You’re viewing a text-only version of this website that uses less data. View the main version of the website including all images and videos.
ਇਮਰਾਨ ਖ਼ਾਨ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਕੋਲ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਕੀ ਰਾਹ ਬਚਿਆ
ਪਾਕਿਸਤਾਨ ਦੇ ਸਾਬਕਾ ਪਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਤੋਸ਼ਾਖਾਨਾ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ।
ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਮਰਾਨ ਖਾਨ ਉੱਤੇ ਇਲਜ਼ਾਮ ਹਨ ਕਿ ਪ੍ਰਧਾਨ ਮੰਤਰੀ ਰਹਿੰਦਿਆਂ ਹੋਇਆਂ ਉਨ੍ਹਾਂ ਨੂੰ ਜੋ ਵੀ ਤੋਹਫੇ ਦੂਜੇ ਦੇਸਾਂ ਦੇ ਮੁਖੀਆਂ ਤੋਂ ਮਿਲੇ ਹਨ ਉਨ੍ਹਾਂ ਨੂੰ ਇਮਰਾਨ ਨੇ ਵੇਚ ਦਿੱਤਾ ਪਰ ਇਸ ਤੋਂ ਮਿਲੀ ਰਕਮ ਨੂੰ ਆਪਣੇ ਦਸਤਾਵੇਜ਼ਾਂ ਵਿੱਚ ਨਹੀਂ ਦਿਖਾਇਆ।
ਪਾਕਿਸਤਾਨ ਵਿੱਚ ਕਾਨੂੰਨੀ ਮਾਮਲਿਆਂ ਦੇ ਜਾਣਕਾਰ ਜ਼ੈਨਬ ਸਮਨਤਾਸ਼ ਨੇ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਨੂੰ ਦੱਸਿਆ ਕਿ ਇਲੈਕਸ਼ਨ ਐਕਟ ਤਹਿਤ ਹਰ ਉਮੀਦਵਾਰ ਨੂੰ ਆਪਣੀ ਆਮਦਨ ਅਤੇ ਖਰਚੇ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਦੇਣੀ ਹੁੰਦੀ ਹੈ।
ਉਹ ਕਹਿੰਦੇ ਹਨ, “2018 ਤੋਂ 2019, 2020-21, 2021-22 ਦੀ ਜੋ ਆਮਦਨ-ਖਰਚ ਰਿਪੋਰਟ ਚੋਣ ਕਮਿਸ਼ਨ ਨੂੰ ਦਿੱਤੀ ਗਈ ਹੈ ਉਨ੍ਹਾਂ ਵਿੱਚ ਇਮਰਾਨ ਖ਼ਾਨ ਨੇ ਤੱਥਾਂ ਨੂੰ ਲੁਕਾਇਆ ਹੈ ਅਤੇ ਇਹ ਨਹੀਂ ਨਹੀਂ ਦੱਸਿਆ ਹੈ ਕਿ ਤੋਹਫ਼ੇ ਵੇਚਣ ਨਾਲ ਉਨ੍ਹਾਂ ਨੂੰ ਕਿੰਨਾ ਫਾਇਦਾ ਹੋਇਆ ਹੈ। ਇਹੀ ਇਸ ਕੇਸ ਦਾ ਅਧਾਰ ਹੈ।”
ਇਮਰਾਨ ਖ਼ਾਨ ਅੱਗੇ ਕੀ ਕਰ ਸਕਦੇ ਹਨ?
ਹੁਣ ਗ੍ਰਿਫ਼ਤਾਰ ਹੋਣ ਤੋਂ ਬਾਅਦ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਕੋਲ ਕਿਹੜੇ ਕਾਨੂੰਨੀ ਵਿਕਲਪ ਮੌਜੂਦ ਹੈ?
ਜ਼ੈਨਬ ਸਮਨਤਾਸ਼ ਕਹਿੰਦੇ ਹਨ, “ਉਨ੍ਹਾਂ ਕੋਲ ਸਜ਼ਾ ਦੇ ਖਿਲਾਫ਼ ਅਪੀਲ ਕਰਨ ਦਾ ਅਧਿਕਾਰ ਹੈ, ਉਹ ਜ਼ਮਾਨਤ ਲਈ ਵੀ ਅਪੀਲ ਕਰ ਸਕਦੇ ਸੀ ਪਰ ਇਸ ਦੇ ਲਈ ਉਹ ਅਦਾਲਤ ਵਿੱਚ ਮੌਜੂਦ ਨਹੀਂ ਸਨ।”
ਅਪੀਲ ਦਾ ਅਧਿਕਾਰ
ਜਿਸ ਵਕਤ ਇਸਲਾਮਾਬਾਦ ਕੋਰਟ ਇਮਰਾਨ ਖ਼ਾਨ ਨਾਲ ਜੁੜੇ ਤੋਸ਼ਾਖਾਨਾ ਮਾਮਲੇ ਦੀ ਸੁਣਵਾਈ ਕਰ ਰਹੀ ਸੀ, ਉਸ ਵਕਤ ਉਹ ਲਾਹੌਰ ਵਿੱਚ ਜ਼ਮਾਨ ਪਾਰਕ ਵਿੱਚ ਆਪਣੇ ਘਰ ਵਿੱਚ ਸਨ।
ਜ਼ੈਨਬ ਕਹਿੰਦੇ ਹਨ, “ਕੋਰਟ ਜਦੋਂ ਜੇਲ੍ਹ ਦੀ ਸਜ਼ਾ ਦਿੰਦੀ ਹੈ ਤਾਂ ਉਹ ਨਾਲ ਹੀ ਵਾਰੰਟ ਵੀ ਜਾਰੀ ਕਰ ਦਿੰਦੀ ਹੈ। ਇਹ ਆਮ ਪ੍ਰਕਿਰਿਆ ਹੈ। ਪਰ ਜੇ ਸੁਣਵਾਈ ਦੌਰਾਨ ਇਮਰਾਨ ਖ਼ਾਨ ਅਦਾਲਤ ਵਿੱਚ ਮੌਜੂਦ ਹੁੰਦੇ ਤਾਂ ਉਹ ਕ੍ਰਿਮਿਨਲ ਪ੍ਰੋਸੀਜ਼ਰ ਕੋਡ ਦੇ ਸੈਕਸ਼ਨ 426 2ਏ ਤਹਿਤ ਕੋਰਟ ਨੂੰ ਇਹ ਕਹਿ ਸਕਦੇ ਸੀ ਕਿ ਅਪੀਲ ਕਰਨ ਤੱਕ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਵੇ। ਅਜਿਹੇ ਵਿੱਚ ਉਨ੍ਹਾਂ ਨੂੰ 30 ਦਿਨਾਂ ਤੱਕ ਲਈ ਰਾਹਤ ਮਿਲ ਸਕਦੀ ਸੀ।”
“ਜੇ ਉਨ੍ਹਾਂ ਦੀ ਮੁੱਖ ਵਕੀਲ ਵੀ ਕੋਰਟ ਵਿੱਚ ਮੌਜੂਦ ਹੁੰਦੇ ਤਾਂ ਉਹ ਇਹ ਦਰਖ਼ਾਸਤ ਕਰ ਸਕਦੇ ਸੀ ਪਰ ਉਹ ਵੀ ਕੋਰਟ ਵਿੱਚ ਨਹੀਂ ਸਨ। ਸ਼ਾਇਦ ਇਸ ਲਈ ਉਹ ਇਸ ਬਦਲ ਦਾ ਇਸਤੇਮਾਲ ਨਹੀਂ ਕਰ ਸਕੇ।”
ਪਰ ਕੀ ਅਪੀਲ ਦੌਰਾਨ ਇਮਰਾਨ ਖ਼ਾਨ ਜੇਲ੍ਹ ਵਿੱਚ ਹੀ ਰਹਿਣਗੇ?
ਇਸ ਦੇ ਜਵਾਬ ਵਿੱਚ ਜ਼ੈਨਬ ਕਹਿੇੰਦੇ ਹਨ, “ਡਿਵੀਜ਼ਨਲ ਬੈਂਚ ਨੂੰ ਜੇ ਲੱਗਿਆ ਕਿ ਇਸ ਮਾਮਲੇ ਵਿੱਚ ਅਜਿਹੇ ਅਧਾਰ ਹਨ ਕਿ ਫੈਸਲੇ ਨੂੰ ਪਲਟਿਆ ਜਾ ਸਕਦਾ ਹੈ ਤਾਂ ਉਹ ਇਸ ਫੈਸਲੇ ਨੂੰ ਰੋਕ ਸਕਦੀ ਹੈ।”
ਇਮਰਾਨ ਦੀ ਫੌਰੀ ਗ੍ਰਿਫ਼ਤਾਰੀ ਦੇ ਹੁਕਮ
ਇਸਲਾਮਾਬਾਦ ਕੋਰਟ ਨੇ ਆਪਣੇ ਫੈਸਲੇ ਵਿੱਚ ਇਮਰਾਨ ਖ਼ਾਨ ਦੀ ਫੌਰਨ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਲਾਹੌਰ ਦੇ ਜ਼ਮਾਨ ਪਾਰਕ ਵਿੱਚ ਸਥਿਤ ਇਮਰਾਨ ਖ਼ਾਨ ਦੇ ਘਰ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਇਸਲਾਮਾਬਾਦ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸੁਰੱਖਿਆ ਦੇ ਬੇਹੱਦ ਸਖ਼ਤ ਇੰਤਜ਼ਾਮ ਕੀਤੇ ਹਏ ਹਨ। ਇਮਰਾਨ ਖ਼ਾਨ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ ਤੇ ਕਿਹਾ ਹੈ ਉਹ ਇਸ ਦੇ ਖਿਲਾਫ਼ ਅਪੀਲ ਕਰਨਗੇ।
ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦਾ ਪਹਿਲਾਂ ਤੋਂ ਰਿਕਾਰਡ ਕੀਤਾ ਹੋਇਆ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਹੈਂਡਲ ਤੋਂ ਪੋਸਟ ਕੀਤਾ ਗਿਆ ਸੀ।
ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਕੋਰਟ ਦੇ ਫੈਸਲੇ ਨੂੰ ਪੱਖਪਾਤੀ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ।
ਸ਼ਨੀਵਾਰ ਸ਼ਾਮ ਪਾਰਟੀ ਦੀ ਇੱਕ ਐਮਰਜੈਂਸੀ ਮੀਟਿੰਗ ਹੋਈ, ਜਿਸ ਵਿੱਚ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦੇ ਖਿਲਾਫ ਦੇਸ ਪੱਧਰੀ ਵਿਰੋਧ ਪ੍ਰਦਰਸ਼ਨ ਕਰਨਾ ਦਾ ਫੈਸਲਾ ਲਿਆ ਗਿਆ ਹੈ।
ਸਰਕਾਰ ਵਿੱਚ ਸੂਚਨਾ ਮੰਤਰੀ ਔਰੰਗਜ਼ੇਬ ਨੇ ਕਿਹਾ ਕਿ ਇਮਰਾਨ ਨੂੰ ਬਦਲੇ ਦੀ ਸਿਆਸਤ ਦਾ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਹੈ।
ਕੀ ਹੈ ਤੋਸ਼ਾਖ਼ਾਨਾ ਮਾਮਲਾ
ਤੋਸ਼ਾਖਾਨਾ ਇੱਕ ਸਰਕਾਰੀ ਵਿਭਾਗ ਹੁੰਦਾ ਹੈ। ਇੱਥੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਦੂਜੇ ਵੱਡੇ ਅਧਿਕਾਰੀਆਂ ਵੱਲੋਂ ਕਿਸੇ ਦੌਰੇ ਦੌਰਾਨ ਮਿਲੇ ਕੀਮਤੀ ਤੋਹਫ਼ੇ ਰੱਖੇ ਜਾਂਦੇ ਹਨ।
ਕਿਸੇ ਵੀ ਵਿਦੇਸ਼ ਯਾਤਰਾ ਵੇਲੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਇਨ੍ਹਾਂ ਤੋਹਫ਼ਿਆਂ ਦਾ ਰਿਕਾਰਡ ਰੱਖਦੇ ਹਨ ਅਤੇ ਵਤਨ ਵਾਪਸੀ 'ਤੇ ਤੋਸ਼ਾਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ।
ਤੋਸ਼ਾਖਾਨੇ ਵਿੱਚ ਰੱਖੀਆਂ ਚੀਜ਼ਾਂ ਨੂੰ ਯਾਦਗਾਰ ਵਜੋਂ ਦੇਖਿਆ ਜਾਂਦਾ ਹੈ। ਇੱਥੇ ਰੱਖੀਆਂ ਚੀਜ਼ਾਂ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਹੀ ਵੇਚਿਆ ਜਾ ਸਕਦਾ ਹੈ।
ਪਾਕਿਸਤਾਨ 'ਚ ਜੇਕਰ ਮਿਲੇ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਵਿਅਕਤੀ ਇਸ ਨੂੰ ਮੁਫ਼ਤ 'ਚ ਆਪਣੇ ਕੋਲ ਰੱਖ ਸਕਦਾ ਹੈ।
ਉੱਥੇ ਹੀ ਜੇਕਰ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਵੱਧ ਹੈ, ਤਾਂ ਉਸ ਦੀ ਕੀਮਤ ਦਾ 50 ਫੀਸਦ ਜਮ੍ਹਾਂ ਕਰਵਾ ਕੇ ਖਰੀਦਿਆ ਜਾ ਸਕਦਾ ਹੈ।
ਸਾਲ 2020 ਤੋਂ ਪਹਿਲਾਂ ਸਮਾਨ ਦੀ ਅਸਲ ਕੀਮਤ ਦਾ ਸਿਰਫ਼ 20 ਫੀਸਦੀ ਹੀ ਜਮ੍ਹਾ ਕਰਨਾ ਪੈਂਦਾ ਸੀ।
ਇਹਨਾਂ ਤੋਹਫ਼ਿਆਂ ਵਿੱਚ ਆਮ ਤੌਰ 'ਤੇ ਮਹਿੰਗੀਆਂ ਘੜੀਆਂ, ਸੋਨੇ ਅਤੇ ਹੀਰੇ ਦੇ ਗਹਿਣੇ, ਮਹਿੰਗਾ ਸਜਾਵਟੀ ਸਾਮਾਨ, ਯਾਦਗਾਰੀ ਚਿੰਨ੍ਹ, ਹੀਰਾ ਜੜੀ ਕਲਮ, ਕਰੌਕਰੀ ਅਤੇ ਕਾਲੀਨ ਸ਼ਾਮਲ ਹੁੰਦੇ ਹਨ।
ਦਰਅਸਲ, ਇਮਰਾਨ ਖ਼ਾਨ ਉੱਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਜੋ ਤੋਹਫ਼ੇ ਖਰੀਦੇ ਸਨ, ਉਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਸੀ।
ਇਮਰਾਨ ਖ਼ਾਨ ਨੇ ਕਿਹੜੇ ਤੋਹਫ਼ੇ ਖਰੀਦੇ ਹਨ?
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਦੋ ਮਹੀਨਿਆਂ ਦੇ ਅੰਦਰ ਹੀ ਇਮਰਾਨ ਖ਼ਾਨ ਨੇ ਤੋਸ਼ਾਖਾਨਾ ਵਿੱਚ ਦੋ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾ ਕੇ ਕਈ ਤੋਹਫ਼ੇ ਖਰੀਦੇ ਸਨ।
ਇਨ੍ਹਾਂ ਵਿੱਚ ਕਰੀਬ 85 ਲੱਖ ਰੁਪਏ ਦੀ ਇੱਕ ਗ੍ਰਾਫ ਘੜੀ, ਕਰੀਬ 60 ਲੱਖ ਰੁਪਏ ਦੀ ਇੱਕ ਕਫ਼ਿੰਗ, 87 ਲੱਖ ਰੁਪਏ ਦੀ ਇੱਕ ਪੈੱਨ ਅਤੇ ਅੰਗੂਠੀ ਸ਼ਾਮਲ ਹੈ।
ਇਸੇ ਤਰ੍ਹਾਂ ਇਮਰਾਨ ਖ਼ਾਨ ਨੇ ਤੋਸ਼ਾਖਾਨੇ ਤੋਂ 38 ਲੱਖ ਰੁਪਏ ਦੀ 7.5 ਲੱਖ ਰੁਪਏ ਦੀ ਰੋਲੇਕਸ ਘੜੀ ਅਤੇ 15 ਲੱਖ ਰੁਪਏ ਦੀ ਰੋਲੇਕਸ ਘੜੀ ਸਿਰਫ਼ 2.5 ਲੱਖ ਰੁਪਏ ਵਿੱਚ ਖਰੀਦੀ ਸੀ।
ਇਕ ਹੋਰ ਮੌਕੇ 'ਤੇ, ਇਮਰਾਨ ਖ਼ਾਨ ਨੇ 49 ਲੱਖ ਰੁਪਏ ਦੇ ਕਫਲਿੰਗ ਅਤੇ ਘੜੀਆਂ ਨਾਲ ਭਰਿਆ ਇੱਕ ਡੱਬਾ ਅੱਧੇ ਮੁੱਲ 'ਤੇ ਖਰੀਦਿਆ ਸੀ।
ਇਸ ਤੋਂ ਇਲਾਵਾ ਤੋਹਫ਼ੇ ਦੀ ਖਰੀਦੋ-ਫਰੋਖ਼ਤ ਲਈ 2 ਅਰਬ ਰੁਪਏ ਦੀ ਥਾਂ ਤੋਸ਼ਾਖਾਨੇ ਨੂੰ 80 ਲੱਖ ਰੁਪਏ ਦਿੱਤੇ।
ਦਸਤਾਵੇਜ਼ਾਂ ਮੁਤਾਬਕ ਕਥਿਤ ਤੌਰ 'ਤੇ ਵੇਚੀ ਗਈ ਘੜੀ ਵੀ ਚੋਣ ਕਮਿਸ਼ਨ ਦੀ ਸੂਚੀ ਵਿੱਚ ਦਰਜ ਨਹੀਂ ਸੀ।
ਇਹ ਘੜੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਆਪਣੀ ਪਹਿਲੀ ਸਾਊਦੀ ਅਰਬ ਫੇਰੀ ਦੌਰਾਨ ਤੋਹਫ਼ੇ ਵਜੋਂ ਮਿਲੀ ਸੀ।
ਇਸ ਦੀ ਲਾਗਤ 85 ਕਰੋੜ ਰੁਪਏ ਦੱਸੀ ਜਾਂਦੀ ਹੈ।