ਸਿੱਖ 'ਵੱਖਵਾਦੀ' ਆਗੂ ਦੇ ਕਤਲ ਦੀ ਸਾਜ਼ਿਸ਼ ਵਿੱਚ ਨਿਖਿਲ ਗੁਪਤਾ ਦੇ ਵਕੀਲਾਂ ਨੇ ਅਦਾਲਤ 'ਚ ਕੀ ਕਿਹਾ

ਭਾਰਤੀ ਨਾਗਰਿਕ ਨਿਖਿਲ਼ ਗੁਪਤਾ ਨੂੰ ਚੈੱਕ ਰਿਪਬਲਿਕ ਦੀਆਂ ਏਜੰਸੀਆਂ ਨੇ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਸੋਮਵਾਰ ਮੈਨਹਟਨ ਦੀ ਸੰਘੀ ਅਦਾਲਤ ਵਿੱਚ ਸੁਣਵਾਈ ਹੋਈ, ਜਿਸ ਦੌਰਾਨ ਉਨ੍ਹਾਂ ਨੇ ਖ਼ੁਦ ਦੇ ਦੋਸ਼ੀ ਨਾ ਹੋਣ ਦੀ ਬੇਨਤੀ ਕੀਤੀ ਹੈ।

ਅਮਰੀਕਾ ਦੇ ਸੰਘੀ ਵਕੀਲਾਂ ਦਾ ਇਲਜ਼ਾਮ ਹੈ ਕਿ ਨਿਖਿਲ ਗੁਪਤਾ ਅਮਰੀਕੀ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿੱਚ ਸ਼ਾਮਲ ਸੀ।

ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਮੈਨਹਟਨ ਵਿੱਚ ਸੋਮਵਾਰ ਨੂੰ ਇੱਕ ਸੁਣਵਾਈ ਦੌਰਾਨ, ਯੂਐੱਸ ਮੈਜਿਸਟਰੇਟ ਜੱਜ ਜੇਮਸ ਕੌਟ ਨੇ 52 ਸਾਲਾ ਗੁਪਤਾ ਨੂੰ ਮਾਮਲੇ ਦੀ 28 ਜੂਨ ਨੂੰ ਅਗਲੀ ਸੁਣਵਾਈ ਤੱਕ ਨਜ਼ਰਬੰਦ ਰਹਿਣ ਦੇ ਹੁਕਮ ਦਿੱਤੇ ਹਨ।

ਗੁਪਤਾ ਦੇ ਬਚਾਅ ਪੱਖ ਦੇ ਵਕੀਲ ਜੈਫਰੀ ਚੈਬਰੋ ਨੇ ਕਿਹਾ ਕਿ ਅਦਾਲਤ ਨੂੰ ਕਿਸੇ ਵੀ ਨਤੀਜੇ 'ਤੇ ਪਹੁੰਚਣ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ।

ਚੈਬਰੋਏ ਨੇ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਇਹ ਸਾਡੇ ਦੋਵਾਂ ਦੇਸ਼ਾਂ ਲਈ ਇੱਕ ਗੁੰਝਲਦਾਰ ਮਾਮਲਾ ਹੈ।

"ਮਾਮਲੇ ਦੇ ਪਿਛੋਕੜ ਅਤੇ ਵੇਰਵਿਆਂ ਬਾਰੇ ਵਧੇਰੇ ਜਾਣਕਾਰੀ ਮਿਲੇਗੀ, ਜੋ ਸਰਕਾਰੀ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਵੀਂ ਪੜਚੋਲ ਵਿੱਚ ਪਾ ਸਕਦਾ ਹੈ।"

ਜ਼ਿਕਰਯੋਗ ਹੈ ਕਿ ਗੁਪਤਾ ਨੂੰ ਪਿਛਲੇ ਸਾਲ ਅਮਰੀਕਾ ਦੀ ਸਰਕਾਰ ਦੀ ਅਪੀਲ ਉੱਤੇ ਚੈੱਕ ਰਿਪਬਲਿਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਗੁਪਤਾ ਇਸ ਵੇਲੇ ਬਰੁਕਲਿਨ ਵਿੱਚ ਫੈਡਰਲ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਬੰਦ ਹਨ, ਜਿੱਥੇ ਉਹ ਇੱਕ ਕੈਦੀ ਵਜੋਂ ਸੂਚੀਬੱਧ ਹੈ। ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਹਵਾਲਗੀ ਦੀ ਖ਼ਬਰ ਦਿੱਤੀ ਸੀ।

ਅਖ਼ਬਾਰ ਨੇ ਲਿਖਿਆ ਸੀ, "ਚੈਕ ਗਣਰਾਜ 'ਚ ਹਿਰਾਸਤ ਵਿੱਚ ਲਏ ਗਏ ਨਿਖਿਲ ਗੁਪਤਾ ਨੂੰ ਨਿਊਯਾਰਕ ਲਿਆਂਦਾ ਗਿਆ ਹੈ, ਇਸ ਮਾਮਲੇ ਤੋਂ ਜਾਣੂ ਇਕ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਹੈ। ਆਮ ਤੌਰ 'ਤੇ ਹਵਾਲਗੀ ਕੀਤੇ ਗਏ ਮੁਲਜ਼ਮਾਂ ਨੂੰ ਦੇਸ ਵਿੱਚ ਆਉਣ ਦੇ ਇੱਕ ਦਿਨ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋਣਾ ਪੈਂਦਾ ਹੈ।"

ਦਰਅਸਲ, ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਅਮਰੀਕੀ ਅਦਾਲਤ 'ਚ ਦਾਇਰ ਇਲਜ਼ਾਮਾਂ 'ਚ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦੀ ਸੁਪਾਰੀ ਦੇਣ ਦੇ ਇਲਜ਼ਾਮ ਲਗਾਏ ਗਏ ਹਨ।

ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਨਿਖਿਲ ਗੁਪਤਾ ਨੇ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਇਕ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਅਮਰੀਕਾ ਵਿੱਚ ਇਕ ਹਿੱਟਮੈਨ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਇਕ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸੁਪਾਰੀ ਦਿੱਤੀ।

ਭਾਰਤ ਸਰਕਾਰ ਨੇ ਪੰਨੂ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ। ਪੰਨੂ ਜਨਤਕ ਤੌਰ 'ਤੇ ਵੱਖਰਾ ਖ਼ਾਲਿਸਤਾਨ ਦੇਸ਼ ਬਣਾਉਣ ਦੀ ਅਪੀਲ ਕਰਦੇ ਹਨ।

ਉਹ ਲਗਾਤਾਰ ਵੀਡੀਓ ਪਾ ਕੇ ਸਿੱਖਾਂ ਨੂੰ ਭਾਰਤ, ਖ਼ਾਸਕਰ ਪੰਜਾਬ ਵਿੱਚ ਭੜਕਾਊ ਗਤੀਵਿਧੀਆਂ ਲਈ ਉਕਸਾਉਂਦੇ ਰਹਿੰਦੇ ਹਨ।

ਅਮਰੀਕਾ ਦੀ ਬੇਨਤੀ 'ਤੇ ਅਤੇ ਇਸ ਮਾਮਲੇ ਦੇ ਸਬੰਧ 'ਚ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਅਦਾਲਤੀ ਕਾਰਵਾਈ ਤੋਂ ਬਾਅਦ ਗੁਪਤਾ ਨੂੰ ਅਮਰੀਕਾ ਹਵਾਲੇ ਕੀਤਾ ਗਿਆ ਹੈ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਪਿਛਲੇ ਮਹੀਨੇ, ਚੈੱਕ ਅਦਾਲਤ ਨੇ ਅਮਰੀਕਾ ਭੇਜੇ ਜਾਣ ਖ਼ਿਲਾਫ਼ ਨਿਖਿਲ ਗੁਪਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਨਾਲ ਚੈੱਕ ਨਿਆਂ ਮੰਤਰੀ ਲਈ ਉਨ੍ਹਾਂ ਦੀ ਹਵਾਲਗੀ ਕਰਨ ਦਾ ਰਸਤਾ ਸਾਫ਼ ਹੋ ਗਿਆ ਸੀ।

ਬਿਊਰੋ ਆਫ ਪ੍ਰਿਜ਼ਨਜ਼ ਦੀ ਵੈੱਬਸਾਈਟ 'ਤੇ ਨਾਮ ਨਾਲ ਕੈਦੀ ਦੀ ਖੋਜ ਨੇ ਐਤਵਾਰ ਨੂੰ ਦਿਖਾਇਆ ਕਿ 52 ਸਾਲਾ ਨਿਖਿਲ ਨੂੰ ਬਰੁਕਲਿਨ ਵਿੱਚ ਮੈਟਰੋਪੋਲੀਟਨ ਨਜ਼ਰਬੰਦੀ ਕੇਂਦਰ ਵਿੱਚ ਇੱਕ ਸੰਘੀ ਪ੍ਰਸ਼ਾਸਨਿਕ ਨਜ਼ਰਬੰਦੀ ਸਹੂਲਤ ਵਿੱਚ ਰੱਖਿਆ ਗਿਆ ਹੈ।

ਗੰਭੀਰ ਇਲਜ਼ਾਮ

ਇਲਜ਼ਾਮ ਮੁਤਾਬਕ ਮਈ 2023 ਵਿੱਚ ਭਾਰਤੀ ਅਧਿਕਾਰੀ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਵਿੱਚ ਕਤਲ ਕਰਵਾਉਣ ਦਾ ਟਾਸਕ ਦਿੱਤਾ ਸੀ।

ਅਦਾਲਤੀ ਦਸਤਾਵੇਜ਼ ਮੁਤਾਬਕ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ ਅਤੇ ਭਾਰਤ 'ਚ ਰਹਿੰਦਾ ਹੈ।

ਗੁਪਤਾ ਨੇ ਹਿੱਟਮੈਨ ਨਾਲ ਸੰਪਰਕ ਕਰਨ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਨੂੰ ਉਹ ਇੱਕ ਅਪਰਾਧਿਕ ਸਹਿਯੋਗੀ ਮੰਨ ਰਹੇ ਸਨ। ਦਰਅਸਲ ਇਹ ਵਿਅਕਤੀ ਅਮਰੀਕੀ ਖ਼ੁਫ਼ੀਆ ਏਜੰਸੀ ਦਾ ਭਰੋਸੇਯੋਗ ਸੂਤਰ ਸੀ।

ਅਮਰੀਕੀ ਖ਼ੁਫ਼ੀਆ ਏਜੰਸੀ ਦੇ ਇੱਕ ਭਰੋਸੇਮੰਦ ਸੂਤਰ ਨੇ ਗੁਪਤਾ ਦਾ ਸੰਪਰਕ ਅਮਰੀਕੀ ਏਜੰਸੀ ਦੇ ਇੱਕ ਅੰਡਰਕਵਰ ਏਜੰਟ ਨਾਲ ਸੰਪਰਕ ਕਰਾਇਆ।

ਗੁਪਤਾ ਅਤੇ ਅੰਡਰਕਵਰ ਏਜੰਟ ਵਿਚਕਾਰ ਇੱਕ ਲੱਖ ਅਮਰੀਕੀ ਡਾਲਰ ਦੇ ਬਦਲੇ ਕਤਲ ਕਰਨ ਦਾ ਸੌਦਾ ਹੋਇਆ।

ਨਿਖਿਲ ਗੁਪਤਾ ਨੇ ਆਪਣੇ ਇੱਕ ਸੰਪਰਕ ਰਾਹੀਂ ਨਿਊਯਾਰਕ ਦੇ ਮੈਨਹਟਨ ਵਿੱਚ ਅਮਰੀਕੀ ਏਜੰਟ ਤੱਕ ਪੰਦਰਾਂ ਹਜ਼ਾਰ ਅਮਰੀਕੀ ਡਾਲਰ ਪਹੁੰਚਾਏ।

ਇਹ ਕਤਲ ਦੇ ਕੰਮ ਲਈ ਪੇਸ਼ਗੀ ਦਿੱਤੀ ਗਈ ਸੀ। ਇਸ ਦੀ ਵੀਡੀਓ ਵੀ ਏਜੰਟ ਨੇ ਰਿਕਾਰਡ ਕੀਤੀ ਹੈ ਅਤੇ ਕੇਸ ਨਾਲ ਨੱਥੀ ਕਰ ਦਿੱਤੀ ਹੈ।

ਇਲਜ਼ਾਮਾਂ ਅਨੁਸਾਰ, ਇਸ ਕੰਮ ਨੂੰ ਨਿਰਦੇਸ਼ਤ ਕਰ ਰਹੇ ਭਾਰਤੀ ਅਧਿਕਾਰੀ ਨੇ ਜੂਨ 2023 ਵਿੱਚ ਟਾਰਗੈਟ ਬਾਰੇ ਵਿਅਰਤੀਗਤ ਜਾਣਕਾਰੀਆਂ ਗੁਪਤਾ ਨੇ ਅੱਗੇ ਅਮਰੀਕੀ ਏਜੰਟ ਨੂੰ ਦੇ ਦਿੱਤੀਆਂ।

ਇਨ੍ਹਾਂ ਵਿੱਚ ਟਾਰਗੈਟ ਵਿਅਕਤੀ ਦੀਆਂ ਤਸਵੀਰਾਂ ਅਤੇ ਘਰ ਦਾ ਪਤਾ ਵੀ ਸੀ।

ਇਲਜ਼ਾਮ ਮੁਤਾਬਕ ਅਮਰੀਕਾ ਦੀ ਬੇਨਤੀ 'ਤੇ ਅਤੇ ਇਸ ਮਾਮਲੇ ਦੇ ਸਬੰਧ 'ਚ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ।

ਨਿਖਿਲ ਦੇ ਪਰਿਵਾਰ ਦਾ ਦਾਅਵਾ

ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਪਿਛਲੇ ਸਾਲ ਸੁਪਰੀਮ ਵਿੱਚ ਪਾਈ ਗਈ ਪਟੀਸ਼ਨ ਵਿੱਚ ਪਰਿਵਾਰ ਦਾ ਦਾਅਵਾ ਹੈ ਕਿ ਉਸ ਨੂੰ ਬਿਨਾਂ ਕਿਸੇ ਗ੍ਰਿਫ਼ਤਾਰੀ ਵਾਰੰਟ ਦੇ "ਖੁਦ ਨੂੰ ਅਮਰੀਕੀ ਏਜੰਟ" ਦੱਸਣ ਵਾਲਿਆਂ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਕੇਸ ਦੀ ਨਿਰਪੱਖ ਸੁਣਵਾਈ ਨਹੀਂ ਹੋਈ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਜਿੱਥੇ ਉਸ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ।

ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਨਜ਼ਰਬੰਦੀ ਦੌਰਾਨ ਬੀਫ ਅਤੇ ਸੂਰ ਦਾ ਮਾਸ ਖਾਣ ਲਈ ਮਜਬੂਰ ਕੀਤਾ ਗਿਆ ਸੀ, ਜੋ ਕਿ ਉਸ ਦੇ ਧਰਮ ਦੇ ਵਿਰੁੱਧ ਹੈ। ਪਟੀਸ਼ਨ ਅਨੁਸਾਰ ਉਹ ਹਿੰਦੂ ਸ਼ਰਧਾ ਵਾਲਾ ਅਤੇ ਸ਼ਾਕਾਹਾਰੀ ਹੈ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਸਿਆਸੀ ਕਾਰਨਾਂ ਕਰਕੇ ਸਤਾਇਆ ਗਿਆ ਹੈ।

ਉਸ 'ਤੇ ਗਲਤ ਤਰੀਕੇ ਨਾਲ ਭਾਰਤ ਸਰਕਾਰ ਨਾਲ ਮਿਲ ਕੇ ਅਮਰੀਕਾ ਵਿਚ ਇਕ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਹਾਲਾਂਕਿ, ਉਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।

ਗੁਪਤਾ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਉਸ ਦੀ ਰਿਹਾਈ ਲਈ ਦਖਲ ਦੇਣ ਅਤੇ ਉਸ ਨਿਰਪੱਖ ਸੁਣਵਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਸ ਲਈ ਚੈੱਕ ਗਣਰਾਜ ਅਤੇ ਸੰਯੁਕਤ ਰਾਜ ਵਿੱਚ ਪ੍ਰਤੀਨਿਧਤਾ ਕਰਨ ਲਈ ਇੱਕ ਭਾਰਤੀ ਵਕੀਲ ਦੀ ਮੰਗ ਵੀ ਕੀਤੀ ਸੀ।

ਗੁਰਪਤਵੰਤ ਸਿੰਘ ਪੰਨੂ ਕੌਣ ਹਨ

ਪੇਸ਼ੇ ਤੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਪਰਿਵਾਰ ਦੇ ਵੱਡ-ਵਡੇਰੇ ਪਹਿਲਾਂ ਪੱਟੀ ਦੇ ਪਿੰਡ ਨੱਥੂਚੱਕ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਉਹ ਅੰਮ੍ਰਿਤਸਰ ਨੇੜੇ ਪੈਂਦੇ ਪਿੰਡ ਖਾਨਕੋਟ ਵਿਖੇ ਜਾ ਵਸੇ ਸਨ।

ਪੰਨੂ ਦਾ ਇੱਕ ਭਰਾ ਤੇ ਇੱਕ ਭੈਣ ਹਨ। ਉਨ੍ਹਾਂ ਦੀ ਸਾਰੀ ਪੜ੍ਹਾਈ ਭਾਰਤ ਵਿੱਚ ਹੀ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਹੋਈ ਹੈ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਭਾਰਤ ਵਿੱਚ ਹੀ ਕੀਤੀ ਹੈ। ਪੰਨੂ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਮਾਰਕੀਟਿੰਗ ਬੋਰਡ ਦੇ ਸਕੱਤਰ ਸਨ।

1990ਵਿਆਂ ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਕਾਲਜ ਦੇ ਸਮੇਂ ਤੋਂ ਹੀ ਉਹ ਸਟੂਡੈਂਟ ਐਕਟੀਵਿਸਟ ਬਣ ਗਏ ਸਨ ਅਤੇ ਸਟੂਡੈਂਟ ਪੌਲੀਟਿਕਸ ਵਿੱਚ ਐਕਟਿਵ ਹੋ ਗਏ ਸਨ।

ਨੱਬੇ ਦੇ ਦਹਾਕੇ ਵਿੱਚ ਪੰਨੂ ਉੱਤੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਸ਼ਹਿਰਾਂ ਵਿੱਚ ਸਥਿਤ ਥਾਣਿਆਂ ਵਿੱਚ ਇਰਾਦਤਨ ਕਤਲ ਅਤੇ ਕਤਲ ਕਰਨ ਦੇ ਕੇਸ ਦਰਜ ਕੀਤੇ ਗਏ।

ਸੂਤਰਾਂ ਮੁਤਾਬਕ ਗੁਰਪਤਵੰਤ ਪੰਨੂ ਦੇ ਉੱਪਰ ਕਈ ਕੇਸ ਦਰਜ ਹੋਏ ਸਨ, ਜਿਨ੍ਹਾਂ ਵਿੱਚ ਟਾਡਾ (ਟੈਰਰਿਸਟ ਐਂਡ ਡਿਸਰਪਟਿਵ ਐਕਟਿਵਿਟੀਜ਼) ਵੀ ਸ਼ਾਮਿਲ ਹੈ। ਪੰਨੂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਪੁਲਿਸ ਨੇ ਝੂਠੇ ਮੁਕੱਦਮੇ ਦਾਇਰ ਕੀਤੇ ਸਨ।

ਉਸ ਵੇਲੇ ਦੀ ਨਰਸਿਮ੍ਹਾ ਰਾਓ ਦੀ ਸਰਕਾਰ 'ਚ ਉਨ੍ਹਾਂ ਦੇ ਪਰਿਵਾਰ ਦੇ ਰਸੂਖ਼ ਵਾਲੇ ਲੋਕਾਂ ਨੇ ਜ਼ੋਰ ਲਗਾ ਕੇ ਪੰਨੂ ਨੂੰ ਕਈ ਕੇਸਾਂ ਵਿੱਚੋਂ ਕਢਵਾ ਲਿਆ ਸੀ।

ਇਸ ਤੋਂ ਬਾਅਦ, 1991-92 ਵਿੱਚ ਪੰਨੂ ਅਮਰੀਕਾ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਨੇ ਕਨੈਕਟੀਕਟ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ, ਜਿੱਥੇ ਪੰਨੂ ਨੇ ਐੱਮਬੀਏ ਫਾਇਨਾਂਸ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਮਾਸਟਰਜ਼ ਆਫ਼ ਲਾਅ ਦੀ ਡਿਗਰੀ ਹਾਸਿਲ ਕੀਤੀ।

ਅਮਰੀਕਾ ਵਿੱਚ ਉਚੇਰੀ ਸਿੱਖਿਆ ਲੈਣ ਤੋਂ ਬਾਅਦ ਪੰਨੂ ਨੇ ਨਿਊਯਾਰਕ ਸਥਿਤ ਵਾਲ ਸਟਰੀਟ ਵਿੱਚ ਸਿਸਟਮ ਐਨੇਲਿਸਟ ਵਜੋਂ 2014 ਤੱਕ ਕੰਮ ਕੀਤਾ। ਉਹ ਅਮਰੀਕਾ ਜਾ ਕੇ ਵੀ ਸਿਆਸੀ ਤੌਰ 'ਤੇ ਸਰਗਰਮ ਰਹੇ।

ਪੰਨੂ ਇੱਕ ਡਿਫੈਂਸ ਵਕੀਲ ਹਨ ਅਤੇ ਉਨ੍ਹਾਂ ਨੇ ਸਾਲ 2007 ਵਿੱਚ ਹੀ ਸਿਖਸ ਫਾਰ ਜਸਟਿਸ ਦੀ ਸਥਾਪਨਾ ਕੀਤੀ ਸੀ।

ਸਿਖਸ ਫਾਰ ਜਸਟਿਸ ਦਾ ਰਜਿਸਟਰਡ ਦਫ਼ਤਰ ਵਾਸ਼ਿੰਗਟਨ ਵਿੱਚ ਹੈ ਅਤੇ ਪੰਨੂ ਦਾ ਦਫ਼ਤਰ ਨਿਊਯਾਰਕ ਵਿੱਚ ਹੈ, ਜਿੱਥੇ ਉਹ ਆਪਣੀ ਲਾਅ ਫਰਮ ਚਲਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)