ਚੀਨ ਵਿੱਚ ਕੁੜੀਆਂ ਵਿਆਹ ਕਰਵਾਉਣ ਤੇ ਬੱਚੇ ਪੈਦਾ ਕਰਨ ਤੋਂ ਕਿਉਂ ਡਰਦੀਆਂ ਹਨ

ਤਸਵੀਰ ਸਰੋਤ, Getty Images
ਚੇਨ 20 ਦੇ ਕਰੀਬ ਮੁੰਡਿਆਂ ਨਾਲ ਮੁਲਾਕਾਤ ਕਰ ਚੁੱਕੀ ਹੈ, ਜਿਨ੍ਹਾਂ ਨੂੰ ਉਹ ਪਹਿਲਾਂ ਜਾਣਦੀ ਤੱਕ ਨਹੀਂ ਸੀ।
ਇਹ ਮੁਲਾਕਾਤਾਂ ਉਨ੍ਹਾਂ ਦੀ ਮਾਂ ਨੇ ਕਰਵਾਈਆਂ ਹਨ।
ਇਨ੍ਹਾਂ ਮੁਲਾਕਾਤਾਂ ਵਿੱਚ ਉਸਦਾ ਕੋਈ ਚੰਗਾ ਤਜਰਬਾ ਨਹੀਂ ਰਿਹਾ।ਉਸਦੀ ਇੱਕ ਸ਼ਰਤ ਹੈ ਕਿ ਉਹ ਬੱਚੇ ਨਹੀਂ ਚਾਹੁੰਦੀ।
ਉਨ੍ਹਾਂ ਦੱਸਿਆ ਕਿ ਇਹ ਅਜਿਹੀ ਸ਼ਰਤ ਹੈ ਜਿਹੜੀ ਬਹੁਤੇ ਮਰਦ ਪ੍ਰਵਾਨ ਨਹੀਂ ਕਰਦੇ।
ਉਨ੍ਹਾਂ ਨੇ ਆਪਣਾ ਪਹਿਲਾ ਨਾਂਅ ਸਾਂਝਾ ਨਹੀ ਕੀਤਾ। ਚੇਨ ਦੀ ਉਮਰ 25 ਤੋਂ 30 ਸਾਲਾਂ ਦੇ ਵਿੱਚ ਹੈ।
ਉਨ੍ਹਾਂ ਦੱਸਿਆ, “ਬੱਚੇ ਪੈਦਾ ਕਰਨਾ ਬਹੁਤ ਥਕਾਉਣ ਵਾਲਾ ਕੰਮ ਹੈ, ਮੈਨੂੰ ਬੱਚੇ ਪਸੰਦ ਨਹੀਂ ਹਨ।”
“ਪਰ ਅਜਿਹਾ ਮਰਦ ਲੱਭਣਾ ਲਗਭਗ ਅਸੰਭਵ ਹੈ, ਜੋ ਬੱਚੇ ਨਹੀਂ ਚਾਹੁੰਦਾ।”
“ਇੱਕ ਮਰਦ ਲਈ ਇਹ ਪ੍ਰਵਾਨ ਕਰਨਾ ਬਿਲਕੁਲ ਅਸੰਭਵ ਹੈ।”
ਕਿੰਨੀਆਂ ਹੀ ਅਸਫ਼ਲ ਮੁਲਾਕਾਤਾਂ ਤੋਂ ਬਾਅਦ ਵੀ ਚੇਨ ਉੱਤੇ ਵਿਆਹ ਦਾ ਦਬਾਅ ਘਟਿਆ ਨਹੀਂ ਹੈ।
ਉਹ ਦੱਸਦੇ ਹਨ ਕਿ ਇਹ ਦਬਾਅ ਇੰਨਾ ਵਧ ਗਿਆ ਹੈ ਕਿ ਉਹ ‘ਫਟਣ’ ਦੀ ਕਗਾਰ ਉੱਤੇ ਹਨ।
ਚੀਨ ਦੀ ਸਰਕਾਰ ਨੂੰ ਕੀ ਚਿੰਤਾ

ਤਸਵੀਰ ਸਰੋਤ, Getty Images
ਚੇਨ ਉੱਤੇ ਵਿਆਹ ਕਰਵਾਉਣ ਅਤੇ ਬੱਚੇ ਪੈਦਾ ਕਰਨ ਲਈ ਜ਼ੋਰ ਪਾਉਣ ਵਾਲਿਆਂ ਵਿੱਚ ਉਨ੍ਹਾਂ ਦੇ ਮਾਪਿਆਂ ਦੇ ਨਾਲ ਕਈ ਹੋਰ ਜਾਣਕਾਰ ਵੀ ਸ਼ਾਮਲ ਹੈ।
ਚੀਨ ਦੀ ਆਬਾਦੀ ਵਿੱਚ ਵਿਆਹ ਦਰ ਅਤੇ ਜਨਮ ਦਰ ਘਟਦੀ ਜਾ ਰਹੀ ਹੈ, ਇਸੇ ਲਈ ਹੁਣ ਚੀਨ ਦੀ ਕਮਿਊਨਿਸਟ ਪਾਰਟੀ ਵੀ ਲੱਖਾਂ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਵਿੱਚ ਇਸ ਰੁਝਾਨ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ।
ਪਿਛਲੇ ਸਾਲ, ਚੀਨ ਦੀ ਆਬਾਦੀ 60 ਸਾਲਾਂ ਵਿੱਚ ਪਹਿਲੀ ਵਾਰੀ ਘਟੀ ਅਤੇ ਜਣਨ ਦਰ ਵੀ ਹੇਠਾਂ ਡਿੱਗੀ ਹੈ।
ਚੀਨ ਵਿੱਚ ਉਹ ਵਿਆਹ ਜਿਨ੍ਹਾਂ ਦਾ ਰਿਕਾਰਡ ਸਰਕਾਰ ਦੇ ਕੋਲ ਹੈ, ਦੀ ਗਿਣਤੀ ਵੀ 1986 ਤੋਂ 6.83 ਮਿਲੀਅਨ ਰਹੀ ਹੈ, ਜੋ ਕਿ ਬਹੁਤ ਘੱਟ ਹੈ।
ਅਰਥ ਵਿਵਸ਼ਥਾ ਦੀ ਹੌਲੀ ਰਫ਼ਤਾਰ ਅਤੇ ਬੇਰੁਜ਼ਗਾਰੀ ਦੇ ਵਧਣ ਕਾਰਨ ਨਿਰਾਸ਼ ਹੋਏ ਚੀਨ ਦੇ ਨੌਜਵਾਨ, ਉਨ੍ਹਾਂ ਦੇ ਮਾਪਿਆਂ ਵੱਲੋਂ ਜਾਰੀ ਰੱਖੀ ਗਈ ਰਵਾਇਤ ਤੋਂ ਮੂੰਹ ਮੋੜ ਰਹੇ ਹਨ।
ਇਸ ਦਾ ਨਤੀਜਾ ਇਹ ਹੈ ਕਿ ਇਹ ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ।ਇਹ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਵੱਲੋਂ “ਕੌਮੀ ਮੁੜ ਸੁਰਜੀਤੀ’ ਦੇ ਐਲਾਨ ਤੋਂ ਕੋਹਾਂ ਦੂਰ ਹੈ।
ਇਸ ਦੀ ਚਿੰਤਾ ਸ਼ੀ ਜਿਨਪਿੰਗ ਤੱਕ ਵੀ ਪਹੁੰਚੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ‘ਵਿਆਹ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਇੱਕ ਨਵੇਂ ਸਭਿਆਚਾਰ’ ਦੀ ਲੋੜ ਬਾਰੇ ਗੱਲ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਦੇ ਵਿਆਹ ਪਰਿਵਾਰ ਅਤੇ ਬੱਚਿਆਂ ਪ੍ਰਤੀ ਵਿਚਾਰਾਂ ਨੂੰ ਇੱਕ ਦਿਸ਼ਾ ਦੇਣ ਲਈ ਉਨ੍ਹਾਂ ਨੂੰ ਸੇਧ ਦੇਣ ਦੀ ਲੋੜ ਹੈ।

ਵਿਆਹੇ ਜੋੜਿਆਂ ਨੂੰ ਮਿਲ ਰਹੇ ਇਨਾਮ

ਤਸਵੀਰ ਸਰੋਤ, Getty Images
ਅਜਿਹਾ ਨਹੀਂ ਹੈ ਕਿ ਚੀਨ ਵਿੱਚ ਪ੍ਰਸ਼ਾਸਨ ਇਹ ਕੋਸ਼ਿਸ਼ ਨਹੀਂ ਕਰ ਰਿਹਾ।
ਪੂਰੇ ਦੇਸ਼ ਵਿੱਚ ਅਧਿਕਾਰੀਆਂ ਨੂੰ ਇਹ ਕੰਮ ਦਿੱਤਾ ਗਿਆ ਹੈ ਕਿ ਉਹ ਨੌਜਵਾਨਾਂ ਨੂੰ ਵਿਆਹ ਕਰਵਾਉਣ ਦੇ ਫਾਇਦੇ ਦੱਸ ਕੇ ਹੱਲਾਸ਼ੇਰੀ ਦੇਣ ਅਤੇ ਜਿਹੜੇ ਵਿਆਹੇ ਹੋਏ ਹਨ, ਉਨ੍ਹਾਂ ਨੂੰ ਵਿਆਹੇ ਰਹਿਣ ਅਤੇ ਬੱਚੇ ਪੈਦਾ ਕਰਨ ਲਈ ਕਹਿਣ।
ਇਸੇ ਸਾਲ ਹੀ, ਪੂਰਬੀ ਸ਼ੀ-ਜਿਆਂਗ ਸੂਬੇ ਦੇ ਇੱਕ ਛੋਟੇ ਜਿਹੇ ਸ਼ਹਿਰ ਨੇ ਇਸੇ ਸਬੰਧ ਵਿੱਚ ਇੱਕ ਐਲਾਨ ਕੀਤਾ ਸੀ।
ਇਸ ਐਲਾਨ ਮੁਤਾਬਕ ਉਨ੍ਹਾਂ ਜੋੜਿਆਂ ਨੂੰ 1,000 ਯੂਆਨ (137 ਡਾਲਰ) ‘ਇਨਾਮ’ ਵਜੋਂ ਦਿੱਤੇ ਜਾਣਗੇ, ਜੇਕਰ ਲਾੜੀ 25 ਸਾਲ ਜਾਂ ਇਸ ਤੋਂ ਘੱਟ ਦੀ ਉਮਰ ਦੀ ਹੋਵੇਗੀ।
ਇਸ ਨੇ ਸਥਾਨਕ ਲੋਕਾਂ ਵਿੱਚ ਹੈਰਾਨੀ ਦੇ ਨਾਲ-ਨਾਲ ਗੁੱਸਾ ਵੀ ਪੈਦਾ ਕੀਤਾ।
ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰ ਇਹ ਕਿਵੇਂ ਸੋਚ ਸਕਦੀ ਹੈ ਕਿ ਇੰਨੀ ਛੋਟੀ ਜਿਹੀ ਰਕਮ ਕਿਸੇ ਦੇ ਅਜਿਹੇ ਵੱਡੇ ਫ਼ੈਸਲੇ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਹੋਰ ਥਾਵਾਂ ‘ਤੇ ਵੀ ਸਰਕਾਰ ਨੇ ਇੱਕ ਹੋਰ ਨੀਤੀ ਲਾਗੂ ਕੀਤੀ। ਉਨ੍ਹਾਂ ਨੇ 30 ਦਿਨਾਂ ਦਾ ‘ਕੂਲਿੰਗ ਆਫ ਪੀਰੀਅਡ’ ਸ਼ੁਰੂ ਕੀਤਾ ਹੈ। ਇਹ ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਤਲਾਕ ਲੈਣਾ ਜਾਂ ਅਲੱਗ ਹੋਣਾ ਚਾਹੁੰਦੇ ਸਨ।
ਇਸ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਇਹ ਲੋਕਾਂ ਦੇ ਨਿੱਜੀ ਫ਼ੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਅਤੇ ਨਾਲ ਹੀ ਇਹ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਤਸਵੀਰ ਸਰੋਤ, Getty Images
ਪੇਂਡੂ ਇਲਾਕਿਆਂ ਵਿੱਚ, ਜਿੱਥੇ ਮਰਦਾਂ ਲਈ ਵਿਆਹ ਲਈ ਲਾੜੀ ਦੀ ਭਾਲ ਵਿੱਚ ਮੁਸ਼ਕਲ ਹੁੰਦੀ ਹੈ। ਪ੍ਰਸ਼ਾਸਨ ਨੇ ਔਰਤਾਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਉਹ ਵਿਆਹ ਲਈ ਵੱਧ ਰਕਮ ਨਾ ਮੰਗਣ।
ਇਹ ਰਕਮ ਲਾੜੇ ਜਾਂ ਉਸਦੇ ਪਰਿਵਾਰ ਵੱਲੋਂ ਲਾੜੀ ਦੇ ਪਰਿਵਾਰ ਨੂੰ ਆਪਣੀ ਵਚਨਬੱਧਤਾ ਦਿਖਾਉਣ ਦੇ ਲਈ ਦਿੱਤੀ ਜਾਂਦੀ ਹੈ।
ਇਕਾਨਾਮਿਸਟ ਦੇ ਲੀ ਜਿੰਗਕੁਈ ਕਹਿੰਦੇ ਹਨ ਕਿ ਹੋਰਾਂ ਕੋਸ਼ਿਸ਼ਾਂ ਵਾਂਗ ਵੀ ਇਸਦਾ ਵੀ ਕੋਈ ਅਸਰ ਨਹੀਂ ਹੋਵੇਗਾ।
ਉਹ ਕਹਿੰਦੇ ਹਨ, “ਚਾਹੇ ਵਿਆਹ ਲਈ ਰੱਖੀ ਗਈ ਰਕਮ ਹਟਾ ਵੀ ਦਿੱਤੀ ਜਾਵੇ ਫਿਰ ਵੀ ਸਥਿਤੀ ਵਿੱਚ ਬਦਲਾਅ ਨਹੀਂ ਆਵੇਗਾ, ਹੋਰ ਗੱਲਾਂ ਵੀ ਮਾਅਨੇ ਰੱਖਦੀਆਂ ਹਨ ਜਿਵੇਂ ਘਰ, ਗੱਡੀ ਜਾਂ ਸੋਹਣੇ ਹੋਣਾ।"
ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦੀ ਸਿਆਸੀ ਜਮਾਤ ਵਿੱਚ ਵਧੇਰੇ ਗਿਣਤੀ ਮਰਦਾਂ ਦੀ ਹੈ, ਅਤੇ ੳਨ੍ਹਾਂ ਲਈ ਇਹ ਸਮਝਣਾ ਔਖਾ ਹੈ ਕਿ ਨੌਜਵਾਨਾਂ ਖ਼ਾਸ ਕਰਕੇ ਔਰਤਾਂ ਵਿੱਚ ਇਸ ਨਵੇਂ ਰੁਝਾਨ ਦਾ ਕੀ ਕਾਰਨ ਹੈ।
ਚੀਨ ਵਿੱਚ ਵੱਡੇ ਸਿਆਸੀ ਫ਼ੈਸਲੇ ਸੱਤ ਮੈਂਬਰੀ ‘ਪੋਲਿਟਬਿਊਰੋ ਸਟੈਂਡਿੰਗ ਕਮੇਟੀ’ ਵੱਲੋਂ ਲਏ ਜਾਂਦੇ ਹਨ। ਦਹਾਕਿਆਂ ਤੋਂ ਇਸ ਵਿੱਚ ਸਿਰਫ਼ ਮਰਦ ਹੀ ਸ਼ਾਮਲ ਰਹੇ ਹਨ।
ਇਸਦੇ ਹੇਠਲੇ ਸਿਆਸੀ ਆਗੂਆਂ ਦੇ ਸਮੂਹ ਵਿੱਚ 20 ਜਣੇ ਸ਼ਾਮਲ ਹਨ, ਇਸ ਵਿੱਚ ਵੀ ਪਿਛਲੀ ਅਕਤੂਬਰ ਤੱਕ ਦੋ ਦਹਾਕਿਆਂ ਤੱਕ ਇੱਕੋ ਔਰਤ ਰਹੀ।
ਫਿਲਹਾਲ ਇਸ ਵਿੱਚ ਕੋਈ ਔਰਤ ਨਹੀਂ ਹੈ।
ਸਿਆਸਤਦਾਨਾਂ ਦਾ ਕਿਉਂ ਉੱਡ ਰਿਹਾ ਮਜ਼ਾਕ

ਤਸਵੀਰ ਸਰੋਤ, Getty Images
ਸਿਆਸਤਦਾਨਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਜ਼ਮੀਨ ਉੱਤੇ ਕੋਈ ਅਸਰ ਹੁੰਦਾ ਨਹੀਂ ਦਿਖਦਾ, ਇਨ੍ਹਾਂ ਦਾ ਸੋਸ਼ਲ ਮੀਡੀਆ ਉੱਤੇ ਮਜ਼ਾਕ ਵੀ ਉਡਾਇਆ ਜਾਂਦਾ ਹੈ।
ਲੀ ਕਹਿੰਦੇ ਹਨ, “ਸਾਰੇ ਸਰਕਾਰੀ ਅਫ਼ਸਰ ਵਿਆਹੇ ਹੋਏ ਹਨ, ਉਨ੍ਹਾਂ ਨੁੰ ਇਸਦਾ ਦਰਦ ਮਹਿਸੂਸ ਨਹੀਂ ਹੁੰਦਾ।”
ਮਾਹਰਾਂ ਦਾ ਕਹਿਣਾ ਹੈ ਕਿ ਚੀਨ ਵਿੱਚ ਕੁਆਰੇ ਲੋਕਾਂ ਦੀ ਆਬਾਦੀ ਵਿੱਚ ਦੋ ਵਰਗ ਸ਼ਾਮਲ ਹਨ, ਜਿਨ੍ਹਾਂ ਦਾ ਮੇਲ ਮੁਸ਼ਕਲ ਹੈ, ਸ਼ਹਿਰੀ ਔਰਤਾਂ ਅਤੇ ਪੇਂਡੂ ਮਰਦ।
ਪੇਂਡੂ ਮਰਦ ਮਾੜੇ ਆਰਥਿਕ ਹਾਲਾਤਾਂ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ।ਇਸਦੇ ਨਾਲ ਹੀ ਕੁੜੀਆਂ ਦੇ ਪਰਿਵਾਰਾਂ ਵੱਲੋਂ ਵਿਆਹ ਲਈ ਵੱਧ ਰਕਮ ਮੰਗਣਾ ਵੀ ਵਿਆਹ ਵਿੱਚ ਵਿਘਨ ਪਾਉਂਦਾ ਹੈ{
ਇਸਦੇ ਨਾਲ ਹੀ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਪੇਂਡੂ ਔਰਤਾਂ ਨੂੰ ਇਹ ਤਾਕਤ ਵੀ ਦੇ ਰਿਹਾ ਹੈ ਕਿ ਉਹ ਵਿਆਹ ਲਈ ਸੋਚ ਸਮਝ ਕੇ ਫ਼ੈਸਲਾ ਲੈਣ।
ਸ਼ੰਘਾਈ ਵਿੱਚ ਕੰਮ ਕਰਨ ਵਾਲੇ ਕੈਥੀ ਟਿਆਨ ਕਹਿੰਦੇ ਹਨ “ਜਦੋਂ ਮੈਂ ਚੀਨੀ ਨਵੇਂ ਸਾਲ ਲਈ ਘਰ ਗਈ, ਮੇਰੇ ਲਈ ਪੇਂਡੂ ਇਲਾਕੇ ਵਿੱਚ ਔਰਤ ਹੋਣ ਦਾ ਅਹਿਸਾਸ ਚੰਗਾ ਸੀ, ਜਿੱਥੇ ਵਿਆਹ ਲਈ ਕੁੜੀਆਂ ਦੀ ਘਾਟ ਹੈ।”
ਪਿਆਰ ਹੁਣ ਆਮ ਗੱਲ ਹੈ
ਕੈਥੀ ਟਿਆਨ ਦੀ ਉਮਰ 28 ਸਾਲ ਦੇ ਕਰੀਬ ਸੀ।
ਉਹ ਕਹਿੰਦੇ ਹਨ ਉਨ੍ਹਾਂ ਨੂੰ ਲੱਗਦਾ ਸੀ ਉਨ੍ਹਾਂ ਦੀ ਉਮਰ ਉੱਤਰੀ ਚੀਨ ਵਿੱਚ ਪੈਂਦੇ ਐਹੂਈ ਸੂਬੇ ਵਿੱਚ ਵੱਧ ਸਮਝੀ ਜਾਵੇਗੀ।
ਇਸ ਇਲਾਕੇ ਵਿੱਚ ਔਰਤਾਂ 22 ਦੀ ਉਮਰ ਤੱਕ ਵਿਆਹੀਆਂ ਜਾਂਦੀਆਂ ਹਨ, ਪਰ ਸੱਚਾਈ ਉਨ੍ਹਾਂ ਦੀ ਕਲਪਨਾ ਤੋਂ ਉਲਟ ਸੀ।
“ਮੈਨੂੰ ਕੁਝ ਦੇਣ ਦੀ ਲੋੜ ਨਹੀਂ, ਪਰ ਮਰਦ ਕੋਲ ਘਰ ਅਤੇ ਕਾਰ ਹੋਣੀ ਜ਼ਰੂਰੀ ਹੈ, ਉਸਨੂੰ ਮੰਗਣੀ ਦੀ ਰਸਮ ਦੇ ਨਾਲ ਨਾਲ ਵਿਆਹ ਲਈ ਇੱਕ ਖ਼ਾਸ ਰਕਮ ਵੀ ਦੇਣੀ ਪਵੇਗੀ।”
“ਮੈਨੂੰ ਲੱਗਿਆ ਜਿਵੇਂ ਮੇਰਾ ਮੁੱਲ ਸਭ ਤੋਂ ਵੱਧ ਹੋਵੇ।”
ਦੂਜੇ ਪਾਸੇ ਸ਼ਹਿਰੀ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਆਹ ਪ੍ਰਤੀ ਨਜ਼ਰੀਏ ਉੱਤੇ ਸਮਾਜ ਦੇ ਵਿਆਹ ਪ੍ਰਤੀ ਨਜ਼ਰੀਏ ਵਿੱਚ ਬਹੁਤ ਅੰਤਰ ਹੈ। ਇਹ ਗੱਲ ਉਨਾਂ ਨੂੰ ਪਰੇਸ਼ਾਨ ਕਰਦੀ ਹੈ।
ਚੇਨ ਕਹਿੰਦੇ ਹਨ, “ਮੇਰੇ ਅੰਦਰ ਕੋਈ ਚਿੰਤਾ ਨਹੀਂ ਹੈ, ਮੇਰੀ ਚਿੰਤਾ ਬਾਹਰੋਂ ਆਉਂਦੀ ਹੈ।”
ਉਹ ਕਹਿੰਦੇ ਹਨ, ਹੁਣ ਉਹੋ ਜਿਹੇ ਹਾਲਾਤ ਨਹੀਂ ਰਹੇ ਜਿਹੋ ਜਿਹੇ ਸਾਡੇ ਮਾਪਿਆਂ ਦੇ ਵੇੇਲੇ ਸਨ, ਉਸ ਵੇਲੇ ਜ਼ਿੰਦਗੀ ਇੱਕ ਚੁਣੌਤੀ ਹੋਇਆ ਕਰਦੀ ਸੀ ਅਤੇ ਪਿਆਰ ਆਮ ਗੱਲ ਨਹੀ ਸੀ।
ਅੱਜ ਕੱਲ ਮਰਦਾਂ ਅਤੇ ਔਰਤਾਂ ਲੋਕਾਂ ਕੋਲ ਚੁਣਨ ਲਈ ਵਿਕਲਪ ਬਹੁਤ ਹਨ।
“ਸਾਡਾ ਵਿਚਾਰ ਹੈ ਕਿ ਹੁਣ ਬੱਚੇ ਨਾ ਪੈਦਾ ਕਰਨ ਦਾ ਫ਼ੈਸਲਾ ਲੈਣਾ ਕੋਈ ਗਲਤ ਗੱਲ ਨਹੀ ਹੈ, ਹੁਣ ਇਹ ਅਜਿਹੀ ਚੀਜ਼ ਨਹੀਂ ਰਹੀ, ਜਿਹੜੀ ਸਾਡੇ ਲਈ ਕਰਨੀ ਬਹੁਤ ਜ਼ਰੂਰੀ ਹੈ।”

ਤਸਵੀਰ ਸਰੋਤ, Getty Images
ਔਰਤਾਂ ਨੇ ਇਹ ਵੀ ਕਿਹਾ ਕਿ ਸੰਸਾਰ ਦੇ ਨਾਲ, ਸਰਕਾਰੀ ਮੁਹਿੰਮ ਵੀ ਔਰਤਾਂ ਉੱਤੇ ਕੇਂਦਰਤ ਅਤੇ ਮਰਦਾਂ ਦੀਆਂ ਇੱਕ ਜੀਵਨ ਸਾਥੀ ਵਜੋਂ ਜਿੰਮੇਵਾਰੀਆਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।
ਇਹੋ ਜਿਹੀਆਂ ਨਾ-ਬਰਾਬਰੀ ਵਾਲੀਆਂ ਉਮੀਦਾਂ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਦੇ ਵਿਚਾਰ ਤੋਂ ਦੂਰ ਕਰ ਰਹੀਆਂ ਹਨ।
ਚੇਨ ਕਹਿੰਦੇ ਹਨ ਕਿ ਆਪਣੇ ਦੋਸਤ ਨੂੰ ਮਾਪੇ ਬਣਦੇ ਦੇਖਕੇ ਉਨ੍ਹਾਂ ਦਾ ਬੱਚੇ ਨਾ ਪੈਦਾ ਕਰਨ ਦਾ ਫ਼ੈਸਲਾ ਹੋਰ ਪੱਕਾ ਹੁੰਦਾ ਹੈ।
“ਮੇਰੇ ਦੋਸਤ ਦਾ ਦੂਜਾ ਬੱਚਾ ਬਹੁਤ ਸ਼ਰਾਰਤੀ ਹੈ, ਮੈਂ ਜਦੋਂ ਵੀ ਉਸਦੇ ਘਰ ਜਾਂਦੀ ਹਾਂ ਤਾਂ ਇਹ ਮਹਿਸੂਸ ਕਰਦੀ ਹਾਂ ਕਿ ਘਰ ਵਿੱਚ ਧਮਾਕਾ ਹੋ ਜਾਵੇਗਾ ਅਤੇ ਛੱਤ ਢਹਿ ਜਾਵੇਗੀ।”
ਚੀਨ ਵਿੱਚ ਕਈ ਨੌਜਵਾਨ ਮਾਵਾਂ ਇਹ ਵੀ ਮਹਿਸੂਸ ਕਰਦੀਆਂ ਹਨ ਕਿ ਉਨ੍ਹਾਂ ਦੇ ਪਤੀ ਬੱਚਿਆਂ ਦੀ ਪਰਵਰਿਸ਼ ਵਿੱਚ ਆਪਣਾ ਯੋਗਦਾਨ ਨਹੀਂ ਪਾਉਂਦੇ।

ਤਸਵੀਰ ਸਰੋਤ, Getty Images
'ਮਰਦ ਸੋਚਦੇ ਹਨ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਬੱਸ ਪੈਸੇ ਕਮਾਉਣਾ'
ਡਾਟਾ ਵਿਗਿਆਨੀ ਵਜੋਂ ਨੌਕਰੀ ਕਰਦੀ ਇੱਕ 33 ਸਾਲਾ ਚੀਨੀ ਨਾਗਰਿਕ ਦੱਸਦੇ ਹਨ, “ਮੈਂ ਜਿੰਨੇ ਵੀ ਵਿਆਹੇ ਮਰਦਾਂ ਨੂੰ ਜਾਣਦੀ ਹਾਂ. ਉਹ ਸੋਚਦੇ ਹਨ ਕਿ ਪਰਿਵਾਰ ਲਈ ਉਨ੍ਹਾਂ ਦੀ ਜਿੰਮੇਵਾਰੀ ਬੱਸ ਪੈਸੇ ਕਮਾਉਣ ਦੀ ਹੀ ਹੈ।”
“ਮਾਵਾਂ ਇਸ ਗੱਲ ਲਈ ਆਪਣੇ ਬੱਚਿਆਂ ਨਾਲ ਸਮਾਂ ਨਾ ਬਿਤਾਉਣ ਕਾਰਨ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੀਆਂ ਹਨ, ਉਹ ਦੇਰ ਤੱਕ ਬਾਹਰ ਵੀ ਨਹੀਂ ਰਹਿੰਦੀਆਂ।”
“ਪਰ ਮਰਦਾਂ ਨੂੰ ਅਜਿਹਾ ਅਹਿਸਾਸ ਨਹੀਂ ਹੁੰਦਾ।”
ਪਰ ਪਾਰਟੀ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਅਸਮਾਨਤਾ ਜਾਂ ਮਰਦਾਂ ਦੀ ਭੂਮਿਕਾ ਨੂੰ ਬਦਲਣਾ ਉਨ੍ਹਾਂ ਚੁਣੌਤੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦਾ ਉਨ੍ਹਾਂ ਨੂੰ ਹੱਲ ਕੱਢਣਾ ਚਾਹੀਦਾ ਹੈ, ਤਾਂ ਜੋ ਵਿਆਹ ਦਰ ਅਤੇ ਜਨਮ ਦਰ ਵਿੱਚ ਵਾਧਾ ਹੋ ਸਕੇ।
ਚੀਨ ਦੇ ਨੌਜਵਾਨ ਇਹ ਸਪੱਸ਼ਟ ਕਹਿ ਰਹੇ ਹਨ ਕਿ ਉਹ ਅਫ਼ਸਰਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ।
ਸਮਾਜਿਕ ਦਬਾਅ ਬਾਰੇ ਗੱਲ ਕਰਦਿਆਂ ਨੌਜਵਾਨ ਦੱਸਦੇ ਹਨ ਕਿ ਉਹ ਇਸ ਨਾਅਰੇ ਦੀ ਵਰਤੋਂ ਕਰਦੇ ਹਨ ਜਿਹੜਾ ਕਿ ਸ਼ਿੰਘਾਈ ਵਿੱਚ ਲੱਗੇ ਸਖ਼ਤ ਲੌਕਡਾਊਨ ਦੇ ਵਿਰੋਧ ਵਿੱਚ ਉਨ੍ਹਾਂ ਨੇ ਵਰਤਿਆ ਸੀ।
“ਵੀ ਆਰ ਦੀ ਲਾਸਟ ਜੈਨੇਰੇਸ਼ਨ” ਅਸੀਂ ਆਖ਼ਰੀ ਪੀੜ੍ਹੀ ਹਾਂ।















