ਐਸ਼ਲੇ ਮੈਡੀਸਨ: ਵਿਆਹੁਤਾ ਲੋਕਾਂ ਲਈ ਡੇਟਿੰਗ ਸਾਈਟ ਜਿਸ ਦੀ ਹੈਕਿੰਗ ਨੇ ਲੱਖਾਂ ਲੋਕਾਂ ਦੇ ਰਾਜ਼ ਖੋਲ੍ਹੇ

    • ਲੇਖਕ, ਅਤਾਹੁਆਲਪਾ ਏਮੇਰੀਸ
    • ਰੋਲ, ਬੀਬੀਸੀ ਮੁੰਡੋ

"ਜ਼ਿੰਦਗੀ ਛੋਟੀ ਹੈ, ਐਡਵੈਂਚਰ ਕਰੋ"

ਇਸ ਨਾਅਰੇ ਨਾਲ, ਐਸ਼ਲੇ ਮੈਡੀਸਨ ਨੇ ਦੁਨੀਆ ਭਰ ਦੇ ਵਿਆਹੇ ਹੋਏ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ, ਜੋ ਘਰ ਤੋਂ ਬਾਹਰ ਰੋਮਾਂਟਿਕ ਰਿਸ਼ਤਿਆਂ ਦੀ ਭਾਲ ਕਰਨ ਦੇ ਇੱਛੁਕ ਸਨ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਆਪਣੇ ਸਬੰਧਾਂ ਤੋਂ ਉਹ ਇਹ ਭਾਵਨਾ ਪਹਿਲਾਂ ਹੀ ਗੁਆ ਚੁੱਕੇ ਹਨ।

ਪਰ ਸਭ ਕੁਝ ਬੁਰੀ ਤਰ੍ਹਾਂ ਖ਼ਤਮ ਹੋ ਗਿਆ, ਜਦੋਂ ਰਹੱਸਮਈ ਹੈਕਰਾਂ ਨੇ ਤਿੰਨ ਕਰੋੜ 20 ਲੱਖ ਉਪਭੋਗਤਾਵਾਂ ਦੇ ਨਿੱਜੀ ਡੇਟਾ ਅਤੇ ਕੁਝ ਗੁਪਤ ਰਾਜ਼ ਉਜਾਗਰ ਕਰ ਦਿੱਤੇ।

ਇਸ ਦਾ ਬਹੁਤ ਹੀ ਭਿਆਨਕ ਅਸਰ ਹੋਇਆ।

ਕਈ ਲੋਕਾਂ ਦੇ ਵਿਆਹ ਟੁੱਟ ਗਏ, ਕਈ ਲੋਕ ਸਮਾਜਿਕ ਤੌਰ 'ਤੇ ਅਲੱਗ-ਥਲੱਗ ਹੋ ਗਏ ਅਤੇ ਕਈਆਂ ਨੇ ਖੁਦਕੁਸ਼ੀ ਵੀ ਕਰ ਲਈ।

'ਐਸ਼ਲੇ ਮੈਡੀਸਨ: ਸੈਕਸ, ਲਾਈਜ਼ ਐਂਡ ਸਕੈਂਡਲਸ' ਦਾ ਪ੍ਰੀਮੀਅਰ ਇਸ ਹਫਤੇ ਨੈੱਟਫਲਿਕਸ 'ਤੇ ਰਿਲੀਜ਼ ਕੀਤਾ ਗਿਆ ਹੈ।

ਇਹ ਤਿੰਨ ਭਾਗਾਂ ਵਾਲੀ ਦਸਤਾਵੇਜ਼ੀ ਫਿਲਮ ਟੋਬੀ ਪੈਟਨ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ।

ਐਸ਼ਲੇ ਮੈਡੀਸਨ ਕੀ ਹੈ?

ਜਦੋਂ 'ਡਾਟ ਕਾਮ' ਦੇ ਉਭਾਰ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ ਇੰਟਰਨੈੱਟ ਦਾ ਦਖ਼ਲ ਵਧਣਾ ਸ਼ੁਰੂ ਹੋਇਆ ਤਾਂ ਕੈਨੇਡਾ ਦੇ ਡੇਰੇਨ ਜੇ ਮੋਰਗਨਸਟਰਨ ਨੇ ਇਸ ਨੂੰ ਇੱਕ ਚੰਗੀ ਮਾਰਕੀਟ ਵਜੋਂ ਦੇਖਿਆ।

ਖ਼ਾਸ ਤੌਰ 'ਤੇ ਅਜਿਹੇ ਮਰਦਾਂ ਅਤੇ ਔਰਤਾਂ ਲਈ ਜੋ ਆਪਣੇ ਵਿਆਹ ਤੋਂ ਬਾਹਰ ਕੋਈ ਐਡਵੈਂਚਰ ਕਰਨਾ ਚਾਹੁੰਦੇ ਸਨ।

2002 ਵਿੱਚ, ਉਨ੍ਹਾਂ ਨੇ ਐਸ਼ਲੇ ਮੈਡੀਸਨ ਦੀ ਸਥਾਪਨਾ ਕੀਤੀ। ਇਹ ਇੱਕ ਪੋਰਟਲ ਸੀ, ਜਿੱਥੇ ਉਪਭੋਗਤਾ ਕਿਸੇ ਨਾਲ ਸੰਪਰਕ ਕਰਨ ਲਈ ਨਿੱਜੀ ਜਾਣਕਾਰੀ, ਫੋਟੋਆਂ ਅਤੇ ਜਿਨਸੀ ਤਰਜੀਹਾਂ ਨੂੰ ਅਪਲੋਡ ਕਰ ਸਕਦੇ ਸਨ।

ਉਨ੍ਹਾਂ ਨੇ ਇੱਕ ਕਾਰੋਬਾਰੀ ਮਾਡਲ ਬਣਾਇਆ, ਜਿਸ ਵਿੱਚ ਔਰਤਾਂ ਦੂਜੇ ਮੈਂਬਰਾਂ ਨਾਲ ਮੁਫ਼ਤ ਵਿੱਚ ਗੱਲਬਾਤ ਸ਼ੁਰੂ ਕਰ ਸਕਦੀਆਂ ਸਨ ਪਰ ਮਰਦਾਂ ਨੂੰ ਕ੍ਰੈਡਿਟ ਖਰੀਦਣਾ ਪੈਂਦਾ ਸੀ।

ਪਹਿਲੇ ਕੁਝ ਸਾਲਾਂ ਵਿੱਚ ਥੋੜ੍ਹੇ ਜਿਹੀ ਸਾਵਧਾਨੀ ਵਰਤਣ ਤੋਂ ਬਾਅਦ, 2007 ਵਿੱਚ ਕੰਪਨੀ ਦੇ ਨਵੇਂ ਸੀਈਓ ਨੋਏਲ ਬੀਡਰਮੈਨ ਨੇ ਇੱਕ ਕੁਸ਼ਲ, ਹਮਲਾਵਰ, ਅਤੇ ਵਿਵਾਦਪੂਰਨ ਮਾਰਕੀਟਿੰਗ ਰਣਨੀਤੀ ਦੁਆਰਾ ਉਪਭੋਗਤਾਵਾਂ ਦੀ ਗਿਣਤੀ ਵਿੱਚ ਵਾਧਾ ਕੀਤਾ।

ਜਦੋਂ ਜ਼ਿਆਦਾਤਰ ਨੈਟਵਰਕਾਂ ਨੇ ਐਸ਼ਲੇ ਮੈਡੀਸਨ ਦੇ ਇਸ਼ਤਿਹਾਰਾਂ ਨੂੰ ਪ੍ਰਸਾਰਿਤ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਬੀਡਰਮੈਨ ਨੇ ਸੰਯੁਕਤ ਰਾਜ ਵਿੱਚ ਪ੍ਰਸਾਰਣ ਸੰਸਥਾਵਾਂ ਦਾ ਦੌਰਾ ਕੀਤਾ ਅਤੇ ਇਹ ਸੰਦੇਸ਼ ਦਿੱਤਾ ਕਿ ਬੇਵਫ਼ਾਈ ਦਾ ਰਿਸ਼ਤਿਆਂ 'ਤੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ।

ਇਸ ਤੋਂ ਇਲਾਵਾ ਵੈੱਬਸਾਈਟਾਂ, ਮੀਡੀਆ ਅਤੇ ਬਿਲ ਬੋਰਡਾਂ 'ਤੇ ਵੀ ਇਸੇ ਤਰ੍ਹਾਂ ਦੇ ਸੰਦੇਸ਼ਾਂ ਨਾਲ ਭੜਕਾਊ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਕਾਰਨ ਹਰ ਕੋਈ ਇਸ ਸਾਈਟ ਤੋਂ ਜਾਣੂ ਹੋ ਗਿਆ।

ਮੀਡੀਆ ਦਾ ਧਿਆਨ ਖਿੱਚਣ ਤੋਂ ਬਾਅਦ, ਪਲੇਟਫਾਰਮ ਬਹੁਤ ਕਈ ਦੇਸ਼ਾਂ ਵਿੱਚ ਫੈਲ ਗਿਆ ਅਤੇ ਪਿਛਲੇ ਦਹਾਕੇ ਵਿੱਚ ਇਸ ਦੇ ਸਿਖ਼ਰ 'ਤੇ ਇਸ ਨੇ 3 ਕਰੋੜ 70 ਲੱਖ ਉਪਭੋਗਤਾ ਹੋਣ ਦਾ ਦਾਅਵਾ ਕੀਤਾ ਅਤੇ 10 ਲੱਖ ਡਾਲਰ ਦਾ ਮੁਨਾਫ਼ਾ ਵੀ ਕਮਾਇਆ।

ਹਾਲਾਂਕਿ, ਪਲੇਟਫਾਰਮ ਨੂੰ ਵੱਡੀ ਗਿਣਤੀ ਵਿੱਚ ਆਲੋਚਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਜੋ ਇਸਨੂੰ ਅਨੈਤਿਕ ਅਤੇ ਰਵਾਇਤੀ ਪਰਿਵਾਰਕ ਕਦਰਾਂ-ਕੀਮਤਾਂ ਲਈ ਖ਼ਤਰਾ ਮੰਨਦੇ ਸਨ।

ਇਸ ਦੇ ਬਾਵਜੂਦ ਇਸ ਪਲੇਟਫਾਰਮ ਦੇ ਪ੍ਰਬੰਧਕਾਂ ਨੂੰ ਕੋਈ ਚਿੰਤਾ ਨਹੀਂ ਹੋਈ।

ਇਸ ਦਸਤਾਵੇਜ਼ੀ ਫਿਲਮ ਵਿੱਚ, ਉਨ੍ਹਾਂ ਵਿੱਚੋਂ ਇੱਕ ਕਹਿੰਦਾ ਹੈ, “ਬਦਨਾਮੀ ਵਰਗੀ ਕੋਈ ਚੀਜ਼ ਨਹੀਂ ਹੈ। ਹਰ ਤਰ੍ਹਾਂ ਦਾ ਪ੍ਰਚਾਰ ਚੰਗਾ ਹੈ।''

ਕਿਵੇਂ ਹੋਈ ਹੈਕਿੰਗ

ਇਸ ਪੋਰਟਲ ਨੇ ਆਪਣੇ ਉਪਭੋਗਤਾਵਾਂ ਦੇ ਨਿੱਜੀ ਡੇਟਾ ਦੀ ਸੁਰੱਖਿਆ ਲਈ ਸਖ਼ਤ ਗੁਪਤਤਾ ਅਤੇ ਉੱਚ ਸੁਰੱਖਿਆ ਮਾਪਦੰਡਾਂ ਦਾ ਵਾਅਦਾ ਕੀਤਾ ਸੀ।

ਪਰ, ਜਿਵੇਂ ਕਿ ਕੰਪਨੀ ਦੇ ਸਾਬਕਾ ਕਰਮਚਾਰੀ ਇਸ ਦਸਤਾਵੇਜ਼ੀ ਫਿਲਮ ਵਿੱਚ ਸਵੀਕਾਰ ਕਰਦੇ ਹਨ, ਇਹ ਇੱਕ ਝੂਠਾ ਵਾਅਦਾ ਸੀ ਅਤੇ ਕੰਪਨੀ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਬਣਾਇਆ।

2015 ਵਿੱਚ, ਆਪਣੇ-ਆਪ ਨੂੰ 'ਇੰਪੈਕਟ ਟੀਮ' ਕਹਿਣ ਵਾਲੇ ਇੱਕ ਸਮੂਹ ਨੇ ਐਸ਼ਲੇ ਮੈਡੀਸਨ ਦੇ ਸਿਸਟਮਾਂ ਵਿੱਚ ਵੜ ਕੇ ਤੋੜ-ਭੰਨ ਕੀਤੀ ਅਤੇ ਇਸਦੇ ਸਰਵਰਾਂ ਤੋਂ ਲਗਭਗ ਸਾਰੀ ਜਾਣਕਾਰੀ ਕੱਢ ਲਈ।

'ਇੰਪੈਕਟ ਟੀਮ' ਨੇ ਕੰਪਨੀ ਨੂੰ ਕਿਹਾ ਕਿ ਜੇਕਰ ਉਸ ਨੇ 30 ਦਿਨਾਂ ਦੇ ਅੰਦਰ ਆਪਣਾ ਕਾਰੋਬਾਰ ਪੱਕੇ ਤੌਰ 'ਤੇ ਬੰਦ ਨਹੀਂ ਕੀਤਾ ਤਾਂ ਉਹ ਉਸ ਦੇ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਡਾਰਕ ਵੈੱਬ 'ਤੇ ਜਾਰੀ ਕਰ ਦੇਵੇਗੀ।

ਹੈਕਿੰਗ ਦੇ ਪਿੱਛੇ ਵਿਅਕਤੀ ਦਾ ਪਤਾ ਲਗਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਅਸਫ਼ਲ ਹੋਣ ਮਗਰੋਂ ਅਤੇ ਹੈਕਰਾਂ ਦੀ ਤੁਰੰਤ ਭਰਤੀ ਦੇ ਬਾਵਜੂਦ, ਕੰਪਨੀ 'ਇੰਪੈਕਟ ਟੀਮ' ਨੂੰ ਆਪਣੀ ਧਮਕੀ 'ਤੇ ਅਮਲ ਕਰਨ ਤੋਂ ਨਹੀਂ ਰੋਕ ਸਕੀ।

ਡਾਰਕ ਵੈੱਬ 'ਤੇ ਲੀਕ ਹੋਏ ਲਗਭਗ 3 ਕਰੋੜ 20 ਲੱਖ ਲੋਕਾਂ ਦੇ ਡੇਟਾ ਵਿੱਚ ਨਾਮ, ਤਸਵੀਰਾਂ, ਪਤੇ, ਈਮੇਲ ਆਈਡੀ ਅਤੇ ਸੈਕਸ ਦੀ ਪਸੰਦ ਸ਼ਾਮਲ ਸੀ।

ਇੱਕ ਨਵੇਂ ਡੇਟਾ ਡੰਪ ਵਿੱਚ ਜਿਨਸੀ ਤੌਰ 'ਤੇ ਸਪੱਸ਼ਟ ਫੋਟੋਆਂ, ਕ੍ਰੈਡਿਟ ਕਾਰਡ ਨੰਬਰ ਅਤੇ ਇਸਦੇ ਉਪਭੋਗਤਾਵਾਂ ਦੀਆਂ ਕੁਝ ਹੋਰ ਨਿੱਜੀ ਜਾਣਕਾਰੀ ਸ਼ਾਮਲ ਹਨ।

ਜਨਤਕ ਪੁੱਛਗਿੱਛ

ਇਹ ਸਾਰੀ ਸਮੱਗਰੀ ਤੇਜ਼ੀ ਨਾਲ ਡਾਰਕ ਵੈੱਬ ਤੋਂ ਨਿਕਲ ਕੇ ਇੰਟਰਨੈੱਟ ਪੰਨਿਆਂ ਤੱਕ ਆ ਗਈ, ਜੋ ਆਮ ਆਦਮੀ ਆਸਾਨੀ ਨਾਲ ਦੇਖ ਸਕਦਾ ਸੀ।

ਕਿਸੇ ਵੀ ਵਿਅਕਤੀ ਦਾ ਕੇਵਲ ਈਮੇਲ ਪਤਾ ਪਾ ਕੇ ਇਹ ਜਾਣਿਆ ਜਾ ਸਕਦਾ ਹੈ ਕਿ ਕੀ ਉਸ ਪਤੇ ਵਾਲਾ ਵਿਅਕਤੀ ਐਸ਼ਲੇ ਮੈਡੀਸਨ ਦੇ ਉਪਭੋਗਤਾਵਾਂ ਵਿੱਚੋਂ ਸੀ ਜਾਂ ਨਹੀਂ।

ਅਮਰੀਕਾ ਵਿੱਚ, ਪਲੇਟਫਾਰਮ ਲਈ ਇੱਕ ਪ੍ਰਮੁੱਖ ਮਾਰਕੀਟ ਹੈ, ਇੱਕ ਜਨਤਕ ਜਾਂਚ ਸ਼ੁਰੂ ਹੋਈ ਅਤੇ ਹਜ਼ਾਰਾਂ ਔਰਤਾਂ ਨੇ ਆਪਣੇ ਪਤੀਆਂ ਅਤੇ ਹਜ਼ਾਰਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਲੈ ਕੇ ਗੁਆਂਢੀਆਂ, ਚਰਚ ਦੇ ਪਾਦਰੀਆਂ, ਆਗੂਆਂ ਅਤੇ ਮਸ਼ਹੂਰ ਹਸਤੀਆਂ ਤੱਕ ਦੇ ਬਾਰੇ ਵਿੱਚ ਇਹ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਐਸ਼ਲੇ ਮੈਡੀਸਨ ਦੇ ਯੂਜ਼ਰ ਹਨ ਜਾਂ ਨਹੀਂ।

ਇਸ ਦਸਤਾਵੇਜ਼ੀ ਫਿਲਮ ਵਿੱਚ ਸ਼ਾਮਿਲ ਟੈਕਸਾਸ ਦੇ ਮਸ਼ਹੂਰ ਯੂਟਿਊਬਰ ਸੈਮ ਅਤੇ ਨਿਆ ਰੇਡਰ ਦੇ ਮਾਮਲੇ ਵਿੱਚ, ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਖੁਸ਼ਹਾਲ ਵਿਆਹੁਤਾ ਜੀਵਨ ਉਸ ਵੇਲੇ ਰੁਕ ਗਿਆ, ਜਦੋਂ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਐਸ਼ਲੇ ਮੈਡੀਸਨ 'ਤੇ ਇੱਕ ਐਡਵੈਂਚਰ ਦੀ ਕੋਸ਼ਿਸ਼ ਕੀਤੀ ਸੀ।

ਹਾਲਾਂਕਿ, ਇਸ ਸਬੰਧ ਵਿਚ ਕੋਈ ਠੋਸ ਅੰਕੜੇ ਮੌਜੂਦ ਨਹੀਂ ਹਨ, ਪਰ ਇਹ ਪਤ ਲੱਗਾ ਹੈ ਕਿ ਐਸ਼ਲੇ ਮੈਡੀਸਨ ਦੇ ਉਪਭੋਗਤਾਵਾਂ ਦੀ ਸਾਹਮਣੇ ਆਈ ਜਾਣਕਾਰੀ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਕਈ ਜੋੜਿਆਂ ਅਤੇ ਵਿਆਹਾਂ ਨੂੰ ਤੋੜ ਦਿੱਤਾ ਹੈ।

ਨਿਊ ਓਰਲੀਨਜ਼ ਦੇ ਇੱਕ ਪਾਦਰੀ ਜੌਨ ਗਿਬਸਨ ਦੀ ਮੈਂਬਰਸ਼ਿਪ ਦਾ ਪਤਾ ਲੱਗਣ ਤੋਂ ਬਾਅਦ ਕਮਿਊਨਿਟੀ ਵਿੱਚ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਅਤੇ ਆਖ਼ਰਕਾਰ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ।

ਸੰਭਾਵਿਤ ਬੇਵਫ਼ਾ ਲੋਕਾਂ ਦੀ ਸੂਚੀ ਦੇ ਸਾਹਮਣੇ ਆਉਣ ਤੋਂ ਬਾਅਦ ਨੇ ਕੰਪਨੀ ਵੱਲੋਂ ਧੋਖਾਧੜੀ ਦੇ ਸੰਕੇਤ ਵੀ ਸਾਹਮਣੇ ਆਏ।

ਹਾਲਾਂਕਿ ਇਸ ਵਿੱਚ ਲਗਭਗ 40 ਫੀਸਦ ਔਰਤਾਂ ਹੋਣ ਦਾ ਦਾਅਵਾ ਕੀਤਾ ਗਿਆ ਸੀ, ਪਰ ਇਹ ਪਤਾ ਲੱਗਾ ਹੈ ਕਿ ਔਰਤਾਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਫਰਜ਼ੀ ਪ੍ਰੋਫਾਈਲ ਜਾਂ ਬੋਟ ਸਨ ਜੋ ਕਿ ਕਥਿਤ ਤੌਰ 'ਤੇ ਕੰਪਨੀ ਨੇ ਪੁਰਸ਼ਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਕ੍ਰੈਡਿਟ ਖਰੀਦਣ ਲਈ ਮਜਬੂਰ ਕਰਨ ਲਈ ਬਣਾਏ ਸਨ।

ਐਸ਼ਲੇ ਮੈਡੀਸਨ ਨਾਲ ਕੀ ਹੋਇਆ?

ਬਿਡਰਮੈਨ ਦਸਤਾਵੇਜ਼ੀ ਫਿਲਮ ਵਿੱਚ ਸ਼ਾਮਲ ਨਹੀਂ ਸੀ। 2015 'ਚ ਹੈਕਿੰਗ ਨਾਲ ਉੱਠਣ ਵਾਲੇ ਤੂਫਾਨ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਅਦਾਲਤਾਂ ਐਸ਼ਲੇ ਮੈਡੀਸਨ ਦੇ ਖ਼ਿਲਾਫ਼ ਧੋਖਾਧੜੀ ਅਤੇ ਹਰਜਾਨੇ ਦੀਆਂ ਸ਼ਿਕਾਇਤਾਂ ਨਾਲ ਭਰੀਆਂ ਹੋਈਆਂ ਸਨ, ਜਿਸ ਵਿੱਚ ਕਈ ਪੀੜਤਾਂ ਨੂੰ ਕੁੱਲ ਮਿਲਾ ਕੇ ਇੱਕ ਕਰੋੜ 10 ਲੱਖ ਅਮਰੀਕੀ ਡਾਲਰ ਦਿੱਤੇ ਜਾਣੇ ਸਨ।

ਪਰ ਇਹ ਪਲੇਟਫਾਰਮ ਪੂਰੀ ਤਰ੍ਹਾਂ ਗਾਇਬ ਨਹੀਂ ਹੋਇਆ। ਮਾਲਕ ਬਦਲ ਗਿਆ ਅਤੇ ਪਲੇਟਫਾਰਮ ਨੂੰ 'ਵਿਸ਼ਵ ਵਿੱਚ ਨੰਬਰ ਇੱਕ ਵਿਆਹੁਤਾ ਡੇਟਿੰਗ ਐਪ' ਵਜੋਂ ਅੱਗੇ ਵਧਾ ਦਿੱਤਾ ਗਿਆ, ਜੋ ਅੱਜ ਕਈ ਦੇਸ਼ਾਂ ਵਿੱਚ 8 ਕਰੋਂੜ ਤੋਂ ਵੱਧ ਉਪਭੋਗਤਾਵਾਂ ਦੇ ਹੋਣ ਦਾ ਦਾਅਵਾ ਕਰਦਾ ਹੈ।

ਇਸ ਦਸਤਾਵੇਜ਼ੀ ਫ਼ਿਲਮ ਦੇ ਨਿਰਦੇਸ਼ਕ ਟੋਬੀ ਪੈਟਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਹਾਣੀ ਨੂੰ ਸੰਤੁਲਿਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨੈਤਿਕ ਪੱਖ ਲੈਣ ਤੋਂ ਬਚੇ ਹਨ।

ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਐਸ਼ਲੇ ਮੈਡੀਸਨ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਆਲੋਚਨਾ ਕਰਨ ਦੀ ਬਜਾਏ, ਅਸੀਂ ਇਹ ਜਾਣਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਾਂ ਕਿ ਲੋਕ ਸਾਈਟ ਵੱਲ ਕਿਉਂ ਆਕਰਸ਼ਿਤ ਹੋਏ।"

“ਉਹ ਕੀ ਲੱਭ ਰਹੇ ਸਨ? ਉਨ੍ਹਾਂ ਦੇ ਰਿਸ਼ਤੇ ਵਿੱਚ ਕੀ ਚੱਲ ਰਿਹਾ ਸੀ? ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਦੇ ਸਾਥੀ ਦਾ ਕੀ ਕਹਿਣਾ ਸੀ?”

ਪੈਟਰਨ ਕਹਿੰਦੇ ਹਨ, “ਅਸੀਂ ਸਭ ਜਾਣਦੇ ਹਾਂ ਕਿ ਬੇਵਫ਼ਾਈ ਅਤੇ ਤਕਲੀਫ਼ ਦੇ ਸਕਦੀ ਹੈ ਪਰ ਇਹ ਸੱਚਾਈ ਹੈ ਕਿ ਐਸ਼ਲੇ ਮੈਡੀਸਨ ਦੇ ਤਿੰਨ ਕਰੋੜ 70 ਲੱਖ ਮੈਂਬਰ ਸਨ, ਸਾਨੂੰ ਕੁਝ ਹੋਰ ਦੱਸਦੀ ਹੈ।“

“ਇਹ ਜਾਣਕਾਰੀ ਸਾਨੂੰ ਦੱਸਦੀ ਹੈ ਕਿ ਜੀਵਨ ਭਰ ਲਈ ਇੱਕ ਵਿਅਕਤੀ ਨਾਲ ਵਾਅਦਾ ਕਰਨਾ ਸੱਚਮੁੱਚ ਮੁਸ਼ਕਲ ਕੰਮ ਹੈ।“

ਅੱਜ ਤੱਕ ਇਹ ਮਾਲੂਮ ਨਹੀਂ ਹੋ ਸਕਿਆ ਕਿ ਲੱਖਾਂ ਜੋੜਿਆਂ ਦੇ ਸਬੰਧਾਂ ਦੀ ਬੁਨਿਆਦ ਹਿਲਾ ਦੇਣ ਵਾਲੀ ਹੈਕਿੰਗ ਦਾ ਜ਼ਿੰਮੇਵਾਰ ਕੌਣ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)