਣ ਗਏ।
ਅਨਵਾਰੁਲ ਹੱਕ 2018 ਵਿੱਚ ਬਲੋਚਿਸਤਾਨ ਅਵਾਮੀ ਪਾਰਟੀ ਦੇ ਸੈਨੇਟਰ ਚੁਣੇ ਗਏ ਸਨ।
ਬਲੋਚਿਸਤਾਨ 'ਚ ਬਗਾਵਤ ਤੋਂ ਬਾਅਦ ਪੈਦਾ ਹੋਏ ਹਾਲਾਤ 'ਚ ਅਨਵਾਰੁਲ ਨੇ ਸਟੇਟ ਦੇ ਬਿਰਤਾਂਤ ਦੀ ਪੁਰਜ਼ੋਰ ਵਕਾਲਤ ਕੀਤੀ ਅਤੇ ਇਸ ਮਾਮਲੇ ਵਿੱਚ ਇੱਕ ਮਜ਼ਬੂਤ ਅਵਾਜ਼ ਬਣੇ ਰਹੇ।
ਉਹ ਬਲੋਚਿਸਤਾਨ ਨਾਲ ਸਬੰਧਤ ਦੇਸ਼ ਦੇ ਦੂਜੇ ਕਾਰਜਕਾਰੀ ਪ੍ਰਧਾਨ ਮੰਤਰੀ ਹਨ।
ਇਸ ਤੋਂ ਪਹਿਲਾਂ, ਬਲੋਚਿਸਤਾਨ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਸਰ ਹਜ਼ਾਰ ਖ਼ਾਨ ਖੋਸਾ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਰਹੇ ਸਨ।
ਹੁਣ ਤੱਕ ਪਾਕਿਸਤਾਨ ਦੇ ਇਤਿਹਾਸ 'ਚ ਕੁੱਲ 8 ਕਾਰਜਕਾਰੀ ਪ੍ਰਧਾਨ ਮੰਤਰੀ ਹੋਏ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਗ਼ੁਲਾਮ ਮੁਸਤਫ਼ਾ ਜਟੋਈ
06 ਅਗਸਤ 1990 ਤੋਂ 6 ਨਵੰਬਰ 1990 ਤੱਕ
ਪਾਕਿਸਤਾਨ ਦੇ ਪਹਿਲੇ ਕਾਰਜਕਾਰੀ ਪ੍ਰਧਾਨ ਮੰਤਰੀ ਗ਼ੁਲਾਮ ਮੁਸਤਫ਼ਾ ਜਟੋਈ ਸਨ। ਉਨ੍ਹਾਂ ਦੀ ਦੇਖ-ਰੇਖ 'ਚ 1990 'ਚ ਦੇਸ਼ ਦੇ ਇਤਿਹਾਸ 'ਚ ਪੰਜਵੀਂ ਆਮ ਚੋਣ ਹੋਈ ਅਤੇ ਨਵਾਜ਼ ਸ਼ਰੀਫ ਚੋਣਾਂ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ।
ਬਲਖ ਸ਼ੇਰ ਮਜ਼ਾਰੀ
18 ਅਪ੍ਰੈਲ 1993 ਤੋਂ 26 ਮਈ 1993 ਤੱਕ
ਬਲਖ ਸ਼ੇਰ ਮਜ਼ਾਰੀ ਦੇਸ਼ ਦੇ ਦੂਜੇ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਸਨ, ਉਨ੍ਹਾਂ ਦਾ ਕਾਰਜਕਾਲ ਇੱਕ ਮਹੀਨਾ ਅੱਠ ਦਿਨ ਚੱਲਿਆ ਸੀ।
ਉਨ੍ਹਾਂ ਦੀ ਨਿਗਰਾਨੀ ਹੇਠ ਚੋਣ ਨਹੀਂ ਹੋ ਸਕੀ। ਮਾਮਲਾ ਇਹ ਸੀ ਕਿ 19 ਅਪ੍ਰੈਲ 1993 ਨੂੰ ਰਾਸ਼ਟਰਪਤੀ ਗ਼ੁਲਾਮ ਇਸਹਾਕ ਖ਼ਾਨ ਨੇ ਅੱਠਵੀਂ ਸੋਧ ਰਾਹੀਂ ਨਵਾਜ਼ ਸ਼ਰੀਫ਼ ਦੀ ਸਰਕਾਰ ਨੂੰ ਬਰਖ਼ਾਸਤ ਕਰਕੇ ਬਲਖ਼ ਸ਼ੇਰ ਮਜ਼ਾਰੀ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਸੀ।
ਪਰ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਦੀ ਸਰਕਾਰ ਨੂੰ ਬਹਾਲ ਕਰ ਦਿੱਤਾ ਅਤੇ ਇਸ ਤਰ੍ਹਾਂ ਕਾਰਜਕਾਰੀ ਸਰਕਾਰ ਖ਼ਤਮ ਹੋ ਗਈ। ਸ਼ੇਰ ਮਜ਼ਾਰੀ ਸਿਰਫ਼ 39 ਦਿਨ ਹੀ ਪ੍ਰਧਾਨ ਮੰਤਰੀ ਰਹੇ।
ਮੋਇਨੂਦੀਨ ਅਹਿਮਦ ਕੁਰੈਸ਼ੀ
18 ਜੁਲਾਈ 1993 ਤੋਂ 19 ਅਕਤੂਬਰ 1993 ਤੱਕ
ਪਾਕਿਸਤਾਨ ਵਿੱਚ 1990 ਵਿੱਚ ਬਣੀ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ, ਜਿਸ ਤੋਂ ਬਾਅਦ 1993 ਵਿੱਚ ਨਵੀਆਂ ਚੋਣਾਂ ਹੋਈਆਂ।
ਇਸ ਵਾਰ ਕਾਰਜਕਾਰੀ ਪ੍ਰਧਾਨ ਮੰਤਰੀ ਦਾ ਨਾਂ ਮੋਇਨੂਦੀਨ ਅਹਿਮਦ ਕੁਰੈਸ਼ੀ ਸੀ।
ਉਨ੍ਹਾਂ ਨੂੰ ਦੇਸ਼ ਤੋਂ ਬਾਹਰੋਂ ਲਿਆ ਕੇ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਦਰਾਮਦ ਕੀਤੇ ਗਏ ਪ੍ਰਧਾਨ ਮੰਤਰੀ ਵੀ ਕਿਹਾ ਜਾਂਦਾ ਹੈ।
ਚੋਣਾਂ ਤੋਂ ਬਾਅਦ ਬੇਨਜ਼ੀਰ ਭੁੱਟੋ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ।
ਮਲਿਕ ਮੇਰਾਜ ਖਾਲਿਦ
5 ਨਵੰਬਰ 1996 ਤੋਂ 17 ਫਰਵਰੀ 1997 ਤੱਕ
1993 ਵਿੱਚ ਬਣੀ ਬੇਨਜ਼ੀਰ ਭੁੱਟੋ ਸਰਕਾਰ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ ਅਤੇ 1997 ਵਿੱਚ ਦੇਸ਼ ਵਿੱਚ ਫਿਰ ਤੋਂ ਆਮ ਚੋਣਾਂ ਹੋਈਆਂ।
ਇਸ ਵਾਰ ਮਲਿਕ ਮੇਰਾਜ ਖਾਲਿਦ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ। ਮੇਰਾਜ ਖਾਲਿਦ ਦਾ ਅਕਸ ਇੱਕ ਨਿਮਰ ਅਤੇ ਪੜ੍ਹੇ-ਲਿਖੇ ਸਿਆਸਤਦਾਨ ਦਾ ਸੀ। ਕਿਹਾ ਜਾਂਦਾ ਹੈ ਕਿ ਉਹ ਇੱਕ ਆਮ ਆਦਮੀ ਸਨ, ਜੋ ਇਸ ਅਹੁਦੇ ਤੱਕ ਪਹੁੰਚੇ ਸਨ।
ਚੋਣਾਂ ਤੋਂ ਬਾਅਦ ਨਵਾਜ਼ ਸ਼ਰੀਫ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣੇ ਪਰ ਇਹ ਸਰਕਾਰ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ।
ਉਸ ਤੋਂ ਬਾਅਦ ਦੇ ਸਾਲਾਂ ਵਿੱਚ, ਦੇਸ਼ ਵਿੱਚ ਇੱਕ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਦੀ ਪ੍ਰਣਾਲੀ ਕੁਝ ਸਮੇਂ ਲਈ ਮੁਅੱਤਲ ਰਹੀ।
1999 ਵਿੱਚ ਤਖ਼ਤਾਪਲਟ ਤੋਂ ਬਾਅਦ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਦੇਸ਼ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ ਸੀ। ਬਾਅਦ ਵਿੱਚ ਉਹ ਰਾਸ਼ਟਰਪਤੀ ਬਣੇ ਅਤੇ ਫਿਰ ਤੋਂ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਰਿਵਾਇਤ ਸ਼ੁਰੂ ਹੋ ਗਈ।
ਮੁਹੰਮਦ ਮੀਆਂ ਸੂਮਰੋ
16 ਨਵੰਬਰ 2007 ਤੋਂ 25 ਮਾਰਚ 2008 ਤੱਕ
2007 ਵਿੱਚ, ਮੁਸ਼ੱਰਫ਼ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬਰਖਾਸਤ ਕਰ ਦਿੱਤਾ ਅਤੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਤੋਂ ਬਾਅਦ ਦੇਸ਼ 'ਚ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਹੋਏ।
ਇਨ੍ਹਾਂ ਹਾਲਾਤਾਂ ਵਿਚ ਮੁਹੰਮਦ ਮੀਆਂ ਸੂਮਰੋ ਕਾਰਜਕਾਰੀ ਪ੍ਰਧਾਨ ਮੰਤਰੀ ਸਨ। 2008 ਦੀਆਂ ਆਮ ਚੋਣਾਂ ਉਨ੍ਹਾਂ ਦੀ ਹੀ ਨਿਗਰਾਨੀ ਹੇਠ ਹੋਈਆਂ।
ਇਹ ਚੋਣਾਂ ਪਾਕਿਸਤਾਨ ਪੀਪਲਜ਼ ਪਾਰਟੀ ਨੇ ਜਿੱਤੀਆਂ ਅਤੇ ਯੂਸੁਫ਼ ਰਜ਼ਾ ਗਿਲਾਨੀ ਪ੍ਰਧਾਨ ਮੰਤਰੀ ਚੁਣੇ ਗਏ।
ਦਸੰਬਰ ਵਿੱਚ ਇੱਕ ਚੋਣ ਰੈਲੀ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ, ਜਿਸ ਕਾਰਨ ਚੋਣਾਂ ਵਿੱਚ ਦੇਰੀ ਹੋ ਗਈ ਸੀ।
ਇਸ ਕਰਕੇ, ਮੀਆਂ ਸੂਮਰੋ ਸਭ ਤੋਂ ਲੰਬੇ ਸਮੇਂ ਲਈ, ਚਾਰ ਮਹੀਨੇ ਅੱਠ ਦਿਨਾਂ ਲਈ ਕਾਰਜਕਾਰੀ ਪ੍ਰਧਾਨ ਮੰਤਰੀ ਰਹੇ।
ਮੀਰ ਹਜ਼ਾਰ ਖਾਨ ਖੋਸੋ
25 ਮਾਰਚ 2013 ਤੋਂ 5 ਜੂਨ 2013 ਤੱਕ
ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਕੀਤਾ (ਯੂਸਫ਼ ਰਜ਼ਾ ਗਿਲਾਨੀ ਚਾਰ ਸਾਲ ਅਤੇ ਤਿੰਨ ਮਹੀਨਿਆਂ ਲਈ ਪ੍ਰਧਾਨ ਮੰਤਰੀ ਬਣੇ, ਜਿਸ ਤੋਂ ਬਾਅਦ ਰਜ਼ਾ ਪਰਵੇਜ਼ ਅਸ਼ਰਫ਼ ਲਗਭਗ ਨੌਂ ਮਹੀਨਿਆਂ ਲਈ ਪ੍ਰਧਾਨ ਮੰਤਰੀ ਬਣੇ)।
2013 ਵਿੱਚ ਆਮ ਚੋਣਾਂ ਹੋਈਆਂ ਅਤੇ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਬਲੋਚਿਸਤਾਨ ਦੇ ਮੀਰ ਹਜ਼ਾਰ ਖ਼ਾਨ ਖੁਸਰੋ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ।
ਇਨ੍ਹਾਂ ਚੋਣਾਂ ਵਿੱਚ ਨਵਾਜ਼ ਸ਼ਰੀਫ਼ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਗਏ ਸਨ।
ਨਾਸਿਰ ਮੁਲਕ
1 ਜੂਨ 2018 ਤੋਂ 18 ਅਗਸਤ 2018 ਤੱਕ
2013 ਵਿੱਚ ਬਣੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਕੀਤਾ, ਜਿਸ ਤੋਂ ਬਾਅਦ ਦੇਸ਼ ਵਿੱਚ 2018 ਵਿੱਚ 11ਵੀਆਂ ਆਮ ਚੋਣਾਂ ਕਰਵਾਈਆਂ ਗਈਆਂ।
ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਅਤੇ ਵਿਰੋਧੀ ਧਿਰ ਦੇ ਆਗੂ ਸਇਅਦ ਖੁਰਸ਼ੀਦ ਅਹਿਮਦ ਸ਼ਾਹ ਦੀ ਸਹਿਮਤੀ ਨਾਲ ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਦੀ ਨਿਗਰਾਨੀ ਲਈ ਸਾਬਕਾ ਚੀਫ਼ ਜਸਟਿਸ ਨਾਸਿਰ ਮੁਲਕ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ।
ਇਨ੍ਹਾਂ ਚੋਣਾਂ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਜਿੱਤ ਹੋਈ ਅਤੇ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਬਣੇ। ਪਰ ਬੇਭਰੋਸਗੀ ਮਤੇ ਕਾਰਨ ਉਨ੍ਹਾਂ ਦੀ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ ਅਤੇ ਸ਼ਾਹਬਾਜ਼ ਸ਼ਰੀਫ਼ ਨੂੰ ਅੰਤਰਿਮ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਗਿਆ।
ਹੁਣ ਦੇਸ਼ ਵਿੱਚ ਇੱਕ ਵਾਰ ਫਿਰ ਚੋਣਾਂ ਹੋਣੀਆਂ ਹਨ ਅਤੇ ਇਸ ਦੀ ਨਿਗਰਾਨੀ ਲਈ ਅਨਵਾਰੁਲ ਹੱਕ ਕਾਕੜ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।