ਇੰਡੋਨੇਸ਼ੀਆ ’ਚ ਆਏ ਭੂਚਾਲ ਮਗਰੋਂ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਦੀ ਕਵਾਇਦ ਜਾਰੀ

ਇੰਡੋਨੇਸ਼ੀਆ ਵਿੱਚ ਸੋਮਵਾਰ ਨੂੰ ਭੂਚਾਲ ਨਾਲ 162 ਲੋਕਾਂ ਦੀ ਮੌਤ ਹੋ ਗਈ ਹੈ ਅਤੇ 700 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਖ਼ਬਰ ਏਜੰਸੀ ਏਐਫ਼ਪੀ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਭੂਚਾਲ ਅਤੇ ਮੌਤਾਂ ਬਾਰੇ ਜਾਣਕਾਰੀ ਦਿੱਤੀ ਹੈ।

ਯੂਐੱਸ ਭੁਗੋਲਿਕ ਸਰਵੇ ਮੁਤਾਬਕ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਹੈ।

ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਹੈ।

ਭੂਚਾਲ ਤੋਂ ਪ੍ਰਭਾਵਿਤ ਇਲਾਕਾ ਸੰਘਣੀ ਵਸੋਂ ਵਾਲਾ ਹੈ।

ਸੋਸ਼ਲ ਮੀਡੀਆ ਉਪਰ ਸਾਂਝੀਆਂ ਕੀਤੀ ਜਾ ਰਹੀਆਂ ਵੀਡੀਓਜ਼ ਵਿੱਚ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦਾ ਹੋਇਆ ਨੁਕਸਾਨ ਦੇਖਿਆ ਜਾ ਸਕਦਾ ਹੈ।

ਸਿਆਨਜੋਰ ਕਸਬੇ ਦੇ ਪ੍ਰਸ਼ਾਸਨ ਮੁਖੀ ਹੇਰਮਨ ਸੂਹੇਰਮਨ ਨੇ ਕੋਮਪਾਸ ਟੀਵੀ ਨੂੰ ਕਿਹਾ, “ਕਈ ਇਲਾਕਿਆਂ ਤੋਂ ਪੀੜ੍ਹਤ ਆ ਰਹੇ ਹਨ ਅਤੇ ਇਸ ਕਰੋਪੀ ਵਿੱਚ ਕਰੀਬ 700 ਲੋਕ ਜ਼ਖਮੀ ਹੋਏ ਹਨ।”

ਸਥਾਨਕ ਰਿਪੋਰਟਾਂ ਮੁਤਾਬਕ ਡਿੱਗੀਆਂ ਹੋਈਆਂ ਇਮਾਰਤਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਐਂਬੂਲੈਂਸ ਰਾਹੀਂ ਪੀੜ੍ਹਤਾਂ ਨੂੰ ਪਿੰਡਾਂ ਵਿੱਚੋਂ ਹਸਪਤਾਲ ਲਿਆਂਦਾ ਜਾ ਰਿਹਾ ਹੈ।

“ਪਿੰਡਾਂ ਵਿੱਚ ਕਈ ਪਰਿਵਾਰ ਹਨ ਜਿੰਨ੍ਹਾਂ ਨੂੰ ਹਾਲੇ ਕੱਢਿਆ ਨਹੀਂ ਗਿਆ ਹੈ।”

ਰਾਸ਼ਟਰੀ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਮੁਤਾਬਕ ਸਿਆਨਜੋਰ ਵਿੱਚ ਦਰਜਨਾਂ ਇਮਾਰਤਾਂ ਨੁਕਸਾਨੀਆਂ ਗਈਆਂ ਹਨ।

ਇਹਨਾਂ ਵਿੱਚ ਇੱਕ ਹਸਪਤਾਲ ਅਤੇ ਇੱਕ ਇਸਲਾਮਿਕ ਬੋਰਡਿੰਗ ਸਕੂਲ ਵੀ ਸ਼ਾਮਿਲ ਹਨ।

ਇੱਕ ਵਕੀਲ ਮਾਯਾਦਿਤਾ ਵਾਲੂਯੋ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਮੈਂ ਕੰਮ ਕਰ ਰਹੀ ਸੀ ਜਦੋਂ ਮੇਰੇ ਹੇਠਲਾ ਫਰਸ਼ ਹਿੱਲਣ ਲੱਗਾ। ਮੈਂ ਭੂਚਾਲ ਨੂੰ ਮਹਿਸੂਸ ਕਰ ਸਕਦੀ ਸੀ। ਮੈਂ ਇਸ ਬਾਰੇ ਕੁਝ ਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਇਹ ਹੋਰ ਵੀ ਤੇਜ ​​ਹੋ ਗਿਆ ਅਤੇ ਫਿਰ ਚਲਾ ਗਿਆ।"

ਅਹਿਮਦ ਰਿਦਵਾਨ ਨਾਮ ਦੇ ਇੱਕ ਅਧਿਕਾਰੀ ਨੇ ਰੌਇਟਰਜ਼ ਨੂੰ ਦੱਸਿਆ, "ਅਸੀਂ ਜਕਾਰਤਾ ਵਿੱਚ ਇਸ ਤਰ੍ਹਾਂ ਭੂਚਾਲਾਂ ਦੇ ਆਦੀ ਹਾਂ ਪਰ ਲੋਕ ਘਬਰਾ ਗਏ, ਇਸ ਲਈ ਅਸੀਂ ਵੀ ਘਬਰਾ ਗਏ ਸੀ।"

ਬਹੁਤੇ ਜ਼ਖ਼ਮੀਆਂ ਦੀਆਂ ਹੱਡੀਆਂ ਟੁੱਟੀਆਂ

ਗਵਰਨਰ ਰਿਦਵਾਨ ਕਾਮਿਲ ਨੇ ਦੱਸਿਆ ਕਿ ਭੂਚਾਲ ਨਾਲ ਪ੍ਰਭਾਵਿਤ ਕੁਝ ਇਲਾਕਿਆਂ ਦਾ ਜ਼ਮੀਨ ਖਿਸਕਣ ਕਾਰਨ ਸੰਪਰਕ ਟੁੱਟ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਮਲਬੇ ਹੇਠਾਂ ਦੱਬੇ ਹੋ ਸਕਦੇ ਹਨ।

ਇਸ ਤੋਂ ਪਹਿਲਾਂ, ਸਿਆਨਜੂਰ ਸ਼ਹਿਰ ਦੇ ਪ੍ਰਸ਼ਾਸਨ ਦੇ ਮੁਖੀ ਹਰਮਨ ਸੁਹੇਰਮਨ ਨੇ ਕਿਹਾ ਕਿ ਇਮਾਰਤਾਂ ਦੇ ਮਲਬੇ ਤੋਂ ਬਾਹਰ ਕੱਢੇ ਗਏ ਜ਼ਿਆਦਾਤਰ ਜ਼ਖਮੀ ਲੋਕਾਂ ਦੀਆਂ ਹੱਡੀਆਂ ਟੁੱਟੀਆਂ ਹਨ।

ਹਰਮਨ ਸੁਹੇਰਮਨ ਨੇ ਏਐੱਫ਼ਪੀ ਨਿਊਜ਼ ਏਜੰਸੀ ਨੂੰ ਦੱਸਿਆ, "ਪਿੰਡਾਂ ਤੋਂ ਹਸਪਤਾਲਾਂ ਵਿੱਚ ਐਂਬੂਲੈਂਸਾਂ ਲਗਾਤਾਰ ਆ ਰਹੀਆਂ ਹਨ। ਪਿੰਡਾਂ ਵਿੱਚ ਅਜੇ ਵੀ ਕਈ ਪਰਿਵਾਰ ਫ਼ਸੇ ਹੋਏ ਹਨ।"

ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਨੇ ਦੱਸਿਆ ਹੈ ਕਿ ਸਿਆਨਜੂਰ ਸ਼ਹਿਰ 'ਚ ਦਰਜਨਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਇਸ ਵਿੱਚ ਇੱਕ ਹਸਪਤਾਲ ਅਤੇ ਇੱਕ ਮਦਰੱਸੇ ਦਾ ਹੋਸਟਲ ਵੀ ਸ਼ਾਮਲ ਹੈ।

ਸਿਆਨਜੂਰ ਸ਼ਹਿਰ ਤੋਂ 100 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਜਕਾਰਤਾ ਸ਼ਹਿਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਾਵਧਾਨੀ ਦੇ ਤੌਰ 'ਤੇ ਜਕਾਰਤਾ ਦੀਆਂ ਉੱਚੀਆਂ ਇਮਾਰਤਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)