#WorldheartDay: ਵਾਧੂ ਭਾਰਤੀ ਨੌਜਵਾਨ ਹੋ ਰਹੇ ਹਨ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸਾਲ 2016 ਦੀਆਂ ਸਰਦੀਆਂ ਵਿੱਚ 29 ਸਾਲਾ ਅਮਿਤ ਨੂੰ ਸਵੇਰੇ 4 ਵਜੇ ਛਾਤੀ ਵਿੱਚ ਦਰਦ ਉੱਠਿਆ।

ਦਰਦ ਨਾਲ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ ਅਤੇ ਤਰੇਲੀ ਆ ਗਈ। ਜਦੋਂ ਉਹ ਸੌਂ ਕੇ ਉੱਠੇ ਤਾਂ ਤਬੀਅਤ ਕੁਝ ਠੀਕ ਸੀ ਇਸ ਲਈ ਉਨ੍ਹਾਂ ਨੇ ਡਾਕਟਰ ਨੂੰ ਮਿਲਣਾ ਜ਼ਰੂਰੀ ਨਾ ਸਮਝਿਆ।

ਉਨ੍ਹਾਂ ਨੂੰ ਅਗਲੇ ਦਿਨ ਵੀ ਕੰਮ-ਕਾਜ ਕਰਦਿਆਂ ਤਕਲੀਫ਼ ਰਹੀ। ਫੇਰ ਉਨ੍ਹਾਂ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ।

ਡਾਕਟਰ ਨੇ ਉਨ੍ਹਾਂ ਨੂੰ ਈਕੋ-ਕਾਰਡੀਓਗ੍ਰਾਮ ਕਰਾਉਣ ਨੂੰ ਕਿਹਾ। ਟੈਸਟਾਂ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਇਹ ਦਰਦ ਉਨ੍ਹਾਂ ਨੂੰ ਦਿਲ ਦੇ ਦੌਰੇ ਕਰਕੇ ਹੀ ਹੋਇਆ ਸੀ।

ਅਮਿਤ ਇਹ ਸਮਝ ਨਾ ਸਕੇ ਕਿ ਇੰਨੀ ਛੋਟੀ ਉਮਰ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਕਿਵੇਂ ਪੈ ਗਿਆ।

ਇਹ ਹੈਰਾਨੀ ਅਮਿਤ ਵਰਗੇ ਹੋਰ ਵੀ ਕਈ ਨੌਜਵਾਨਾਂ ਲਈ ਹੁਣ ਆਮ ਹੋ ਗਈ ਹੈ।

ਦਿਲ ਦੇ ਦੌਰੇ ਦੇ ਮਾਮਲੇ ਵਧ ਰਹੇ ਹਨ

ਅੰਕੜੇ ਦੱਸਦੇ ਹਨ ਕਿ ਘੱਟ ਉਮਰ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਹਰ ਦਿਨ ਵਧ ਰਹੇ ਹਨ।

24 ਮਈ ਨੂੰ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੰਸਦ ਮੈਂਬਰ ਬੰਡਾਰੂ ਦੱਤਾਤ੍ਰੇਅ ਦੇ 21 ਸਾਲਾ ਬੇਟੇ ਬੰਡਾਰੂ ਵੈਸ਼ਣਵ ਦੀ ਮੌਤ ਇਸੇ ਵਜ੍ਹਾ ਕਰਕੇ ਹੋਈ। ਉਹ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਸਨ।

ਦੇਰ ਰਾਤ ਖਾਣਾ ਖਾਣ ਮਗਰੋਂ ਉਨ੍ਹਾਂ ਦੀ ਛਾਤੀ ਵਿੱਚ ਅਚਾਨਕ ਦਰਦ ਹੋਇਆ। ਪਰਿਵਾਰ ਉਨ੍ਹਾਂ ਨੂੰ ਗੁਰੂ ਨਾਨਕ ਹਸਪਤਾਲ ਲੈ ਕੇ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।

ਨੌਜਵਾਨਾਂ ਵਿੱਚ ਦਿਲ ਦੀ ਬੀਮਾਰੀ

ਇੱਕ ਅਮਰੀਕੀ ਖੋਜ ਜਰਨਲ ਵਿੱਚ ਛਪੇ ਲੇਖ ਮੁਤਾਬਕ ਸਾਲ 2015 ਵਿੱਚ 6.2 ਕਰੋੜ ਭਾਰਤੀਆਂ ਨੂੰ ਦਿਲ ਦੀ ਬਿਮਾਰੀ ਹੋਈ ਜਿਨ੍ਹਾਂ ਵਿੱਚੋਂ 2.3 ਕਰੋੜ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ ਸਨ, ਭਾਵ ਤਕਰੀਬਨ 40 ਫੀਸਦੀ।

ਭਾਰਤ ਲਈ ਇਹ ਨਤੀਜੇ ਹੈਰਾਨੀਜਨਕ ਹਨ। ਮਾਹਿਰਾਂ ਮੁਤਾਬਕ ਭਾਰਤ ਵਿੱਚ ਇਹ ਗਿਣਤੀ ਪੂਰੀ ਦੁਨੀਆਂ ਦੇ ਮੁਕਾਬਲੇ ਤੇਜ਼ੀ ਨਾਲ ਵਧ ਰਹੀ ਹੈ।

Healthdata.org ਮੁਤਾਬਕ ਸਾਲ 2005 ਵਿੱਚ ਉਮਰ ਤੋਂ ਪਹਿਲਾਂ ਮੌਤ ਦਾ ਤੀਜਾ ਵੱਡਾ ਕਾਰਨ ਦਿਲ ਦਾ ਦੌਰਾ ਸੀ।

ਸਾਲ 2016 ਵਿੱਚ ਇਹ ਪਹਿਲਾ ਕਾਰਨ ਬਣ ਗਿਆ। ਅੱਜ ਤੋਂ 10-15 ਸਾਲ ਪਹਿਲਾਂ ਦਿਲ ਦੀ ਬਿਮਾਰੀ ਨੂੰ ਵਧੇਰੇ ਤੌਰ 'ਤੇ ਬਜ਼ੁਰਗਾਂ ਨਾਲ ਜੋੜ ਕੇ ਦੇਖਿਆ ਜਾਂਦਾ ਸੀ।

ਕਮਜ਼ੋਰ ਦਿਲ ਦੇ ਕਾਰਨ

ਦੇਸ ਦੇ ਉੱਘੇ ਕਾਰਡਿਓਲੋਜਿਸਟ ਅਤੇ ਪਦਮਸ਼੍ਰੀ ਡਾ਼ ਏਸੀ ਮਨਚੰਦਾ ਪਹਿਲਾਂ ਏਮਜ਼ ਵਿੱਚ ਕਈ ਸਾਲ ਕਾਰਡੀਓ ਵਿਭਾਗ ਦੇ ਮੁਖੀ ਰਹਿਣ ਮਗਰੋਂ ਫਿਲਹਾਲ ਉਹ ਹੁਣ ਸਰ ਗੰਗਾਰਾਮ ਹਸਪਤਾਲ ਦਿੱਲੀ ਵਿੱਚ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਦੇਸ ਦੇ ਨੌਜਵਾਨਾਂ ਦਾ ਦਿਲ ਕਮਜ਼ੋਰ ਹੋ ਗਿਆ ਹੈ ਜਿਸ ਦਾ ਕਾਰਨ ਅਜੋਕੀ ਜੀਵਨ ਸ਼ੈਲੀ ਹੈ।

ਉਹ ਦੇਸ ਦੇ ਨੌਜਵਾਨਾਂ ਵਿੱਚ ਫੈਲੇ ਇਸ 'ਲਾਈਫ ਸਟਾਈਲ ਡਿਸਆਰਡਰ' ਦੇ ਪੰਜ ਵੱਡੇ ਕਾਰਨ ਦਸਦੇ ਹਨ-

  • ਜੀਵਨ ਵਿੱਚ ਤਣਾਅ
  • ਖਾਣ-ਪੀਣ ਦੀਆਂ ਗਲਤ ਆਦਤਾਂ
  • ਕੰਪਿਊਟਰ/ ਇਲੈਕਟ੍ਰਾਨਿਕ ਉਪਕਰਨਾਂ ਦੀ ਬਹੁਤੀ ਵਰਤੋਂ
  • ਸਮੋਕਿੰਗ, ਤੰਬਾਕੂ, ਸ਼ਰਾਬਨੋਸ਼ੀ
  • ਵਾਤਾਵਰਨ ਦਾ ਪ੍ਰਦੂਸ਼ਣ

ਡਾ਼ ਮਨਚੰਦਾ ਮੁਤਾਬਕ ਭਾਵੇਂ 29 ਸਾਲ ਦੇ ਅਮਿਤ ਹੋਣ ਜਾਂ ਫੇਰ 21 ਸਾਲਾਂ ਦੇ ਵੈਸ਼ਣਵ ਦੋਹਾਂ ਹੀ ਕੇਸਾਂ ਵਿੱਚ ਦਿਲ ਦੇ ਦੌਰੇ ਦੀ ਵਜ੍ਹਾ ਇਨ੍ਹਾਂ ਵਿੱਚੋਂ ਹੀ ਕੋਈ ਇੱਕ ਹੈ।

ਅਮਿਤ ਨੇ ਬੀਬੀਸੀ ਨੂੰ ਦੱਸਿਆ ਕਿ ਉਹ 22 ਸਾਲ ਦੀ ਉਮਰ ਤੋਂ ਸਿਗਰਟ ਪੀਣ ਲੱਗੇ ਪਏ ਅਤੇ 29 ਸਾਲ ਦੀ ਉਮਰ ਤੱਕ ਚੇਨ ਸਮੋਕਰ ਬਣ ਗਏ ਸਨ।

ਦਿਲ ਦੇ ਦੌਰੇ ਮਗਰੋਂ ਸਿਗਰਟ ਤਾਂ ਛੱਡ ਦਿੱਤੀ ਪਰ ਹੁਣ ਦਿਲ ਦੀ ਬਿਮਾਰੀ ਦੀਆਂ ਦਵਾਈਆਂ ਖਾਣੀਆਂ ਪੈ ਰਹੀਆਂ ਹਨ।

ਵੈਸ਼ਣਵ ਬਾਰੇ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਪਰ ਪਾੜ੍ਹਿਆਂ ਵਿੱਚ ਤਣਾਅ ਵੀ ਇੱਕ ਆਮ ਗੱਲ ਹੈ। ਵਿਦਿਆਰਥੀ ਜੀਵਨ ਦੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਪੜ੍ਹਾਈ ਲਈ ਇਲੈਕਟ੍ਰਾਨਿਕ ਉਪਕਰਨਾਂ ਦੀ ਬਹੁਤੀ ਦੇਰ ਤੱਕ ਵਰਤੋਂ ਕੋਈ ਨਵੀਂ ਗੱਲ ਨਹੀਂ ਹੈ।

ਦਿਲ ਦੇ ਦੌਰੇ ਦੇ ਲੱਛਣ

ਡਾਕਟਰਾਂ ਦੀ ਮੰਨੀਏ ਤਾਂ ਦਿਲ ਦੇ ਦੌਰੇ ਦਾ ਵੱਡਾ ਲੱਛਣ ਹੈ- ਛਾਤੀ ਵਿੱਚ ਦਰਦ। ਦਰਦ ਕਰਕੇ ਸਾਡੀਆਂ ਅੱਖਾਂ ਵਿੱਚ ਘਬਰਾਹਟ ਦਿਸਣ ਲਗਦੀ ਹੈ ਅਤੇ ਮਰੀਜ਼ ਥੱਲੇ ਡਿੱਗ ਜਾਂਦਾ ਹੈ, ਇੰਝ ਲਗਦਾ ਹੈ ਜਿਵੇਂ ਸਾਡਾ ਦਿਲ ਕੁਚਲਿਆ ਜਾ ਰਿਹਾ ਹੋਵੋ ਪਰ ਜ਼ਰੂਰੀ ਨਹੀਂ ਹਰ ਵਾਰ ਇਹ ਮਹਿਸੂਸ ਹੋਵੇ।

ਜਦੋਂ ਦਿਲ ਤੱਕ ਲੋੜੀਂਦਾ ਖੂਨ ਨਹੀਂ ਪਹੁੰਚਦਾ ਤਾਂ ਦਿਲ ਦਾ ਦੌਰਾ ਪੈਂਦਾ ਹੈ। ਅਕਸਰ ਧਮਣੀਆਂ ਦੀ ਰੁਕਾਵਟ ਕਰਕੇ ਖ਼ੂਨ ਦੇ ਦਿਲ ਤੱਕ ਪਹੁੰਚਣ ਵਿੱਚ ਮੁਸ਼ਕਿਲ ਹੁੰਦੀ ਹੈ, ਇਸੇ ਕਰਕੇ ਦਰਦ ਹੁੰਦਾ ਹੈ। ਕਦੇ-ਕਦੇ ਬਿਨਾਂ ਦਰਦ ਦੇ ਵੀ ਦੌਰਾ ਪੈ ਜਾਂਦਾ ਹੈ ਜਿਸ ਨੂੰ ਸਾਈਲੈਂਟ ਅਟੈਕ ਜਾਂ ਖਾਮੋਸ਼ ਦੌਰਾ ਕਿਹਾ ਜਾਂਦਾ ਹੈ।

Healthdata.org ਮੁਤਾਬਕ ਹੁਣ ਵੀ ਦੁਨੀਆਂ ਭਰ ਵਿੱਚ ਹੋਣ ਵਾਲੀਆਂ ਮੌਤਾਂ ਦਾ ਇੱਕ ਵੱਡਾ ਕਾਰਨ ਦਿਲ ਦਾ ਦੌਰਾ ਹੈ।

ਸਾਲ 2016 ਵਿੱਚ ਵੱਖ-ਵੱਖ ਬਿਮਾਰੀਆਂ ਕਰਕੇ ਹੋਣ ਵਾਲੀਆਂ ਮੌਤਾਂ ਵਿੱਚੋਂ 53 ਫੀਸਦੀ ਮੌਤਾਂ ਦਿਲ ਦੇ ਦੌਰੇ ਕਰਕੇ ਹੋਈਆਂ ਹਨ।

ਕਿਹੜੀਆਂ ਔਰਤਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਸਭ ਤੋਂ ਵੱਧ?

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਕੇਕੇ ਅਗਰਵਾਲ ਮੁਤਾਬਕ," ਔਰਤਾਂ ਵਿੱਚ ਮਾਹਵਾਰੀ ਬੰਦ ਹੋਣ (ਮੀਨੋਪਾਜ਼) ਤੋਂ ਪਹਿਲਾਂ ਦਿਲ ਦੀ ਬਿਮਾਰੀ ਨਹੀਂ ਹੁੰਦੀ।"

ਉਨ੍ਹਾਂ ਦੇ ਸੈਕਸ ਹਾਰਮੋਨ ਹੀ ਉਨ੍ਹਾਂ ਨੂੰ ਦਿਲ ਦੇ ਦੌਰਿਆਂ ਤੋਂ ਬਚਾਉਂਦੇ ਹਨ।

ਇਹ ਗੱਲ ਹੁਣ ਬਦਲ ਚੁੱਕੀ ਹੈ ਅਤੇ ਮਾਹਵਾਰੀ ਬੰਦ ਹੋਣ ਤੋਂ ਪਹਿਲਾਂ ਵੀ, ਔਰਤਾਂ ਵਿੱਚ ਦਿਲ ਦੀ ਬਿਮਾਰੀ ਦੀ ਸ਼ਿਕਾਇਤ ਹੋਣ ਲੱਗੀ ਹੈ।

ਪਬਲਿਕ ਹੈਲਥ ਫਾਊਂਡੇਸ਼ਨ ਦੇ ਡਾ਼ ਸ਼੍ਰੀਨਾਥ ਰੈਡੀ ਮੁਤਾਬਕ, "ਜੇ ਕੋਈ ਔਰਤ ਸਮੋਕਿੰਗ ਕਰਦੀ ਹੈ ਜਾਂ ਲੰਮੇ ਸਮੇਂ ਤੱਕ ਗਰਭ ਰੋਕੂ ਗੋਲੀਆਂ ਖਾਂਦੀ ਰਹੀ ਹੈ ਤਾਂ ਉਨ੍ਹਾਂ ਦੇ ਸਰੀਰ ਵਿੱਚ ਦਿਲ ਦੇ ਦੌਰੇ ਦਾ ਮੁਕਾਬਲਾ ਕਰਨ ਦੀ ਸਮਰੱਥਾ ਘਟ ਜਾਂਦੀ ਹੈ।"

ਡਾ਼ ਰੈਡੀ ਨੇ ਦੱਸਿਆ, "ਮੀਨੋਪਾਜ਼ ਦੇ ਪੰਜ ਸਾਲ ਬਾਅਦ ਔਰਤਾਂ ਦਿਲ ਦੇ ਦੌਰੇ ਦਾ ਖ਼ਤਰਾ ਮਰਦਾਂ ਦੇ ਬਰਾਬਰ ਹੀ ਹੋ ਜਾਂਦਾ ਹੈ।"

ਕਈ ਕਿਸਮ ਦੀਆਂ ਖੋਜਾਂ ਵਿੱਚ ਸਾਹਮਣੇ ਆਇਆ ਹੈ ਕਿ ਔਰਤਾਂ ਅਕਸਰ ਛਾਤੀ ਦੇ ਦਰਦ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਇਸ ਕਰਕੇ ਉਨ੍ਹਾਂ ਦੇ ਇਲਾਜ ਵਿੱਚ ਵੀ ਦੇਰੀ ਹੁੰਦੀ ਹੈ।

ਦਿਲ ਦੇ ਦੌਰੇ ਤੋਂ ਬਚਣ ਲਈ ਕੀ ਕੀਤਾ ਜਾਵੇ?

ਡਾ਼ ਮਨਚੰਦਾ ਨੇ ਦੱਸਿਆ ਕਿ ਦਿਲ ਦੇ ਦੌਰੇ ਤੋਂ ਬਚਣ ਲਈ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀ ਕਰਨ ਦੀ ਲੋੜ ਹੈ।

ਉਨ੍ਹਾਂ ਮੁਤਾਬਕ ਇਹ ਤਬਦੀਲੀ ਯੋਗ ਨਾਲ ਸੰਭਵ ਹੈ।

"ਯੋਗ ਨਾ ਸਿਰਫ਼ ਤਣਾਅ ਦੂਰ ਕਰਦਾ ਹੈ ਸਗੋਂ ਲੋਕ ਸ਼ਾਂਤ ਚਿੱਤ ਅਤੇ ਵਧੇਰੇ ਇਕਾਗਰ ਹੁੰਦੇ ਹਨ।"

ਟਰਾਂਸ ਫੈਟ ਤੋਂ ਬਚੋ

ਡਾ਼ ਮਨਚੰਦਾ ਨੇ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਦਿਲ ਦੇ ਦੌਰੇ ਤੋਂ ਬਚਾਉਣ ਵਿੱਚ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਹੈ।

"ਜੰਕ ਫੂਡ ਉੱਪਰ ਸਰਕਾਰ ਨੂੰ ਵਧੇਰੇ ਕਰ ਲਾਉਣਾ ਚਾਹੀਦਾ ਹੈ, ਜਿਵੇਂ ਸਰਕਾਰ ਤੰਬਾਕੂ ਅਤੇ ਸਿਗਰਟ ਉੱਪਰ ਲਾਉਂਦੀ ਹੈ। ਇਸ ਦੇ ਨਾਲ ਹੀ ਜੰਕ ਫੂਡ ਉੱਪਰ ਵੱਡੇ ਅੱਖਰਾਂ ਵਿੱਚ ਚਿਤਾਵਨੀ ਲਿਖਣੀ ਚਾਹੀਦੀ ਹੈ। ਸਰਕਾਰ ਇਸ ਬਾਰੇ ਨਿਯਮ ਬਣਾ ਸਕਦੀ ਹੈ।"

ਡਾ਼ ਮਨਚੰਦਾ ਅਨੁਸਾਰ ਭਾਵੇਂ ਇਸ ਨਾਲ ਸਮੱਸਿਆ ਜੜ੍ਹੋਂ ਤਾਂ ਖ਼ਤਮ ਨਹੀਂ ਹੋਵੇਗੀ ਪਰ ਲੋਕਾਂ ਵਿੱਚ ਜਾਗਰੂਕਤਾ ਵਧੇਗੀ।

ਅਕਸਰ ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ ਦਿਲ ਦੇ ਦੌਰੇ ਦਾ ਸਿੱਧਾ ਸੰਬੰਧ ਸਰੀਰ ਦੇ ਕੈਲਿਸਟਰੋਲ ਪੱਧਰ ਨਾਲ ਹੁੰਦਾ ਹੈ। ਇਸ ਲਈ ਵਧੇਰੇ ਤੇਲ ਵਿੱਚ ਤਲੇ ਹੋਏ ਖਾਣੇ ਤੋਂ ਬਚਣਾ ਚਾਹੀਦਾ ਹੈ।

ਇਸ ਗੱਲ ਵਿੱਚ ਸਚਾਈ ਕਿੰਨੀ ਹੈ, ਇਸ ਬਾਰੇ ਡਾ਼ ਮਨਚੰਦਾ ਨੇ ਦੱਸਿਆ ਕਿ ਕੈਲਿਸਟਰੋਲ ਨਾਲ ਤਾਂ ਨਹੀਂ ਪਰ ਟਰਾਂਸ ਫੈਟ ਨਾਲ ਦਿਲ ਦੇ ਦੌਰੇ ਵਿੱਚ ਦਿੱਕਤ ਵਧੇਰੇ ਆ ਸਕਦੀ ਹੈ।

ਟਰਾਂਸ ਫੈਟ ਸਰੀਰ ਵਿੱਚ ਵਧੀਆ ਕੈਲਿਸਟਰੋਲ ਨੂੰ ਘਟਾਉਂਦਾ ਹੈ ਅਤੇ ਬੁਰੇ ਕੈਲਿਸਟਰੋਲ ਨੂੰ ਵਧਾਉਂਦਾ ਹੈ।

ਵਨਸਪਤੀ ਅਤੇ ਡਾਲਡਾ ਟਰਾਂਸ ਫੈਟ ਦੇ ਮੁੱਖ ਸੋਮੇ ਹਨ। ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।

ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਤਰੀਕਿਆਂ ਨਾਲ ਨੌਜਵਾਨ ਦਿਲ ਦੇ ਦੌਰੇ ਤੋਂ ਬਚ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)