ਲੋਕ ਸਭਾ ਚੋਣਾਂ 2024: ਰਵਨੀਤ ਬਿੱਟੂ ਵਰਗੇ ਪੀੜ੍ਹੀਆਂ ਤੋਂ ਕਾਂਗਰਸ 'ਚ ਰਹੇ ਆਗੂਆਂ ਦੀ ਦਲ ਬਦਲੀ ਕੀ ਵੋਟਰਾਂ ਨੂੰ ਰਾਸ ਆਵੇਗੀ

    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਮਗਰੋਂ ਪੰਜਾਬ ਦੀ ਸਿਆਸਤ ਬਾਰੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ। ਉਹ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਕੋਟਲੀ ਦੇ ਵਸਨੀਕ ਹਨ।

ਉਹ ਇਸ ਵੇਲੇ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਹਨ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਕਾਂਗਰਸ ਪਾਰਟੀ ਦੀ ਟਿਕਟ ਉੱਪਰ ਲੋਕ ਸਭਾ ਮੈਂਬਰ ਚੁਣੇ ਜਾ ਚੁੱਕੇ ਹਨ।

ਰਵਨੀਤ ਸਿੰਘ ਬਿੱਟੂ ਗਾਂਧੀ ਪਰਿਵਾਰ ਦੇ ਨੇੜਲੇ ਆਗੂਆਂ ਵਿੱਚੋਂ ਜਾਣੇ ਜਾਂਦੇ ਹਨ।

ਸਿਆਸੀ ਹਲਕਿਆਂ ਵਿੱਚ ਇਹ ਗੱਲ ਪੁਖਤਾ ਤੌਰ 'ਤੇ ਕਹੀ ਜਾਂਦੀ ਰਹੀ ਹੈ ਕਿ ਰਵਨੀਤ ਸਿੰਘ ਬਿੱਟੂ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਵਿਸ਼ੇਸ਼ ਟੀਮ ਦੇ ਮੈਂਬਰ ਸਨ।

ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਕਾਂਗਰਸ ਪਾਰਟੀ ਲਈ ਇੱਕ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।

ਇਹ ਵੱਖਰੀ ਗੱਲ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਕਈ ਦਿੱਗਜ਼ ਨੇਤਾ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।

ਰਵਨੀਤ ਸਿੰਘ ਬਿੱਟੂ ਨੇ 26 ਮਾਰਚ ਨੂੰ ਭਾਜਪਾ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਪਹੁੰਚ ਕੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ ਸੀ।

ਉਹ ਸਾਲ 2008 ਵਿੱਚ ਉਸ ਵੇਲੇ ਚਰਚਾ ਵਿੱਚ ਆਏ ਸਨ, ਜਦੋਂ ਉਨ੍ਹਾਂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਇਸ ਮਗਰੋਂ ਉਨ੍ਹਾਂ ਨੇ ਰਾਹੁਲ ਗਾਂਧੀ ਵੱਲੋਂ ਦੇਸ਼ ਭਰ ਵਿੱਚ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਲਾਮਬੰਦ ਕਰਨ ਲਈ ਚਲਾਈ ਗਈ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਰਵਨੀਤ ਬਿੱਟੂ ਦਾ ਸਿਆਸੀ ਕਰੀਅਰ

ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਸਾਲ 2009 ਵਿੱਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਪਰ ਲੋਕ ਸਭਾ ਦੀ ਚੋਣ ਲੜੀ ਸੀ।

ਇਸ ਚੋਣ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਹਰਾਇਆ ਸੀ।

ਕਾਂਗਰਸ ਪਾਰਟੀ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਇਸ ਤੋਂ ਬਾਅਦ ਸਾਲ 2014 ਵਿੱਚ ਲੁਧਿਆਣਾ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਗਈ ਸੀ।

ਇਸ ਚੋਣ ਵਿੱਚ ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਦੇ ਮਨਪ੍ਰੀਤ ਸਿੰਘ ਇਯਾਲੀ ਨੂੰ ਮਾਤ ਦਿੱਤੀ ਸੀ।

ਆਪਣੀ ਜਿੱਤ ਦੇ ਇਸ ਸਿਲਸਿਲੇ ਨੂੰ ਜਾਰੀ ਰੱਖਦਿਆਂ ਰਵਨੀਤ ਸਿੰਘ ਬਿੱਟੂ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਹਲਕੇ ਤੋਂ ਹੀ ਕਾਂਗਰਸ ਪਾਰਟੀ ਦੀ ਟਿਕਟ ਉੱਪਰ ਚੋਣ ਲੜੀ ਸੀ।

ਇਸ ਮੌਕੇ ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਲੋਕ ਇਨਸਾਫ਼ ਪਾਰਟੀ ਤੇ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਹਰਾਇਆ ਸੀ।

ਸਿਆਸੀ ਹਲਕੇ ਇਸ ਗੱਲ ਨੂੰ ਮੰਨਦੇ ਹਨ ਕੇ ਰਵਨੀਤ ਸਿੰਘ ਬਿੱਟੂ ਨੇ ਸਾਲ 2014 ਅਤੇ 2019 ਵਿੱਚ ਉਸ ਵੇਲੇ ਜਿੱਤਾਂ ਦਰਜ ਕੀਤੀਆਂ ਸਨ, ਜਦੋਂ ਦੇਸ਼ ਭਰ ਵਿੱਚ ਮੋਦੀ ਲਹਿਰ ਸਿਖ਼ਰਾਂ ਉੱਪਰ ਸੀ।

ਕਾਂਗਰਸ ਛੱਡਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਜਪਾ ਵੱਲੋਂ ਚੋਣ ਲੜਨ ਦੀ ਗੱਲ ਵੀ ਕਹੀ ਹੈ।

ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਉਹ ਆਪਣੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਕੁਝ ਕਰਨਾ ਚਾਹੁੰਦੇ ਸਨ।

"ਪਰ ਅਜਿਹਾ ਤਾਂ ਹੀ ਸੰਭਵ ਹੋ ਸਕਦਾ ਸੀ ਜੇ ਮੈਂ ਸਰਕਾਰ ਵਿੱਚ ਬੈਠਾ ਹੋਵਾਂ। ਹੁਣ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੌਕਾ ਦਿੱਤਾ ਹੈ ਕਿ ਮੈਂ ਲੋਕਾਂ ਦੇ ਵਿਕਾਸ ਲਈ ਕੁਝ ਕਰਨ ਦੇ ਸਮਰੱਥ ਹੋਵਾਂਗਾ।"

ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂ

ਰਵਨੀਤ ਸਿੰਘ ਬਿੱਟੂ ਅਜਿਹੇ ਇਕੱਲੇ ਸੀਨੀਅਰ ਕਾਂਗਰਸੀ ਆਗੂ ਨਹੀਂ ਹਨ ਜਿਨਾਂ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਹੈ।

ਕਾਂਗਰਸ ਪਾਰਟੀ ਦਾ ਅੰਦਰੂਨੀ ਸਿਆਸੀ ਕਲੇਸ਼ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਵਧਿਆ ਸੀ।

ਇਸ ਵੇਲੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲਾਮਬੰਦੀ ਸ਼ੁਰੂ ਕੀਤੀ ਸੀ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਕਰੀਬ ਚਾਰ ਕੁ ਮਹੀਨਿਆਂ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।

ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਸਿਆਸੀ ਝਟਕਾ ਉਸ ਵੇਲੇ ਲੱਗਿਆ ਸੀ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਇਸ ਤੋਂ ਬਾਅਦ ਕਾਂਗਰਸ ਦੇ ਕਈ ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦੇ ਖੇਮੇ ਵਿੱਚ ਰਲ ਗਏ।

ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਕਾਂਗਰਸ ਪਾਰਟੀ ਦੇ ਆਗੂਆਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਰਲੇਵੇਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ।

ਇਸ ਮਗਰੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹ ਜੰਗ ਸਿੰਘ ਬਾਜਵਾ, ਸਾਬਕਾ ਮੰਤਰੀਆਂ ਰਾਜ ਕੁਮਾਰ ਵੇਰਕਾ, ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਕੇਵਲ ਸਿੰਘ ਢਿੱਲੋਂ, ਬਲਵੀਰ ਸਿੰਘ ਸਿੱਧੂ ਅਤੇ ਅਰਵਿੰਦ ਖੰਨਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਲੜ ਫੜ ਲਿਆ ਸੀ।

ਰਵਨੀਤ ਸਿੰਘ ਬਿੱਟੂ ਤੋਂ ਪਹਿਲਾਂ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਆਪਣੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਨੀਤ ਕੌਰ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਪਾਰਟੀ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ।

ਇਹ ਵੱਖਰੀ ਗੱਲ ਹੈ ਕਿ ਕੁਝ ਸਮੇਂ ਬਾਅਦ ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ ਅਤੇ ਬਲਵੀਰ ਸਿੰਘ ਸਿੱਧੂ ਨੇ 'ਘਰ ਵਾਪਸੀ' ਕਰ ਲਈ ਸੀ।

ਇਸ ਅਰਸੇ ਦੌਰਾਨ ਕਾਂਗਰਸ ਪਾਰਟੀ ਨੂੰ ਦੋ ਹੋਰ ਵੱਡੇ ਸਿਆਸੀ ਝਟਕੇ ਵੀ ਲੱਗੇ।

ਹਾਲ ਹੀ ਵਿਚ ਕਾਂਗਰਸ ਪਾਰਟੀ ਦੇ ਦੋ ਵੱਡੇ ਦਲਿਤ ਚਿਹਰੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਵਿਧਾਨ ਸਭਾ ਹਲਕਾ ਬੱਸੀ ਪਠਾਣਾ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ 9 ਮਾਰਚ 2024 ਨੂੰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ।

ਇਸ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਸੀ।

ਇਸ ਤੋਂ ਠੀਕ 6 ਦਿਨ ਬਾਅਦ 15 ਮਾਰਚ 2024 ਨੂੰ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀ ਬੇੜੀ ਵਿੱਚ ਸਵਾਰ ਹੋ ਗਏ ਸਨ।

ਇਨ੍ਹਾਂ ਦੋਵਾਂ ਦਲਿਤ ਆਗੂਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਦਿੱਤੀ ਸੀ।

ਚੱਲ ਰਹੀ ਚਰਚਾ ਮੁਤਾਬਕ ਆਮ ਆਦਮੀ ਪਾਰਟੀ ਵੱਲੋਂ ਡਾ. ਚੱਬੇਵਾਲ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ।

ਰਵਨੀਤ ਬਿੱਟੂ ਦੇ ਭਾਜਪਾ ਦੇ ਸ਼ਾਮਲ ਹੋਣ 'ਤੇ ਆਈਆਂ ਟਿੱਪਣੀਆਂ

ਜਿਵੇਂ ਹੀ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਖ਼ਬਰ ਮੀਡੀਆ ਰਾਹੀਂ ਸਾਹਮਣੇ ਆਈ ਤਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿੰਨੇ ਵੀ ਆਗੂਆਂ ਨੇ ਪਾਰਟੀ ਨਾਲ ਧ੍ਰੋਹ ਕਮਾਇਆ ਹੈ, ਉਨ੍ਹਾਂ ਦਾ ਸਿਆਸੀ ਹਸ਼ਰ ਮਾੜਾ ਹੀ ਰਿਹਾ ਹੈ।

ਉਨ੍ਹਾਂ ਕਿਹਾ, "ਰਵਨੀਤ ਸਿੰਘ ਬਿੱਟੂ ਦੇ ਪਾਰਟੀ ਛੱਡਣ ਨਾਲ ਕਾਂਗਰਸ ਨੂੰ ਤਾਂ ਨੁਕਸਾਨ ਹੋਇਆ ਹੀ ਹੈ ਪਰ ਇਸ ਤੋਂ ਜ਼ਿਆਦਾ ਨੁਕਸਾਨ ਬਿੱਟੂ ਦੇ ਸਿਆਸੀ ਕਰੀਅਰ ਨੂੰ ਹੋਵੇਗਾ। ਪੰਜਾਬ ਦੇ ਲੋਕਾਂ ਨੇ ਦਲ ਬਦਲੂਆਂ ਨੂੰ ਕਦੇ ਵੀ ਮੂੰਹ ਨਹੀਂ ਲਾਇਆ ਹੈ।"

"ਬੇਅੰਤ ਸਿੰਘ ਦੀ ਕਾਂਗਰਸ ਪਾਰਟੀ ਅਤੇ ਦੇਸ਼ ਲਈ ਵੱਡੀ ਕੁਰਬਾਨੀ ਹੈ। ਪਾਰਟੀ ਨੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਬਕਾਇਦਾ ਹਰ ਪਲੇਟਫਾਰਮ ਉੱਪਰ ਬਣਦਾ ਸਨਮਾਨ ਦਿੱਤਾ ਹੈ। ਬੁਰੇ ਵਕਤ ਵਿੱਚ ਪਾਰਟੀ ਨੂੰ ਛੱਡ ਕੇ ਜਾਣਾ ਨੈਤਿਕਤਾ ਦੀ ਨਿਸ਼ਾਨੀ ਨਹੀਂ ਹੈ।"

ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਖ਼ਤ ਟਿੱਪਣੀ ਕੀਤੀ ਹੈ।

ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਵਾਲ ਕਰਦਿਆਂ ਕਿਹਾ ਹੈ, "ਭਾਜਪਾ ਕੋਲ ਇੱਕ ਵੀ ਕਾਬਲ ਲੀਡਰ ਨਹੀਂ ਹੈ। ਇਹੀ ਕਾਰਨ ਹੈ ਕਿ ਭਾਜਪਾ ਵਾਲੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਚੋਣ ਲੜਾਉਣ ਲਈ ਖਿੱਚ ਰਹੇ ਹਨ।"

"ਹਲਕੇ ਵਿੱਚ ਲਗਾਤਾਰ ਗ਼ੈਰ-ਹਾਜ਼ਰ ਰਹਿਣ ਕਾਰਨ ਲੋਕਾਂ ਦਾ ਬਿੱਟੂ ਤੋਂ ਮੋਹ ਭੰਗ ਹੋ ਚੁੱਕਿਆ ਸੀ। ਕਾਂਗਰਸ ਪਾਰਟੀ ਉਨ੍ਹਾਂ ਦੀ ਟਿਕਟ ਕੱਟਣ ਦਾ ਸੋਚ ਰਹੀ ਸੀ ਪਰ ਇਸੇ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ।"

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਹੈ ਕਿ ਰਵਨੀਤ ਸਿੰਘ ਬਿੱਟੂ ਹਰ ਵਾਰ ਬੇਅੰਤ ਸਿੰਘ ਦੇ ਨਾਮ ਉੱਪਰ ਮੈਂਬਰ ਪਾਰਲੀਮੈਂਟ ਬਣਦੇ ਰਹੇ ਹਨ।

"ਉਨ੍ਹਾਂ ਦੇ ਦਾਦਾ ਦੀ ਪੰਜਾਬ ਲਈ ਕੁਰਬਾਨੀ ਹੈ ਅਤੇ ਅਜਿਹੇ ਵਿੱਚ ਬਿੱਟੂ ਦਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਜਾਣਾ ਤਰਕ ਸੰਗਤ ਨਹੀਂ ਹੈ।"

ਪਿਛਲੇ ਅਰਸੇ ਦੌਰਾਨ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਰਿਹਾ ਹੈ।

ਅਕਾਲੀ-ਭਾਜਪਾ ਗਠਜੋੜ ਸਮੇਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਤਿੰਨ ਲੋਕ ਸਭਾ ਹਲਕਿਆਂ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਤੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਦੀ ਰਹੀ ਹੈ।

ਪਿਛਲੇ ਕਿਸਾਨ ਸੰਘਰਸ਼ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਨਾਤਾ ਤੋੜ ਲਿਆ ਸੀ। ਉਸ ਵੇਲੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਹੁਣ 2024 ਦੀਆਂ ਲੋਕ ਸਭਾ ਚੋਣਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਖੋ-ਵੱਖਰੇ ਤੌਰ 'ਤੇ ਲੜਨਗੇ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਇਸ ਗੱਲ ਦੀ ਪੁਸ਼ਟੀ ਕਰ ਚੁੱਕੇ ਹਨ।

ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਇੱਕ ਪਾਸੇ ਜਿੱਥੇ ਭਾਜਪਾ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰ ਰਹੀ ਹੈ ਉੱਥੇ ਕਾਂਗਰਸ ਪਾਰਟੀ ਦੀ ਅੰਦਰੂਨੀ 'ਕਸ਼ਮਕਸ਼' ਪਾਰਟੀ ਵਰਕਰਾਂ ਲਈ ਵੱਡੀ ਚਿੰਤਾ ਦਾ ਸਬੱਬ ਬਣੀ ਹੋਈ ਹੈ।

ਪਾਰਟੀ ਦੇ ਤੇਜ਼-ਤਰਾਰ ਆਗੂ ਮੰਨੇ ਜਾਂਦੇ ਨਵਜੋਤ ਸਿੰਘ ਸਿੱਧੂ ਚੋਣਾਂ ਦੇ ਐਨ ਮੌਕੇ ਉੱਪਰ ਆਈਪੀਐੱਲ ਕ੍ਰਿਕਟ ਮੈਚਾਂ ਲਈ ਕਮੈਂਟਰੀ ਕਰਨ ਲਈ ਚਲੇ ਗਏ ਹਨ।

ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਸਾਬਕਾ ਪ੍ਰਧਾਨ ਹਨ। ਉਹ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵਜੋਂ ਜਾਣੇ ਜਾਂਦੇ ਹਨ।

ਹਾਲ ਹੀ ਵਿੱਚ ਉਨ੍ਹਾਂ ਦੀ ਅਗਵਾਈ ਹੇਠ ਮੋਗਾ ਵਿਖੇ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਪਾਰਟੀ ਤੋਂ ਵੱਖਰੇ ਤੌਰ ਉੱਪਰ ਇੱਕ ਰੈਲੀ ਕੀਤੀ ਗਈ ਸੀ।

ਉਹ ਕਹਿੰਦੇ ਹਨ, "ਇਹ ਕਾਂਗਰਸ ਪਾਰਟੀ ਨਾਲ ਖੜ੍ਹਨ ਵਾਲਿਆਂ ਲਈ ਪਰਖ ਦੀ ਘੜੀ ਹੈ। ਪਾਰਟੀ ਆਗੂਆਂ ਦੇ ਆਪਸੀ ਵਖਰੇਵੇਂ ਪਾਰਟੀ ਲਈ ਸ਼ੁਭ ਸੰਕੇਤ ਨਹੀਂ ਹਨ। ਕਾਂਗਰਸ ਛੱਡਣ ਵਾਲੇ ਆਗੂਆਂ ਨਾਲ ਪਾਰਟੀ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ।"

"ਨਵਜੋਤ ਸਿੰਘ ਸਿੱਧੂ ਪੰਜਾਬ ਲਈ ਸੋਚਣ ਵਾਸਤੇ ਹਰ ਸਮੇਂ ਸੁਹਿਰਦ ਰਹਿੰਦੇ ਹਨ। ਅਸੀਂ ਪਾਰਟੀ ਦੀ ਬੇਹਤਰੀ ਲਈ ਡੱਟ ਕੇ ਕੰਮ ਕੀਤਾ ਹੈ ਅਤੇ ਕਰਦੇ ਰਹਾਂਗੇ। ਪਾਰਟੀ ਹਾਈ ਕਮਾਂਡ ਦੇ ਹੁਕਮ 'ਤੇ ਸਾਡੇ ਆਗੂ ਨਵਜੋਤ ਸਿੰਘ ਸਿੱਧੂ ਪਾਰਟੀ ਲਈ ਜ਼ਰੂਰ ਪ੍ਰਚਾਰ ਕਰਨਗੇ।"

"ਹਾਂ ਇਹ ਗੱਲ ਜ਼ਰੂਰ ਹੈ ਕਿ ਜੇਕਰ ਪੰਜਾਬ ਕਾਂਗਰਸ ਦੇ ਆਗੂਆਂ ਨੇ ਆਤਮ-ਮੰਥਨ ਨਾ ਕੀਤਾ ਤਾਂ ਭਾਜਪਾ ਅਤੇ ਵਿਰੋਧੀ ਪਾਰਟੀਆਂ ਹੋਰ ਕਾਂਗਰਸੀ ਆਗੂਆਂ ਨੂੰ ਆਪਣੇ ਵੱਲ ਖਿੱਚ ਸਕਦੀਆਂ ਹਨ।"

ਰਾਜਨੀਤਕ ਮਾਹਰ ਇਸ ਗੱਲ ਉੱਪਰ ਜ਼ੋਰ ਦਿੰਦੇ ਹਨ ਕਿ ਭਾਵੇਂ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਲੀਡਰਾਂ ਨੂੰ ਆਪਣੇ ਨਾਲ ਰਲਾ ਰਹੀ ਹੈ ਪਰ ਭਾਜਪਾ ਨੂੰ ਜ਼ਮੀਨੀ ਪੱਧਰ ਉੱਪਰ ਇਸ ਦਾ ਉਨ੍ਹਾਂ ਲਾਹਾ ਨਹੀਂ ਮਿਲ ਸਕੇਗਾ ਜਿੰਨਾ ਉਹ ਸੋਚ ਰਹੀ ਹੈ।

ਕੀ ਕਹਿੰਦੇ ਹਨ ਮਾਹਿਰ

ਡਾ. ਪਿਆਰਾ ਲਾਲ ਗਰਗ ਪੰਜਾਬ ਵਿੱਚ ਰਾਜਨੀਤਿਕ ਮਾਹਰ ਵਜੋਂ ਜਾਣੇ ਜਾਂਦੇ ਹਨ।

ਰਵਨੀਤ ਸਿੰਘ ਬਿੱਟੂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਉੱਪਰ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ, "ਬਿੱਟੂ ਦੇ ਦਾਦਾ ਬੇਅੰਤ ਸਿੰਘ ਦੀ ਪੰਜਾਬ ਲਈ ਕੁਰਬਾਨੀ ਹੈ, ਜਦੋਂ ਕਿ ਬਿੱਟੂ ਦਾ ਖੁਦ ਦਾ ਕੋਈ ਸਮਾਜਿਕ ਜਾਂ ਰਾਜਨੀਤਿਕ ਕੈਰੀਅਰ ਨਹੀਂ ਸੀ।"

"ਅਸਲ ਵਿੱਚ ਹੁਣ ਸਿਆਸਤ ਦੇ ਅਰਥ ਬਦਲ ਗਏ ਹਨ। ਪਹਿਲਾਂ ਲੀਡਰ ਤਿਆਗ ਦੀ ਭਾਵਨਾ ਨਾਲ ਲੋਕ ਸੇਵਾ ਨੂੰ ਸਮਰਪਿਤ ਸਨ ਪਰ ਹੁਣ ਸਿਆਸਤ ਦਾ ਵੱਡਾ ਹਿੱਸਾ ਖੁਦਗਰਜ਼ ਬਣ ਗਿਆ ਹੈ।"

"ਕਾਂਗਰਸ ਦੇ ਬਹੁਤੇ ਲੀਡਰ ਇਹ ਸਮਝ ਰਹੇ ਹਨ ਕਿ ਕਾਂਗਰਸ ਪਾਰਟੀ ਦੇ ਹੱਥ ਹਾਲੇ ਸੱਤਾ ਨਹੀਂ ਆ ਸਕਦੀ ਇਸ ਲਈ ਉਹ ਆਪਣੇ ਨਿੱਜੀ ਸਵਾਰਥਾਂ ਲਈ ਇਧਰ ਉਧਰ ਭੱਜ ਰਹੇ ਹਨ।"

ਡਾ. ਪਿਆਰਾ ਲਾਲ ਗਰਗ ਕਹਿੰਦੇ ਹਨ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਆਗੂਆਂ ਦੀ ਜਰੂਰਤ ਹੈ।

"ਭਾਵੇਂ ਭਾਜਪਾ ਵੱਲੋਂ ਕਾਂਗਰਸੀ ਆਗੂਆਂ ਨੂੰ ਧੜਾਧੜ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਪੁਰਾਣੇ ਭਾਜਪਾ ਨਾਲ ਜੁੜੇ ਲੋਕਾਂ ਦੇ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਜ਼ਰੂਰ ਹੈ।"

"ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਜਿੰਨੇ ਵੀ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਹਨ ਉਨ੍ਹਾਂ ਦਾ ਜਨਤਕ ਆਧਾਰ ਸਿਰਫ ਕਾਂਗਰਸ ਪਾਰਟੀ ਦੇ ਬੈਨਰ ਕਰਕੇ ਹੀ ਸੀ। ਸਿਰਫ਼ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਤੋਂ ਲਾਂਭੇ ਕੀਤਾ ਜਾ ਸਕਦਾ ਹੈ ਕਿਉਂਕਿ ਕੈਪਟਨ ਪਰਿਵਾਰ ਦੇ ਪਿਛੋਕੜ ਕਾਰਨ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ।"

ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਵੱਡੇ ਅਹੁਦੇ ਨਾ ਮਿਲਣ ਉੱਪਰ ਟਿੱਪਣੀ ਕਰਦਿਆਂ ਉਹ ਕਹਿੰਦੇ ਹਨ, "ਭਾਜਪਾ ਆਪਣੀ ਨੀਤੀ ਨਾਲ ਖੇਤਰੀ ਪਾਰਟੀਆਂ ਅਤੇ ਵਿਰੋਧੀਆਂ ਨੂੰ ਸਿਆਸੀ ਤੌਰ 'ਤੇ ਖਤਮ ਕਰਨ ਦੀ ਚਾਲ ਚੱਲ ਰਹੀ ਹੈ।"

"ਜਿਸ ਪਾਰਟੀ ਨੇ ਆਪਣੀ ਹਮ-ਖਿਆਲ ਪਾਰਟੀ ਸ਼ਿਵ ਸੈਨਾ ਨੂੰ ਕਮਜ਼ੋਰ ਕਰ ਦਿੱਤਾ ਹੋਵੇ, ਅਜਿਹੇ ਵਿੱਚ ਕਾਂਗਰਸੀ ਆਗੂ ਪੰਜਾਬ ਵਿੱਚ ਭਾਜਪਾ ਤੋਂ ਕੀ ਤਵੱਕੋ ਕਰ ਸਕਦੇ ਹਨ।"

ਰਾਜਨੀਤਿਕ ਮਾਹਰ ਕਹਿੰਦੇ ਹਨ ਕਿ ਭਾਵੇਂ ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਪਰ ਜਿਹੜੀ ਤਾਕਤ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਮਿਲੀ ਹੋਈ ਸੀ ਉਹ ਭਾਜਪਾ ਵਿੱਚ ਨਹੀਂ ਮਿਲ ਸਕਦੀ।

ਡਾਕਟਰ ਜਗਰੂਪ ਸੇਖੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ’ਚ ਰਾਜਨੀਤਿਕ ਮਾਹਰ ਹਨ।

ਕਾਂਗਰਸੀ ਆਗੂਆਂ ਦੇ ਭਾਰਤੀ ਜਨਤਾ ਪਾਰਟੀ ਵਿੱਚ ਹੋ ਰਹੇ ਰਲੇਵੇਂ ਬਾਰ ਡਾ. ਸੇਖੋਂ ਕਹਿੰਦੇ ਹਨ ਕਿ ਪਾਰਟੀ ਛੱਡ ਕੇ ਜਾਣ ਵਾਲੇ ਆਗੂਆਂ ਦਾ ਨੁਕਸਾਨ ਕਾਂਗਰਸ ਨੂੰ ਤਾਂ ਹੋ ਸਕਦਾ ਹੈ ਪਰ ਭਾਰਤੀ ਜਨਤਾ ਪਾਰਟੀ ਨੂੰ ਜੇ ਇਸ ਦਾ ਫਾਇਦਾ ਨਹੀਂ ਹੁੰਦਾ ਤਾਂ ਨੁਕਸਾਨ ਵੀ ਨਹੀਂ ਹੋਵੇਗਾ।

"ਪੰਜਾਬ ਦੇ ਲੋਕ ਹੁਣ ਕਾਫੀ ਜਾਗਰੂਕ ਹੋ ਚੁੱਕੇ ਹਨ। ਅੱਜ ਦਾ ਵੋਟਰ ਦਲ ਬਦਲ ਦੀਆਂ ਗਤੀਵਿਧੀਆਂ ਨੂੰ ਆਪਣੇ ਨਜ਼ਰੀਏ ਨਾਲ ਦੇਖਣ ਲੱਗਾ ਹੈ। ਲੋਕ ਆਇਆ ਰਾਮ ਗਇਆ ਰਾਮ ਦੀ ਨੀਤੀ ਨੂੰ ਹੁਣ ਪਸੰਦ ਨਹੀਂ ਕਰਦੇ।"

ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਉੱਪਰ ਟਿੱਪਣੀ ਕਰਦੇ ਹੋਏ ਡਾ. ਸੇਖੋਂ ਕਹਿੰਦੇ ਹਨ, "ਬਿੱਟੂ ਉੱਪਰ ਹਲਕੇ ਦੇ ਲੋਕਾਂ ਦਾ ਇਹ ਗਿਲਾ ਸੀ ਕਿ ਉਹ ਆਪਣੇ ਹਲਕੇ ਵਿੱਚੋਂ ਲਗਾਤਾਰ ਗੈਰ-ਹਾਜ਼ਰ ਰਹੇ।"

"ਅਜਿਹੇ ਵਿੱਚ ਕਾਂਗਰਸ ਪਾਰਟੀ ਵੀ ਲੁਧਿਆਣਾ ਸੀਟ ਉਪਰ ਕਿਸੇ ਹੋਰ ਉਮੀਦਵਾਰ ਨੂੰ ਅਜ਼ਮਾ ਸਕਦੀ ਸੀ, ਆਪਣੀ ਰਾਜਨੀਤਿਕ ਸਮਝ ਮੁਤਾਬਕ ਗ਼ਲਤ ਫ਼ੈਸਲਾ ਲਿਆ ਹੈ।"

ਉਹ ਕਹਿੰਦੇ ਹਨ, "ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ ਅਤੇ ਸੁਨੀਲ ਜਾਖੜ ਤੋਂ ਇਲਾਵਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਆਗੂਆਂ ਨੂੰ ਕੋਈ ਖ਼ਾਸ ਅਹੁਦੇ ਨਾਂ ਦੇਣਾ ਵੀ ਭਾਜਪਾ ਦੀ ਇੱਕ ਨੀਤੀ ਦਾ ਹਿੱਸਾ ਹੈ।"

"ਪਾਰਟੀ ਛੱਡ ਕੇ ਭਾਜਪਾ ਵਿੱਚ ਗਏ ਆਗੂ ਆਪਣਾ ਰਾਜਨੀਤਕ ਕਰੀਅਰ ਗਵਾ ਚੁੱਕੇ ਹਨ ਜਦੋਂ ਕਿ ਭਾਜਪਾ ਕੋਲ ਗਵਾਉਣ ਲਈ ਕੁਝ ਵੀ ਨਹੀਂ ਹੈ। ਭਾਜਪਾ ਇਨ੍ਹਾਂ ਆਗੂਆਂ ਉੱਪਰ ਲੋਕ ਸਭਾ ਵਿੱਚ ਪੱਤਾ ਖੇਡ ਸਕਦੀ ਹੈ ਪਰ ਇਸ ਦਾ ਰਾਜਨੀਤਿਕ ਲਾਭ ਭਾਜਪਾ ਨੂੰ ਮਿਲਣ ਦੀ ਸੰਭਾਵਨਾ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)