ਲੋਕ ਸਭਾ ਚੋਣਾਂ : ਪੰਜਾਬ ’ਚ ਸ਼ਹਿਰੀ ਤੇ ਪੇਂਡੂ ਵੋਟਾਂ ਦੀ ਵੰਡ ਨੇ ਸਿਆਸੀ ਪਾਰਟੀਆਂ ਦਾ ਭਵਿੱਖ ਕਿਵੇਂ ਤੈਅ ਕੀਤਾ

    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੀਆਂ13 ਲੋਕ ਸਭਾ ਸੀਟਾਂ ਵਿੱਚੋਂ ਚਾਰ-ਕੋਣੀ ਮੁਕਾਬਲੇ ਦੌਰਾਨ ਕਾਂਗਰਸ ਪਾਰਟੀ ਨੇ 7 ਸੀਟਾਂ 'ਤੇ ਜਿੱਤ ਦਰਜ ਕੀਤੀ, ਜਦਕਿ ਸੂਬੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 3 ਸੀਟਾਂ 'ਤੇ ਪ੍ਰਾੁਪਤ ਕੀਤੀਆਂ ਹਨ।

ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਨੇ ਕ੍ਰਮਵਾਰ ਖਡੂਰ ਸਾਹਿਬ ਅਤੇ ਫ਼ਰੀਦਕੋਟ ਸੀਟ ਜਿੱਤੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਵਿੱਚ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਰਿਹਾ।

ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੀ। ਹਾਲਾਂਕਿ, ਭਾਜਪਾ18 ਫ਼ੀਸਦੀ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ। ਜਦਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਹਿਜ਼ 13 ਫ਼ੀਸਦੀ ਵੋਟਾਂ ਤੱਕ ਸੁੰਗੜ ਕੇ ਰਹਿ ਗਿਆ।

ਮਾਹਰਾਂ ਮੁਤਾਬਕ ਚੋਣਾਂ ਦੌਰਾਨ ਦਲਿਤ ਵਰਗ ਦੀਆਂ ਵੋਟਾਂ ਕਾਂਗਰਸ ਪਾਰਟੀ ਨੂੰ ਗਈਆਂ, ਜਦਕਿ ਸ਼ਹਿਰੀ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਵੱਲ ਭੁਗਤਿਆ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਪੰਜਾਬ ਵਿੱਚ ਇੱਕ ਵੀ ਸੀਟ ਜਿੱਤਣ ਵਿੱਚ ਅਸਫਲ ਰਹਿਣ ਦੇ ਬਾਵਜੂਦ ਪਾਰਟੀ ਨੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਧੇਰੇ ਵੋਟਾਂ ਹਾਸਲ ਕੀਤੀਆਂ ।

ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਦਲਿਤ ਅਤੇ ਸ਼ਹਿਰੀ ਸਿੱਖ ਵੋਟਰਾਂ ਨੇ ਕਾਂਗਰਸ ਪਾਰਟੀ ਦਾ ਸਮਰਥਨ ਕੀਤਾ। ਸੂਬੇ ਦੇ ਦਿਹਾਤੀ ਵੋਟ ਬੈਂਕ ਨੇ ਘੱਟੋ-ਘੱਟ ਚਾਰ ਸੰਸਦੀ ਹਲਕਿਆਂ ਵਿੱਚ ਭਾਜਪਾ ਦੇ ਜਿੱਤ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ।

ਦੂਜੇ ਪਾਸੇ, ਰਾਖਵੇਂ ਹਲਕਿਆਂ ਵਿੱਚ ਕਾਂਗਰਸ ਨੂੰ ਹੁੰਗਾਰਾ ਮਿਲਿਆ ਅਤੇ ਪਾਰਟੀ ਨੇ ਸ਼ਹਿਰੀ ਖੇਤਰਾਂ ਵਿੱਚ ਮਜ਼ਬੂਤ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ 'ਆਪ' ਦੀ ਚੰਗੀ ਮੌਜੂਦਗੀ ਨਜ਼ਰ ਆਈ।

ਪੰਜਾਬ 'ਚ ਪੇਂਡੂ ਹਲਕਿਆਂ ਵਿੱਚ ਕੀ ਰੁਝਾਨ ਰਹੇ

ਪੰਜਾਬ ਵਿੱਚ ਲਗਭਗ 82 ਦਿਹਾਤੀ ਵਿਧਾਨ ਸਭਾ ਹਲਕੇ ਹਨ।

ਇਲੈਕਸ਼ਨ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਕਾਂਗਰਸ 29 ਪੇਂਡੂ ਵਿਧਾਨ ਸਭਾ ਹਲਕਿਆਂ 'ਤੇ, 'ਆਪ' 23 ਵਿਧਾਨ ਸਭਾ ਹਲਕਿਆਂ 'ਤੇ, ਅਕਾਲੀ ਦਲ 9 'ਤੇ, ਭਾਜਪਾ 6 'ਤੇ ਅਤੇ 15 ਦਿਹਾਤੀ ਵਿਧਾਨ ਸਭਾ ਹਲਕਿਆਂ 'ਤੇ ਆਜ਼ਾਦ ਉਮੀਦਵਾਰ ਤੇ ਅੱਗੇ ਰਹੇ ਹਨ।

ਕਾਂਗਰਸ ਪਾਰਟੀ ਫਤਹਿਗੜ੍ਹ ਸਾਹਿਬ, ਗੁਰਦਾਸਪੁਰ ਅਤੇ ਜਲੰਧਰ ਸੰਸਦੀ ਹਲਕਿਆਂ ਵਿਚ 5-5 ਦਿਹਾਤੀ ਵਿਧਾਨ ਸਭਾ ਹਲਕਿਆਂ ਵਿਚ ਅੱਗੇ ਹੈ।

ਆਮ ਆਦਮੀ ਪਾਰਟੀ ਸੰਗਰੂਰ ਸੰਸਦੀ ਹਲਕੇ ਵਿੱਚ ਛੇ ਦਿਹਾਤੀ ਵਿਧਾਨ ਸਭਾ ਹਲਕਿਆਂ ਵਿੱਚ ਅੱਗੇ ਹੈ, ਜਿੱਥੇ ਉਸਦੇ ਦੇ ਉਮੀਦਵਾਰ ਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਿੱਤ ਦਰਜ ਕੀਤੀ ਹੈ।

ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਕਰਮਵਾਰ ਖਾਲਸਾ ਖਡੂਰ ਸਾਹਿਬ ਅਤੇ ਫਰੀਦਕੋਟ ਹਲਕਿਆਂ ਵਿੱਚ ਕੁੱਲ15 ਦਿਹਾਤੀ ਹਲਕਿਆਂ ਤੋਂ ਅੱਗੇ ਰਹੇ ਹਨ।

ਮਾਹਰਾਂ ਮੁਤਾਬਕ ਇਹ ਦਿਹਾਤੀ ਵੋਟ ਬੈਂਕ ਹੀ ਹੈ ਚਾਰ ਸੀਟਾਂ 'ਤੇ ਭਾਜਪਾ ਦੇ ਜਿੱਤ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ।

ਪੇਂਡੂ ਵੋਟਾਂ ਭਾਜਪਾ ਨੂੰ ਨਹੀਂ ਭੁਗਤੀਆਂ

ਗੁਰਦਾਸਪੁਰ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅਤੇ ਅੰਮ੍ਰਿਤਸਰ ਵਿੱਚ ਤਰਨਜੀਤ ਸਿੰਘ ਸੰਧੂ ਆਪੋ- ਆਪਣੇ ਲੋਕ ਸਭਾ ਹਲਕਿਆਂ ਵਿੱਚ ਪੇਂਡੂ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਿਆਉਣ ਵਿੱਚ ਨਾਕਾਮਯਾਬ ਰਹੇ ਹਨ।

ਬੱਬੂ ਨੇ ਪਠਾਨਕੋਟ ਜ਼ਿਲ੍ਹੇ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਸੁਜਾਨਪੁਰ, ਪਠਾਨਕੋਟ ਅਤੇ ਬੋਹਾ ਵਿੱਚ ਚੰਗੀ ਲੀਡ ਬਣਾਈ ਸੀ।

ਪਰ ਗੁਰਦਾਸਪੁਰ ਦੇ ਦਿਹਾਤੀ ਹਲਕੇ ਵਿੱਚ ਭਾਜਪਾ ਨੂੰ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ, ਜਿੱਥੇ ਬੱਬੂ ਨੂੰ ਡੇਰਾ ਬਾਬਾ ਨਾਨਕ 5,981ਅਤੇ ਫਤਿਹਗੜ੍ਹ ਚੂੜੀਆਂ ਤੋਂ ਮਹਿਜ਼ 6,973 ਵੋਟਾਂ ਹੀ ਹਾਸਲ ਹੋਈਆਂ ਸਨ।

ਇਹ ਹੀ ਕਹਾਣੀ ਅੰਮ੍ਰਿਤਸਰ ਵਿੱਚ ਘਟੀ ਜਿੱਥੇ ਭਾਜਪਾ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੋਂ ਹਾਰ ਗਏ।

ਤਰਨਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਤੋਂ ਬਾਅਦ ਤੀਜੇ ਨੰਬਰ 'ਤੇ ਹਨ।

ਤਰਨਜੀਤ ਸਿੰਘ ਸੰਧੂ ਨੇ ਸ਼ਹਿਰੀ ਹਲਕੇ ਜਿਵੇਂ ਕਿ ਅੰਮ੍ਰਿਤਸਰ ਉੱਤਰੀ, ਅੰਮ੍ਰਿਤਸਰ ਪੂਰਬੀ ਅਤੇ ਅੰਮ੍ਰਿਤਸਰ ਕੇਂਦਰੀ ਹਲਕਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਪੇਂਡੂ ਖੇਤਰਾਂ ਵਿੱਚ ਆਪਣੀ ਜਿੱਤ ਨੂੰ ਬਰਕਰਾਰ ਨਹੀਂ ਰੱਖ ਸਕੇ ਕਿਉਂਕਿ ਉਹ ਅਜਨਾਲਾ, ਰਾਜਾ ਸਾਂਸੀ, ਅਟਾਰੀ ਅਤੇ ਮਜੀਠੀਆ ਵਿਧਾਨ ਸਭਾ ਹਲਕਿਆਂ ਵਿੱਚ ਪਿੱਛੇ ਰਹਿ ਗਏ।

ਲੁਧਿਆਣਾ ਲੋਕ ਸਭਾ ਹਲਕੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਦਰਮਿਆਨ ਮੁਕਾਬਲਾ ਹੋਇਆ।

ਬਿੱਟੂ ਲੁਧਿਆਣਾ ਦੇ ਪੰਜ ਸ਼ਹਿਰੀ ਵਿਧਾਨ ਸਭਾ ਹਲਕਿਆਂ ਤੋਂ ਪਿੱਛੇ ਰਹੇ ਅਤੇ ਤਿੰਨ ਦਿਹਾਤੀ ਹਲਕਿਆਂ ਤੋਂ ਅੱਗੇ ਹਨ।

ਬਿੱਟੂ ਨੇ ਲੁਧਿਆਣਾ ਸ਼ਹਿਰ ਦੇ ਪੰਜ ਸ਼ਹਿਰੀ ਹਲਕਿਆਂ ਤੋਂ ਜਿੱਤ ਹਾਸਲ ਕੀਤੀ ਪਰ ਪੇਂਡੂ ਖੇਤਰ ਵਿੱਚ ਪਿੱਛੇ ਰਹਿ ਗਏ।

ਇਸੇ ਤਰ੍ਹਾਂ ਪਟਿਆਲਾ ਦੇ ਦਿਹਾਤੀ ਹਲਕੇ ਘਨੌਰ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਨੂੰ ਮਹਿਜ਼ 14,764 ਵੋਟਾਂ ਮਿਲੀਆਂ, ਜਦਕਿ ਕਾਂਗਰਸ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ 37,800 ਵੋਟਾਂ ਹਾਸਿਲ ਹੋਈਆਂ।

ਪਰਨੀਤ ਕੌਰ ਨਾਭਾ ਵਿੱਚ ਵੀ ਕਾਂਗਰਸ ਤੋਂ ਵੀ ਪਿੱਛੇ ਰਹੇ।

ਡਾਕਟਰ ਧਰਮਵੀਰ ਗਾਂਧੀ ਨੂੰ 3.05 ਲੱਖ ਵੋਟਾਂ ਮਿਲੀਆਂ ਜਦਕਿ ਪਰਨੀਤ ਕੌਰ ਨੂੰ 2.88 ਲੱਖ ਵੋਟਾਂ ਮਿਲੀਆਂ ਤੇ ਉਹ ਤੀਜੇ ਸਥਾਨ ਤੇ ਰਹੇ।

ਸ਼ਹਿਰੀ ਸੀਟਾਂ ਦੀ ਵੋਟਿੰਗ ਦਾ ਰੁਝਾਨ

ਪੰਜਾਬ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਵਿੱਚੋਂ ਤਕਰਬੀਨ 35 ਸ਼ਹਿਰੀ ਵਿਧਾਨ ਸਭਾ ਹਲਕੇ ਹਨ।

ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 35 ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿੱਚ ਭਾਰਤੀ ਜਨਤਾ ਪਾਰਟੀ 17 ਸੀਟਾਂ 'ਤੇ ਅੱਗੇ ਰਹੀ ਹੈ, ਜਦੋਂ ਕਿ ਕਾਂਗਰਸ 8 ਸੀਟਾਂ 'ਤੇ ਅਤੇ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਸ਼ਹਿਰੀ ਖੇਤਰ 'ਚ 9 ਸੀਟਾਂ ’ਤੇ ਅੱਗੇ ਰਹੀ।

ਦਿਲਚਸਪ ਗੱਲ ਇਹ ਹੈ ਕਿ ਭਾਜਪਾ ਲੁਧਿਆਣਾ ਦੇ ਪੰਜ ਸ਼ਹਿਰੀ ਹਲਕਿਆਂ ਵਿੱਚ ਅੱਗੇ ਰਹੀ।

ਅੰਮ੍ਰਿਤਸਰ ਲੋਕ ਸਭਾ ਵਿੱਚ ਕੁੱਲ 5 ਵਿੱਚੋਂ 3 ਸ਼ਹਿਰੀ ਹਲਕਿਆਂ ਦੀਆਂ ਵੋਟਾਂ ਭਾਜਪਾ ਦੀ ਝੋਲੀ ਪਈਆਂ, ਜਦਕਿ ਜਲੰਧਰ ਦੀਆਂ ਕੁੱਲ 4 ਵਿੱਚੋਂ 2 ਸੀਟਾਂ ’ਤੇ ਭਾਜਪਾ ਜੇਤੂ ਰਹੀ।

ਫ਼ਰੀਦਕੋਟ ਸੀਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਮੋਗਾ ਸ਼ਹਿਰੀ ਸੀਟ ਤੋਂ ਅੱਗੇ ਰਹੇ।

ਪੰਜਾਬ ਦੇ ਰਾਖਵੇਂ ਹਲਕਿਆਂ ਵਿੱਚ ਕਾਂਗਰਸ ਅੱਗੇ

ਪੰਜਾਬ ਵਿੱਚ ਕੁੱਲ 34 ਰਾਖਵੇਂ ਵਿਧਾਨ ਸਭਾ ਹਲਕੇ ਹਨ।

ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਸੂਬੇ ਵਿੱਚ ਕਾਂਗਰਸ ਪਾਰਟੀ 15 ਰਾਖਵੇਂ ਹਲਕਿਆਂ 'ਤੇ ਜੇਤੂ ਰਹੀ, ਜਦੋਂ ਕਿ ਆਮ ਆਦਮੀ ਪਾਰਟੀ 8 ਸੀਟਾਂ 'ਤੇ, ਅਕਾਲੀ ਦਲ 5 ਸੀਟਾਂ 'ਤੇ, ਆਜ਼ਾਦ ਉਮੀਦਵਾਰ 4 ਸੀਟਾਂ 'ਤੇ ਅਤੇ ਭਾਜਪਾ 4 ਸੀਟਾਂ 'ਤੇ ਮੋਹਰੀ ਸੀ।

ਜਲੰਧਰ 'ਚ ਕਾਂਗਰਸ ਪਾਰਟੀ ਚਾਰੇ ਰਾਖਵੇਂ ਹਲਕਿਆਂ 'ਚ ਜੇਤੂ ਰਹੀ, ਜਦਕਿ ਸੰਗਰੂਰ ਅਤੇ ਹੁਸ਼ਿਆਰਪੁਰ 'ਚ 'ਆਪ' 3-3 ਰਾਖਵੇਂ ਹਲਕਿਆਂ 'ਚ ਜੇਤੂ ਰਹੀ।

ਬਠਿੰਡਾ ਲੋਕ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਰਾਖਵੇਂ ਹਲਕਿਆਂ ਵਿੱਚ ਜਿੱਤ ਹਾਸਲ ਕੀਤੀ ਹੈ।

'ਭਾਜਪਾ ਕਾਰਡ ਸ਼ਹਿਰਾਂ ’ਚ ਚੱਲਿਆ'

ਜਲੰਧਰ ਸਥਿਤ ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ ਦਾ ਕਹਿਣਾ ਹੈ, “ਪੰਜਾਬ ਵਿੱਚ ਕੁੱਲ ਮਿਲਾ ਕੇ ਦਲਿਤ ਵੋਟਾਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਗਈਆਂ ਹਨ।”

“ਅਸਲ ਵਿੱਚ ਦਲਿਤਾਂ ਅਤੇ ਉੱਚ ਜਾਤੀਆਂ ਦੇ ਹਿੰਦੂਆਂ ਦਾ ਜੱਟਾਂ ਵਿਰੁੱਧ ਧਰੁਵੀਕਰਨ ਕਰਨ ਦਾ ਭਾਜਪਾ ਦਾ ਕਾਰਡ ਵੀ ਜੱਗ ਜਾਹਰ ਹੋ ਗਿਆ। ਕਿਉਂਕਿ ਉਨ੍ਹਾਂ ਦੇ ਆਗੂਆਂ ਨੇ ਪਿਛਲੇ ਸਮੇਂ ਵਿੱਚ ਬਿਆਨ ਦਿੱਤੇ ਸਨ ਕਿ ਉਹ ਦਲਿਤਾਂ ਅਤੇ ਸ਼ਹਿਰੀ ਵੋਟ ਬੈਂਕਾਂ ਨੂੰ ਜੱਟਾਂ ਵਿਰੁੱਧ ਮਜ਼ਬੂਤ ਕਰਨਗੇ, ਜਦਕਿ ਭਾਜਪਾ ਦੀ ਮੁਹਿੰਮ ਰਾਮ ਮੰਦਰ 'ਤੇ ਕੇਂਦਰਿਤ ਸੀ।”

ਉਨ੍ਹਾਂ ਅੱਗੇ ਕਿਹਾ ਕਿ, “ਇਹ ਵੀ ਦੇਖਿਆ ਗਿਆ ਹੈ ਕਿ ਦਲਿਤ ਅਤੇ ਸ਼ਹਿਰੀ ਸਿੱਖ ਕਾਂਗਰਸ ਵੱਲ ਚਲੇ ਗਏ ਹਨ। ਪੰਜਾਬ ਦੀ ਅਸਲ ਪਹਿਚਾਣ ਪੰਜਾਬੀ ਹੈ, ਜਦਕਿ ਭਾਜਪਾ ਹਿੰਦੂ ਧਰਮ ਵੱਲ ਝੁੱਕਦੀ ਹੈ, ਜੋ ਕਿ ਪੰਜਾਬ ਦਾ ਸੱਭਿਆਚਾਰ ਨਹੀਂ ਹੈ।”

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦਾ ਕਹਿਣਾ ਹੈ, “ਇਹ ਹਕੀਕਤ ਹੈ ਕਿ ਕਿਸਾਨ ਵਿਰੋਧ ਪ੍ਰਦਰਸ਼ਨਾਂ ਕਾਰਨ ਭਾਜਪਾ ਨੂੰ ਪੇਂਡੂ ਖੇਤਰਾਂ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸਿੱਖ ਆਬਾਦੀ ਹੈ, ਵਿੱਚ ਬਹੁਤਾ ਫਾਇਦਾ ਨਹੀਂ ਹੋਇਆ।

“ਦਿਹਾਤੀ ਖੇਤਰ ਵਿੱਚ ਭਾਜਪਾ-ਆਰਐੱਸਐੱਸ ਵਿਰੁੱਧ ਬਹੁਤ ਪ੍ਰਚਾਰ ਕੀਤਾ ਗਿਆ ਹੈ ਜਿਸਦਾ ਅਸਰ ਵੋਟਾਂ ਵਿੱਚ ਸਪੱਸ਼ਟ ਨਜ਼ਰ ਆਉਂਦਾ ਹੈ।”

ਉਨ੍ਹਾਂ ਅੱਗੇ ਕਿਹਾ, “ਭਾਜਪਾ ਪੰਜਾਬ ਵਿੱਚ ਹੁਣ ਤੱਕ ਆਪਣਾ ਸਭ ਤੋਂ ਵਧੀਆਂ ਪ੍ਰਦਰਸ਼ਨ ਕਰਕੇ ਵੀ ਇੱਕ ਸੀਟ ਆਪਣੇ ਖਾਤੇ ਵਿੱਚ ਨਾ ਪਾ ਸਕੀ ਜਦਕਿ ਰਾਮ ਮੰਦਰ ਅਤੇ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਮੁੱਦਿਆਂ ਦਾ ਪੂਰਾ ਪ੍ਰਚਾਰ ਕੀਤਾ ਗਿਆ ਸੀ।”

“ਮੈਨੂੰ ਨਹੀਂ ਲੱਗਦਾ ਕਿ ਭਵਿੱਖ ਵਿੱਚ ਭਾਜਪਾ ਹੋਰ ਮੁੱਦਿਆਂ ਨੂੰ ਤਰਜ਼ੀਹ ਦੇਣ ਬਾਰੇ ਵੀ ਵਿਚਾਰੇਗੀ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)