You’re viewing a text-only version of this website that uses less data. View the main version of the website including all images and videos.
ਯੁਏਈ ਜਾਣ ਲਈ ਭਾਰਤੀਆਂ ਨੂੰ ਹੁਣ ਪਹਿਲਾਂ ਵੀਜ਼ੇ ਦੀ ਲੋੜ ਨਹੀਂ, ਕੌਣ ਕਿਨ੍ਹਾਂ ਸ਼ਰਤਾਂ ਨਾਲ ਹਾਸਲ ਕਰ ਸਕਦਾ ਹੈ ਸੁਵਿਧਾ
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
ਯੂਏਈ ਨੇ ਭਾਰਤੀ ਪਾਸਪੋਰਟ ਹੋਲਡਰਜ਼ ਲਈ 'ਵੀਜ਼ਾ ਆਨ ਅਰਾਈਵਲ' (ਯੂਏਈ ਏਅਰਪੋਰਟ ਉੱਤੇ ਪਹੁੰਚ ਸਮੇਂ ਵੀਜ਼ਾ) ਦੀ ਸੁਵਿਧਾ ਦਿੱਤੀ ਹੈ।
ਹੋਰ ਵੀ ਕਈ ਦੇਸ਼ ਅਜਿਹੇ ਹਨ, ਜਿੱਥੇ ਭਾਰਤੀ ਨਾਗਰਿਕਾਂ ਲਈ ਅਜਿਹੀ ਸੁਵਿਧਾ ਉਪਲੱਬਧ ਹੈ।
ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਵੀਜ਼ਾ ਆਨ ਅਰਾਈਵਲ ਕੀ ਹੁੰਦਾ ਹੈ।
ਇਹ ਵੀਜ਼ਾ ਮੁਕਤ ਮੁਲਕਾਂ ਤੋਂ ਕਿੰਨਾ ਵੱਖ ਹੈ ਅਤੇ ਵੀਜ਼ਾ ਆਨ ਅਰਾਈਵਲ ਵਾਲੇ ਦੇਸਾਂ ਵਿੱਚ ਜਾਣ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ।
'ਵੀਜ਼ਾ ਆਨ ਅਰਾਈਵਲ' ਕੀ ਹੁੰਦਾ ਹੈ
'ਵੀਜ਼ਾ ਆਨ ਅਰਾਈਵਲ' ਯਾਨੀ ਤੁਹਾਨੂੰ ਪਹਿਲਾਂ ਉਸ ਦੇਸ ਦਾ ਵੀਜ਼ਾ ਲਗਵਾਉਣ ਦੀ ਲੋੜ ਨਹੀਂ , ਜਿੱਥੇ ਤੁਸੀਂ ਜਾਣਾ ਹੈ। ਉਸ ਦੇਸ ਵਿੱਚ ਪਹੁੰਚਣ ਤੋਂ ਵੇਲ਼ੇ ਏਅਰਪੋਰਟ ਜਾਂ ਪੋਰਟ ਤੋਂ ਉਸੇ ਵੇਲੇ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ।
ਇਹ ਸੁਵਿਧਾ ਅਚਾਨਕ ਬਣਾਏ ਗਏ ਘੁੰਮਣ ਦੇ ਪ੍ਰੋਗਰਾਮ ਜਾਂ ਕਿਸੇ ਐਮਰਜੈਂਸੀ ਵਿੱਚ ਕਾਫੀ ਲਾਹੇਵੰਦ ਸਾਬਤ ਹੁੰਦੀ ਹੈ।
ਇਸ ਲਈ ਤੁਸੀਂ ਉਸ ਦੇਸ ਵਿੱਚ ਲੈਂਡ ਕਰਨ ਤੋਂ ਬਾਅਦ ਏਅਰਪੋਰਟ ਉੱਤੇ ਵੀਜ਼ਾ ਆਨ ਅਰਾਈਵਲ ਕਾਊਂਟਰ ਉੱਤੇ ਜਾ ਕੇ, ਆਪਣੇ ਦਸਤਾਵੇਜ਼ ਦਿਖਾ ਕੇ ਵੀਜ਼ਾ ਹਾਸਲ ਕਰ ਸਕਦੇ ਹੋ।
ਪਰ ਜੇਕਰ ਤੁਹਾਡੇ ਦਸਤਾਵੇਜ਼ਾਂ ਵਿੱਚ ਕੋਈ ਦਿੱਕਤ ਆਵੇ ਤਾਂ ਤੁਹਾਡਾ ਵੀਜ਼ਾ ਰਿਜੈਕਟ ਵੀ ਕੀਤਾ ਜਾ ਸਕਦਾ ਹੈ।
ਹਾਲਾਂਕਿ ਵੀਜ਼ਾ ਦੇਣ ਦਾ ਇਹ ਸਿਸਟਮ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਵੀਜ਼ਾ ਆਨ ਅਰਾਈਵਲ ਤਹਿਤ ਉਸ ਦੇਸ ਵਿੱਚ ਤੁਹਾਨੂੰ ਤੈਅਸ਼ੁਦਾ ਦਿਨਾਂ ਲਈ ਉੱਥੇ ਰਹਿਣ ਦੀ ਇਜਾਜ਼ਤ ਮਿਲਦੀ ਹੈ।
ਵੀਜ਼ਾ ਫ੍ਰੀ ਦੇਸ਼ ਹੋਣ ਦਾ ਕੀ ਮਤਲਬ ਹੈ
ਵੀਜ਼ਾ ਫ੍ਰੀ ਦੇ਼ਸ ਦਾ ਮਤਲਬ ਹੈ ਕਿ ਤੁਸੀਂ ਉਸ ਦੇਸ ਵਿੱਚ ਬਿਨਾਂ ਵੀਜ਼ਾ ਲਏ ਜਾ ਸਕਦੇ ਹੋ।
ਬਸ ਤੁਹਾਡੇ ਕੋਲ ਯੋਗ ਪਾਸਪੋਰਟ ਅਤੇ ਲੋੜੀਂਦੇ ਦਸਤਾਵੇਜ਼ ਹੋਣੇ ਚਾਹੀਦੇ ਹਨ।
ਵੀਜ਼ਾ ਫ੍ਰੀ ਮੁਲਕਾਂ ਵਿੱਚ ਵੀ ਰਹਿਣ ਦੀ ਮਿਆਦ ਹੁੰਦੀ ਹੈ। ਇਸ ਦੇ ਲਈ ਕੋਈ ਵੱਖ ਤੋਂ ਫੀਸ ਵੀ ਨਹੀਂ ਦੇਣੀ ਪੈਂਦੀ।
ਵੀਜ਼ਾ ਆਨ ਅਰਾਈਵਲ ਦੇ ਕੀ ਨਿਯਮ ਹੁੰਦੇ ਹਨ
ਹਰ ਦੇਸ ਦੇ ਵੀਜ਼ਾ ਆਨ ਅਰਾਈਵਲ ਦੇ ਵੱਖ-ਵੱਖ ਨਿਯਮ ਹੋ ਸਕਦੇ ਹਨ। ਪਰ ਇਸ ਲਈ ਇਨ੍ਹਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੋ।
ਜਾਣਕਾਰੀ – ਜਿਸ ਵੀ ਦੇਸ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਉਥੋਂ ਦੇ ਨਿਯਮ, ਲੋੜੀਂਦੇ ਦਸਤਾਵੇਜ਼ਾਂ ਅਤੇ ਸ਼ਰਤਾਂ ਬਾਰੇ ਪਹਿਲਾਂ ਪੜ੍ਹ ਕੇ ਜਾਵੋ। ਉਸ ਦੇਸ ਦੇ ਦੂਤਾਵਾਸ ਦੀ ਵੈੱਬਸਾਈਟ ਉੱਤੇ ਤੁਹਾਨੂੰ ਅਜਿਹੀ ਸਾਰੀ ਜਾਣਕਾਰੀ ਮਿਲ ਜਾਵੇਗੀ।
ਵੀਜ਼ਾ ਆਨ ਅਰਾਈਵਲ – ਉਸ ਦੇਸ ਦੇ ਏਅਰਪੋਰਟ ਜਾਂ ਪੋਟਰ ਉੱਤੇ ਪਹੁੰਚਣ ਤੋਂ ਬਾਅਦ ਤੁਸੀਂ ਇਮੀਗ੍ਰੇਸ਼ਨ ਏਰੀਆ ਵਿੱਚ ਵੀਜ਼ਾ ਆਨ ਅਰਾਵੀਲ ਦੇ ਕਾਊਂਟਰ ਉੱਤੇ ਜਾਵੋ।
ਦਸਤਾਵੇਜ਼ – ਪਹਿਲਾਂ ਹੀ ਸਾਰੇ ਲੋੜੀਂਦੇ ਦਸਤਾਵੇਜ਼ ਤਿਆਰ ਰੱਖੋ। ਜ਼ਿਆਦਾਤਰ, ਅਪਲਾਈ ਕਰਨ ਲਈ ਪਾਸਪੋਰਟ, ਪਾਸਪੋਰਟ ਸਾਈਜ਼ ਫੋਟੋ, ਅਰਾਈਵਲ-ਡਿਪਾਰਚਰ ਫਾਰਮ, ਯਾਤਰਾ ਦਾ ਕਾਰਨ, ਹੋਟਲ ਬੁਕਿੰਗ ਦੀ ਜਾਣਕਾਰੀ, ਲੋੜੀਂਦੇ ਪੈਸੇ ਅਤੇ ਵਾਪਸੀ ਦੀ ਟਿਕਟ ਲੋੜੀਂਦੀ ਹੁੰਦੀ ਹੈ।
ਐਪਲੀਕੇਸ਼ਨ ਦੀ ਫੀਸ – ਇਮੀਗ੍ਰੇਸ਼ਨ ਅਫ਼ਸਰ ਨੂੰ ਸਾਰੇ ਦਸਤਾਵੇਜ਼ ਦੇਵੋ। ਜੇਕਰ ਕੋਈ ਹੋਰ ਫਾਰਮ ਲੋੜੀਂਦਾ ਹੈ ਤਾਂ ਉਸ ਨੂੰ ਭਰੋ। ਲੋਕਲ ਕਰੰਸੀ ਜਾਂ ਜਿਹੜੀ ਹੋਰ ਕਰੰਸੀ ਵੈਲਿਡ ਹੈ, ਉਸ ਵਿੱਚ ਵੀਜ਼ਾ ਫੀਸ ਭਰੋ। ਜੇਕਰ ਤੁਹਾਡੇ ਸਾਰੇ ਦਸਤਾਵੇਜ਼ ਠੀਕ ਹਨ ਤਾਂ ਇਮੀਗ੍ਰੇਸ਼ਨ ਅਫ਼ਸਰ ਵੀਜ਼ਾ ਪ੍ਰੋਸੈਸ ਕਰਕੇ ਵੀਜ਼ਾ ਦੇ ਦਿੰਦਾ ਹੈ ਅਤੇ ਤੁਹਾਡੇ ਪਾਸਪੋਰਟ ਉੱਤੇ ਸਟੈਂਪ ਕਰ ਦਿੰਦਾ ਹੈ।
ਕੀ ਵੀਜ਼ਾ ਆਨ ਅਰਾਈਵਲ ਸੁਖਾਲਾ ਹੈ
ਸੀ ਵੇਅ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਵੀਜ਼ਾ ਆਨ ਅਰਾਈਵਲ ਇੱਕ ਚੰਗੀ ਸੁਵਿਧਾ ਹੈ ਪਰ ਕੋਸ਼ਿਸ਼ ਕਰੋ ਕਿ ਜੇਕਰ ਮੁਮਕਿਨ ਹੈ ਤਾਂ ਤੁਸੀਂ ਆਪਣਾ ਵੀਜ਼ਾ ਪਹਿਲਾਂ ਹੀ ਲਵਾ ਕੇ ਜਾਵੋ।
ਕਈ ਵਾਰ ਤੁਹਾਡੇ ਦਸਤਾਵੇਜ਼ਾਂ ਵਿੱਚ ਕੋਈ ਗੜਬੜ ਆ ਜਾਵੇ ਤਾਂ ਤੁਹਾਡਾ ਵੀਜ਼ਾ ਰਿਜੈਕਟ ਕਰਕੇ ਤੁਹਾਨੂੰ ਵਾਪਸ ਵੀ ਭੇਜਿਆ ਜਾ ਸਕਦਾ ਹੈ। ਅਜਿਹੇ ਅਨਿਸ਼ਚਿਤਾ ਤੋਂ ਬਚਣ ਲਈ ਪਹਿਲਾਂ ਵੀਜ਼ਾ ਲਗਾਉਣਾ ਬਿਹਤਰ ਹੈ।
ਗੁਰਪ੍ਰੀਤ ਸਿੰਘ ਕਹਿੰਦੇ ਹਨ ਇਹ ਦੇਸ ਆਪਣੇ ਨਿਯਮ ਅਤੇ ਫੀਸ ਕਾਫੀ ਜਲਦੀ ਬਦਲ ਲੈਂਦੇ ਹਨ। ਇਸ ਲਈ ਬਹੁਤ ਜ਼ਰੂਰੀ ਹੈ ਕਿ ਨਿਯਮਾਂ ਦੀ ਪੂਰੀ ਜਾਣਕਾਰੀ ਪੜ੍ਹ ਕੇ ਜਾਵੋ। ਵੀਜ਼ਾ ਦੀ ਮਿਆਦ ਵਧਣ ਦੀ ਗਾਰੰਟੀ ਕਾਫੀ ਘੱਟ ਹੁੰਦੀ ਹੈ, ਇਸ ਲਈ ਸਹੀ ਪਲਾਨਿੰਗ ਦੀ ਜ਼ਰੂਰਤ ਹੈ।
ਸਭ ਤੋਂ ਤਾਕਤਵਰ ਪਾਸਪੋਰਟ ਕਿਸ ਨੂੰ ਕਿਹਾ ਜਾਂਦਾ ਹੈ
ਲੰਡਨ ਦੀ ਫਰਮ ਹੇਨਲੇ ਐਂਡ ਪਾਰਟਨਰਜ਼ ਹਰ ਸਾਲ ਸਭ ਤੋਂ ਵੱਧ ਤਾਕਤਵਾਰ ਪਾਸਪੋਰਟ ਦੀ ਲਿਸਟ ਜਾਰੀ ਕਰਦੀ ਹੈ। ਉਸ ਦੇਸ ਦਾ ਪਾਸਪੋਰਟ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ, ਜਿਸ ਦੇਸ ਦੇ ਪਾਸਪੋਰਟ ਹੋਲਡਰਜ਼ ਕੋਲ ਸਭ ਤੋਂ ਵੱਧ ਮੁਲਕਾਂ ਵਿੱਚ ਬਿਨਾਂ ਵੀਜ਼ਾ ਜਾਣ ਦੀ ਸਹੂਲਤ ਹੁੰਦੀ ਹੈ।
ਇਹ ਰੈਂਕਿੰਗ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਅਥਾਰਿਟੀ ਵੱਲੋਂ ਦਿੱਤੇ ਗਏ ਅੰਕੜਿਆਂ ਅਤੇ ਹੇਨਲੇ ਐਂਡ ਪਾਰਟਨਰਜ਼ ਵੱਲ਼ੋਂ ਕੀਤੀ ਰਿਸਰਚ ਅਤੇ ਓਪਨ ਸੋਰਸ ਆਨਲਾਈਨ ਡੇਟਾ ਉੱਤੇ ਆਧਾਰਿਤ ਹੈ।
ਸਾਲ 2024 ਦੀ ਲਿਸਟ ਵਿੱਚ ਸਿੰਗਾਪੁਰ ਦਾ ਪਾਸਪੋਸਟ ਸਭ ਤੋਂ ਵੱਧ ਤਾਕਤਵਰ ਹੈ। ਇਸ ਨਾਲ 195 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕੀਤੀ ਜਾ ਸਕਦੀ ਹੈ।
ਇਸ ਤੋਂ ਬਾਅਦ 5 ਦੇਸ਼ ਫਰਾਂਸ, ਜਰਮਨੀ, ਇਟਲੀ, ਜਾਪਾਨ, ਸਪੇਨ ਦੂਜੇ ਨੰਬਰ ਉੱਤੇ ਹਨ। ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਹੋਲਡਰਜ਼ 192 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ।
ਗੱਲ ਭਾਰਤ ਦੀ ਕਰੀਏ ਤਾਂ ਭਾਰਤ ਇਸ ਲਿਸਟ ’ਚ ਇਸ ਵਾਰ 83ਵਾਂ ਰੈਂਕ ’ਤੇ ਹੈ। ਇਸ ਲਿਸਟ ਮੁਤਾਬਕ, ਭਾਰਤੀ ਪਾਸਪੋਰਟ ਹੋਲਡਰ 58 ਦੇਸਾਂ ’ਚ ਬਿਨਾਂ ਵੀਜ਼ਾ ਤੋਂ ਯਾਤਰਾ ਕਰ ਸਕਦੇ ਹਨ।
ਰੈਂਕ ਬਿਹਤਰ ਹੋਣ ਦਾ ਮਤਲਬ ਹੈ ਕਿ ਤੁਹਾਡੇ ਦੇਸ ਦੇ ਪਾਸਪੋਰਟ ਹੋਲਡਰ ਜ਼ਿਆਦਾ ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ।
ਯੁਏਈ ਨੇ ਦਿੱਤੀ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ
ਸੰਯੁਕਤ ਅਰਬ ਅਮੀਰਾਤ ਯਾਨੀ ਯੁਏਈ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਯਾਨੀ ਜੇਕਰ ਤੁਹਾਡੇ ਕੋਲ ਯੋਗ ਪਾਸਪੋਰਟ ਹੈ ਤਾਂ ਤੁਸੀਂ ਯੂਏਈ ਦੇ ਕਿਸੀ ਵੀ ਐਂਟਰੀ ਪੁਆਇਂਟ ਤੇ ਪਹੁੰਚ ਕੇ ਇਹ ਵੀਜ਼ਾ ਲੈ ਸਕਦੇ ਹੋ।
ਯੁਏਈ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ, ਇਸ ਸੁਵਿਧਾ ਦੇ ਤਹਿਤ ਭਾਰਤੀ ਯਾਤਰੀਆਂ ਕੋਲ ਦੋ ਵਿਕਲਪ ਹੋਣਗੇ – 14 ਦਿਨਾਂ ਦਾ ਵੀਜ਼ਾ ਜਿਸਨੂੰ ਹੋਰ 14 ਦਿਨਾਂ ਲਈ ਵਧਾਇਆ ਜਾ ਸਕਦਾ ਹੈ, ਜਾਂ ਫਿਰ 60 ਦਿਨਾਂ ਦਾ ਵੀਜ਼ਾ, ਜਿਸ ਨੂੰ ਵਧਾਇਆ ਨਹੀਂ ਜਾ ਸਕਦਾ।
ਹਾਲਾਂਕਿ ਇਹ ਯੋਗਤਾ ਸਿਰਫ਼ ਉਨ੍ਹਾਂ ਭਾਰਤੀ ਨਾਗਰਿਕਾਂ ਲਈ ਹੈ, ਜਿਨ੍ਹਾਂ ਕੋਲ ਅਮਰੀਕਾ, ਬ੍ਰਿਟੇਨ ਜਾਂ ਕਿਸੇ ਯੁਰਪੀ ਸੰਘ ਦੇ ਦੇਸਾਂ ਦਾ ਪੀਆਰ ਕਾਰਡ, ਗ੍ਰੀਨ ਕਾਰਡ ਜਾਂ ਵੈਲਿਡ ਵੀਜ਼ਾ ਹੈ।
ਤੁਹਾਡਾ ਪਾਸਪੋਰਟ ਯੁਏਈ ਵਿੱਚ ਐਂਟਰੀ ਦੀ ਤਾਰੀਖ਼ ਤੋਂ ਘੱਟੋ-ਘੱਟ 6 ਮਹੀਨਿਆਂ ਲਈ ਵੈਲਿਡ ਹੋਣਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ