You’re viewing a text-only version of this website that uses less data. View the main version of the website including all images and videos.
ਗੁਰਪਤਵੰਤ ਪੰਨੂ ਮਾਮਲਾ: ਨਿਖਿਲ ਗੁਪਤਾ ਦੇ ਸਥਾਨਕ ਵਕੀਲ ਕਹਿੰਦੇ, ‘ਅਮਰੀਕਾ ਨੇ ਕੋਈ ਸਬੂਤ ਨਹੀਂ ਦਿੱਤੇ’
- ਲੇਖਕ, ਜੁਗਲ ਆਰ ਪਰੋਹਿਤ
- ਰੋਲ, ਬੀਬੀਸੀ ਪੱਤਰਕਾਰ
ਇਸ ਸਾਲ ਨਵੰਬਰ ਮਹੀਨੇ ਅਮਰੀਕਾ ਨੇ ਕਿਹਾ ਸੀ ਕਿ ਉਹਨਾਂ ਨੇ ਇੱਕ ਸਿੱਖ ਵੱਖਵਾਦੀ ਆਗੂ ਦੇ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ।
ਕਥਿਤ ਤੌਰ ’ਤੇ ਇਸ ਕਤਲ ਦੀ ਸਾਜਿਸ਼ ਦੇ ਕੇਂਦਰ ’ਚ ਇੱਕ ਭਾਰਤੀ ਸਰਕਾਰੀ ਮੁਲਾਜ਼ਮ ਅਤੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਹਨ।
ਮੀਡੀਆ ’ਚ ਆ ਰਹੀਆਂ ਰਿਪੋਰਟਾਂ ਅਨੁਸਾਰ ਜਿਸ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ, ਉਨ੍ਹਾਂ ਦਾ ਨਾਮ ਗੁਰਪਤਵੰਤ ਸਿੰਘ ਪੰਨੂ ਹੈ।
ਪੰਨੂ ਇੱਕ ਅਮਰੀਕੀ-ਕੈਨੇਡੀਅਨ ਨਾਗਰਿਕ ਹਨ। ਉਹ ਵੱਖਵਾਦੀ ਖਾਲਿਸਤਾਨ ਅੰਦੋਲਨ ਦੇ ਸਰਗਰਮ ਸਮਰਥਕ ਹਨ। ਇਹ ਅੰਦੋਲਨ ਇੱਕ ਵੱਖਰੇ ਸਿੱਖ ਰਾਜ ਦੀ ਵਕਾਲਤ ਕਰਦਾ ਹੈ।
ਭਾਰਤ ਨੇ ਪੰਨੂ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ, ਪਰ ਉਹ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਹਿੰਦੇ ਹਨ ਕਿ ਉਹ ਸਿਰਫ਼ ਇੱਕ ਕਾਰਕੁਨ ਹਨ।
ਦੂਜੇ ਪਾਸੇ ਗੁਪਤਾ ਨੂੰ ਇਸ ਸਾਲ ਜੂਨ ਮਹੀਨੇ ਅਮਰੀਕਾ ਦੀ ਗੁਜ਼ਾਰਿਸ਼ ’ਤੇ ਚੈੱਕ ਗਣਰਾਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕਾ ਨੇ ਉਨ੍ਹਾਂ ’ਤੇ ਇੱਕ ਭਾਰਤੀ ਸਰਕਾਰੀ ਮੁਲਾਜ਼ਮ ਦੇ ਨਿਰਦੇਸ਼ਾਂ ’ਤੇ ਪੰਨੂ ਦੇ ਕਤਲ ਲਈ ਕਾਤਲਾਂ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਹਨ।
ਨਿਖਿਲ ਗੁਪਤਾ ਦੇ ਸਥਾਨਕ ਵਕੀਲ ਪੇਟ੍ਰ ਸਲੇਪਿਚਕਾ ਨੇ ਦੱਸਿਆ ਕਿ ਗੁਪਤਾ ਹਾਲੇ ਚੈੱਕ ਗਣਰਾਜ ਦੀ ਪੈਂਕਰੈਕ ਜੇਲ੍ਹ ’ਚ ਬੰਦ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਮਰੀਕਾ ਨੇ ਇਸ ਸਬੰਧ ’ਚ ਅਜੇ ਤੱਕ ਕੋਈ ਵੀ ਸਬੂਤ ਪੇਸ਼ ਨਹੀਂ ਕੀਤੇ ਹਨ।
ਅਮਰੀਕਾ ਨੇ ਕਿਹੜੇ-ਕਿਹੜੇ ਸਬੂਤ ਦਿੱਤੇ ਹਨ?
ਪੇਟ੍ਰ ਸਲੇਪਿਚਕਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬੀਬੀਸੀ ਨੂੰ ਦਿੱਤੇ ਆਪਣੇ ਇੰਟਰਵਿਊ ’ਚ ਕਿਹਾ, “ਸਾਨੂੰ ਅਜੇ ਕੋਈ ਸਬੂਤ ਨਹੀਂ ਮਿਲਿਆ ਹੈ। ਚੈੱਕ ਗਣਰਾਜ ਦੀ ਅਦਾਲਤ ਦੀ ਫਾਈਲ ’ਚ ਵੀ ਸਿਰਫ਼ ਇੱਕ ਅਮਰੀਕੀ ਏਜੰਟ ਦਾ ਬਿਆਨ ਦਰਜ ਹੈ, ਇਸ ਲਈ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਦੇ ਦਾਅਵੇ ਸਹੀ ਹਨ ਜਾਂ ਨਹੀਂ।”
ਅਮਰੀਕਾ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਸਬੰਧਤ ਦਸਤਾਵੇਜ਼ਾਂ ’ਚ ਕੁਝ ਸੰਚਾਰ ਵੇਰਵਿਆਂ ਦੇ ਨਾਲ-ਨਾਲ ਫੋਟੋਆਂ ਪੇਸ਼ ਕੀਤੀਆਂ ਗਈਆਂ ਹਨ, ਜਿੰਨ੍ਹਾਂ ਦੇ ਗੁਪਤਾ ਨਾਲ ਜੁੜੇ ਹੋਣ ਦੇ ਰੂਪ ’ਚ ਸਬੂਤ ਵਜੋਂ ਦਾਅਵਾ ਠੋਕਿਆ ਗਿਆ ਹੈ।
ਇਸ ’ਤੇ ਗੁਪਤਾ ਦੇ ਵਕੀਲ ਦਾ ਕਹਿਣਾ ਹੈ, “ਕੁਝ ਪੈਸਿਆਂ ਦੇ ਲੈਣ-ਦੇਣ ਦੀ ਇੱਕ ਤਸਵੀਰ ਹੈ, ਪਰ ਉਹ ਤਸਵੀਰ ਕੁਝ ਵੀ ਬਿਆਨ ਨਹੀਂ ਕਰਦੀ ਹੈ। ਇਸ ਨੂੰ ਭਾਰਤ, ਪਾਕਿਸਤਾਨ, ਅਮਰੀਕਾ ਜਾਂ ਚੈੱਕ ਗਣਰਾਜ ਵਿੱਚ ਕਿਤੇ ਵੀ ਸ਼ੂਟ ਕੀਤਾ ਜਾ ਸਕਦਾ ਹੈ। ਕਿਸੇ ਵੀ ਮਾਮਲੇ ’ਚ, ਮੇਰੇ ਦੇਸ਼ ’ਚ ਇਸ ਸਮੇਂ ਇਹ ਉਨ੍ਹਾਂ ਦੇ ਅਪਰਾਧ ਨਾਲ ਸਬੰਧਤ ਨਹੀਂ ਹੈ। ਸਾਡੇ ਕੋਲ ਤਾਂ ਸਿਰਫ ਇੱਕ ਅਮਰੀਕੀ ਏਜੰਟ ਦਾ ਬਿਆਨ ਹੈ। ਹੋਰ ਕੁਝ ਨਹੀਂ।”
ਸਲੇਪਿਚਕਾ ਨੇ ਮੰਨਿਆ ਹੈ ਕਿ ਅਤੀਤ ’ਚ ਇਸ ਤਰ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਹਵਾਲਗੀ ਦੀ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ, “ਚੈੱਕ ਅਦਾਲਤ ਦੇ ਲਈ ਹਵਾਲਗੀ ਬਾਰੇ ਫੈਸਲਾ ਲੈਣ ਲਈ ਅਮਰੀਕੀ ਏਜੰਟ ਦਾ ਬਿਆਨ ਹੀ ਕਾਫੀ ਹੈ।”
ਆਪਣੀ ਕਾਨੂੰਨੀ ਰਣਨੀਤੀ ਬਾਰੇ ਗੱਲ ਕਰਦਿਆਂ ਗੁਪਤਾ ਦੇ ਵਕੀਲ ਸਲੇਪਿਚਕਾ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਆਪਣੀ ਰਣਨੀਤੀ ਬਦਲ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ, “ਹੁਣ ਤੱਕ ਅਸੀਂ ਕਹਿ ਰਹੇ ਸੀ ਕਿ ਗੁਪਤਾ ਦਾ ਅਮਰੀਕੀ ਮਾਮਲੇ ਨਾਲ ਕੋਈ ਸਬੰਧ ਨਹੀਂ ਸੀ। ਅਸੀਂ ਅਜਿਹਾ ਇਸ ਲਈ ਕਿਹਾ ਕਿਉਂਕਿ ਪਹਿਲੇ ਇਲਜ਼ਾਮ ’ਚ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦਰਅਸਲ, ਅਮਰੀਕਾ ਵੱਲੋਂ ਲਗਾਏ ਗਏ ਇਲਜ਼ਾਮਾਂ ’ਚ ਉਨ੍ਹਾਂ ਦੇ ਕੱਦ-ਕਾਠ, ਭਾਰ ਅਤੇ ਦਿੱਖ ਸਬੰਧੀ ਕੁਝ ਗਲਤ ਵੇਰਵੇ ਸਨ, ਇਸ ਲਈ ਮੇਰੀ ਨਜ਼ਰ ’ਚ ਉਨ੍ਹਾਂ ਦੀ ਗ੍ਰਿਫ਼ਤਾਰੀ ਇੱਕ ਗਲਤੀ ਦਾ ਮਾਮਲਾ ਹੋ ਸਕਦੀ ਹੈ।”
ਉਨ੍ਹਾਂ ਕਿਹਾ, “ਪਰ ਹੁਣ ਮਾਮਲਾ ਬਦਲ ਗਿਆ ਹੈ। ਪਿਛਲੇ ਮਹੀਨੇ ਦਿੱਤੇ ਗਏ ਅਮਰੀਕੀ ਇਲਜ਼ਾਮ ਦੇ ਦਸਤਾਵੇਜ਼ ਪੱਤਰ ਤੋਂ ਬਾਅਦ, ਕਥਿਤ ਅਪਰਾਧ ਦੇ ਬਾਰੇ ਵਾਧੂ ਜਾਣਕਾਰੀ ਹੈ, ਇਸ ਲਈ ਹੁਣ ਅਜਿਹਾ ਲੱਗਦਾ ਹੈ ਕਿ ਇਹ ਇੱਕ ਸਿਆਸੀ ਮਾਮਲਾ ਹੋ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸਥਿਤੀ ਸਾਡੇ ਲਈ ਚੰਗੀ ਹੋ ਸਕਦੀ ਹੈ, ਪਰ ਚੈੱਕ ਅਦਾਲਤ ਹੀ ਇਸ ’ਤੇ ਫੈਸਲਾ ਕਰ ਸਕਦੀ ਹੈ।”
ਉਹ ਅੱਗੇ ਕਹਿੰਦੇ ਹਨ, “ਇਲਜ਼ਾਮ ਪੱਤਰ ਆਮ ਲੋਕਾਂ ਨਾਲ ਸਾਂਝੇ ਨਹੀਂ ਕੀਤੇ ਜਾਂਦੇ, ਘੱਟੋ-ਘੱਟ ਮੇਰੀ ਸਮਝ ਅਨੁਸਾਰ ਤਾਂ ਨਹੀਂ। ਇੱਥੇ ਅਜਿਹਾ ਨਹੀਂ ਹੁੰਦਾ ਹੈ। ਪਰ ਅਮਰੀਕੀ ਇਸ ਨੂੰ ਜਨਤਕ ਤੌਰ ’ਤੇ ਸਾਂਝਾ ਕਰ ਰਹੇ ਹਨ। ਮੈਂ ਇਸ ਦਾ ਮਾਹਰ ਤਾਂ ਨਹੀਂ ਹਾਂ ਪਰ ਮੈਨੂੰ ਇਹ ਅਜੀਬੋ-ਗਰੀਬ ਲੱਗ ਰਿਹਾ ਹੈ।”
ਸਲੇਪਿਚਕਾ ਨੇ ਦੱਸਿਆ ਕਿ ਗੁਪਤਾ ਚੈੱਕ ਗਣਰਾਜ ਦੀ ਨਗਰ ਨਿਗਮ ਕੋਰਟ ’ਚ ਆਪਣੀ ਹਵਾਲਗੀ ਦਾ ਮਾਮਲਾ ਹਾਰ ਗਏ ਸਨ।
ਉਨ੍ਹਾਂ ਕਿਹਾ ਕਿ ਉਹ ਹੁਣ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਉਣ ਦੀ ਯੋਜਨਾ ਬਣਾ ਰਹੇ ਹਨ।
ਚੈੱਕ ਗਣਰਾਜ ’ਚ ਹਵਾਲਗੀ ਦੀ ਕਾਰਵਾਈ
ਸਲੇਪਿਚਕਾ ਦਾ ਕਹਿਣਾ ਹੈ, “ਸਾਡੀ ਪ੍ਰਣਾਲੀ ’ਚ ਹਵਾਲਗੀ ਦੇ ਲਈ ਚਾਰ ਪੜਾਅ ਹਨ। ਪਹਿਲਾ ਨਗਰ ਨਿਗਮ, ਫਿਰ ਹਾਈ ਕੋਰਟ, ਫਿਰ ਸੰਵਿਧਾਨਕ ਅਦਾਲਤ ਅਤੇ ਅਖੀਰ ’ਚ ਨਿਆਂ ਮੰਤਰਾਲਾ। ਸਾਡੇ ਮਾਮਲੇ ’ਚ ਨਗਰ ਨਿਗਮ ਅਦਾਲਤ ਦਾ ਫੈਸਲਾ ਅਮਰੀਕੀ ਧਿਰ ਦੇ ਹੱਕ ’ਚ ਸੀ, ਪਰ ਇਹ ਕਾਨੂੰਨੀ ਤੌਰ ’ਤੇ ਬੰਨ੍ਹਣ ਵਾਲਾ ਨਹੀਂ ਸੀ। ਇਸ ਲਈ ਹੁਣ ਅਸੀਂ ਅਪੀਲ ਕਰ ਰਹੇ ਹਾਂ।”
ਇਸ ਮਹੀਨੇ ਦੇ ਸ਼ੁਰੂ ’ਚ ਗੁਪਤਾ ਦੇ ਪਰਿਵਾਰ ਨੇ ਭਾਰਤੀ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਹੈ।
ਗੁਪਤਾ ਦੇ ਪਰਿਵਾਰ ਨੇ ਆਪਣੀ ਪਟੀਸ਼ਨ ’ਚ ਭਾਰਤ ਸਰਕਾਰ ਅੱਗੇ ਉਨ੍ਹਾਂ ਦਾ ਪਤਾ ਲਗਾਉਣ ਅਤੇ ਚੈੱਕ ਗਣਰਾਜ ’ਚ ਅਦਾਲਤ ਸਾਹਮਣੇ ਪੇਸ਼ ਕਰਨ ਅਤੇ ਨਾਲ ਹੀ ਉਨ੍ਹਾਂ ਦੀ ਹਵਾਲਗੀ ਦੀ ਕਾਰਵਾਈ ’ਚ ਦਖਲ ਦੇਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ਦੀ ਅਗਲੀ ਸੁਣਵਾਈ 4 ਜਨਵਰੀ, 2024 ਨੂੰ ਹੋਵੇਗੀ।
ਦੱਸਣਯੋਗ ਹੈ ਕਿ ਗੁਪਤਾ ਨੂੰ ਜੂਨ ਮਹੀਨੇ ਹੀ ਹਿਰਾਸਤ ’ਚ ਲੈ ਲਿਆ ਗਿਆ ਸੀ।ਬੀਬੀਸੀ ਨੇ ਸਲੇਪਿਚਕਾ ਨੂੰ ਪੁੱਛਿਆ ਕਿ ਗੁਪਤਾ ਦੇ ਪਰਿਵਾਰ ਨੇ ਹੁਣ ਅਦਾਲਤ ਤੱਕ ਪਹੁੰਚ ਕਿਉਂ ਕੀਤੀ ਹੈ?
ਉਨ੍ਹਾਂ ਦੱਸਿਆ, “ਗੁਪਤਾ ਸਤੰਬਰ ਮਹੀਨੇ ਮੇਰੇ ਮੁਵੱਕਿਲ ਬਣੇ ਸਨ। ਮੇਰੇ ਦਖਲ ਤੋਂ ਬਾਅਦ ਗੁਪਤਾ ਨੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ, ਪਰ ਮੈਂ ਭਾਰਤ ’ਚ ਬੈਠੇ ਉਨ੍ਹਾਂ ਦੇ ਪਰਿਵਾਰ ਦਾ ਮਾਰਗ ਦਰਸ਼ਨ ਨਹੀਂ ਕਰ ਰਿਹਾ ਹਾਂ, ਕਿਉਂਕਿ ਮੈਂ ਭਾਰਤੀ ਕਾਨੂੰਨ ਜਾਂ ਸਰਕਾਰ ਬਾਰੇ ਕੁਝ ਨਹੀਂ ਜਾਣਦਾ ਹਾਂ।”
ਇਹ ਸਵਾਲ ਪੁੱਛੇ ਜਾਣ ’ਤੇ ਕਿ ਕੀ ਉਹ ਚੈੱਕ ਗਣਰਾਜ ’ਚ ਭਾਰਤੀ ਦੂਤਾਵਾਸ ਨਾਲ ਗੱਲਬਾਤ ਕਰ ਰਹੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਭਾਰਤੀ ਸਫ਼ਾਰਤਖਾਨਾ ਉਨ੍ਹਾਂ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਹੈ।
ਉਹ ਕਹਿੰਦੇ ਹਨ, “ਭਾਰਤੀ ਦੂਤਾਵਾਸ ਨਾਲ ਮੇਰਾ ਕੋਈ ਸੰਪਰਕ ਨਹੀਂ ਹੈ। ਮੈਂ ਕੋਸ਼ਿਸ਼ ਕੀਤੀ ਪਰ ਉਹ ਮੇਰੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੇ ਹਨ। ਮੇਰੀ ਫੀਸ ਦਾ ਭੁਗਤਾਨ ਵੀ ਗੁਪਤਾ ਪਰਿਵਾਰ ਹੀ ਕਰ ਰਿਹਾ ਹੈ ਨਾ ਕਿ ਭਾਰਤ ਸਰਕਾਰ।”
“ਪਹਿਲਾਂ ਮੈਂ ਜੇਲ੍ਹ ’ਚ ਗੁਪਤਾ ਦੀ ਮਦਦ ਕਰਨ ਲਈ ਦੂਤਾਵਾਸ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਨ੍ਹਾਂ ਨੂੰ ਮਿਲਣ ਲਈ ਮੈਨੂੰ 2 ਘੰਟੇ ਦਾ ਇੰਤਜ਼ਾਰ ਕਰਨਾ ਪਿਆ ਅਤੇ ਦਬਾਅ ਪਾਉਣ ਦੀ ਕੋਸ਼ਿਸ਼ ਤੋਂ ਬਾਅਦ ਹੀ ਉਨ੍ਹਾਂ ’ਚੋਂ ਕੋਈ ਮੈਨੂੰ ਮਿਲਿਆ ।”
ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਸੁਪਰੀਮ ਕੋਰਟ ’ਚ ਪਟੀਸ਼ਨ
ਦਰਅਸਲ ਗੁਪਤਾ ਦੇ ਪਰਿਵਾਰ ਨੇ ਸੁਪਰੀਮ ਕੋਰਟ ’ਚ ਦਾਇਰ ਆਪਣੀ ਪਟੀਸ਼ਨ ’ਚ ਭਾਰਤੀ ਅਧਿਕਾਰੀਆਂ ’ਤੇ ਵੀ ਇਲਜ਼ਾਮ ਆਇਦ ਕੀਤੇ ਹਨ। ਉਨ੍ਹਾਂ ਨੇ ਭਾਰਤੀ ਅਧਿਕਾਰੀਆਂ ਨੂੰ ‘ਮੂਕ ਦਰਸ਼ਕ’ ਕਿਹਾ ਹੈ।
ਚੈੱਕ ਜੇਲ੍ਹ ’ਚ ਗੁਪਤਾ ਦੀ ਇਕਾਂਤ ਕੈਦ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਪਟੀਸ਼ਨ ’ਚ ਕਿਹਾ ਗਿਆ ਹੈ, “ਪਟੀਸ਼ਨਰ ’ਤੇ ਇਲਜ਼ਾਮ ਕਬੂਲ ਕਰਨ ਅਤੇ ਅਮਰੀਕਾ ’ਚ ਉਸ ਦੀ ਹਵਾਲਗੀ ਦੀ ਇਜਾਜ਼ਤ ਦੇਣ ਸਬੰਧੀ ਬੇਲੋੜਾ ਦਬਾਅ ਪਾਇਆ ਗਿਆ ਸੀ। ਹਾਲਾਂਕਿ, ਪਟੀਸ਼ਨਰ ਨੇ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤ ਸਰਕਾਰ ਵੱਲੋਂ ਭਾਰਤੀ ਦੂਤਾਵਾਸ ਇਹ ਯਕੀਨੀ ਬਣਾਵੇਗਾ ਕਿ ਹਵਾਲਗੀ ਦਾ ਮੁਕੱਦਮਾ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਚਲਾਇਆ ਜਾਵੇਗਾ।”
“ਪਰ ਪਟੀਸ਼ਨਕਰਤਾ ਅਤੇ ਉਨ੍ਹਾਂ ਦਾ ਪਰਿਵਾਰ ਵਿਦੇਸ਼ ਮੰਤਰਾਲੇ ਦੀ ਕਾਰਵਾਈ ਤੋਂ ਬਹੁਤ ਨਿਰਾਸ਼ ਹੋਇਆ ਹੈ, ਕਿਉਂਕਿ ਭਾਰਤੀ ਵਿਦੇਸ਼ ਮੰਤਰਾਲਾ ਆਪਣੇ ਫਰਜ਼ ਅਦਾ ਕਰਨ ਅਤੇ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਇੱਕ ਭਾਰਤੀ ਨਾਗਰਿਕ ਦੀ ਮਦਦ ਕਰਨ ’ਚ ਅਸਫਲ ਰਿਹਾ ਹੈ।”
ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਬੀਬੀਸੀ ਨੇ ਵਿਦੇਸ਼ ਮੰਤਰਾਲੇ ਅਤੇ ਚੈੱਕ ਗਣਰਾਜ ’ਚ ਭਾਰਤੀ ਮਿਸ਼ਨ ਨਾਲ ਸੰਪਰਕ ਕਾਇਮ ਕੀਤਾ, ਪਰ ਇਹ ਰਿਪੋਰਟ ਲਿਖੇ ਜਾਣ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ।
ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ’ਚ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, “ਅਸੀਂ ਅਮਰੀਕਾ ਵੱਲੋਂ ਦਿੱਤੇ ਗਏ ਇਨਪੁੱਟ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਜੋ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ, ਉਹ ਇਸ ਮਾਮਲੇ ਦੇ ਸਾਰੇ ਪਹਿਲੂਆਂ ਨੂੰ ਚੰਗੀ ਤਰ੍ਹਾਂ ਘੋਖੇਗੀ। ਇਸ ਸਮੇਂ ਸਾਡੇ ਕੋਲ ਇਸ ਦੀ ਟਾਈਮਲਾਈਨ ਜਾਂ ਨਤੀਜਿਆਂ ’ਤੇ ਸਾਂਝਾ ਕਰਨ ਲਈ ਕੋਈ ਅਪਡੇਟ ਨਹੀਂ ਹੈ।”
ਉਨ੍ਹਾਂ ਕਿਹਾ, “ਪਰ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਇੱਕ ਭਾਰਤੀ ਨਾਗਰਿਕ ਨੂੰ ਚੈੱਕ ਅਧਿਕਾਰੀਆਂ ਵੱਲੋਂ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕਰਨ ਦਾ ਮਾਮਲਾ ਅਜੇ ਵਿਚਾਰ ਅਧੀਨ ਹੈ। ਸਾਨੂੰ ਕੌਂਸਲਰ ਪਹੁੰਚ ਦੀ ਇਜਾਜ਼ਤ ਮਿਲ ਗਈ ਹੈ। ਸਾਨੂੰ ਹੁਣ ਤੱਕ ਤਿੰਨ ਵਾਰ ਮਿਲਣ ਦੀ ਇਜਾਜ਼ਤ ਮਿਲ ਚੁੱਕੀ ਹੈ।’’
‘‘ਉਨ੍ਹਾਂ ਵੱਲੋਂ ਜਿਸ ਵੀ ਚੀਜ਼ ਦੀ ਮੰਗ ਕੀਤੀ ਜਾ ਰਹੀ ਹੈ, ਉਹ ਉਪਲਬਧ ਕਰਵਾ ਰਹੇ ਹਾਂ। ਉਨ੍ਹਾਂ ਦੇ ਪਰਿਵਾਰ ਨੇ ਸੁਪਰੀਮ ਕੋਰਟ ’ਚ ਦਸਤਕ ਦਿੱਤੀ ਹੈ, ਇਸ ਲਈ ਕੋਈ ਵੀ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ। ਅਸੀਂ ਇਸ ’ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰਾਂਗੇ।”
ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ ?
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਫਾਈਨੈਂਸ਼ੀਅਲ ਟਾਈਮਜ਼’ ਨੂੰ ਦਿੱਤੇ ਆਪਣੇ ਇੰਟਰਵਿਊ ’ਚ ਕਿਹਾ ਕਿ ਭਾਰਤ ਅਮਰੀਕਾ ’ਚ ਕਤਲ ਦੀ ਸਾਜ਼ਿਸ਼ ਦੇ ਕਥਿਤ ਸਬੰਧਾਂ ’ਤੇ ਮੁਹੱਈਆ ਕਰਵਾਏ ਗਏ ਕਿਸੇ ਵੀ ਸਬੂਤ ’ਤੇ ਨਿਸ਼ਚਿਤ ਤੌਰ ’ਤੇ ਧਿਆਨ ਦੇਵੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਨ੍ਹਾਂ ਇਲਜ਼ਾਮਾਂ ਦੇ ਚੱਲਦਿਆ ਭਾਰਤ-ਅਮਰੀਕਾ ਸਬੰਧਾਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਗੁਪਤਾ ਦੇ ਵਕੀਲ ਨੂੰ ਜਦੋਂ ਇੱਹ ਪੁੱਛਿਆ ਗਿਆ ਕਿ ਕੀ ਉਹ ਜਾਂ ਉਨ੍ਹਾਂ ਦਾ ਮੁਵੱਕਿਲ ਭਾਰਤ ਦੀ ਪ੍ਰਤੀਕਿਰਿਆ ਤੋਂ ਨਿਰਾਸ਼ ਹਨ ਤਾਂ ਉਨ੍ਹਾਂ ਨੇ ਕਿਹਾ, “ਮੈਂ ਆਪਣਾ ਕੰਮ ਕਰ ਰਿਹਾ ਹਾਂ। ਮੈਂ ਭਾਰਤ ਜਾਂ ਚੈੱਕ ਜਾਂ ਫਿਰ ਅਮਰੀਕੀ ਅਧਿਕਾਰੀਆਂ ਦੇ ਰਵੱਈਏ ਤੋਂ ਨਿਰਾਸ਼ ਨਹੀਂ ਹੋ ਸਕਦਾ। ਗੁਪਤਾ ਦੀ ਮਾਨਸਿਕਤਾ ਮੇਰੇ ਤੋਂ ਵੱਖਰੀ ਹੈ। ਮੈਂ ਪੇਸ਼ੇਵਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਉਨ੍ਹਾਂ ਦੇ ਵਿਚਾਰ ਨਹੀਂ ਸਿਰਫ ਮਾਮਲੇ ਬਾਰੇ ’ਚ ਪੁੱਛ ਰਿਹਾ ਹਾਂ।”
ਸਲੇਪਿਚਕਾ ਨੇ ਅੱਗੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਚੈੱਕ ਗਣਰਾਜ ’ਚ ਜੇਲ੍ਹ ਅਧਿਕਾਰੀਆਂ ਨੂੰ ਗੁਪਤਾ ਦੀ ਸੁਰੱਖਿਆ ਦੇ ਖਤਰੇ ਦੇ ਬਾਰੇ ’ਚ ਕਦੋਂ ਜਾਣਕਾਰੀ ਮਿਲੀ ਸੀ।
ਉਨ੍ਹਾਂ ਕਿਹਾ, “ਜੇਲ੍ਹ ਨੂੰ ਸਥਾਨਕ ਪੁਲਿਸ ਤੋਂ ਜਾਣਕਾਰੀ ਮਿਲੀ ਕਿ ਗੁਪਤਾ ਦੀ ਸੁਰੱਖਿਆ ਨੂੰ ਖਤਰਾ ਹੈ। ਮੈਂ ਕੀ, ਇਹ ਕੋਈ ਵੀ ਨਹੀਂ ਜਾਣਦਾ ਕਿ ਉਨ੍ਹਾਂ ਨੂੰ ਕਿਸ ਤੋਂ ਖਤਰਾ ਹੈ। ਹੁਣ ਉਨ੍ਹਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇੱਥੋਂ ਦੀਆਂ ਜੇਲ੍ਹਾਂ ਜ਼ਿਆਦਾ ਸੁਰੱਖਿਅਤ ਹਨ। ਉਹ ਸੰਤੁਸ਼ਟ ਹਨ। ਜੇਲ੍ਹ ਅਧਿਕਾਰੀ ਉਨ੍ਹਾਂ ਦੇ ਨਾਲ ਹਨ। ਹੁਣ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਨ ’ਚ ਸਮਰੱਥ ਹਨ।”
ਦਿੱਲੀ ’ਚ ਕੀ ਕੰਮ ਕਰਦੇ ਸਨ ਨਿਖਿਲ ਗੁਪਤਾ?
ਜਦੋਂ ਸਲੇਪਿਚਕਾ ਤੋਂ ਗੁਪਤਾ ਦੇ ਭਾਰਤ ’ਚ ਜੀਵਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਦਿੱਲੀ ਦੇ ਵਸਨੀਕ ਸਨ ਅਤੇ ਇੱਕ ਬਿਲਡਿੰਗ ਮਟੀਰੀਅਲ ਵਪਾਰੀ ਵਜੋਂ ਕੰਮ ਕਰਦੇ ਸਨ।
ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ’ਚ ਗੁਪਤਾ ਦੇ ਪਰਿਵਾਰ ਨੇ ਉਨ੍ਹਾਂ ਨੂੰ ਇੱਕ ਹੈਂਡੀਕ੍ਰਾਫਟ/ਦਸਤਕਾਰੀ ਦੇ ਸਮਾਨ ਦਾ ਕਾਰੋਬਾਰੀ ਦੱਸਿਆ ਹੈ।
ਅਮਰੀਕੀ ਦਸਤਾਵੇਜ਼ਾਂ ਅਨੁਸਾਰ ਗੁਪਤਾ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ’ਚ ਸ਼ਾਮਲ ਹਨ।
ਜਦੋਂ ਸਲੇਪਿਚਕਾ ਤੋਂ ਅਮਰੀਕੀ ਦਸਤਾਵੇਜ਼ਾਂ ’ਚ ਜ਼ਿਕਰ ਕੀਤੇ ਗਏ ਗੁਪਤਾ ਦੇ ਗੁਜਰਾਤ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ, ‘‘ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੈਂ ਇਸ ਨੂੰ ਸਿਰਫ ਅਮਰੀਕੀ ਇਲਜ਼ਾਮ ਪੱਤਰ ’ਚ ਪੜ੍ਹਿਆ ਹੈ। ਉਨ੍ਹਾਂ ਨੇ ਇਸ ਬਾਰੇ ਮੈਨੂੰ ਕੁਝ ਨਹੀਂ ਕਿਹਾ ਹੈ।”
ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਗੁਪਤਾ ਦਾ ਭਾਰਤ ਸਰਕਾਰ ਨਾਲ ਸੰਪਰਕ ਸੀ ਤਾਂ ਉਨ੍ਹਾਂ ਨੇ ਇਸ ਸਵਾਲ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ।
ਉਨ੍ਹਾਂ ਮੰਨਿਆ ਕਿ ਗੁਪਤਾ ਪਹਿਲਾਂ ਅਮਰੀਕਾ ਦਾ ਦੌਰਾ ਕਰ ਚੁੱਕੇ ਹਨ।
ਉਨ੍ਹਾਂ ਕਿਹਾ, “ਗੁਪਤਾ ਦੇ ਪਾਸਪੋਰਟ ਤੋਂ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਵੀ ਅਮਰੀਕਾ ਜਾ ਚੁੱਕੇ ਹਨ, ਪਰ ਇਹ 7-8 ਸਾਲ ਪਹਿਲਾਂ ਦੀ ਗੱਲ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਉੱਥੇ ਕੋਈ ਦੋਸਤ-ਮਿੱਤਰ ਜਾਂ ਕੋਈ ਰਿਸ਼ਤੇਦਾਰ ਹੈ ਜਾਂ ਨਹੀਂ।”
ਕਿੰਨੇ ਡਾਲਰਾਂ ’ਚ ‘ਸੌਦਾ’ ਕਰਨ ਦਾ ਇਲਜ਼ਾਮ ਹੈ?
ਅਮਰੀਕਾ ਨੇ ਗੁਪਤਾ ਖ਼ਿਲਾਫ਼ ਕਿਹੜੇ ਇਲਜ਼ਾਮ ਲਗਾਏ ਹਨ:-
ਮਈ 2023 ਦੇ ਆਲੇ-ਦੁਆਲੇ, ਭਾਰਤ ਸਰਕਾਰ ਦੇ ਇੱਕ ਮੁਲਾਜ਼ਮ ਨੇ ਅਮਰੀਕਾ ’ਚ ਕਤਲ ਦੀ ਸਾਜ਼ਿਸ਼ ਘੜਨ ਲਈ ਗੁਪਤਾ ਨਾਲ ਸੰਪਰਕ ਕੀਤਾ।
ਇਸ ਤੋਂ ਬਾਅਦ ਗੁਪਤਾ ਨੇ ਇੱਕ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਨੂੰ ਉਹ ਇੱਕ ਅਪਰਾਧੀ ਦਾ ਸਹਿਯੋਗੀ ਮੰਨਦੇ ਸਨ। ਪਰ ਅਸਲ ਵਿੱਚ ਉਹ ਇੱਕ ਅਮਰੀਕੀ ਮੁਖ਼ਬਰ ਸੀ।
ਗੁਪਤਾ ਨੇ ਇਸ ਵਿਅਕਤੀ ਦੇ ਜ਼ਰੀਏ ਕਤਲ ਲਈ ਹਿੱਟਮੈਨ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਅਮਰੀਕੀ ਦਸਤਾਵੇਜ਼ਾਂ ਅਨੁਸਾਰ ਹਿੱਟਮੈਨ ਅਸਲ ’ਚ ਇੱਕ ਅਮਰੀਕੀ ਅੰਡਰਕਵਰ ਏਜੰਟ ਸੀ।
ਇਸ ਤੋਂ ਬਾਅਦ ਗੁਪਤਾ ਨੇ ਇਸ ਕੰਮ ਲਈ ਭਾਰਤ ਦੇ ਸਰਕਾਰੀ ਮੁਲਾਜ਼ਮ ਅਤੇ ਹਿੱਟਮੈਨ ਦਰਮਿਆਨ 1 ਲੱਖ ਅਮਰੀਕੀ ਡਾਲਰ ਦਾ ਸੌਦਾ ਕਰਵਾਇਆ।
ਗੁਪਤਾ ਨੇ 9 ਜੂਨ ਦੇ ਨੇੜੇ-ਤੇੜੇ ਹਿੱਟਮੈਨ ਨੂੰ ਨਕਦੀ 15 ਹਜ਼ਾਰ ਅਮਰੀਕੀ ਡਾਲਰ ਦਾ ਅਗਾਊਂ ਭੁਗਤਾਨ ਵੀ ਕਰਵਾਇਆ।
ਅਮਰੀਕੀ ਪੱਖ ਦੇ ਵਕੀਲ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਦੀ ਆਪਸੀ ਗੱਲਬਾਤ ’ਤੇ ਨਜ਼ਰ ਰੱਖੀ।
ਗੁਪਤਾ ਦੀ ਚੈੱਕ ਗਣਰਾਜ ਦੀ ਯੋਜਨਾ ਬਾਰੇ ਪਤਾ ਲੱਗਣ ਤੋਂ ਬਾਅਦ 30 ਜੂਨ, 2023 ਨੂੰ ਅਮਰੀਕਾ ਦੀ ਬੇਨਤੀ ’ਤੇ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ।
ਹਾਲਾਂਕਿ, ਗੁਪਤਾ ਦਾ ਪਰਿਵਾਰ ਇੰਨ੍ਹਾਂ ਇਲਜ਼ਾਮਾਂ ਨੂੰ ਨਕਾਰ ਰਿਹਾ ਹੈ।