You’re viewing a text-only version of this website that uses less data. View the main version of the website including all images and videos.
ਬੱਦੀ ਵਿੱਚ ਅੱਗ ਵਿੱਚ ਸੜਦੀ ਜਿਸ ਫੈਕਟਰੀ ְ’ਚੋਂ ਲੋਕਾਂ ਨੇ ਛਾਲਾਂ ਮਾਰੀਆਂ, ਉੱਥੇ ਅੱਗ ਨੇ ਕਿਵੇਂ ਕੀਤਾ ਭਾਰੀ ਨੁਕਸਾਨ
ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਪੈਂਦ ਬੱਦੀ ਦੀ ਇੱਕ ਪਰਫਿਊਮ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ।
ਐਨਡੀਆਰਐਫ ਅਤੇ ਦਮਕਲ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਕੀਤੇ।
ਜ਼ਖਮੀਆਂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਉਸ ਸਮੇਂ ਦੁਪਹਿਰ ਦੇ ਖਾਣੇ ਦਾ ਸਮਾਂ ਸੀ ਜਿਸ ਕਾਰਨ ਫੈਕਟਰੀ ਦੇ ਅੰਦਰ ਲੋਕ ਘੱਟ ਸਨ। ਪੁਲਿਸ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੈਕਟਰੀ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਫੈਕਟਰੀ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਅੱਗ ਲੱਗਣ ਕਾਰਨ ਅੰਦਰ ਫਸੇ ਲੋਕਾਂ ਦੇ ਪਰਿਵਾਰਕ ਮੈਂਬਰ ਫੈਕਟਰੀ ਦੇ ਬਾਹਰ ਕੱਲ ਦੁਪਹਿਰ ਤੋਂ ਆਪਣੇ ਪਿਆਰਿਆਂ ਦੀ ਉਡੀਕ ਵਿੱਚ ਖੜ੍ਹੇ ਹਨ।
ਸਰਬਜੀਤ ਸਿੰਘ ਮੁਤਾਬਕ ਰਾਇਣਿਕ ਗੰਧ ਇੰਨੀ ਤੇਜ਼ ਹੈ ਕਿ ਉੱਥੇ ਖੜ੍ਹੇ ਰਹਿਣਾ ਵੀ ਮੁਸ਼ਕਿਲ ਹੈ ਅਤੇ ਸਿਰ ਨੂੰ ਚਕਰਾਉਣ ਵਾਲਾ ਹੈ
ਬੱਦੀ ਸੋਲਨ ਜ਼ਿਲ੍ਹੇ ਦਾ ਇੱਕ ਇੰਡਸਟਰੀਅਲ ਏਰੀਆ ਹੈ, ਜਿਸ ਦੀ ਸਰਹੱਦ ਪੰਜਾਬ ਤੋਂ ਇਲਾਵਾ ਹਰਿਆਣਾ ਨਾਲ ਵੀ ਲਗਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕਈ ਲੋਕਾਂ ਨੇ ਅੱਗ ਤੋਂ ਬਚਣ ਲਈ ਫੈਕਟਰੀ ਦੀ ਛੱਤ ਤੋਂ ਛਾਲਾਂ ਵੀ ਮਾਰੀਆਂ ਸਨ।
ਖ਼ਬਰ ਏਜੰਸੀ ਪੀਟੀਆਈ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਅੱਗ ਤੋਂ ਬਾਅਦ ਸੰਘਣੇ ਧੂੰਏ ਕਾਰਨ ਅੱਗ ਬੁਝਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ।
ਫਾਇਰ ਅਫਸਰ ਸੰਜੀਵ ਨੇ ਬੀਬੀਸੀ ਨੂੰ ਦੱਸਿਆ, "ਅੱਗ ਬੁਝਾਉਣ ਲਈ 12 ਤੋਂ ਜ਼ਿਆਦਾ ਗੱਡੀਆਂ ਲਗਾਈਆਂ ਗਈਆਂ ਸਨ। ਇਨ੍ਹਾਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਇਲਾਵਾ ਨਜ਼ਦੀਕੀ ਫੈਕਟਰੀਆਂ ਦੀਆਂ ਗੱਡੀਆਂ ਜੋ ਕਿ ਅੱਗ ਬੁਝਾਉਣ ਲਈ ਖ਼ਰੀਦੀਆਂ ਗਈਆਂ ਸਨ ਵੀ ਸ਼ਾਮਲ ਸਨ।"
ਉਨ੍ਹਾਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਪਾਣੀ ਨਹੀਂ ਸਗੋਂ ਫੋਮ ਕੰਪਾਊਂਡ ਦੀ ਵਰਤੋਂ ਕੀਤੀ ਗਈ ਜੋ ਕਿ ਗਿੱਲੇ ਕੰਬਲ ਵਾਂਗ ਕੰਮ ਕਰਦਾ ਹੈ। ਅੱਗ ਇੰਨੀ ਭਿਆਨਕ ਸੀ ਅਤੇ ਕਿਸੇ ਦਾ ਬਚੇ ਹੋਣਾ ਤਾਂ ਸੰਭਵ ਨਹੀਂ ਕਿਹਾ ਜਾ ਸਕਦਾ।
ਹਿਮਾਚਲ ਪੁਲਿਸ ਦੇ ਡੀਜੀਪੀ ਸੰਜੇ ਕੁੰਡੂ ਨੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ, “ਅੱਗ ਤਕਰੀਬਨ 1.30 ਵਜੇ ਦੁਪਹਿਰੇ ਲੰਚ ਦੇ ਟਾਈਮ ਦੌਰਾਨ ਲੱਗੀ। ਇਹ ਇੱਕ ਪਰਫਿਊਮ ਫੈਕਟਰੀ ਸੀ। ਜਿਸ ਦੇ ਅੰਦਰ ਹਾਦਸੇ ਸਮੇਂ 85 ਜਣੇ ਮੌਜੂਦ ਸਨ।”
“30 ਜਣੇ ਜ਼ਖਮੀ ਹੋਏ ਹਨ ਜਦਕਿ 13 ਜਣੇ ਲਾਪਤਾ ਸਨ ਜਿਨ੍ਹਾਂ ਵਿੱਚ 4 ਦੀ ਭਾਲ ਹੋ ਗਈ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਅੱਗ ਤੋਂ ਬਾਅਦ ਉਹ ਡਰ ਕੇ ਭੱਜ ਗਏ ਹੋਣ ਅਤੇ ਸੁਰੱਖਿਅਤ ਹੋਣ ਪਰ ਫਿਲਹਾਲ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।”
ਸ਼ੁੱਕਰਵਾਰ ਦੀ ਰਾਤ ਨੂੰ 12 ਫਾਇਰ ਟੈਂਡਰ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੇ ਹੋਏ ਸਨ। ਹੁਣ ਅੱਗ ਉੱਪਰ ਕਾਬੂ ਕਰ ਲਿਆ ਗਿਆ।
ਇਮਾਰਤ ਦੇ ਸੁਰੱਖਿਅਤ ਹੋਣ ਬਾਰੇ ਜਾਂਚ ਲਈ ਰਿਸਕ ਅਸੈਸਮੈਂਟ ਤੋਂ ਕੀਤੀ ਜਾਵੇਗੀ ਕਿ ਕਿਤੇ ਢਹਿ ਹੀ ਨਾ ਜਾਵੇ। ਰਿਸਕ ਅਸੈਸਮੈਂਟ ਟੀਮ ਵੱਲੋਂ ਇਮਾਰਤ ਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਹੀ ਜਾਂਚ ਟੀਮ ਅੰਦਰ ਜਾਵੇਗੀ।
ਡੀਜੀਪੀ ਨੇ ਦੱਸਿਆ ਕਿ ਇਮਾਰਤ ਦੇ ਅੰਦਰ ਲਾਸ਼ਾਂ ਵੀ ਮਿਲ ਸਕਦੀਆਂ ਹਨ। ਫੈਕਟਰੀ ਦੇ ਪਲਾਂਟ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਾਦਸੇ ਤੋਂ ਬਾਅਦ ਦਾ ਮੰਜ਼ਰ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੋਲਨ ਦੇ ਡਿਪਟੀ ਕਮਿਸ਼ਨਰ ਮਨਮੋਹਨ ਸ਼ਰਮਾ ਨੇ ਦੱਸਿਆ, ‘‘ਇਮਾਰਤ ਵਿੱਚ ਅੱਗ ਲੱਗਣ ਮਗਰੋਂ ਲੋਕਾਂ ਨੇ ਜਾਨ ਬਚਾਉਣ ਲਈ ਪਹਿਲੀ ਅਤੇ ਦੂਜੀ ਮੰਜ਼ਿਲ ਤੋਂ ਛਾਲਾਂ ਮਾਰੀਆਂ ਜਿਸ ਕਾਰਨ ਕਈਆਂ ਦੇ ਹੱਥਾਂ, ਲੱਤਾਂ ਅਤੇ ਰੀੜ੍ਹ ਦੀ ਹੱਡੀ ’ਤੇ ਸੱਟਾਂ ਲੱਗੀਆਂ।’’
ਅੱਗ ਲੱਗਣ ਸਮੇਂ ਇਮਾਰਤ ਵਿੱਚ ਕਿੰਨੇ ਜਣੇ ਮੌਜੂਦ ਸਨ ਇਸ ਬਾਰੇ ਵੱਖ-ਵੱਖ ਸਰੋਤਾਂ ਤੋਂ ਵੱਖੋ-ਵੱਖ ਸੰਖਿਆ ਦੱਸੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਹ ਸੰਖਿਆ 50 ਤੋਂ ਵੱਧ ਦੱਸੀ ਹੈ।
ਸੂਬਾ ਸਰਕਾਰ ਦੇ ਇੱਕ ਬੁਲਾਰੇ ਮੁਤਾਬਕ ਜ਼ਖਮੀਆਂ ਵਿੱਚੋਂ 5 ਜਣੇ ਗੰਭੀਰ ਸਨ। ਇਸ ਲਈ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਪੀੜਤਾ ਪਿੰਕੀ ਦੀ ਪੀਜੀਆਈ ਦੇ ਰਾਹ ਵਿੱਚ ਹੀ ਮੌਤ ਹੋ ਗਈ।
ਇਸ ਤੋਂ ਇਲਾਵਾ ਛੇ ਜਣੇ ਈਐੱਸਆਈ ਕਾਠਾ, ਦੋ ਜਣਿਆਂ ਦਾ ਬੱਦੀ ਦੇ ਹਸਪਤਾਲ ਅਤੇ 19 ਜਣਿਆਂ ਦਾ ਬਰੁਕਲਿਨ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਖ਼ਬਰ ਏਜਸੀ ਪੀਟੀਆਈ ਮੁਤਾਬਕ ਪ੍ਰਸ਼ਾਸਨ ਨੇ 21 ਔਰਤਾਂਂ ਸਣੇ 30 ਜਣਿਆਂ ਦੀ ਸੂਚੀ ਜਾਰੀ ਕੀਤੀ ਹੈ, ਜੋ ਇਸ ਹਾਦਸੇ ਵਿੱਚ ਜ਼ਖਮੀ ਹੋਏ ਹਨ।
ਹਾਲਾਂਕਿ ਬੱਦੀ ਹਸਪਤਾਲ ਵਿੱਚ ਜ਼ੇਰੇ ਇਲਾਜ ਲੋਕਾਂ ਦੇੇ ਨਾਵਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਪੀਜੀਆਈ ਵਿੱਚ ਚਰਨ ਸਿੰਘ (22), ਪ੍ਰੇਮ ਕੁਮਾਰੀ (27), ਆਰਤੀ (25) ਅਤੇ ਗੀਤਾ (25) ਜ਼ੇਰੇ ਇਲਾਜ ਦੱਸੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਲਾਗੜ੍ਹ, ਬੱਦੀ ਅਤੇ ਪਰਵਾਣੂ, ਹਰਿਆਣਾ ਦੇ ਚੰਡੀਮੰਦਰ ਆਰਮੀ ਸਟੇਸ਼ਨ ਤੋਂ 12-13 ਫਾਇਰ ਟੈਂਡਰ ਅੱਗ ਬੁਝਾਉਣ ਲਈ ਘਟਨਾ ਸਥਾਨ ’ਤੇ ਪੁੱਜੇ ਅਤੇ ਝਾੜਮਾਜਰੀ ਤੋਂ ਐੱਨਡੀਆਰਐੱਫ ਦੀ ਟੀਮ ਵੀ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ’ਤੇ ਪੁੱਜੀ।