ਸਮੁੰਦਰ 'ਚ ਗੁਆਚੇ ਮਛੇਰੇ: ਉਜਾੜ ਟਾਪੂ ਵਿਚੋਂ ਕਈ ਦਿਨਾਂ ਬਾਅਦ 'ਚਮਤਕਾਰੀ ਢੰਗ' ਨਾਲ ਜ਼ਿੰਦਾ ਮੁੜਨ ਦੀ ਕਹਾਣੀ

ਤਸਵੀਰ ਸਰੋਤ, VIVEK R NAIR
ਪਿਛਲੇ ਸਾਲ ਜਦੋਂ 27 ਨਵੰਬਰ ਨੂੰ ਐਡੀਸਨ ਡੇਵਿਸ ਅਤੇ ਆਗਸਟੀਨ ਨੇਮਸ ਭਾਰਤ ਦੇ ਦੱਖਣ ਵਿੱਚ ਸਥਿਤ ਸਮੁੰਦਰ ਦੇ ਕੰਢੇ ਤੋਂ ਮੱਛੀਆਂ ਫੜਨ ਲਈ ਜਾ ਰਹੇ ਸਨ ਤਾਂ ਉਹਨਾਂ ਨੇ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਕਿ ਉਹ ਕ੍ਰਿਸਮਸ ’ਤੇ ਵਾਪਿਸ ਆਉਣਗੇ।
ਫਿਰ ਉਸ ਤੋਂ ਬਾਅਦ ਇੱਕ ਹਫ਼ਤੇ ਤੱਕ ਉਹਨਾਂ ਦੀ ਕੋਈ ਗੱਲ ਨਹੀਂ ਹੋਈ।
ਇਹ ਦੋਵੇਂ ਬੰਦੇ 15 ਮੈਂਬਰਾਂ ਦੇ ਉਸ ਗਰੁੱਪ ਵਿੱਚ ਸਨ, ਜੋ ਅਰਬ ਸਾਗਰ ਵਿੱਚ ਮੱਛੀਆਂ ਫੜਨ ਲਈ ਜਾ ਰਹੇ ਸਨ।
ਇਹਨਾਂ ਦੇ ਪਰਿਵਾਰ ਪਹਿਲਾਂ ਤਾਂ ਘਬਰਾਏ ਨਹੀਂ, ਉਹਨਾਂ ਨੂੰ ਪਤਾ ਸੀ ਕਿ ਮੱਛੀਆਂ ਫੜਨ ਗਏ ਮਛੇਰਿਆਂ ਨੂੰ ਸਮਾਂ ਲੱਗ ਜਾਂਦਾ ਹੈ।
ਪਰ ਕ੍ਰਿਸਮਸ ਆਈ ਅਤੇ ਚਲੀ ਗਈ।
ਉਹ ਦੋਵੇਂ ਹਾਲੇ ਤੱਕ ਨਹੀਂ ਪਰਤੇ ਸਨ। ਪਰਿਵਾਰਾਂ ਦੀ ਘਬਰਾਹਟ ਵੱਧਣ ਲੱਗੀ।
ਉਹਨਾਂ ਦੇ ਦਿਲਾਂ ਵਿੱਚ ਚੱਕਰਵਾਤ ਓਖੀ ਦੀਆਂ ਯਾਦਾਂ ਤਾਜਾਂ ਸਨ।
ਇਸ ਨਾਲ ਸਾਲ 2017 ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋਈ ਸੀ।
ਉਹ ਡਰ ਰਹੇ ਸਨ ਕਿ ਕਿਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਕੁਝ ਅਜਿਹਾ ਹੀ ਨਾ ਵਾਪਰ ਜਾਵੇ।
ਪਰ 2 ਜਨਵਰੀ ਨੂੰ ਮਛੇਰੇ ਘਰ ਪਰਤ ਆਏ।

ਕੀ ਹੈ ਮਛੇਰਿਆਂ ਦੀ ਕਹਾਣੀ ?
- ਅਰਬ ਸਾਗਰ ਵਿੱਚ ਮੱਛੀਆਂ ਫੜਨ ਲਈ ਗਏ ਮਛੇਰੇ ਫਸੇ
- ਕਿਸ਼ਤੀ ਦੇ ਇੰਜਣ ਵਿੱਚ ਸਮੱਸਿਆ ਕਾਰਨ ਘਿਰੇ ਸਨ
- ਇੱਕ ਦੂਰ-ਦੁਰਾਡੇ ਟਾਪੂ 'ਤੇ ਕਈ ਦਿਨਾਂ ਤੱਕ ਫਸੇ ਰਹੇ।
- ਉਨ੍ਹਾਂ ਕੋਲ ਸਿਰਫ਼ 10 ਦਿਨਾਂ ਲਈ ਖਾਣਾ ਸੀ

ਕਿਸ਼ਤੀ ਵਿੱਚ ਤਕਨੀਕੀ ਸਮੱਸਿਆਂ ਕਾਰਨ ਫਸੇ
ਉਨ੍ਹਾਂ ਦੀ ਕਿਸ਼ਤੀ ਦੇ ਇੰਜਣ ਵਿੱਚ ਸਮੱਸਿਆ ਆ ਗਈ ਸੀ।
ਮਛੇਰੇ ਬ੍ਰਿਟਿਸ਼ ਹਿੰਦ ਮਹਾਸਾਗਰ ਖੇਤਰ ਵਿੱਚ ਇੱਕ ਦੂਰ-ਦੁਰਾਡੇ ਟਾਪੂ 'ਤੇ ਕਈ ਦਿਨਾਂ ਤੱਕ ਫਸੇ ਰਹੇ।
ਉਨ੍ਹਾਂ ਨੂੰ ਕੋਲੋਂ ਲੰਘ ਰਹੇ ਬ੍ਰਿਟਿਸ਼ ਜਹਾਜ਼ ਨੇ ਬਚਾਇਆ।
ਜਦੋਂ ਬਚਾਅ ਕਾਰਜਾਂ ਦੀ ਕੋਈ ਉਮੀਦ ਨਹੀਂ ਸੀ ਤਾਂ ਉਹਨਾਂ ਨੇ ਜ਼ਿੰਦਾ ਰਹਿਣ ਲਈ ਕਈ ਖੋਜ਼ੀ ਤਰੀਕੇ ਅਪਣਾਏ।
ਇਸ ਵਿੱਚ ਟਾਪੂ ਤੋਂ ਮਿਲੇ ਨਾਰੀਅਲ ਦਾ ਪਾਣੀ ਪੀਣਾ ਵੀ ਸ਼ਾਮਲ ਸੀ।
ਮਛੇਰੇ ਦੱਖਣੀ ਤਾਮਿਲਨਾਡੂ ਦੇ ਥੇਗਾਪੱਟਨਮ ਬੰਦਰਗਾਹ ਤੋਂ ਕ੍ਰਿਸਾ ਮੋਲ ਨਾਮਕ ਲੱਕੜ ਦੀ ਕਿਸ਼ਤੀ ਵਿੱਚ ਰਵਾਨਾ ਹੋਏ ਸਨ।
ਪਰ ਸੱਤਵੇਂ ਦਿਨ, ਕਿਸ਼ਤੀ ਦਾ ਇੰਜਣ ਟੁੱਟ ਗਿਆ। ਕਿਸ਼ਤੀ ਸਮੁੰਦਰ ਵਿੱਚ ਡੂੰਘੀ ਵਹਿਣ ਲੱਗੀ।
ਇਹ ਪੰਜ ਦਿਨਾਂ ਤੱਕ ਜਾਰੀ ਰਿਹਾ ਜਦੋਂ ਤੱਕ ਇੱਕ ਸ਼੍ਰੀਲੰਕਾ ਦੀ ਕਿਸ਼ਤੀ ਦਿਖਾਈ ਨਹੀਂ ਦਿੱਤੀ।
ਨੇਮਸ ਨੇ ਬੀਬੀਸੀ ਨੂੰ ਦੱਸਿਆ, “ਸਾਡਾ ਚਾਲਕ ਦਸਤਾ ਕਿਸ਼ਤੀ ਨੂੰ ਉਸ ਥਾਂ 'ਤੇ ਖਿੱਚ ਕੇ ਲੇ ਗਿਆ
ਜਿੱਥੇ ਪਾਣੀ ਲਗਭਗ 26 ਫੁੱਟ ਡੂੰਘਾ ਸੀ। ਅਸੀਂ ਸੋਚਿਆ ਕਿ ਅਸੀਂ ਸੁਰੱਖਿਅਤ ਹਾਂ।”
ਸ਼੍ਰੀਲੰਕਾ ਦੇ ਜਹਾਜ਼ ਨੂੰ ਭਾਰਤੀ ਖੇਤਰ ਵਿੱਚ ਆਉਣ ਦੀ ਆਗਿਆ ਨਹੀਂ ਸੀ, ਇਸ ਲਈ ਉਹਨਾਂ ਨੇ ਸਲਾਹ ਦਿੱਤੀ ਕਿ ਵਾਇਰਲੈਸ ਰਾਹੀਂ ਭਾਰਤੀ ਕਿਸ਼ਤੀਆਂ ਨੂੰ ਸਹਾਇਤਾ ਲਈ ਸੁਨੇਹਾ ਭੇਜਿਆ ਜਾਵੇ।
ਤਿੰਨ ਦਿਨਾਂ ਬਾਅਦ ਇੱਕ ਕਿਸ਼ਤੀ ਤੋਂ ਹੁੰਗਾਰਾ ਆਇਆ।
ਮਾੜੀ ਕਿਸਮਤ ਨੂੰ ਇਸਦਾ ਇੰਜਣ ਇੰਨਾ ਸ਼ਕਤੀਸ਼ਾਲੀ ਨਹੀਂ ਸੀ ਕਿ ਉਹ ਭਾਰੀ ‘ਕ੍ਰਿਸਾ ਮੋਲ’ ਨੂੰ ਕਿਨਾਰੇ ਤੱਕ ਲੈ ਜਾ ਸਕਦਾ।

ਤਸਵੀਰ ਸਰੋਤ, VIVEK R NAIR
ਹਰ ਦਿਨ ਸੰਕਟ ਡੂੰਘਾ ਹੋ ਰਿਹਾ ਸੀ
ਚਾਲਕ ਦਲ ਨੇ ਆਪਣੀ ਕੁੰਡੀ ਵੀ ਪਿੱਛੇ ਛੱਡ ਦਿੱਤੀ ਤਾਂ ਜੋ ਮਛੇਰੇ ਆਪਣੀ ਕਿਸ਼ਤੀ ਨੂੰ ਮਜ਼ਬੂਤੀ ਨਾਲ ਬੰਨ੍ਹ ਸਕਣ ਅਤੇ ਇਸ ਨੂੰ ਵਹਿਣ ਤੋਂ ਰੋਕ ਸਕਣ।
ਪਰ 19 ਦਸੰਬਰ ਨੂੰ ਅਚਾਨਕ ਤੇਜ਼ ਹਨੇਰੀ ਨਾਲ ਕਿਸ਼ਤੀ ਦੀਆਂ ਕੁੰਡੀਆਂ ਵਿੱਚੋਂ ਇੱਕ ਦੀ ਰੱਸੀ ਟੁੱਟ ਗਈ।
ਤਿੰਨ ਦਿਨਾਂ ਬਾਅਦ ਦੂਜੀ ਕੁੰਡੀ ਦੀ ਰੱਸੀ ਵੀ ਟੁੱਟ ਗਈ ਅਤੇ ਫਿਰ ਕਿਸ਼ਤੀ ਵਹਿਣ ਲੱਗੀ।
ਨੇਮਸ ਕਹਿੰਦੇ ਹਨ, "ਅਸੀਂ ਸਮੁੰਦਰ ਦੇ ਵਿਚਕਾਰ ਰੱਬ ਨੂੰ ਅਰਦਾਸ ਹੀ ਕਰ ਸਕਦੇ ਸੀ। ਸਾਨੂੰ ਨਹੀਂ ਪਤਾ ਸੀ ਕਿ ਇਹ ਸਾਨੂੰ ਕਿੱਥੇ ਲੈ ਕੇ ਜਾ ਰਹੀ ਹੈ।"
"ਮੈਂ ਆਪਣੀ ਪਤਨੀ ਅਤੇ ਦੋ ਪੁੱਤਰਾਂ ਬਾਰੇ ਸੋਚਿਆ।"
ਚਾਲਕ ਦਲ ਨੇ ਬੋਰਡ 'ਤੇ ਨੇਵੀਗੇਸ਼ਨ ਡਿਵਾਈਸ ਦੀ ਜਾਂਚ ਕੀਤੀ।
ਡੇਵਿਸ ਨੇ ਕਿਹਾ, "ਜੀਪੀਐਸ ਨੇ ਸਾਨੂੰ ਦਿਖਾਇਆ ਕਿ 29 ਸਮੁੰਦਰੀ ਮੀਲ ਦੀ ਦੂਰੀ ਉਪਰ ਇੱਕ ਟਾਪੂ ਸੀ।”

ਇਹ ਵੀ ਪੜ੍ਹੋ-

ਇਹ ਬ੍ਰਿਟਿਸ਼ ਹਿੰਦ ਮਹਾਸਾਗਰ ਵਿੱਚ ਸਲੋਮਨ ਟਾਪੂ ਉੱਤੇ ਸਥਿਤ ਸੀ।
ਉਸ ਨੇ ਦੱਸਿਆ ਕਿ ਨੌ ਮਛੇਰੇ ਇੱਕ ਡੰਗੀ ਵਿੱਚ ਚੜ੍ਹ ਗਏ। ਇਹ ਇੱਕ ਛੋਟੀ ਕਿਸ਼ਤੀ ਸੀ ਜਿਸ ਨੂੰ ਉਹ ਨਾਲ ਲਿਆਏ ਸੀ। ਇਸ ਨੂੰ ਚਾਵਲ ਅਤੇ ਹੋਰ ਪ੍ਰਬੰਧਾਂ ਨਾਲ ਲੱਦਿਆ ਅਤੇ ਟਾਪੂ ਵੱਲ ਚਲੇ ਗਏ।
ਦੋ ਮਛੇਰੇ ਫਿਰ ਪੰਜ ਚਾਲਕ ਦਲ ਦੇ ਮੈਂਬਰਾਂ ਨੂੰ ਲੈਣ ਲਈ ਵਾਪਸ ਆਏ ਜੋ ਕਿਸ਼ਤੀ 'ਤੇ ਵਾਪਸ ਇੰਤਜ਼ਾਰ ਕਰ ਰਹੇ ਸਨ, ਪਰ ਉਦੋਂ ਤੱਕ, ਕਿਸ਼ਤੀ ਹੋਰ ਦੂਰ ਜਾ ਚੁੱਕੀ ਸੀ।
ਡੇਵਿਸ ਨੇ ਕਿਹਾ, “ਸਾਨੂੰ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਭਾਲ ਕਰਨ ਤੋਂ ਬਾਅਦ ਕਿਸ਼ਤੀ ਮਿਲੀ।”
ਸੱਤ ਮਛੇਰਿਆਂ ਨੂੰ ਛੋਟੇ ਟਾਪੂ 'ਤੇ ਪਹੁੰਚਣ ਲਈ ਲਗਭਗ ਪੰਜ ਘੰਟੇ ਲੱਗ ਗਏ।
ਡੇਵਿਸ ਦਾ ਕਹਿਣਾ ਹੈ ਕਿ ਉੱਥੇ ਉਜਾੜ ਸੀ।

ਤਸਵੀਰ ਸਰੋਤ, Alamy
ਸਮੁੰਦਰ ਦੇ ਵਿਚਕਾਰ ਜ਼ਿੰਦਗੀ ਕਿਵੇਂ ਬਚਾਈ ?
ਹੁਣ ਉਨ੍ਹਾਂ ਨੂੰ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ।
ਉਹ ਸੀ ਕਿ ਆਪਣੀ ਸਪਲਾਈ ਖਤਮ ਹੋਣ ਤੋਂ ਕਿਵੇਂ ਬਚੇ ਰਹਿਣ?
ਉਨ੍ਹਾਂ ਕੋਲ ਸਿਰਫ਼ 10 ਦਿਨਾਂ ਲਈ ਖਾਣਾ ਸੀ ਅਤੇ ਪੀਣ ਲਈ ਪਾਣੀ ਨਹੀਂ ਸੀ।
ਮਛੇਰੇ ਮਦਦ ਲਈ ਕੁਦਰਤ ਵੱਲ ਮੁੜੇ।
ਉਹ ਭੋਜਨ ਪਕਾਉਣ ਲਈ ਸਮੁੰਦਰ ਦੇ ਪਾਣੀ ਦੀ ਵਰਤੋਂ ਕਰਦੇ ਸਨ।
ਜਦੋਂ ਉਨ੍ਹਾਂ ਨੂੰ ਪਿਆਸ ਲੱਗਦੀ ਤਾਂ ਇਸ ਲਈ ਉਹਨਾਂ ਨੇ ਨਾਰੀਅਲ ਨਾਲ ਗੁਜ਼ਾਰਾ ਕੀਤਾ। ਇਸ ਦਾ ਪਾਣੀ ਪੀਤਾ।
ਜਦੋਂ ਮੀਂਹ ਪੈਂਦਾ ਸੀ, ਉਹ ਜ਼ਮੀਨ 'ਤੇ ਪਲਾਸਟਿਕ ਦੀਆਂ ਚਾਦਰਾਂ ਵਿਛਾ ਦਿੰਦੇ ਸਨ, ਬੂੰਦਾਂ ਨੂੰ ਇਕੱਠਾ ਕਰਦੇ ਸਨ ਅਤੇ ਪਾਣੀ ਨੂੰ ਡੱਬਿਆਂ ਵਿੱਚ ਸਟੋਰ ਕਰਦੇ ਸਨ।
ਨੇਮਸ ਨੇ ਕਿਹਾ, "ਮੈਨੂੰ ਲੱਗਾ ਅਸੀਂ ਮੌਤ ਨਾਲ ਆਹਮੋ-ਸਾਹਮਣੇ ਹਾਂ। ਅਸੀਂ ਚੰਗੀ ਤਰ੍ਹਾਂ ਸੌਂ ਨਹੀਂ ਰਹੇ ਸੀ ਅਤੇ ਅਸੀਂ ਥੋੜਾ ਜਿਹਾ ਪਕਾਉਂਦੇ ਅਤੇ ਖਾ ਲੈਂਦੇ।”
"ਸਾਨੂੰ ਡਰ ਸੀ ਕਿ ਸਾਡਾ ਸਮਾਨ ਕਿਸੇ ਵੀ ਸਮੇਂ ਖਤਮ ਹੋ ਸਕਦਾ ਹੈ। ਸਾਨੂੰ ਨਹੀਂ ਪਤਾ ਸੀ ਕਿ ਅਸੀਂ ਕਿੱਥੇ ਹਾਂ ਅਤੇ ਅਸੀਂ ਉੱਥੇ ਕਿੰਨਾ ਚਿਰ ਫਸੇ ਰਹਾਂਗੇ।"

ਤਸਵੀਰ ਸਰੋਤ, AFP
"ਇਹ ਮੇਰਾ ਕੰਮ ਹੈ, ਇਹੀ ਮੇਰੀ ਕਿਸਮਤ ਹੈ।"
ਪੰਜ ਦਿਨਾਂ ਬਾਅਦ, 27 ਦਸੰਬਰ ਨੂੰ, ਉਨ੍ਹਾਂ ਨੇ ਟਾਪੂ ਤੋਂ ਕੁਝ ਦੂਰ ਇੱਕ ਬ੍ਰਿਟਿਸ਼ ਜਹਾਜ਼ ਦੇਖਿਆ।
ਖੁਸ਼ਹਾਲ ਮਛੇਰਿਆਂ ਨੇ ਇੱਕ ਰੁੱਖ ਦੀ ਟਾਹਣੀ ਨਾਲ ਇੱਕ ਚਮਕਦਾਰ ਲਾਲ ਕੱਪੜਾ ਬੰਨ੍ਹਿਆ ਅਤੇ ਮਦਦ ਲਈ ਸੰਕੇਤ ਕਰਨਾ ਸ਼ੁਰੂ ਕਰ ਦਿੱਤਾ।
ਡੇਵਿਸ ਨੇ ਕਿਹਾ, "ਅਸੀਂ ਹਰ ਸੰਭਵ ਤਰੀਕੇ ਨਾਲ ਜਹਾਜ਼ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ। ਦੋ ਘੰਟੇ ਬਾਅਦ, ਚਾਰ ਚਾਲਕ ਦਲ ਦੇ ਮੈਂਬਰ ਪਾਣੀ ਅਤੇ ਫਲਾਂ ਦੀ ਇੱਕ ਟੋਕਰੀ ਲੈ ਕੇ ਸਾਡੇ ਕੋਲ ਆਏ। ਉਨ੍ਹਾਂ ਨੇ ਪੁੱਛਿਆ ਕਿ ਕੀ ਅਸੀਂ ਠੀਕ ਹਾਂ।"
ਫਿਰ ਉਹ ਮਛੇਰਿਆਂ ਨੂੰ ਡੰਗੀ ਰਾਹੀਂ ਜਹਾਜ਼ ਵਿਚ ਲੈ ਗਏ।
ਸਮੁੰਦਰੀ ਜਹਾਜ਼ 'ਤੇ ਮਛੇਰਿਆਂ ਨੇ ਬਹੁਤ ਦਿਨਾਂ ਵਿੱਚ ਪਹਿਲੀ ਵਾਰ ਇਸ਼ਨਾਨ ਕੀਤਾ।
ਚਾਲਕ ਦਲ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ, ਉਨ੍ਹਾਂ ਨੂੰ ਖਾਣ ਲਈ ਦਿੱਤਾ ਅਤੇ ਬਦਲਣ ਲਈ ਕੱਪੜੇ ਵੀ ਮੁਹੱਈਆ ਕਰਵਾਏ।
2 ਜਨਵਰੀ ਨੂੰ ਜਹਾਜ਼ ਨੇ ਦੱਖਣੀ ਭਾਰਤੀ ਤੱਟ 'ਤੇ ਵਿਜਿਨਜਾਮ ਬੰਦਰਗਾਹ 'ਤੇ ਮਛੇਰਿਆਂ ਨੂੰ ਭਾਰਤੀ ਤੱਟ ਰੱਖਿਅਕਾਂ ਦੇ ਹਵਾਲੇ ਕਰ ਦਿੱਤਾ।
ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਨ ਅਤੇ ਹੋਰ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਵਿੱਚ ਇੱਕ ਦਿਨ ਲੱਗਿਆ।
ਇਸ ਤੋਂ ਬਾਅਦ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਾਇਆ ਗਿਆ।
ਨੇਮਸ ਨੇ ਕਿਹਾ, "ਜਦੋਂ ਮੈਂ ਘਰ ਪਹੁੰਚਿਆ ਤਾਂ ਮੇਰੇ ਬੱਚਿਆਂ ਨੇ ਮੈਨੂੰ ਜੱਫੀ ਪਾ ਲਈ। ਉਹਨਾਂ ਪੁੱਛਿਆ ਕਿ ਕੀ ਹੋਇਆ ਸੀ?"
ਉਸ ਨੇ ਕਿਹਾ, "ਮੇਰੇ ਕੋਲ ਉਨ੍ਹਾਂ ਨੂੰ ਦੱਸਣ ਲਈ ਇੱਕ ਚੰਗੀ ਕਹਾਣੀ ਸੀ। ਮੈਨੂੰ ਨਹੀਂ ਪਤਾ ਕਿ ਮੈਂ ਇਸਨੂੰ ਕਿੰਨੀ ਵਾਰ ਦੁਹਰਾਇਆ। ਜਦੋਂ ਅਸੀਂ ਟਾਪੂ 'ਤੇ ਫਸੇ ਹੋਏ ਸੀ ਤਾਂ ਸਾਡੇ ਵਿੱਚੋਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਅਸੀਂ ਘਰ ਵਾਪਸ ਆਵਾਂਗੇ।"
ਨੇਮਸ ਦਾ ਕਹਿਣਾ ਹੈ ਕਿ ਇਸ ਤਜਰਬੇ ਨੇ ਉਸਨੂੰ ਹਿਲਾ ਦਿੱਤਾ ਹੈ ਅਤੇ ਉਹ ਸਿਰਫ਼ ਕਿਨਾਰੇ ਦੇ ਨੇੜੇ ਮੱਛੀਆਂ ਫੜਨ ਜਾ ਰਿਹਾ ਹੈ। ਡੇਵਿਸ ਹੁਣ ਵੱਖਰਾ ਮਹਿਸੂਸ ਕਰਦਾ ਹੈ।
ਉਹ ਕਹਿੰਦੇ ਹਨ, "ਇਹ ਮੇਰਾ ਕੰਮ ਹੈ, ਇਹੀ ਮੇਰੀ ਕਿਸਮਤ ਹੈ।"












