ਨੱਚਦੇ, ਜਿੰਮ ਕਰਦੇ ਤੇ ਤੁਰਦੇ-ਫਿਰਦੇ ਦਿਲ ਦਾ ਦੌਰਾ ਪੈਣਾ, ਕੀ ਇਸਦਾ ਕੋਰੋਨਾਵਾਇਰਸ ਨਾਲ ਕੋਈ ਸਬੰਧ ਹੈ

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਹਾਲ ਦੇ ਦਿਨਾਂ ਵਿੱਚ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਅਚਾਨਕ ਪਏ ਦਿਲ ਦੇ ਦੌਰੇ ਦੇ ਵੀਡੀਓ ਵਾਇਰਲ ਹੁੰਦੇ ਦੇਖ ਜਾ ਸਕਦੇ ਹਨ।

ਸੋਸ਼ਲ ਮੀਡੀਆ 'ਤੇ ਵੱਖ-ਵੱਖ ਥਾਵਾਂ 'ਤੇ ਇੱਕ ਵੀਡੀਓ ਵਿੱਚ ਕੋਈ ਵਿਅਕਤੀ ਵਿਆਹ 'ਚ ਨੱਚਦਾ-ਨੱਚਦਾ ਅਚਾਨਕ ਜ਼ਮੀਦ 'ਤੇ ਡਿੱਗ ਪੈਦਾ ਤਾਂ ਇੱਕ ਹੋਰ ਵੀਡੀਓ ਵਿੱਚ ਹੱਥਾਂ 'ਚ ਫੁੱਲਾਂ ਦਾ ਗੁਲਦਸਤਾ ਲਏ ਤੁਰੀ ਜਾਂਦੀ ਕੁੜੀ ਅਚਾਨਕ ਡਿੱਗ ਪੈਂਦੀ ਹੈ।

ਅਜਿਹੇ ਹੀ ਇੱਕ ਹੋਰ ਵੀਡੀਓ ਵਿੱਚ, ਆਪਣੇ ਦੋਸਤ ਨਾਲ ਤੁਰਿਆ ਜਾਂਦਾ ਇੱਕ ਵਿਅਕਤੀ ਜ਼ਮੀਨ 'ਤੇ ਡਿੱਗ ਜਾਂਦਾ ਹੈ।

ਇਨ੍ਹਾਂ ਘਟਨਾਵਾਂ ਤੋਂ ਬਾਅਦ ਟਵਿੱਟਰ 'ਤੇ #heartattack ਵੀ ਟ੍ਰੇਂਡ ਕਰਨ ਲੱਗ ਪਿਆ ਸੀ ਅਤੇ ਲੋਕ ਇਸ ਤਰ੍ਹਾਂ ਅਚਾਨਕ ਹੋ ਰਹੀਆਂ ਮੌਤਾਂ 'ਤੇ ਚਿੰਤਾ ਪ੍ਰਗਟਾਉਂਦੇ ਨਜ਼ਰ ਆਏ।

ਕੁਝ ਸਮਾਂ ਪਹਿਲਾਂ ਹੀ ਕੰਨੜ ਅਦਾਕਾਰ ਪੁਨੀਤ ਰਾਜਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ ਜਿੰਮ 'ਚ ਕਸਰਤ ਕਰ ਰਹੇ ਸਨ।

ਮਸ਼ਹੂਰ ਹਾਸ ਕਲਾਕਾਰ ਰਾਜੂ ਸ਼੍ਰੀਵਾਸਤਵ ਵੀ ਜਿੰਮ 'ਚ ਟ੍ਰੈਡਮਿਲ 'ਤੇ ਦੌੜ ਰਹੇ ਸਨ, ਜਦੋਂ ਉਨ੍ਹਾਂ ਦੀ ਛਾਤੀ 'ਚ ਤੇਜ਼ ਦਰਦ ਉੱਠਿਆ ਅਤੇ ਉਹ ਡਿੱਗ ਪਏ।

ਬਾਅਦ ਵਿੱਚ ਡਾਕਟਰਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਆਇਆ ਸੀ। ਫਿਰ ਰਾਜੂ ਸ਼੍ਰੀਵਾਸਤਵ ਦਾ ਦੇਹਾਂਤ ਹੋ ਗਿਆ।

ਲੋਕਾਂ 'ਚ ਅਚਾਨਕ ਆ ਰਹੇ ਅਜਿਹੇ ਮਾਮਲਿਆਂ ਨੂੰ ਡਾਕਟਰ ਕਾਰਡੀਐਕ ਅਰੈਸਟ ਦੇ ਮਾਮਲੇ ਦੱਸ ਰਹੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਕਾਰਡੀਐਕ ਅਰੈਸਟ, ਦਿਲ ਦੇ ਆਕਾਰ ਅਤੇ ਮਾਸਪੇਸ਼ੀਆਂ ਦੇ ਵਧਣ, ਦਿਲ ਦੀਆਂ ਨਸਾਂ ਵਿੱਚ ਬਲੌਕੇਜ ਅਤੇ ਦਿਲ ਦੁਆਰਾ ਖੂਨ ਨੂੰ ਪੰਪ ਕਰਨਾ ਬੰਦ ਕਰਨ ਕਰਕੇ ਹੁੰਦਾ ਹੈ।

ਜੈਨੇਟਿਕ ਕਾਰਨਾਂ ਕਰਕੇ ਵੀ ਕਾਰਡੀਐਕ ਅਰੈਸਟ ਹੋ ਸਕਦਾ ਹੈ।

ਕਾਰਡੀਐਕ ਅਰੈਸਟ ਦੇ ਸੰਕੇਤ

ਡਾਕਟਰ ਓਪੀ ਯਾਦਵ, ਨੈਸ਼ਨਲ ਹਾਰਟ ਇੰਸਟੀਚਿਊਟ ਦੇ ਸੀਈਓ ਅਤੇ ਚੀਫ ਕਾਰਡੀਐਕ ਸਰਜਨ ਹਨ।

ਉਹ ਦੱਸਦੇ ਹਨ ਕਿ ਤੁਹਾਡੇ ਸਰੀਰ 'ਚ ਕੋਈ ਅਨਐਕਸਪਲੇਂਡ ਲੱਛਣ ਦਿਖਾਈ ਦੇਣ ਤਾਂ ਸੁਚੇਤ ਹੋ ਜਾਓ।

ਅਜਿਹੇ ਲੱਛਣ ਹੁੰਦੇ ਹਨ:

  • ਢਿੱਡ 'ਚ ਮਰੋੜ ਹੋਣਾ
  • ਢਿੱਡ ਦੇ ਉੱਪਰੀ ਹਿੱਸੇ 'ਚ ਬਲੋਟਿੰਗ (ਸੋਜ), ਭਾਰੀਪਣ ਮਹਿਸੂਸ ਹੋਣਾ
  • ਇਸ ਨੂੰ ਗੈਸ ਜਾਂ ਐਸੀਡਿਟੀ ਸਮਝ ਕੇ ਨਜ਼ਰਅੰਦਾਜ਼ ਨਾ ਕਰੋ
  • ਛਾਤੀ 'ਚ ਦਬਾਅ ਮਹਿਸੂਸ ਹੋਣਾ
  • ਗਲੇ 'ਚ ਕੁਝ ਫਸਿਆ ਹੋਇਆ ਲੱਗਣਾ
  • ਸਰੀਰ 'ਚ ਕੰਮ ਕਰਨ ਦੀ ਸਮਰੱਥਾ 'ਚ ਅਚਾਨਕ ਬਦਲਾਅ, ਜਿਵੇਂ ਰੋਜ਼ ਤੁਸੀਂ ਤਿੰਨ ਮੰਜ਼ਿਲ ਪੌੜੀਆਂ ਚੜ੍ਹ ਸਕਦੇ ਸੀ ਪਰ ਅਚਾਨਕ ਨਹੀਂ ਚੜ੍ਹ ਪਾ ਰਹੇ ਅਤੇ ਥਕਾਨ ਹੋ ਰਹੀ ਹੈ
  • ਕਈ ਦਰਦ ਰੈਫ਼ਰਡ ਹੁੰਦੇ ਹਨ, ਜਿਵੇਂ ਦਰਦ ਦਿਲ ਤੋਂ ਪਿੱਠ ਵੱਲ ਜਾਣਾ, ਕਈ ਵਾਰ ਦੰਦ ਜਾਂ ਗਰਦਨ ਦਾ ਦਰਦ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਹਾਲਾਂਕਿ ਅਜਿਹਾ ਨਹੀਂ ਕਰਨਾ ਚਾਹੀਦਾ
  • ਪਰਿਵਾਰ ਵਿੱਚ ਕਿਸੇ ਦੀ 30-40 ਸਾਲ ਤੋਂ ਘੱਟ ਉਮਰ 'ਚ ਅਚਾਨਕ ਮੌਤ ਹੋਈ ਹੈ ਤਾਂ ਵੀ ਤੁਹਾਨੂੰ ਕਾਰਡੀਐਕ ਅਰੈਸਟ ਦਾ ਖ਼ਤਰਾ ਵਧ ਜਾਂਦਾ ਹੈ

ਦਿੱਲੀ ਸਥਿੱਤ ਮੈਕਸ ਸੁਪਰ ਸਪੇਸ਼ੈਲੀਟੀ ਹਸਪਤਾਲ ਵਿੱਚ ਸੀਨੀਅਰ ਕਾਰਡੀਓਲਾਜਿਸਟ ਡਾਕਟਰ ਵਿਵੇਕਾ ਕੁਮਾਰ ਦਾ ਕਹਿਣਾ ਹੈ, ''ਹਾਰਟ ਅਟੈਕ 'ਚ ਮਰੀਜ਼ ਨੂੰ ਅੱਧਾ ਘੰਟਾ ਜਾਂ ਉਸ ਤੋਂ ਵੱਧ ਸਮਾਂ ਛਾਤੀ 'ਚ ਦਰਦ ਹੁੰਦਾ ਹੈ।''

''ਦਰਦ ਖੱਬੇ ਹੱਥ ਵੱਲ ਜਾਂਦਾ ਹੈ ਅਤੇ ਉਸ ਦੇ ਨਾਲ ਕਾਫ਼ੀ ਮੁੜ੍ਹਕਾ ਵੀ ਆਉਂਦਾ ਹੈ। ਜੇ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਕਾਰਡੀਐਕ ਅਰੈਸਟ 'ਚ ਤਬਦੀਲ ਹੋ ਸਕਦਾ ਹੈ।''

ਨਾਲ ਹੀ ਉਹ ਦੱਸਦੇ ਹਨ ਕਿ ਹਸਪਤਾਲ ਤੋਂ ਬਾਹਰ ਹੋਣ ਵਾਲੇ ਕਾਰਡੀਐਕ ਅਰੈਸਟ ਵਿੱਚ 3 ਤੋਂ 8 ਫੀਸਦੀ ਹੀ ਜਿਉਂਦੇ ਬਚਣ ਦੀ ਉਮੀਦ ਹੁੰਦੀ ਹੈ।

ਕੋਰੋਨਾ, ਵੈਕਸੀਨ ਅਤੇ ਕਾਰਡੀਐਕ ਅਰੈਸਟ ਦਾ ਸਬੰਧ

ਦੂਜੇ ਪਾਸੇ ਮੀਡੀਆ 'ਚ ਅਜਿਹੀਆਂ ਖਬਰਾਂ ਆ ਰਹੀਆਂ ਹਨ ਅਤੇ ਇਸ ਗੱਲ ਨੂੰ ਲੈ ਕੇ ਖੂਬ ਚਰਚਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਹੋਇਆ ਹੈ ਅਤੇ ਜਿਨ੍ਹਾਂ ਨੇ ਵੈਕਸੀਨ ਲਈ ਹੈ, ਉਨ੍ਹਾਂ ਨੂੰ ਅਜਿਹੇ ਕਾਰਡੀਐਕ ਅਰੈਸਟ ਜ਼ਿਆਦਾ ਹੋ ਰਹੇ ਹਨ।

ਡਾਕਟਰ ਓਪੀ ਯਾਦਵ ਅਤੇ ਡਾਕਟਰ ਵਿਵੇਕਾ ਕੁਮਾਰ ਦੋਵੇਂ ਹੀ ਕਹਿੰਦੇ ਹਨ ਕਿ ਕੋਰੋਨਾ ਕਾਰਨ ਸਰੀਰ 'ਚ ਖੂਨ ਦੇ ਕਲੌਟ ਜਾਂ ਖੂਨ ਜੰਮਣ ਦੇ ਮਾਮਲੇ ਸਾਹਮਣੇ ਆਏ ਹਨ।

ਉਹ ਕਹਿੰਦੇ ਹਨ ਕਿ ਇਹ ਕਲੌਟ ਜਾਂ ਥੱਕੇ ਫੇਫੜਿਆਂ, ਦਿਲ, ਪੈਰ ਦੀਆਂ ਨਸਾਂ ਅਤੇ ਦਿਮਾਗ 'ਚ ਬਣ ਸਕਦੇ ਹਨ। ਹਾਲਾਂਕਿ ਖੂਨ ਨੂੰ ਪਤਲਾ ਕਰਨ ਦੇ ਲਈ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਹਨ।

ਡਾਕਟਰ ਓਪੀ ਯਾਦਵ ਕਹਿੰਦੇ ਹਨ, ''ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਹਾਲ ਹੀ 'ਚ ਕੋਵਿਡ ਹੋਇਆ ਅਤੇ ਉਸ ਤੋਂ ਬਾਅਦ ਹਾਰਟ ਅਟੈਕ ਹੋਇਆ ਹੋਵੇ ਤਾਂ ਕਹਿ ਸਕਦੇ ਹਾਂ ਕਿ ਦੋਵਾਂ ਦਾ ਸਬੰਧ ਹੋਵੇ, ਪਰ ਇਸ ਦਾ ਕੋਈ ਸਬੂਤ ਨਹੀਂ ਹੈ।''

''ਪਰ ਜਿਸ ਨੂੰ ਕੋਰੋਨਾ ਹੋਇਆ ਹੋਵੇਗਾ, ਉਸ ਵਿਅਕਤੀ 'ਚ ਖੂਨ ਜੰਮਣ ਦਾ ਖਦਸ਼ਾ ਵਧ ਜਾਂਦਾ ਹੈ ਅਤੇ ਅਜਿਹੀ ਸਥਿਤੀ 'ਚ ਅਸੀਂ ਮਰੀਜ਼ ਨੂੰ ਬਲੱਡ ਥਿਨਰ ਦਿੰਦੇ ਹਾਂ ਅਤੇ ਕਸਰਤ ਤੇ ਸੈਰ ਕਰਨ ਦੀ ਸਲਾਹ ਦਿੰਦੇ ਹਾਂ।''

''ਪਰ ਹਰ ਹਾਰਟ ਅਟੈਕ ਕੋਰੋਨਾ ਦੇ ਕਾਰਨ ਹੋਵੇ, ਇਹ ਕਹਿਣਾ ਗਲਤ ਹੋਵੇਗਾ।''

ਡਾਕਟਰ ਵਿਵੇਕਾ ਕੁਮਾਰ ਮੁਤਾਬਕ, ''ਕੋਰੋਨਾ ਵੈਕਸੀਨ ਵੀ ਇੱਕ ਤਰ੍ਹਾਂ ਨਾਲ ਕੋਰੋਨਾ ਦੀ ਲਾਗ ਵਾਂਗ ਹੈ। ਕੋਰੋਨਾ ਕਾਫ਼ੀ ਲਾਗ ਵਾਲੀ ਬਿਮਾਰੀ ਹੈ ਅਤੇ ਉਸ 'ਚ ਕਲੌਟ ਬਣਨ ਦਾ ਖਦਸ਼ਾ ਵਧ ਜਾਂਦਾ ਹੈ।''

''ਅਜਿਹੇ ਵਿੱਚ ਜੇ ਇਹ ਦਿਲ 'ਚ ਹੋਵੇ ਤਾਂ ਹਾਰਟ ਅਟੈਕ ਜਾਂ ਕਾਰਡੀਐਕ ਅਰੈਸਟ ਦਾ ਖਦਸ਼ਾ ਵਧ ਜਾਂਦਾ ਹੈ ਅਤੇ ਜੇ ਦਿਮਾਗ 'ਚ ਹੋਵੇ ਤਾਂ ਬ੍ਰੇਨ ਸਟ੍ਰੋਕ ਹੋ ਸਕਦਾ ਹੈ।''

''ਨੌਜਵਾਨਾਂ 'ਚ ਅਜਿਹੇ ਮਾਮਲੇ ਜ਼ਿਆਦਾ ਦਿਖਾਈ ਦੇ ਰਹੇ ਹਨ। ਉਂਝ ਤਣਾਅ, ਸਿਗਰਟਨੋਸ਼ੀ, ਸ਼ਰਾਬ ਪੀਣਾ ਵੀ ਇਸ ਦੇ ਕਾਰਨ ਹਨ।''

ਪੁਰਸ਼ਾਂ ਵਿੱਚ ਔਰਤਾਂ ਨਾਲੋਂ ਜ਼ਿਆਦਾ ਮਾਮਲੇ

ਡਾਕਟਰ ਦੱਸਦੇ ਹਨ ਕਿ ਔਰਤਾਂ ਵਿੱਚ ਐਸਟ੍ਰੋਜਨ ਹਾਰਮੋਨ ਹੁੰਦਾ ਹੈ ਅਤੇ ਪੁਰਸ਼ਾਂ 'ਚ ਟੇਸਟੋਸਟੇਰੋਨ।

ਜਦੋਂ ਤੱਕ ਇੱਕ ਔਰਤ ਨੂੰ ਮਹਾਵਾਰੀ ਹੋ ਰਹੀ ਹੁੰਦੀ ਹੈ, ਉਸ ਦੇ ਸਰੀਰ 'ਚ ਮੌਜੂਦ ਐਸਟ੍ਰੋਜਨ ਹਾਰਮੋਨ ਦਾ ਪੱਧਰ ਕਾਫੀ ਵਧ ਜਾਂਦਾ ਹੈ।

ਅਜਿਹੇ ਵਿੱਚ, ਜਦੋਂ ਤੱਕ ਮਹਿਲਾ ਨੂੰ ਮਾਹਵਾਰੀ ਹੁੰਦੀ ਹੈ, ਇਹ ਹਾਰਮੋਨ ਉਸ ਦੀ ਸੁਰੱਖਿਆ ਕਰਦਾ ਹੈ ਪਰ ਮੀਨੋਪੌਜ਼ ਤੋਂ ਬਾਅਦ ਉਸ 'ਚ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ।

ਡਾਕਟਰ ਓਪੀ ਯਾਦਵ ਕਹਿੰਦੇ ਹਨ, ''45 ਸਾਲਾ ਔਰਤਾਂ ਦੇ ਮੁਕਾਬਲੇ ਪੁਰਸ਼ਾਂ 'ਚ ਹਾਰਟ ਅਟੈਕ ਦੇ ਮਾਮਲੇ ਜ਼ਿਆਦਾ ਹਨ। ਇਸ ਦਾ ਅਨੁਪਾਤ 10:1 ਹੈ। ਇਸ ਦਾ ਮਤਲਬ ਇਹ ਹੈ ਕਿ ਦਸ ਪੁਰਸ਼ਾਂ ਦੀ ਤੁਲਨਾ ਵਿੱਚ ਇੱਕ ਮਹਿਲਾ ਨੂੰ ਹਾਰਟ ਅਟੈਕ ਹੁੰਦਾ ਹੈ।''

ਉਨ੍ਹਾਂ ਮੁਤਾਬਕ, ਜਿਵੇਂ ਹੀ ਐਸਟ੍ਰੋਜਨ ਦਾ ਪੱਧਰ ਡਿੱਗਦਾ ਹੈ ਅਤੇ ਮਹਿਲਾ ਨੂੰ ਮੀਨੋਪੌਜ਼ ਹੁੰਦਾ ਹੈ ਤਾਂ ਹਾਰਟ ਅਟੈਕ ਦਾ ਖਦਸ਼ਾ ਵਧ ਜਾਂਦਾ ਹੈ।

ਜਦਕਿ 60 ਸਾਲ ਦੀ ਉਮਰ 'ਚ ਔਰਤ ਅਤੇ ਪੁਰਸ਼ ਵਿਚਕਾਰ ਹਾਰਟ ਅਟੈਕ ਦੇ ਮਾਮਲੇ ਬਰਾਬਰ ਹੋ ਜਾਂਦੇ ਹਨ। 65 ਸਾਲ ਬਾਅਦ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਹਾਰਟ ਅਟੈਕ ਦੇ ਮਾਮਲੇ ਸਾਹਮਣੇ ਆਉਂਦੇ ਹਨ।

ਇਸ ਲਈ ਡਾਕਟਰ ਔਰਤਾਂ ਅਤੇ ਪੁਰਸ਼ਾਂ ਦੋਵਾਂ ਨੂੰ ਹੀ ਆਪਣੇ ਖਾਣ-ਪੀਣ ਅਤੇ ਕਸਰਤ 'ਤੇ ਧਿਆਨ ਦੇਣ ਦੀ ਸਲਾਹ ਦਿੰਦੇ ਹਨ।

ਨੌਜਵਾਨ ਔਰਤਾਂ 'ਚ ਹੋ ਰਹੇ ਹਾਰਟ ਅਟੈਕ ਦਾ ਕਾਰਨ ਦੱਸਦੇ ਹੋਏ ਡਾਕਟਰ ਓਪੀ ਯਾਦਵ ਕਹਿੰਦੇ ਹਨ, ''ਔਰਤਾਂ ਦੀ ਜੀਵਨਸ਼ੈਲੀ 'ਚ ਆਏ ਬਦਲਾਅ ਉਨ੍ਹਾਂ ਨੂੰ ਅਜਿਹੀਆਂ ਬਿਮਾਰੀਆਂ ਵੱਲ ਧੱਕ ਰਹੇ ਹਨ।''

ਉਹ ਕਹਿੰਦੇ ਹਨ, ''ਸਿਗਰਟਨੋਸ਼ੀ, ਸ਼ਰਾਬ ਦਾ ਸੇਵਨ ਅਤੇ ਮੈਦੇ ਤੋਂ ਬਣੇ ਖਾਣੇ ਕਾਰਨ ਇਸ ਪ੍ਰਕਾਰ ਦੀਆਂ ਬਿਮਾਰੀਆਂ ਦਾ ਖਤਰਾ ਵਧਣ ਲੱਗਿਆ ਹੈ। ਦੂਜੇ ਪਾਸੇ ਘਰਾਂ 'ਚ ਰਹਿੰਦੀਆਂ ਮਹਿਲਾਵਾਂ ਵੀ ਕਸਰਤ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੀਆਂ।''

ਜਿੰਮ, ਸਪਲੀਮੈਂਟਸ ਅਤੇ ਕਾਰਡੀਐਕ ਅਰੈਸਟ ਦਾ ਸਬੰਧ

ਡਾਕਟਰ ਦਾ ਕਹਿਣਾ ਹੈ ਕਿ ਜੇ ਤੁਸੀਂ ਅਚਾਨਕ ਜਿੰਮ ਜਾਣਾ ਸ਼ੁਰੂ ਕਰਦੇ ਹੋ ਅਤੇ ਅਜਿਹੀ ਕਸਰਤ ਕਰਨਾ ਸ਼ੁਰੂ ਕਰਦੇ ਹੋ, ਜਿਸ ਦੇ ਤੁਸੀਂ ਆਦੀ ਨਹੀਂ ਹੋ ਤਾਂ ਤੁਹਾਨੂੰ ਮੁਸ਼ਕਲਾਂ ਆ ਸਕਦੀਆਂ ਹਨ।

ਡਾਕਟਰ ਸਲਾਹ ਦਿੰਦੇ ਹਨ ਕਿ ਜਿੰਮ ਕਰਦੇ ਸਮੇਂ ਹੌਲੀ-ਹੌਲੀ ਉਸ ਦਾ ਪੱਧਰ ਵਧਾਓ। ਜੇ ਕਿਸੇ ਕੰਪੀਟੀਸ਼ਨ ਲਈ ਤਿਆਰੀ ਕਰ ਰਹੇ ਹੋ ਤਾਂ ਉਸ ਤੋਂ ਪਹਿਲਾਂ ਮੈਡੀਕਲ ਚੈਕਅਪ ਜ਼ਰੂਰ ਕਰਵਾਓ।

ਮੁੜ੍ਹਕਾ ਜ਼ਿਆਦਾ ਆਵੇ ਤਾਂ ਪਾਣੀ ਜ਼ਿਆਦਾ ਪੀਓ ਅਤੇ ਸਰੀਰ 'ਚ ਲੂਣ ਦੀ ਕਮੀ ਨਾ ਹੋਣ ਦੇਵੋ। ਸ਼ਰਾਬ, ਤੰਬਾਕੂ ਅਤੇ ਡਰੱਗਜ਼ ਦਾ ਸੇਵਨ ਵੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ ਅਤੇ ਖਤਰੇ ਨੂੰ ਵਧਾ ਸਕਦਾ ਹੈ।

ਡਾਕਟਰ ਵਿਵੇਕਾ ਕਹਿੰਦੇ ਹਨ, ''ਐਨਰਜੀ ਜਾਂ ਮਸਲਜ਼ ਬਣਾਉਣ ਵਾਲੇ ਪੇਅ ਪਦਾਰਥਾਂ ਦਾ ਸੇਵਨ ਨਾ ਕਰੋ ਕਿਉਂਕਿ ਇਨ੍ਹਾਂ ਵਿੱਚ ਅਜਿਹੀਆਂ ਦਵਾਈਆਂ ਹੁੰਦੀਆਂ ਹਨ ਜਿਹੜੀਆਂ ਤੁਹਾਡੀ ਉਤੇਜਨਾ ਵਧਾਉਂਦੀਆਂ ਹਨ। ਇਨ੍ਹਾਂ ਵਿੱਚ ਸਿੰਥੈਟਿਕ ਕੰਪਾਊਂਡਜ਼ ਵੀ ਹੁੰਦੇ ਹਨ, ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ।''

ਦੋਵੇਂ ਹੀ ਡਾਕਟਰ ਸਲਾਹ ਦਿੰਦੇ ਹਨ ਕਿ ਸਿਹਤ 'ਤੇ ਰਿਟਾਇਰਮੈਂਟ ਤੋਂ ਬਾਅਦ ਨਹੀਂ ਬਲਕਿ ਜਵਾਨੀ ਵਿੱਚ ਵੀ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸੰਤੁਲਿਤ ਭੋਜਨ ਅਤੇ ਕਸਰਤ ਚੰਗੀ ਸਿਹਤ ਦਾ ਮੂਲਮੰਤਰ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)