ਵਿਸ਼ਵ ਸਿਕਲ ਸੈੱਲ ਦਿਵਸ: ਉਹ ਬਿਮਾਰੀ ਜਿਸ ਕਰਕੇ ਵਾਰ-ਵਾਰ ਖ਼ੂਨ ਚੜ੍ਹਾਉਣਾ ਪੈਂਦਾ ਹੈ

ਸਿਕਲ
ਤਸਵੀਰ ਕੈਪਸ਼ਨ, ਸਵਾਤੀ ਦੇ ਪਰਿਵਾਰ ਵਿੱਚ ਪੰਜ ਮੈਂਬਰ ਹਨ ਅਤੇ ਸਾਰਿਆਂ ਨੂੰ ਸਿਕਲ ਸੈੱਲ ਅਨੀਮੀਆ ਹੈ।
    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਖੂਨ ਦੀ ਕਮੀ ਜਾਂ ਅਨੀਮੀਆ ਦੇ ਕਾਰਨ ਹੋਣ ਵਾਲੀ ਥਕਾਵਟ, ਚਿੜਚਿੜਾਪਣ ਆਦਿ ਸਮੱਸਿਆਵਾਂ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਖੂਨ ਨਾਲ ਹੀ ਸਬੰਧਿਤ ਸਿਕਲ ਸੈੱਲ ਅਨੀਮੀਆ ਜਾਂ ਬਿਮਾਰੀ ਬਾਰੇ ਜਾਣਦੇ ਹੋ?

ਦਰਅਸਲ, ਸਿਕਲ ਸੈੱਲ ਅਨੀਮੀਆ ਇੱਕ ਵੰਸ਼ਿਕ ਬਿਮਾਰੀ ਹੁੰਦੀ ਹੈ। ਹਰ ਸਾਲ 19 ਜੂਨ ਨੂੰ ਵਿਸ਼ਵ ਸਿਕਲ ਸੈੱਲ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ।

22 ਸਾਲ ਦੀ ਸਵਾਤੀ ਇਸ ਬਿਮਾਰੀ ਤੋਂ ਹੀ ਪੀੜਤ ਹੈ।

ਗੁਜਰਾਤ ਦੇ ਤਾਪੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਸਵਾਤੀ ਦੇ ਪਰਿਵਾਰ ਦੇ ਸਾਰੇ ਮੈਂਬਰ ਸਿਕਲ ਸੈੱਲ ਬਿਮਾਰੀ ਤੋਂ ਪੀੜਤ ਹਨ।

ਉਹ ਬੀਬੀਸੀ ਨਾਲ ਗੱਲਬਾਤ ਵਿੱਚ ਕਹਿੰਦੇ ਹਨ ਕਿ ਮੇਰੇ ਪਰਿਵਾਰ ਦੇ ਸਾਰੇ ਪੰਜ ਮੈਂਬਰਾਂ ਨੂੰ ਇਹ ਬਿਮਾਰੀ ਹੈ ਅਤੇ ਉਨ੍ਹਾਂ ਨੂੰ ਸੱਤਵੀਂ ਜਾਂ ਅੱਠਵੀਂ ਕਲਾਸ ਵਿੱਚ ਇਹ ਪਤਾ ਲੱਗਿਆ ਕਿ ਉਨ੍ਹਾਂ ਨੂੰ ਸਿਕਲ ਸੈੱਲ ਬਿਮਾਰੀ ਹੈ।

ਉਨ੍ਹਾਂ ਅਨੁਸਾਰ, ‘‘ਜਦੋਂ ਮੈਂ ਛੋਟੀ ਸੀ ਤਾਂ ਮੇਰੇ ਹੱਥਾਂ-ਪੈਰਾਂ ਵਿੱਚ ਦਰਦ ਹੁੰਦਾ ਸੀ ਅਤੇ ਸਾਲ ਵਿੱਚ ਇੱਕ ਵਾਰ ਹਸਪਤਾਲ ਵਿੱਚ ਭਰਤੀ ਹੋਣਾ ਪੈਂਦਾ ਸੀ ਅਤੇ ਖੂਨ ਚੜ੍ਹਾਉਣਾ ਪੈਂਦਾ ਸੀ।’’

‘‘ਮੇਰੀ ਦੋ ਸਾਲ ਤੋਂ ਦਵਾਈ ਚੱਲ ਰਹੀ ਹੈ ਜਿਸ ਦੀ ਵਜ੍ਹਾ ਨਾਲ ਹੁਣ ਮੈਨੂੰ ਹਸਪਤਾਲ ਵਿੱਚ ਭਰਤੀ ਨਹੀਂ ਹੋਣਾ ਪਿਆ ਹੈ।’’

ਸਵਾਤੀ ਦੇ ਪਿਤਾ ਵਿਜੇ ਗਾਮਿਤ ਇਸ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ ਕਿ ਇਸ ਬਿਮਾਰੀ ਦੀ ਵਜ੍ਹਾ ਨਾਲ ਉਨ੍ਹਾਂ ’ਤੇ ਆਰਥਿਕ ਬੋਝ ਪੈ ਰਿਹਾ ਹੈ ਅਤੇ ਕਈ ਬਾਰ ਰਿਸ਼ਤੇਦਾਰਾਂ ਦੇ ਸਾਹਮਣੇ ਇਲਾਜ ਲਈ ਹੱਥ ਵੀ ਫੈਲਾਉਣਾ ਪੈਂਦਾ ਹੈ ਜਿਸ ਦੀ ਵਜ੍ਹਾ ਨਾਲ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ।

ਸਿਕਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਬਿਮਾਰੀ ਲਾਲ ਖੂਨ ਸੈੱਲਾਂ ਵਿੱਚ ਮੌਜੂਦ ਹੀਮੋਗਲੋਬਿਨ ’ਤੇ ਪ੍ਰਭਾਵ ਪਾਉਂਦੀ ਹੈ ਜੋ ਸਰੀਰ ਵਿੱਚ ਆਕਸੀਜਨ ਲੈ ਜਾਣ ਦਾ ਕੰਮ ਕਰਦਾ ਹੈ।

ਕਿੰਨਾਂ ਲੋਕਾਂ ਵਿੱਚ ਜਿਆਦਾ ਪਾਈ ਜਾਂਦੀ ਹੈ?

ਸਵਾਤੀ ਗੁਜਰਾਤ ਦੇ ਜਿਸ ਇਲਾਕੇ ਵਿੱਚ ਰਹਿੰਦੀ ਹੈ ਉਹ ਆਦਿਵਾਸੀ ਬਹੁਤਾਤ ਵਾਲਾ ਜ਼ਿਲ੍ਹਾ ਹੈ।

ਭਾਰਤ ਦੇ ਜਨਜਾਤੀ ਕਾਰਜ ਮੰਤਰਾਲੇ ਦੇ ਮੁਤਾਬਿਕ ਇਹ ਬਿਮਾਰੀ ਆਦਿਵਾਸੀ ਆਬਾਦੀ ਵਿੱਚ ਜ਼ਿਆਦਾ ਪਾਈ ਜਾਂਦੀ ਹੈ। ਨਾਲ ਹੀ ਅਨੁਸੂਚਿਤ ਜਨਜਾਤੀ ਵਿੱਚ 86 ਵਿੱਚੋਂ ਇੱਕ ਨੂੰ ਜਨਮ ਤੋਂ ਹੀ ਸਿਕਲ ਸੈੱਲ ਬਿਮਾਰੀ ਹੁੰਦੀ ਹੈ।

ਇਹ ਬਿਮਾਰੀ ਲਾਲ ਖੂਨ ਸੈੱਲਾਂ ਵਿੱਚ ਮੌਜੂਦ ਹੀਮੋਗਲੋਬਿਨ ’ਤੇ ਪ੍ਰਭਾਵ ਪਾਉਂਦੀ ਹੈ ਜੋ ਸਰੀਰ ਵਿੱਚ ਆਕਸੀਜਨ ਲੈ ਜਾਣ ਦਾ ਕੰਮ ਕਰਦਾ ਹੈ।

ਪਰ ਇਸ ਦੇ ਸਹੀ ਨਾਲ ਕੰਮ ਨਾ ਕਰਨ ’ਤੇ ਬਿਮਾਰੀਆਂ ਹੋਣ ਅਤੇ ਮੌਤ ਹੋਣ ਦਾ ਡਰ ਵਧ ਜਾਂਦਾ ਹੈ।

ਇਸ ਬਿਮਾਰੀ ਦੇ ਬਾਰੇ ਹੇਮਾਟੋਲੋਜਿਸਟ ਡਾ. ਭਾਰਗਵ ਕਹਿੰਦੇ ਹਨ ਕਿ ਹਰ ਵਿਅਕਤੀ ਦੇ ਖੂਨ ਵਿੱਚ ਲਾਲ ਖੂਨ ਸੈੱਲ ਹੁੰਦੇ ਹਨ ਜੋ ਆਕਾਰ ਵਿੱਚ ਗੋਲ, ਲਚਕੀਲੇ ਅਤੇ ਨਰਮ ਹੁੰਦੇ ਹਨ।

ਸਿਕਲ

ਸਿਕਲ ਸੈੱਲ ਅਨੀਮੀਆ ਬਾਰੇ ਖਾਸ ਗੱਲਾਂ:

  • ਹਰ ਸਾਲ 19 ਜੂਨ ਨੂੰ ਵਿਸ਼ਵ ਸਿਕਲ ਸੈੱਲ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ।
  • ਇਹ ਬਿਮਾਰੀ ਆਦਿਵਾਸੀ ਆਬਾਦੀ ਵਿੱਚ ਜ਼ਿਆਦਾ ਪਾਈ ਜਾਂਦੀ ਹੈ।
  • ਇਹ ਬਿਮਾਰੀ ਸਿਰਫ ਆਦਿਵਾਸੀਆਂ ਤੱਕ ਸੀਮਤ ਨਹੀਂ ਰਹੀ।
  • ਨਾਈਜੀਰੀਆ ਅਤੇ ਕਾਂਗੋ ਦੇ ਬਾਅਦ ਭਾਰਤ ਤੀਜਾ ਅਜਿਹਾ ਦੇਸ਼ ਹੈ ਜਿੱਥੇ ਬਿਮਾਰੀ ਪਾਈ ਜਾਂਦੀ ਹੈ।
ਸਿਕਲ

ਪਰ ਜਦੋਂ ਇਹ ਬਿਮਾਰੀ ਹੁੰਦੀ ਹੈ ਤਾਂ ਉਹ ਅੰਗਰੇਜ਼ੀ ਦੇ ਅੱਖਰ ਸੀ (ਸਿਕਲ ਜਾਂ ਦਾਤੀ) ਦਾ ਆਕਾਰ ਲੈ ਲੈਂਦੀ ਹੈ ਅਤੇ ਉਹ ਧਮਣੀਆਂ ਵਿੱਚ ਰੁਕਾਵਟ ਪੈਦਾ ਕਰਦੀ ਹੈ।

ਉਹ ਸਮਝਾਉਂਦੇ ਹੋਏ ਦੱਸਦੇ ਹਨ, ‘‘ਇਸ ਦੇ ਬਾਅਦ ਸਿਕਲ ਸੈੱਲ ਖਤਮ ਹੋਣ ਲੱਗਦੇ ਹਨ ਜਿਸ ਨਾਲ ਲਾਲ ਖੂਨ ਸੈੱਲ ਘੱਟ ਹੋਣ ਲੱਗਦੇ ਹਨ ਅਤੇ ਉਸ ਦਾ ਅਸਰ ਸਰੀਰ ਨੂੰ ਮਿਲਣ ਵਾਲੀ ਆਕਸੀਜਨ ’ਤੇ ਪੈਂਦਾ ਹੈ।’’

‘‘ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਹੁੰਦੀਆਂ ਹਨ।’’

ਡਾ ਰਾਹੁਲ ਭਾਰਗਵ
ਤਸਵੀਰ ਕੈਪਸ਼ਨ, ਡਾ ਰਾਹੁਲ ਭਾਰਗਵ

ਸਿਕਲ ਸੈੱਲ ਬਿਮਾਰੀ ਨਾਲ ਹੋਣ ਵਾਲੀਆਂ ਸਮੱਸਿਆਵਾਂ

  • ਖੂਨ ਦੀ ਕਮੀ (ਅਨੀਮੀਆ)
  • ਫੇਫੜਿਆਂ, ਦਿਲ, ਅੱਖਾਂ, ਹੱਡੀਆਂ ਅਤੇ ਦਿਮਾਗ਼ ’ਤੇ ਪ੍ਰਭਾਵ ਸਰੀਰ ਦਾ ਪੂਰਾ ਵਿਕਾਸ ਨਾ ਹੋਣਾ ਛਾਤੀ ਵਿੱਚ ਇਨਫੈਕਸ਼ਨ ਜੋੜਾਂ ਵਿੱਚ ਦਰਦ ਬਾਰ-ਬਾਰ ਬੁਖਾਰ ਹੋਣਾ

ਆਦਿਵਾਸੀ ਬਹੁਤਾਤ ਵਾਲੇ ਇਲਾਕਿਆਂ ਵਿੱਚ ਬਿਮਾਰੀ ਦੇ ਕਾਰਨ

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਨਾਈਜੀਰੀਆ ਅਤੇ ਕਾਂਗੋ ਦੇ ਬਾਅਦ ਭਾਰਤ ਤੀਜਾ ਅਜਿਹਾ ਦੇਸ਼ ਹੈ ਜਿੱਥੇ ਸਿਕਲ ਸੈੱਲ ਅਨੀਮੀਆ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ।

ਉੱਥੇ ਹੀ ਭਾਰਤ ਦੇ ਆਦਿਵਾਸੀ ਬਹੁਤਾਤ ਵਾਲੇ ਇਲਾਕਿਆਂ ਵਿੱਚ ਜ਼ਿਆਦਾ ਲੋਕ ਇਸ ਬਿਮਾਰੀ ਤੋਂ ਪੀੜਤ ਹੁੰਦੇ ਹਨ।

ਸਾਲ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ ਭਾਰਤ ਦੀ ਆਬਾਦੀ ਵਿੱਚ 8.6 ਪ੍ਰਤੀਸ਼ਤ ਹਿੱਸਾ ਆਦਿਵਾਸੀਆਂ ਦਾ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਆਦਿਵਾਸੀਆਂ ਦੀ ਸਿਹਤ ’ਤੇ ਬਣਾਈ ਗਈ ਵਿਸ਼ੇਸ਼ ਕਮੇਟੀ ਨੇ ਦਸ ਵਿਸ਼ੇਸ਼ ਬਿਮਾਰੀਆਂ ਦੀ ਸੂਚੀ ਵਿੱਚ ਸਿਕਲ ਸੈੱਲ ਨੂੰ ਵੀ ਸ਼ਾਮਲ ਕੀਤਾ ਹੈ।

ਡਾਕਟਰ ਅਤੁਲ ਦੇਸਾਈ

ਤਸਵੀਰ ਸਰੋਤ, ATUL DESAI

ਤਸਵੀਰ ਕੈਪਸ਼ਨ, ਡਾਕਟਰ ਅਤੁਲ ਦੇਸਾਈ

ਖੋਜ ਵਿੱਚ ਵੀ ਪਾਇਆ ਗਿਆ ਹੈ ਕਿ ਸਿਕਲ ਸੈੱਲ ਅਨੀਮੀਆ ਦੇ ਮਾਮਲੇ ਉਨ੍ਹਾਂ ਰਿਹਾਇਸ਼ੀ ਇਲਾਕਿਆਂ ਵਿੱਚ ਜ਼ਿਆਦਾ ਹਨ ਜਿੱਥੇ ਮਲੇਰੀਆ ਦੀ ਸਮੱਸਿਆ ਰਹੀ ਹੈ।

ਡਾ. ਅਤੁਲ ਦੇਸਾਈ ਕਹਿੰਦੇ ਹਨ, ‘‘ਸਾਧਾਰਨ ਸ਼ਬਦਾਂ ਵਿੱਚ ਜੇਕਰ ਸਮਝੀਏ ਤਾਂ ਮੈਡੀਕਲ ਖੋਜਾਂ ਇਹ ਦੱਸਦੀਆਂ ਹਨ ਕਿ ਹਜ਼ਾਰਾਂ ਸਾਲ ਪਹਿਲਾਂ ਜੋ ਲੋਕ ਜੰਗਲ ਦੇ ਇਲਾਕਿਆਂ ਵਿੱਚ ਰਹਿੰਦੇ ਸਨ, ਉਨ੍ਹਾਂ ਵਿੱਚ ਮਲੇਰੀਆ ਦੇ ਮਾਮਲੇ ਜ਼ਿਆਦਾ ਹੁੰਦੇ ਸਨ।’’

‘‘ਪਰ ਵਾਰ-ਵਾਰ ਮਲੇਰੀਆ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੀ ਇਸ ਬਿਮਾਰੀ ਖਿਲਾਫ਼ ਪ੍ਰਤੀਰੋਧਕ ਸਮਰੱਥਾ ਵੀ ਵਿਕਸਤ ਹੋਈ।’’

‘‘ਇਸ ਨਾਲ ਜੈਨੇਟਿਕ ਪੱਧਰ 'ਤੇ ਰਸਾਇਣਕ ਤਬਦੀਲੀਆਂ ਹੋਈਆਂ, ਜਿਸ ਨਾਲ ਸਰੀਰ ਵਿੱਚ ਨੁਕਸ ਪੈ ਗਏ ਅਤੇ ਸਰੀਰ ਵਿੱਚ ਸਿਕਲ ਸੈੱਲ ਬਣਨੇ ਸ਼ੁਰੂ ਹੋ ਗਏ।’’

ਆਦਿਵਾਸੀਆਂ ਤੱਕ ਸੀਮਤ ਨਹੀਂ ਰਹੀ ਬਿਮਾਰੀ

ਪਿਛਲੇ 32 ਸਾਲ ਤੋਂ ਤਾਪੀ ਜ਼ਿਲ੍ਹੇ ਵਿੱਚ ਆਦਿਵਾਸੀਆਂ ਵਿੱਚ ਸਿਕਲ ਸੈੱਲ ਅਨੀਮੀਆ ਅਤੇ ਉਨ੍ਹਾਂ ਦੇ ਪੋਸ਼ਣ ’ਤੇ ਕੰਮ ਕਰ ਰਹੇ ਆਯੁਰਵੇਦ ਦੇ ਡਾ. ਅਤੁਲ ਦੇਸਾਈ ਕਹਿੰਦੇ ਹਨ ਕਿ ਹਾਲਾਂਕਿ ਹੁਣ ਇਹ ਬਿਮਾਰੀ ਸਿਰਫ਼ ਆਦਿਵਾਸੀਆਂ ਤੱਕ ਹੀ ਸੀਮਤ ਨਹੀਂ ਹੈ।

ਫੋਰਟਿਸ ਹਸਪਤਾਲ ਵਿੱਚ ਹੇਮਾਟੋਲੋਜਿਸਟ ਡਾ. ਰਾਹੁਲ ਭਾਰਗਵ ਆਦਿਵਾਸੀਆਂ ਵਿੱਚ ਸਿਕਲ ਸੈੱਲ ਬਿਮਾਰੀ ਦੇ ਜ਼ਿਆਦਾ ਮਾਮਲੇ ਹੋਣ ਦਾ ਇੱਕ ਹੋਰ ਕਾਰਨ ਦੱਸਦੇ ਹਨ।

ਉਨ੍ਹਾਂ ਅਨੁਸਾਰ, ‘‘ਆਦਿਵਾਸੀ ਸਮੁਦਾਏ ਆਪਸ ਵਿੱਚ ਹੀ ਵਿਆਹ ਕਰ ਲੈਂਦੇ ਹਨ, ਅਜਿਹੇ ਵਿੱਚ ਉਹੀ ਜੀਨ ਜੇਕਰ ਮਾਂ ਜਾਂ ਪਿਤਾ ਦੋਵਾਂ ਵਿੱਚ ਸਿਕਲ ਸੈੱਟ ਟਰੇਟ (ਲੱਛਣ) ਜਾਂ ਬਿਮਾਰੀ ਹੋਵੇ ਤਾਂ ਉਹ ਬੱਚੇ ਵਿੱਚ ਟਰਾਂਸਫਰ ਹੋ ਜਾਂਦੀ ਹੈ। ਯਾਨੀ ਜੀਨ ਦਾ ਪੂਲ ਉੱਥੇ ਹੀ ਘੁੰਮਦਾ ਰਹਿੰਦਾ ਹੈ।’’

ਨਾਲ ਹੀ ਉਹ ਕਹਿੰਦੇ ਹਨ, ‘‘ਹੁਣ ਲੋਕ ਨੌਕਰੀ ਦੀ ਤਲਾਸ਼ ਵਿੱਚ ਇੱਕ ਰਾਜ ਤੋਂ ਦੂਜੇ ਰਾਜਾਂ ਵਿੱਚ ਵੀ ਜਾਂਦੇ ਹਨ। ਅਜਿਹੇ ਵਿੱਚ ਆਬਾਦੀ ਦਾ ਪਰਵਾਸ ਹੋ ਰਿਹਾ ਹੈ ਅਤੇ ਜਦੋਂ ਇਸ ਤਰ੍ਹਾਂ ਹੀ ਅੰਤਰਰਾਜੀ ਵਿਆਹ ਹੋਣਗੇ ਤਾਂ ਦੋ ਲੋਕਾਂ ਦੇ ਜੀਨ ਦਾ ਵੀ ਪਰਵਾਸ ਹੋਵੇਗਾ।’’

‘‘ਅਜਿਹੇ ਵਿੱਚ ਇਹ ਹੁਣ ਆਦਿਵਾਸੀਆਂ ਦੀ ਹੀ ਦਿੱਕਤ ਨਹੀਂ ਬਲਕਿ ਸ਼ਹਿਰੀ ਲੋਕਾਂ ਵਿੱਚ ਵੀ ਸਿਕਲ ਸੈੱਲ ਅਨੀਮੀਆ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਸਰਕਾਰ ਦਾ ਮਿਸ਼ਨ

ਇਸ ਸਾਲ (2023-24) ਦੇ ਬਜਟ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਸਰਕਾਰ ਸਾਲ 2047 ਤੱਕ ਸਿਕਲ ਸੈੱਲ ਅਨੀਮੀਆ ਨੂੰ ਖ਼ਤਮ ਕਰਨ ਲਈ ਇੱਕ ਮਿਸ਼ਨ ਤਹਿਤ ਕੰਮ ਕਰੇਗੀ।

ਦੂਜੇ ਪਾਸੇ ਨੈਸ਼ਨਲ ਸਿਕਲ ਸੈੱਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਤਹਿਤ ਲੋਕਾਂ ਵਿਚਕਾਰ ਸਿਕਲ ਸੈੱਲ ਬਿਮਾਰੀ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਵੱਡੇ ਪੱਧਰ ’ਤੇ ਇਸ ਦੀ ਸਕਰੀਨਿੰਗ ਕਰਾਉਣ ਦੀ ਗੱਲ ਵੀ ਮਿਸ਼ਨ ਵਿੱਚ ਕਹੀ ਗਈ ਹੈ।

ਡਾਕਟਰ ਇਹ ਸਲਾਹ ਦਿੰਦੇ ਹਨ ਕਿ ਜਿਵੇਂ ਵਿਆਹ ਤੋਂ ਪਹਿਲਾਂ ਜਨਮ ਪੱਤਰੀ ਮਿਲਾਈ ਜਾਂਦੀ ਹੈ, ਉਸ ਤਰ੍ਹਾਂ ਹੀ ਬਲੱਡ ਪੱਤਰੀ ਬਣਵਾ ਲਈ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਮਹਿਲਾ ਜਾਂ ਪੁਰਸ਼ ਵਿੱਚੋਂ ਕਿਸ ਨੂੰ ਸਿਕਲ ਸੈੱਲ ਟਰੀਟ ਜਾਂ ਬਿਮਾਰੀ ਹੈ।

ਡਾ. ਰਾਹੁਲ ਭਾਰਗਵ ਕਹਿੰਦੇ ਹਨ, ‘‘ਵਿਆਹ ਦੇ ਬਾਅਦ ਮਹਿਲਾ ਗਰਭਵਤੀ ਹੁੰਦੀ ਹੈ ਤਾਂ 9-12 ਹਫ਼ਤੇ ਦੇ ਵਿਚਕਾਰ ਜਾਂਚ ਕਰਵਾ ਲੈਣੀ ਚਾਹੀਦੀ ਹੈ। ਜੇਕਰ ਜਾਂਚ ਵਿੱਚ ਆ ਜਾਂਦਾ ਹੈ ਕਿ ਮਹਿਲਾ ਵਿੱਚ ਸਿਕਲ ਸੈੱਲ ਟਰੀਟ ਹੈ ਤਾਂ ਪ੍ਰੈਗਨੈਂਸੀ ਵਿੱਚ ਕੋਈ ਦਿੱਕਤ ਨਹੀਂ ਹੈ, ਪਰ ਜੇਕਰ ਉਹ ਬਿਮਾਰੀ ਨਿਕਲਦੀ ਹੈ ਤਾਂ ਗਰਭਵਾਤ ਕਰਾਉਣਾ ਹੀ ਸਹੀ ਫੈਸਲਾ ਹੁੰਦਾ ਹੈ।’’

ਡਾਕਟਰ ਕਹਿੰਦੇ ਹਨ ਕਿ ਜੇਕਰ ਅਜਿਹੇ ਬੱਚੇ ਨੂੰ ਜਨਮ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ, ਇਸ ਲਈ ਗਰਭਪਾਤ ਹੀ ਕਰਵਾ ਲੈਣਾ ਚਾਹੀਦਾ ਹੈ।

ਸਿਕਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਕਲ ਸੈੱਲ ਬਿਮਾਰੀ ਤੋਂ ਪੀੜਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।

ਕਿਸ ਤਰ੍ਹਾਂ ਆਪਣਾ ਧਿਆਨ ਰੱਖੀਏ?

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅਨੁਸਾਰ ਜੋ ਲੋਕ ਸਿਕਲ ਸੈੱਲ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ (ਘੱਟ ਤੋਂ ਘੱਟ 10-15 ਗਲਾਸ) ਪੀਣਾ ਚਾਹੀਦਾ ਹੈ।

  • ਹਰ ਦਿਨ ਫੋਲਿਕ ਐਸਿਡ ਦੀ ਗੋਲੀ (5 ਮਿਲੀ ਗ੍ਰਾਮ) ਲੈਣੀ ਚਾਹੀਦੀ ਹੈ।
  • ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਬਚੋ ਸੰਤੁਲਿਤ ਭੋਜਨ ਲਓ ਉਲਟੀ-ਦਸਤ ਲੱਗਣ ’ਤੇ ਡਾਕਟਰ ਨਾਲ ਸੰਪਰਕ ਕਰੋ।
  • ਹਰ ਤਿੰਨ ਮਹੀਨੇ ਵਿੱਚ ਹੀਮੋਗਲੋਬਿਨ ਅਤੇ ਸਫ਼ੈਦ ਖੂਨ ਸੈੱਲਾਂ ਦੀ ਗਿਣਤੀ ਦੀ ਜਾਂਚ ਕਰਾਓ

(ਨੀਰਵ ਕੰਸਾਰਾ ਦੇ ਇਨਪੁਟ ਨਾਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)