ਕੇਰਲ ਵਿੱਚ ਰਸਾਇਣਾਂ ਨਾਲ ਭਰਿਆ ਜਹਾਜ਼ ਡੁੱਬਿਆ, ਅਰਬ ਸਾਗਰ ’ਚ ਜੇ ਤੇਲ ਰਿਸਿਆਂ ਤਾਂ ਕੀ ਹੋਵੇਗਾ ਅਸਰ?

ਕਾਰਗੋ ਜਹਾਜ਼

ਤਸਵੀਰ ਸਰੋਤ, X/@indiacoastguard

ਤਸਵੀਰ ਕੈਪਸ਼ਨ, ਕੇਰਲ ਤੱਟ ਦੇ ਨੇੜੇ ਡੁੱਬੇ ਜਹਾਜ਼ ਵਿੱਚ 640 ਕੰਟੇਨਰਾਂ ਸਨ
    • ਲੇਖਕ, ਸਰਦਾ ਵੀ
    • ਰੋਲ, ਬੀਬੀਸੀ ਪੱਤਰਕਾਰ

ਅਰਬ ਸਾਗਰ ਵਿੱਚ ਕੇਰਲ ਤੱਟ ਦੇ ਨੇੜੇ 640 ਕੰਟੇਨਰਾਂ ਨਾਲ ਭਰਿਆ ਇੱਕ ਕਾਰਗੋ ਜਹਾਜ਼ ਡੁੱਬ ਗਿਆ ਹੈ। ਹਾਲਾਂਕਿ ਜਹਾਜ਼ ਵਿੱਚ ਸਵਾਰ ਸਾਰੇ 24 ਲੋਕਾਂ ਨੂੰ ਬਚਾ ਲਿਆ ਗਿਆ, ਪਰ ਇਹ ਡਰ ਹੈ ਕਿ ਜਹਾਜ਼ ਦਾ ਖ਼ਤਰਨਾਕ ਮਾਲ, ਰਸਾਇਣ ਅਤੇ 84 ਟਨ ਤੇਲ ਲੀਕ ਹੋ ਸਕਦਾ ਹੈ, ਜਿਸ ਨਾਲ ਵਾਤਾਵਰਣ ਨੂੰ ਵੱਡਾ ਨੁਕਸਾਨ ਹੋਣ ਦੀ ਸੰਭਵਨਾ ਬਣ ਗਈ ਹੈ।

ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੇਲ ਲੀਕ ਹੋਣ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਤਾਂ ਇਸਦਾ ਅਸਰ ਤਾਮਿਲਨਾਡੂ ਦੇ ਤੱਟ ਤੱਕ ਪਹੁੰਚ ਸਕਦਾ ਹੈ।

ਕੀ ਵਾਪਰਿਆ?

ਕਾਰਗੋ ਜਹਾਜ਼

ਤਸਵੀਰ ਸਰੋਤ, X/@indiacoastguard

23 ਮਈ, 2025- ਐੱਮਐੱਸਸੀ ਈਐੱਲਐੱਸਏ 3 ਕਾਰਗੋ ਜਹਾਜ਼ ਨੇ ਕੇਰਲ ਦੇ ਵਿਝਿਨਜਾਮ ਬੰਦਰਗਾਹ ਤੋਂ ਆਪਣੀ ਯਾਤਰਾ ਆਮ ਵਾਂਗ ਸ਼ੁਰੂ ਕੀਤੀ।

ਰੂਸ, ਜਾਰਜੀਆ, ਯੂਕਰੇਨ ਅਤੇ ਫਿਲੀਪੀਨਜ਼ ਸਣੇ ਵੱਖ-ਵੱਖ ਦੇਸ਼ਾਂ ਦੇ 24 ਲੋਕਾਂ ਦਾ ਇੱਕ ਗਰੁੱਪ ਲਾਇਬੇਰੀਆ ਦਾ ਝੰਡਾ ਲਹਿਰਾਉਂਦੇ ਹੋਏ ਕੋਚੀ ਵੱਲ ਜਾ ਰਿਹਾ ਹੈ।

ਵਿਝਿਨਜਾਮ ਬੰਦਰਗਾਹ ਨੂੰ ਹਾਲ ਹੀ ਵਿੱਚ ਵੱਡੇ ਕਾਰਗੋ ਜਹਾਜ਼ਾਂ ਲਈ ਖੋਲ੍ਹਿਆ ਗਿਆ ਸੀ। ਇਹ ਇੱਕ ਡੂੰਘੇ ਸਮੁੰਦਰ ਵਿੱਚ ਕੰਟੇਨਰ ਕਾਰਗੋ ਲੋਡਿੰਗ ਲਈ ਤਿਆਰ ਕੀਤੀ ਗਈ ਬੰਦਰਗਾਹ ਹੈ।

ਉੱਥੋਂ ਰਵਾਨਾ ਹੋਇਆ ਐੱਮਐੱਸਸੀ ਈਐੱਲਐੱਸਏ 3, 24 ਮਈ ਨੂੰ ਕੋਚੀ ਬੰਦਰਗਾਹ 'ਤੇ ਪਹੁੰਚਣ ਵਾਲਾ ਸੀ। ਪਰ 24 ਮਈ ਨੂੰ ਸਵੇਰੇ 12:15 ਵਜੇ, ਭਾਰਤੀ ਤੱਟ ਰੱਖਿਅਕ ਨੂੰ ਜਹਾਜ਼ ਤੋਂ ਇੱਕ ਐਮਰਜੈਂਸੀ ਕਾਲ ਆਈ।

640 ਕੰਟੇਨਰਾਂ ਨੂੰ ਲੈ ਕੇ ਕੋਚੀ ਜਾਂਦੇ ਸਮੇਂ 184 ਮੀਟਰ ਲੰਬਾ ਐੱਮਐੱਸਸੀ ਈਐੱਲਐੱਸਏ 3 ਡੁੱਬਣ ਲੱਗਿਆ। ਜਦੋਂ ਕਾਰਗੋ ਜਹਾਜ਼ ਕੋਚੀ ਤੋਂ 38 ਸਮੁੰਦਰੀ ਮੀਲ ਦੱਖਣ-ਪੱਛਮ ਵਿੱਚ ਸੀ ਤਾਂ ਇਹ ਤਕਰਬੀਨ 26 ਡਿਗਰੀ ਤੱਕ ਝੁੱਕ ਗਿਆ ਸੀ।

ਭਾਰਤੀ ਤੱਟ ਰੱਖਿਅਕ ਨੇ ਤੁਰੰਤ ਨੇੜਲੇ ਜਹਾਜ਼ਾਂ ਨੂੰ ਬਚਾਅ ਕਾਰਜਾਂ ਲਈ ਭੇਜ ਦਿੱਤਾ ਸੀ। ਹਾਲਾਤ ਦੀ ਨਿਗਰਾਨੀ ਲਈ ਇੱਕ ਹਵਾਈ ਜਹਾਜ਼ ਵੀ ਮੌਜੂਦ ਸੀ। ਇਸ ਦੌਰਾਨ ਕਾਰਗੋ ਜਹਾਜ਼ ਲਗਾਤਾਰ ਝੁਕਦਾ ਗਿਆ ਅਤੇ ਕੁਝ ਡੱਬੇ ਸਮੁੰਦਰ ਵਿੱਚ ਡਿੱਗਣ ਲੱਗੇ।

ਭਾਰਤੀ ਜਲ ਸੈਨਾ ਨੇ 24 ਮਈ ਦੀ ਸ਼ਾਮ ਨੂੰ ਬਚਾਅ ਕਾਰਜ ਸ਼ੁਰੂ ਕੀਤੇ। ਦੋ ਜਹਾਜ਼, ਆਈਐੱਨਐੱਸ ਸਤਪੁਰਾ ਅਤੇ ਆਈਐੱਨਐੱਸ ਸੁਜਾਤਾ, ਨੂੰ ਜਹਾਜ਼ ਵਿੱਚ ਸਵਾਰ 24 ਲੋਕਾਂ ਨੂੰ ਬਚਾਉਣ ਲਈ ਭੇਜਿਆ ਗਿਆ। ਆਈਐੱਨਐੱਸ ਸੁਜਾਤਾ ਸ਼ਾਮ 7 ਵਜੇ ਪਹੁੰਚਿਆ, ਜਦੋਂ ਕਿ ਆਈਐੱਨਐੱਸ ਸਤਪੁਰਾ ਰਾਤ 8 ਵਜੇ ਪਹੁੰਚ ਸਕਿਆ।

ਦੱਖਣ-ਪੱਛਮੀ ਮਾਨਸੂਨ, ਜੋ ਆਮ ਤੌਰ 'ਤੇ 1 ਜੂਨ ਨੂੰ ਸ਼ੁਰੂ ਹੁੰਦਾ ਹੈ, ਇਸ ਸਾਲ 24 ਮਈ ਨੂੰ ਸ਼ੁਰੂ ਹੋਇਆ ਸੀ। ਇਸ ਲਈ ਸਮੁੰਦਰ ਦਾ ਮੌਸਮ ਖਰਾਬ ਸੀ।

ਆਈਐੱਨਐੱਸ ਸੁਜਾਤਾ ਦੇ ਕੈਪਟਨ ਅਰਜੁਨ ਸ਼ੇਖਰ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ,"ਸਾਨੂੰ ਪ੍ਰਤੀਕੂਲ ਹਾਲਾਤ ਦਾ ਸਾਹਮਣਾ ਕਰਨਾ ਪਿਆ। ਹਵਾ 74.08 ਕਿਲੋਮੀਟਰ ਪ੍ਰਤੀ ਘੰਟਾ (40 ਨਾਟ) ਦੀ ਰਫ਼ਤਾਰ ਨਾਲ ਵਗ ਰਹੀ ਸੀ। ਸਮੁੰਦਰ ਵਿੱਚ ਕੂੜਾ ਅਤੇ ਕੰਟੇਨਰ ਤੈਰ ਰਹੇ ਸਨ। ਇਸ ਕਾਰਨ ਰਾਤ ਨੂੰ ਜਹਾਜ਼ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਸੀ।"

ਜਹਾਜ਼ ਵਿੱਚ ਸਵਾਰ 24 ਲੋਕਾਂ ਵਿੱਚੋਂ, 21 ਨੂੰ ਉਸ ਰਾਤ ਬਿਨ੍ਹਾਂ ਕਿਸੇ ਜਾਨਲੇਵਾ ਸੱਟ ਦੇ ਬਚਾ ਲਿਆ ਗਿਆ। ਕਿਉਂਕਿ ਜਹਾਜ਼ 'ਤੇ ਅਜੇ ਵੀ ਕੰਟੇਨਰ ਸਨ ਅਤੇ ਜਹਾਜ਼ ਪੂਰੀ ਤਰ੍ਹਾਂ ਨਹੀਂ ਡੁੱਬਿਆ ਸੀ, ਇਸ ਲਈ ਜਹਾਜ਼ ਦੇ ਮਾਸਟਰ, ਮੁੱਖ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰ ਬਚਾਅ ਕਾਰਜਾਂ ਨੂੰ ਨੇਪਰੇ ਚਾੜਨ ਅਤੇ ਸਥਿਤੀ ਦੀ ਨਿਗਰਾਨੀ ਕਰਨ ਲਈ ਜਹਾਜ਼ 'ਤੇ ਹੀ ਰਹੇ।

ਤਿੰਨਾਂ ਨੇ ਭਾਰਤੀ ਤੱਟ ਰੱਖਿਅਕ ਅਤੇ ਭਾਰਤੀ ਜਲ ਸੈਨਾ ਦੀ ਨਿਗਰਾਨੀ ਹੇਠ ਜਹਾਜ਼ 'ਚ ਹੀ ਰਾਤ ਬਿਤਾਈ।

25 ਮਈ ਦੀ ਸਵੇਰ ਨੂੰ, ਸਮੁੰਦਰੀ ਪਾਣੀ ਹੜ੍ਹ ਵਾਂਗ ਇੱਕ ਮਾਲ ਢੋਣ ਵਾਲੇ ਇਲਾਕੇ ਵਿੱਚ ਦਾਖਲ ਹੋ ਗਿਆ। ਜਹਾਜ਼ 'ֲਤੇਜ਼ੀ ਨਾਲ' ਇੱਕ ਪਾਸੇ ਨੂੰ ਮੁੜਨ ਲੱਗਿਆ।

ਭਾਰਤੀ ਜਲ ਸੈਨਾ ਦੇ ਬੁਲਾਰੇ ਅਤੁਲ ਪਿੱਲਈ ਨੇ ਕਿਹਾ, "ਉਨ੍ਹਾਂ ਤਿੰਨਾਂ ਦਾ ਜਹਾਜ਼ 'ਤੇ ਸਵਾਰ ਹੋਣਾ ਖ਼ਤਰਨਾਕ ਮੰਨਿਆ ਜਾ ਰਿਹਾ ਸੀ।" ਜਹਾਜ਼ ਦੇ ਮਾਸਟਰ, ਜੋ ਰੂਸ ਤੋਂ ਸੀ ਸਣੇ ਤਿੰਨੋਂ ਲੋਕ ਜਹਾਜ਼ ਤੋਂ ਉੱਤਰ ਗਏ। ਉਨ੍ਹਾਂ ਨੂੰ ਆਈਐੱਨਐੱਸ ਸੁਜਾਤਾ 'ਤੇ ਬਚਾਇਆ ਗਿਆ।

ਜਹਾਜ਼ ਵਿੱਚ ਕੀ ਹੈ?

ਜਹਾਜ਼ ਵਿੱਚ ਸਵਾਰ ਚਾਲਕ ਦਲ

ਤਸਵੀਰ ਸਰੋਤ, X/@indiacoastguard

ਤਸਵੀਰ ਕੈਪਸ਼ਨ, ਜਹਾਜ਼ ਵਿੱਚ ਸਵਾਰ ਚਾਲਕ ਦਲ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ

ਕੋਸਟ ਗਾਰਡ ਨੇ ਕਿਹਾ, "ਐੱਮਐੱਸਸੀ ਈਐੱਲਐੱਸਏ3 ਵਿੱਚ 640 ਕੰਟੇਨਰ ਸਨ। ਇਨ੍ਹਾਂ ਵਿੱਚੋਂ 13 ਕੰਟੇਨਰਾਂ ਵਿੱਚ ਖਤਰਨਾਕ ਸਮਾਨ ਸੀ, 12 ਵਿੱਚ ਕੈਲਸ਼ੀਅਮ ਕਾਰਬਾਈਡ ਸੀ। ਜਹਾਜ਼ ਵਿੱਚ 84.44 ਮੀਟ੍ਰਿਕ ਟਨ ਡੀਜ਼ਲ ਅਤੇ 367.1 ਮੀਟ੍ਰਿਕ ਟਨ ਫਰਨੇਸ ਤੇਲ ਵੀ ਸੀ।"

ਇਸ ਹਾਦਸੇ ਕਾਰਨ ਹੋਣ ਵਾਲੇ ਕਿਸੇ ਵੀ ਵਾਤਾਵਰਣ ਖਤਰੇ ਤੋਂ ਬਚਣ ਲਈ, ਦੋ ਤੱਟ ਰੱਖਿਅਕ ਜਹਾਜ਼ 'ਸਕਸ਼ਮ' ਅਤੇ 'ਸਮਰਥ' ਪ੍ਰਦੂਸ਼ਣ ਨਿਗਰਾਨੀ ਕਾਰਜ ਕਰ ਰਹੇ ਹਨ। ਇਸ ਮਿਸ਼ਨ 'ਤੇ ਇੱਕ ਡੋਰਨੀਅਰ ਜਹਾਜ਼ ਵੀ ਤਾਇਨਾਤ ਕੀਤਾ ਗਿਆ ਹੈ।

ਇਸ ਤੋਂ ਬਾਅਦ, ਕੇਰਲ ਸਰਕਾਰ ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਪੂਰੇ ਕੇਰਲ ਤੱਟਵਰਤੀ ਖੇਤਰ ਲਈ ਚੇਤਾਵਨੀ ਜਾਰੀ ਕੀਤੀ ਹੈ।

ਰਸਾਇਣ ਦਾ ਰਿਸਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ

ਉੱਚ-ਪੱਧਰੀ ਮੀਟਿੰਗ ਦੇ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਤੇਲ ਦਾ ਰਿਸਾਅ ਕੇਰਲ ਤੱਟ 'ਤੇ ਕਿਤੇ ਵੀ ਪਹੁੰਚ ਸਕਦਾ ਹੈ। ਕੰਟੇਨਰ ਸਮੁੰਦਰ ਵਿੱਚ 3 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧ ਰਹੇ ਹਨ। ਕੰਟੇਨਰਾਂ ਵਿੱਚ ਤੇਲ ਤੋਂ ਇਲਾਵਾ, ਜਹਾਜ਼ ਵਿੱਚ ਵਰਤਿਆ ਜਾਣ ਵਾਲਾ ਤੇਲ ਵੀ ਲੀਕ ਹੋਣਾ ਸ਼ੁਰੂ ਹੋ ਗਿਆ ਹੈ।"

26 ਮਈ ਨੂੰ ਕੋਲਮ ਅਤੇ ਅਲਪੁਝਾ ਤੱਟਾਂ ਦੇ ਨੇੜੇ ਸਮੁੰਦਰ ਵਿੱਚ ਡਿੱਗੇ ਕੰਟੇਨਰ ਕਿਨਾਰੇ 'ਤੇ ਆਉਣੇ ਸ਼ੁਰੂ ਹੋ ਗਏ ਹਨ। ਕੇਰਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਆਮ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਹੈ ਕਿ ਉਹ ਕੰਟੇਨਰਾਂ ਨੂੰ ਨਾ ਛੂਹਣ ਕਿਉਂਕਿ ਉਨ੍ਹਾਂ ਵਿੱਚ ਖਤਰਨਾਕ ਸਮਾਨ ਹੋ ਸਕਦਾ ਹੈ।

ਤੇਲ ਦਾ ਰਿਸਾਅ ਕਿਸ ਦਿਸ਼ਾ ਵਿੱਚ ਜਾਵੇਗਾ?

ਕਾਰਗੋ ਜਹਾਜ਼ ਬਚਾਅ ਕਾਰਜ

ਤਸਵੀਰ ਸਰੋਤ, X/@indiacoastguard

ਤਸਵੀਰ ਕੈਪਸ਼ਨ, ਚਾਲਕ ਦਲ ਨੂੰ ਕੱਢਣ ਲਈ ਮੌਕੇ ’ਤੇ ਸਮੁੰਦਰੀ ਬਚਾਅ ਜਹਾਜ਼ਾਂ ਦੇ ਨਾਲ ਨਾਲ ਇੱਕ ਨਿਗਰਾਨੀ ਹਵਾਈ ਜਹਾਜ਼ ਵੀ ਭੇਜਿਆ ਗਿਆ

ਸੈਂਟਰਲ ਮਰੀਨ ਫਿਸ਼ਰੀਜ਼ ਰਿਸਰਚ ਇੰਸਟੀਚਿਊਟ ਦੇ ਸੀਨੀਅਰ ਸਮੁੰਦਰੀ ਖੋਜਕਰਤਾ ਅਤੇ ਸਾਬਕਾ ਵਿਗਿਆਨੀ ਡਾਕਟਰ ਸੁਨੀਲ ਕੁਮਾਰ ਮੁਹੰਮਦ ਦਾ ਕਹਿਣਾ ਹੈ ਕਿ ਕੰਟੇਨਰ ਦੱਖਣ ਵੱਲ ਵਧਣ ਦੀ ਸੰਭਾਵਨਾ ਹੈ ਕਿਉਂਕਿ ਸਮੁੰਦਰ ਵਿੱਚ ਹਵਾ ਦੀ ਦਿਸ਼ਾ ਦੱਖਣ ਵੱਲ ਹੈ।

ਉਹ ਕਹਿੰਦੇ ਹਨ, "ਜਹਾਜ਼, ਜੋ ਕੋਚੀ ਵੱਲ ਜਾ ਰਿਹਾ ਸੀ, 30 ਕਿਲੋਮੀਟਰ ਦੱਖਣ ਵੱਲ ਜਾਣ ਤੋਂ ਬਾਅਦ ਪਲਟ ਗਿਆ। ਕੰਟੇਨਰ ਕੋਲਮ ਵਿੱਚ ਕੰਢੇ 'ਤੇ ਵਹਿ ਗਿਆ ਹੈ, ਜਿੱਥੇ ਜਹਾਜ਼ ਡੁੱਬਿਆ ਸੀ, ਉਸ ਤੋਂ 60 ਕਿਲੋਮੀਟਰ ਦੱਖਣ ਵਿੱਚ। ਇਸ ਲਈ ਇਸਦੇ ਉੱਤਰ ਵੱਲ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ।"

ਇੰਡੀਅਨ ਨੈਸ਼ਨਲ ਸੈਂਟਰ ਫ਼ਾਰ ਓਸ਼ਨ ਇਨਫਰਮੇਸ਼ਨ ਸਰਵਿਸਿਜ਼ ਨੇ ਇਸ ਸੰਬੰਧੀ ਭਵਿੱਖਬਾਣੀ ਜਾਰੀ ਕੀਤੀ ਹੈ।

ਇਸ ਦੇ ਮੁਤਾਬਕ, "25 ਮਈ ਰਾਤ 11 ਵਜੇ ਤੱਕ, ਤੇਲ ਲੈ ਕੇ ਜਾ ਰਿਹਾ ਜਹਾਜ਼ ਦੱਖਣ-ਪੂਰਬੀ ਦਿਸ਼ਾ ਵੱਲ ਵਧ ਰਿਹਾ ਹੈ। ਤੇਲ ਦਾ ਰਿਸਾਅ 26 ਮਈ ਨੂੰ ਸਵੇਰੇ 11 ਵਜੇ ਪੂਰਬ-ਦੱਖਣੀ-ਪੂਰਬੀ ਦਿਸ਼ਾ ਵਿੱਚ ਤੱਟ ਵੱਲ ਵਧਦਾ ਰਹੇਗਾ।"

"ਤਕਰੀਬਨ 12 ਘੰਟਿਆਂ ਬਾਅਦ, ਇਹ 26 ਮਈ ਨੂੰ ਰਾਤ 11 ਵਜੇ ਅਲਪੁਝਾ ਦੇ ਨੇੜਲੇ ਤੱਟ 'ਤੇ ਪਹੁੰਚ ਜਾਵੇਗਾ ਅਤੇ ਤੱਟ ਨੂੰ 11.4 ਸਮੁੰਦਰੀ ਮੀਲ ਤੱਕ ਪ੍ਰਭਾਵਿਤ ਕਰ ਸਕਦਾ ਹੈ। ਅਗਲੇ ਦਿਨ, 27 ਮਈ ਨੂੰ, ਪ੍ਰਭਾਵਿਤ ਤੱਟ ਦੀ ਲੰਬਾਈ 23 ਸਮੁੰਦਰੀ ਮੀਲ ਤੱਕ ਵਧ ਜਾਵੇਗੀ।"

ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਪ੍ਰਭਾਵ ਦੇ ਵਾਪਰਨ ਦੀ 80 ਫ਼ੀਸਦ ਸੰਭਾਵਨਾ ਹੈ।

ਡਾਕਟਰ ਬਾਲਕ੍ਰਿਸ਼ਨ
ਤਸਵੀਰ ਕੈਪਸ਼ਨ, ਡਾਕਟਰ ਬਾਲਕ੍ਰਿਸ਼ਨ

ਬੀਬੀਸੀ ਤਮਿਲ ਨਾਲ ਗੱਲ ਕਰਦਿਆਂ, ਆਈਐੱਨਸੀਓਆਈਐੱਸ ਦੇ ਡਾਇਰੈਕਟਰ ਬਾਲਕ੍ਰਿਸ਼ਨਨ ਡੀਐੱਮ ਨੇ ਕਿਹਾ, "ਸਾਡਾ ਅੰਦਾਜ਼ਾ ਹੈ ਕਿ ਤੇਲ ਦਾ ਰਿਸਾਅ ਕੋਲਮ ਅਤੇ ਅਲਪੁਝਾ ਤੋਂ ਪਰੇ ਤਿਰੂਵਨੰਤਪੁਰਮ ਤੱਕ ਫ਼ੈਲ ਸਕਦਾ ਹੈ।"

ਉਨ੍ਹਾਂ ਕਿਹਾ, "ਹੁਣ ਤੱਕ, ਤੇਲ ਦੀ ਮਾਤਰਾ ਜ਼ਿਆਦਾ ਨਹੀਂ ਜਾਪਦੀ। ਇਸ ਲਈ, ਸਾਡਾ ਮੰਨਣਾ ਹੈ ਕਿ ਇਹ ਤਾਮਿਲਨਾਡੂ ਤੱਟ ਤੱਕ ਨਹੀਂ ਪਹੁੰਚੇਗਾ। ਹਾਲਾਂਕਿ, ਜਹਾਜ਼ ਦੇ ਕੰਟੇਨਰ ਅਤੇ ਹਿੱਸੇ ਕੰਨਿਆਕੁਮਾਰੀ ਤੱਕ ਜਾ ਸਕਦੇ ਹਨ।"

ਪਰ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕੋਈ ਨਹੀਂ ਜਾਣਦਾ ਕਿ ਅਸਲ ਵਿੱਚ ਕਿੰਨਾ ਤੇਲ ਲੀਕ ਹੋਇਆ ਹੈ।

"ਜੇਕਰ ਤੇਲ ਦਾ ਰਿਸਾਅ ਬਹੁਤ ਜ਼ਿਆਦਾ ਹੁੰਦਾ ਹੈ, ਤਾਂ ਇਹ ਬਹੁਤ ਦੂਰੀ ਤੱਕ ਜਾ ਸਕਦਾ ਹੈ। ਜਦੋਂ ਚੇਨਈ ਦੇ ਏਨੋਰ ਵਿੱਚ ਤੇਲ ਰਿਸਾਅ ਹੋਇਆ ਸੀ, ਤਾਂ ਇਹ ਦੱਖਣ ਵੱਲ 100 ਕਿਲੋਮੀਟਰ ਤੱਕ ਵਧ ਗਿਆ ਸੀ। ਇਸੇ ਤਰ੍ਹਾਂ, ਜੇਕਰ ਵੱਡੀ ਮਾਤਰਾ ਵਿੱਚ ਤੇਲ ਦਾ ਰਿਸਾਹ ਹੋ ਜਾਂਦਾ ਹੈ ਤਾਂ ਇਹ ਤਾਮਿਲਨਾਡੂ ਤੱਟ ਨੂੰ ਛੂਹ ਸਕਦਾ ਹੈ।"

ਉਨ੍ਹਾਂ ਕਿਹਾ, "ਇਹ ਦੋ ਤੋਂ ਤਿੰਨ ਦਿਨਾਂ ਵਿੱਚ ਕੰਨਿਆਕੁਮਾਰੀ ਪਹੁੰਚ ਸਕਦਾ ਹੈ ਅਤੇ ਉੱਥੋਂ ਇਹ ਸ਼੍ਰੀਲੰਕਾ ਤੱਕ ਵੀ ਜਾ ਸਕਦਾ ਹੈ, ਜੋ ਕਿ ਤੇਲ ਰਿਸਾਅ ਦਾ ਸੰਭਾਵਿਤ ਰਾਹ ਹੈ।"

ਖ਼ਤਰਾ ਕੀ ਹੋ ਸਕਦਾ ਹੈ?

ਡਾਕਟਰ ਸੁਨੀਲ ਕੁਮਾਰ ਮੁਹੰਮਦ
ਤਸਵੀਰ ਕੈਪਸ਼ਨ, ਡਾਕਟਰ ਸੁਨੀਲ ਕੁਮਾਰ ਮੁਹੰਮਦ

ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ ਕੈਲਸ਼ੀਅਮ ਕਾਰਬਾਈਡ ਦੇ 12 ਡੱਬੇ ਹਨ।

ਕੈਲਸ਼ੀਅਮ ਕਾਰਬਾਈਡ ਇੱਕ ਰਸਾਇਣ ਹੈ ਜੋ ਅੰਬਾਂ ਸਣੇ ਕਈ ਫਲਾਂ ਦੇ ਪੱਕਣ ਦੀ ਰਫ਼ਤਾਰ ਤੇਜ਼ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਹਾਲਾਂਕਿ ਇਹ ਮਨੁੱਖੀ ਖਪਤ ਲਈ ਢੁੱਕਵਾਂ ਨਹੀਂ ਹੈ। ਇਹ ਖਦਸ਼ਾ ਹੈ ਕਿ ਇਸ ਹਾਦਸੇ ਨਾਲ ਕੈਲਸ਼ੀਅਮ ਕਾਰਬਾਈਡ ਸਮੁੰਦਰ ਵਿੱਚ ਲੀਕ ਹੋ ਸਕਦਾ ਹੈ।"

ਸੁਨੀਲ ਕੁਮਾਰ ਮੁਹੰਮਦ ਕਹਿੰਦੇ ਹਨ, "ਜਦੋਂ ਕੈਲਸ਼ੀਅਮ ਕਾਰਬਾਈਡ ਸਮੁੰਦਰੀ ਪਾਣੀ ਵਿੱਚ ਰਲ਼ਦਾ ਹੈ, ਤਾਂ ਇਹ ਐਸੀਟਲੀਨ ਗੈਸ ਵਿੱਚ ਬਦਲ ਜਾਂਦਾ ਹੈ। ਜਦੋਂ ਇਹ ਗੈਸ ਵਿੱਚ ਬਦਲ ਜਾਂਦਾ ਹੈ, ਤਾਂ ਇਹ ਭਾਫ਼ ਬਣ ਜਾਂਦਾ ਹੈ, ਇਸ ਲਈ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ।"

"ਇਹ ਇੱਕ ਥੋੜ੍ਹੇ ਸਮੇਂ ਦਾ ਪ੍ਰਭਾਵ ਹੈ, ਜਿਸ ਬਾਰੇ ਸਾਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ।"

ਉਹ ਕਹਿੰਦੇ ਹਨ, "ਹੁਣ ਉਹ ਸਮਾਂ ਆ ਗਿਆ ਹੈ ਜਦੋਂ ਅਲਪੁਝਾ ਤੱਟ 'ਤੇ ਹਵਾ ਅਤੇ ਲਹਿਰਾਂ ਕਾਰਨ ਸਮੁੰਦਰ ਦੇ ਹੇਠਾਂ ਮਿੱਟੀ ਦੇ ਕਿਨਾਰੇ ਬਣ ਜਾਂਦੇ ਹਨ। ਜੇਕਰ ਇਸ ਸਮੇਂ ਦੌਰਾਨ ਤੇਲ ਦਾ ਰਿਸਾਅ ਹੁੰਦਾ ਹੈ, ਤਾਂ ਇਸ ਨਾਲ ਪਾਣੀ ਅਤੇ ਮਿੱਟੀ ਨਾਲ ਰਲ ਕੇ ਕਾਲੇ ਤਾਰ ਦੇ ਗੋਲੇ ਬਣ ਜਾਣਗੇ।"

"ਉਹ ਸਮੁੰਦਰ ਵਿੱਚ ਤੈਰ ਕੇ ਕਿਨਾਰੇ ਤੱਕ ਪਹੁੰਚ ਜਾਣਗੇ। 80 ਟਨ ਬਾਲਣ ਹੈ ਜਿਸ ਬਾਰੇ ਨਹੀਂ ਕਿਹਾ ਜਾ ਸਕਦਾ ਕਿ ਇਹ ਕਿੰਨਾ ਸੁਰੱਖਿਅਤ ਹੈ।"

ਸੁਨੀਲ ਕੁਮਾਰ ਮੁਹੰਮਦ ਨੇ ਕਿਹਾ, "ਸਿਰਫ਼ ਇਹ ਦੱਸਿਆ ਗਿਆ ਹੈ ਕਿ ਜਹਾਜ਼ 'ਤੇ 'ਖਤਰਨਾਕ ਸਮਾਨ' ਹੈ, ਪਰ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਅਸਲ ਵਿੱਚ ਕੀ ਹੈ। ਰਸਾਇਣ ਹੋ ਸਕਦੇ ਹਨ, ਰੇਡੀਓਐਕਟਿਵ ਪਦਾਰਥ ਵੀ ਹੋ ਸਕਦੇ ਹਨ।"

ਸਮੁੰਦਰੀ ਜੀਵਨ ਪ੍ਰਭਾਵਿਤ ਹੋਇਆ

ਕਾਰਗੋ ਜਹਾਜ਼

ਤਸਵੀਰ ਸਰੋਤ, X/@indiacoastguard

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਤੇਲ ਰਿਸਣ ਤੋਂ ਬਾਅਦ ਹੀ ਇਸ ਦੇ ਅਸਰ ਵਿੱਚ ਸਹੀ ਅੰਦਾਜੇ ਲਾਏ ਜਾ ਸਕਣਗੇ

ਕੇਰਲ ਤੱਟ ਇੱਕ ਸਮੁੰਦਰੀ ਸਰੋਤਾਂ ਨਾਲ ਭਰਿਆ ਹੋਇਆ ਖੇਤਰ ਹੈ। ਇਸ ਲਈ, ਮਾਹਰਾਂ ਨੂੰ ਡਰ ਹੈ ਕਿ ਇਸ ਖੇਤਰ ਵਿੱਚ ਬਨਸਪਤੀ ਅਤੇ ਮੱਛੀ ਪਾਲਣ ਪ੍ਰਭਾਵਿਤ ਹੋ ਸਕਦੇ ਹਨ।

ਸੁਨੀਲ ਮੁਹੰਮਦ ਕਹਿੰਦੇ ਹਨ, "ਇੱਕ ਅੰਦਾਜ਼ੇ ਮੁਤਾਬਕ, ਇੱਥੇ ਮਛੇਰਿਆਂ ਨੇ ਦਸ ਸਾਲਾਂ ਦੀ ਮਿਆਦ ਵਿੱਚ 1,000 ਕਿਸਮਾਂ ਦੇ ਜੀਵ ਫੜੇ ਹਨ। ਜੇਕਰ ਇਸ ਖੇਤਰ ਵਿੱਚ ਤੇਲ ਰਿਸਦਾ ਹੈ, ਤਾਂ ਇਹ ਭੋਜਨ ਲੜੀ ਨੂੰ ਬਹੁਤ ਪ੍ਰਭਾਵਿਤ ਕਰੇਗਾ।"

"ਤੇਲ ਰਿਸਣ ਨਾਲ ਹਾਈਡਰੋਕਾਰਬਨ ਨਿਕਲਣਗੇ। ਇਸ ਨਾਲ ਮੱਛੀ ਪਾਲਣ ਪ੍ਰਭਾਵਿਤ ਹੋਵੇਗਾ ਅਤੇ ਇਸਦਾ ਸੇਵਨ ਕਰਨ ਵਾਲੇ ਮਨੁੱਖ ਵੀ ਪ੍ਰਭਾਵਿਤ ਹੋਣਗੇ।"

ਬਾਲਕ੍ਰਿਸ਼ਨਨ ਕਹਿੰਦੇ ਹਨ, "ਕੇਰਲ ਤੱਟ ਸਮੁੰਦਰ ਦੀ ਸਤ੍ਹਾ ਵੱਲ ਵਧ ਰਹੇ ਡੂੰਘੇ ਪਾਣੀਆਂ ਤੋਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਪਾਣੀ ਦੇ 'ਉੱਪਰਲੇਪਣ' ਦਾ ਅਨੁਭਵ ਕਰ ਰਿਹਾ ਹੈ। ਇਸ ਦੇ ਨਤੀਜੇ ਵਜੋਂ ਫਾਈਟੋਪਲੈਂਕਟਨ ਦੀ ਇੱਕ ਵੱਡੀ ਮਾਤਰਾ ਹੁੰਦੀ ਹੈ, ਇੱਕ ਕਿਸਮ ਦਾ ਸਮੁੰਦਰੀ ਪੌਦਾ ਜੋ ਸਮੁੰਦਰੀ ਜੀਵਨ ਦੀ ਭੋਜਨ ਲੜੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।"

ਉਹ ਕਹਿੰਦੇ ਹਨ ਕਿ ਇਹ ਸਾਰੇ ਪ੍ਰਭਾਵ ਤੇਲ ਕਿੰਨਾ ਰਿਸਦਾ ਹੈ 'ਤੇ ਅਧਾਰਿਤ ਹੋਣਗੇ।

ਮਛੇਰਿਆਂ 'ਤੇ ਪ੍ਰਭਾਵ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕਰਕੇ ਮਛੇਰਿਆਂ ਨੂੰ ਕੁਝ ਹਿੱਸਿਆਂ ਵਿੱਚ ਨਾ ਜਾਣ ਲਈ ਕਿਹਾ ਹੈ

ਆਈਐੱਨਸੀਓਆਈਐੱਸ ਰੋਜ਼ਾਨਾ ਮਛੇਰਿਆਂ ਨੂੰ ਢੁੱਕਵੇਂ ਮੱਛੀ ਫੜਨ ਵਾਲੇ ਸਥਾਨਾਂ ਬਾਰੇ ਜਾਣਕਾਰੀ ਭੇਜ ਰਿਹਾ ਹੈ।

ਹਾਦਸੇ ਤੋਂ ਬਾਅਦ, ਦੱਖਣੀ ਕੇਰਲ ਤੱਟ ਦੇ ਨਾਲ ਲੱਗਦੇ ਮਛੇਰਿਆਂ ਨੂੰ ਤੇਲ ਦੇ ਰਿਸਾਅ ਦੇ ਖ਼ਤਰੇ ਕਾਰਨ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

ਇਸ ਦਾ ਸਿੱਧਾ ਅਸਰ ਮਛੇਰਿਆਂ ਦੇ ਰੁਜ਼ਗਾਰ 'ਤੇ ਪਿਆ ਹੈ।

ਸੁਨੀਲ ਮੁਹੰਮਦ ਕਹਿੰਦੇ ਹਨ, "ਜਦੋਂ ਦੱਖਣ-ਪੱਛਮੀ ਮਾਨਸੂਨ ਸ਼ੁਰੂ ਹੁੰਦਾ ਹੈ, ਤਾਂ ਸਮੁੰਦਰ ਸ਼ਾਂਤ ਹੁੰਦਾ ਹੈ। ਇਸ ਸਮੇਂ, ਜਦੋਂ ਲਹਿਰਾਂ ਇੰਨੀਆਂ ਵੱਡੀਆਂ ਨਹੀਂ ਹੁੰਦੀਆਂ, ਨੂੰ ਮਲਿਆਲਮ ਵਿੱਚ 'ਸਕਾਰ' (ਮ੍ਰਿਤ ਕੰਢਾ) ਕਿਹਾ ਜਾਂਦਾ ਹੈ ਅਤੇ ਇਹ ਮੱਛੀਆਂ ਫੜਨ ਲਈ ਇਹ ਸਭ ਤੋਂ ਅਨੁਕੂਲ ਸਮਾਂ ਹੈ।"

"ਅਜਿਹੇ ਵਿੱਚ ਸਮੁੰਦਰ ਵਿੱਚ ਨਾ ਜਾਣ ਦਾ ਸਲਾਹ ਮਛੇਰਿਆਂ ਲਈ ਬਹੁਤੀ ਚੰਗੀ ਨਹੀਂ ਹੈ।"

ਮੌਨਸੂਨ ਸੀਜ਼ਨ ਬਚਾਅ ਕਾਰਜਾਂ ਲਈ ਚੁਣੌਤੀਆਂ ਪੈਦਾ ਕਰਦਾ ਹੈ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਤੇਲ ਦੇ ਰਿਸਾਵ ਨੂੰ ਕੰਟਰੋਲ ਕਰਨ ਲਈ ਨਵੀਆਂ ਤਕਨੀਕਾਂ ਹਨ

ਬਚਾਅ ਕਾਰਜਾਂ ਦਾ ਮੁੱਖ ਮਕਸਦ ਤੇਲ ਦੇ ਰਿਸਾਅ ਦੀ ਗੰਭੀਰਤਾ ਅਤੇ ਅਣ-ਐਲਾਨੇ 'ਖਤਰਨਾਕ' ਮਾਲ ਦੀ ਮੌਜੂਦਗੀ ਨੂੰ ਰੋਕਣਾ ਹੈ।

ਮਾਨਸੂਨ ਸ਼ੁਰੂ ਹੋਣ ਕਾਰਨ ਸਮੁੰਦਰ ਵਿੱਚ ਹਵਾ ਦੀ ਗਤੀ ਤੇਜ਼ ਹੈ। ਸਮੁੰਦਰ ਦੀਆਂ ਲਹਿਰਾਂ 3 ਤੋਂ 4 ਮੀਟਰ ਦੀ ਉਚਾਈ ਤੱਕ ਉੱਠਦੀਆਂ ਹਨ। ਇਸਦਾ ਮਤਲਬ ਹੈ ਕਿ ਤੇਲ ਦਾ ਅਸਰ ਇੱਕ ਤੋਂ ਦੂਜੀ ਥਾਂ 'ਤੇ ਆਸਾਨੀ ਨਾਲ ਫ਼ੈਲ ਸਕਦਾ ਹੈ।

ਇਸ ਮਾਮਲੇ ਤੋਂ ਜਾਣੂ ਇੱਕ ਅਧਿਕਾਰੀ, ਜਿਸਨੇ ਆਪਣਾ ਨਾ ਮ ਨਾ ਦੱਸਣ ਦੀ ਸ਼ਰਤ 'ਤੇ ਕੀਤੀ ਦਾ ਕਹਿਣਾ ਹੈ, "ਕਿਉਂਕਿ ਐੱਮਐੱਸਸੀ ਈਐੱਲਐੱਸਏ3 ਇੱਕ ਪੁਰਾਣਾ ਜਹਾਜ਼ ਹੈ, ਇਸ ਲਈ ਇਸ ਵਿਚਲੇ ਕੰਟੇਨਰਾਂ ਵਿੱਚੋਂ ਤੇਲ ਦਾ ਰਿਸਾਅ ਆਸਾਨੀ ਨਾਲ ਹੋ ਸਕਦਾ ਹੈ।"

ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਇਹ ਲੀਕ ਤੇਲ ਕਿਨਾਰੇ ਵੱਲ ਆਉਣਗੇ ਅਤੇ ਇਨ੍ਹਾਂ ਦੇ ਸਮੁੰਦਰ ਤੱਕ ਪਹੁੰਚਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਹਵਾ ਦੱਖਣ ਦਿਸ਼ਾ ਵਿੱਚ ਵਗ ਰਹੀ ਹੈ। ਜਿਵੇਂ-ਜਿਵੇਂ ਇਹ ਤੱਟ ਦੇ ਨੇੜੇ ਆਉਣਗੇ, ਇਸਦਾ ਵਾਤਾਵਰਣ 'ਤੇ ਅਸਰ ਵੱਧ ਜਾਵੇਗਾ।

ਤੇਲ ਦੇ ਰਿਸਾਵ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਤੇਲ ਦੇ ਰਿਸਾਅ ਨੂੰ ਕੰਟਰੋਲ ਕਰਨ ਲਈ ਨਵੀਆਂ ਤਕਨੀਕਾਂ ਹਨ।

ਤੱਟ ਰੱਖਿਅਕਾਂ ਦੀ ਹਵਾਈ ਨਿਗਰਾਨੀ ਤਕਨਾਲੋਜੀ ਇਹ ਅੰਦਾਜ਼ਾ ਲਗਾ ਸਕਦੀ ਹੈ ਕਿ ਤੇਲ ਦਾ ਰਿਸਾਅ ਕਿੱਥੇ ਅਤੇ ਕਿੰਨੀ ਦੂਰ ਹੈ।

ਇਸਨੂੰ ਇੱਕ ਥਾਂ 'ਤੇ ਰੱਖਣ ਅਤੇ ਫੈਲਣ ਤੋਂ ਰੋਕਣ ਲਈ ਤਕਨਾਲੋਜੀ ਮੌਜੂਦ ਹੈ।

ਫਿਰ, ਤੇਲ ਦੇ ਰਿਸਾਵ ਨੂੰ ਘਟਾਉਣ ਅਤੇ ਇਸਨੂੰ ਕਿਨਾਰੇ ਤੱਕ ਪਹੁੰਚਣ ਤੋਂ ਰੋਕਣ ਲਈ ਰਸਾਇਣ ਮਿਲਾਏ ਜਾਂਦੇ ਹਨ। ਜਾਂ, ਤੁਸੀਂ ਤੇਲ ਪੰਪ ਕਰਕੇ ਬਾਹਰ ਕੱਢ ਸਕਦੇ ਹੋ।

ਪ੍ਰਦੂਸ਼ਣ ਕੰਟਰੋਲ ਕਾਰਜਾਂ ਲਈ ਇੱਕ ਤੱਟ ਰੱਖਿਅਕ ਜਹਾਜ਼ ਨੂੰ ਵਿਸ਼ੇਸ਼ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ ਅਤੇ ਇਹ ਡਿਊਟੀ 'ਤੇ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)