ਯੂਪੀ ਪੁਲਿਸ ਭਰਤੀ ਪ੍ਰੀਖਿਆ 'ਚ ਕੀ 'ਘਪਲੇਬਾਜ਼ੀ' ਹੋਈ ਜੋ ਰੱਦ ਕਰਨੀ ਪਈ, ਇੱਕ ਨੇ ਖੁਦਕੁਸ਼ੀ ਕੀਤੀ, ਪੰਜਾਬ ਤੋਂ ਵੀ ਕਈਆਂ ਨੇ ਪ੍ਰੀਖਿਆ ਦਿੱਤੀ

ਉੱਤਰ ਪ੍ਰਦੇਸ਼ ਵਿੱਚ 17 ਅਤੇ 18 ਫਰਵਰੀ ਨੂੰ ਹੋਈ ਪੁਲਿਸ ਭਰਤੀ ਪ੍ਰੀਖਿਆ ਵਿੱਚ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਅਤੇ ਉਮੀਦਵਾਰਾਂ ਵੱਲੋਂ ਪ੍ਰੀਖਿਆ ਮੁੜ ਲਏ ਜਾਣ ਦੀ ਮੰਗ ਤੋਂ ਬਾਅਦ, ਸੂਬਾ ਸਰਕਾਰ ਨੇ ਇਸ ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਹਾਲਾਂਕਿ ਪ੍ਰੀਖਿਆ ਤੋਂ ਤੁਰੰਤ ਬਾਅਦ ਸਰਕਾਰ ਨੇ 'ਕਿਸੇ ਤਰ੍ਹਾਂ ਦੇ ਪੇਪਰ ਲੀਕ ਹੋਣ ਤੋਂ ਇਨਕਾਰ' ਕੀਤਾ ਸੀ।

ਜਦਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਦਿਆਰਥੀਆਂ ਦੇ ਦਬਾਅ ਅਤੇ ਲਖਨਊ ਵਿੱਚ ਮੁਜ਼ਾਹਰਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਸ਼ਨੀਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਲਿਖਿਆ, "ਰਿਜ਼ਰਵ ਸਿਵਲ ਪੁਲਿਸ ਦੇ ਅਹੁਦਿਆਂ 'ਤੇ ਚੋਣ ਲਈ ਲਈ ਗਈ ਪ੍ਰੀਖਿਆ-2023 ਨੂੰ ਰੱਦ ਕਰਨ ਅਤੇ ਅਗਲੇ ਛੇ ਮਹੀਨਿਆਂ ਦੇ ਅੰਦਰ ਮੁੜ ਪ੍ਰੀਖਿਆ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।"

ਉਨ੍ਹਾਂ ਨੇ ਕਿਹਾ, "ਇਮਤਿਹਾਨਾਂ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਨੌਜਵਾਨਾਂ ਦੀ ਮਿਹਨਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਹੈ।"

ਪੇਪਰ ਲੀਕ ਨਾਲ ਕਿੰਨੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ

ਇਹ ਪ੍ਰੀਖਿਆ 60,000 ਤੋਂ ਵੱਧ ਅਸਾਮੀਆਂ ਲਈ ਕਰਵਾਈ ਗਈ ਸੀ। ਪੇਪਰ ਲੀਕ ਹੋਣ ਦੇ ਇਲਜ਼ਾਮ ਲੱਗੇ ਸਨ। ਇਸ ਤੋਂ ਬਾਅਦ ਸੂਬੇ ਦੀ ਰਾਜਧਾਨੀ ਲਖਨਊ ਅਤੇ ਪ੍ਰਯਾਗਰਾਜ ਵਿੱਚ ਨੌਜਵਾਨਾਂ ਨੇ ਮੁਜ਼ਾਹਰਾ ਕੀਤਾ।

ਇਹ ਪ੍ਰੀਖਿਆ ਇਸ ਮਹੀਨੇ 17 ਅਤੇ 18 ਫਰਵਰੀ ਨੂੰ ਯੂਪੀ ਦੇ 75 ਜ਼ਿਲ੍ਹਿਆਂ ਵਿੱਚ ਕਰਵਾਈ ਗਈ ਸੀ। ਇਸ ਪ੍ਰੀਖਿਆ ਵਿੱਚ 48 ਲੱਖ ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 15 ਲੱਖ ਤੋਂ ਜ਼ਿਆਦਾ ਕੁੜੀਆਂ ਸਨ।

ਇਸ ਪ੍ਰੀਖਿਆ ਵਿੱਚ ਬਿਹਾਰ ਤੋਂ 2,67,305, ਹਰਿਆਣਾ ਤੋਂ 74,769, ਝਾਰਖੰਡ ਤੋਂ 17,112, ਮੱਧ ਪ੍ਰਦੇਸ਼ ਤੋਂ 98,400, ਦਿੱਲੀ ਤੋਂ 42,259, ਰਾਜਸਥਾਨ ਤੋਂ 97,277, ਉੱਤਰਾਖੰਡ ਤੋਂ 14,627, ਪੱਛਮੀ ਬੰਗਾਲ ਤੋਂ 5,512, ਮਹਾਰਸ਼ਟਰ ਤੋਂ 3,151 ਅਤੇ ਪੰਜਾਬ ਤੋਂ 3,404 ਉਮੀਦਵਾਰ ਪ੍ਰੀਖਿਆ ਦੇ ਰਹੇ ਹਨ।

ਯੂਪੀ ਪੁਲਿਸ ਨੇ ਸ਼ਨੀਵਾਰ ਨੂੰ ਪ੍ਰੀਖਿਆ ਦੇ ਸਬੰਧ ਵਿੱਚ "ਧੋਖਾਧੜੀ ਦੀਆਂ ਗਤੀਵਿਧੀਆਂ" ਵਿੱਚ ਸ਼ਾਮਲ ਹੋਣ ਲਈ ਪਿਛਲੇ ਤਿੰਨ ਦਿਨਾਂ ਵਿੱਚ ਕੁੱਲ 122 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਐਸਟੀਐਫ਼ ਕਰੇਗੀ ਜਾਂਚ

ਸਰਕਾਰ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਭਰਤੀ ਬੋਰਡ ਨੂੰ ਇਹ ਵੀ ਹੁਕਮ ਦਿੱਤੇ ਗਏ ਹਨ, "ਜਿਸ ਵੀ ਪੱਧਰ 'ਤੇ ਲਾਪਰਵਾਹੀ ਕੀਤੀ ਗਈ ਹੈ, ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।"

ਇਸ ਪੂਰੇ ਮਾਮਲੇ ਦੀ ਜਾਂਚ ਉੱਤਰ ਪ੍ਰਦੇਸ਼ ਪੁਲਿਸ ਦੀ ਐਸਟੀਐਫ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉੱਤਰ ਪ੍ਰਦੇਸ਼ ਸਰਕਾਰ ਨੇ ਮੁੜ ਭਰਤੀ ਲਈ ਪ੍ਰੀਖਿਆ ਛੇ ਮਹੀਨਿਆਂ ਵਿੱਚ ਕਰਵਾਉਣ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਉੱਤਰ ਪ੍ਰਦੇਸ਼ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਵੀ ਵਿਦਿਆਰਥੀਆਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਦੇ ਹੁਕਮ ਦਿੱਤੇ ਹਨ।

ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਪ੍ਰੀਖਿਆ ਤੋਂ ਪਹਿਲਾਂ ਹੀ ਸੂਬੇ ਭਰ ਤੋਂ 250 ਤੋਂ ਵੱਧ ਹੱਲ ਕਰਨ ਵਾਲੇ ਗਿਰੋਹ ਅਤੇ ਨਕਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਸੀ।

ਇਸ ਦੇ ਬਾਵਜੂਦ ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਪ੍ਰੀਖਿਆ ਸ਼ੁਰੂ ਹੁੰਦੇ ਹੀ ਪੇਪਰ ਲੀਕ ਹੋ ਗਿਆ ਅਤੇ ਇਸ ਦੀ ਕੁੰਜੀ ਟੈਲੀਗ੍ਰਾਮ ਅਤੇ ਵਟਸਐਪ ਰਾਹੀਂ ਵਾਇਰਲ ਹੋਣ ਲੱਗੀ।

ਉੱਤਰ ਪ੍ਰਦੇਸ਼ ਪੁਲਿਸ ਭਰਤੀ ਬੋਰਡ ਨੇ ਵੀ ਵਿਦਿਆਰਥੀਆਂ ਨੂੰ ਈਮੇਲ ਰਾਹੀਂ ਸ਼ੁੱਕਰਵਾਰ ਸ਼ਾਮ ਤੱਕ ਪੇਪਰ ਲੀਕ ਹੋਣ ਦਾ ਸਬੂਤ ਦੇਣ ਲਈ ਕਿਹਾ ਸੀ।

ਪੇਪਰ ਰੱਦ ਹੋਣਾ ‘ਨੌਜਵਾਨਾਂ ਦੀ ਜਿੱਤ’

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਸਰਕਾਰ ਦੇ ਪੇਪਰ ਰੱਦ ਕਰਨ ਦੇ ਫੈਸਲੇ ਨੂੰ ਨੌਜਵਾਨਾਂ ਦੀ ਜਿੱਤ ਕਿਹਾ ਹੈ।

ਜ਼ਿਕਰਯੋਗ ਹੈ ਕਿ ਜਦੋਂ ਕੁਝ ਦਿਨ ਪਹਿਲਾਂ ਅਖਿਲੇਸ਼ ਯਾਦਵ ਨੇ ਪੇਪਰ ਲੀਕ ਦਾ ਮੁੱਦਾ ਚੁੱਕਿਆ ਸੀ ਤਾਂ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਨੇ ਕਿਹਾ ਸੀ, "ਅਖਿਲੇਸ਼ ਯਾਦਵ ਕੋਲ ਕੋਈ ਮੁੱਦਾ ਨਹੀਂ ਹੈ। ਮੇਰੀ ਜਾਣਕਾਰੀ ਅਨੁਸਾਰ ਹੁਣ ਤੱਕ ਕੋਈ ਪੇਪਰ ਲੀਕ ਨਹੀਂ ਹੋਇਆ ਹੈ।"

ਇਸ ਦਾ ਜਵਾਬ ਦਿੰਦੇ ਹੋਏ ਅਖਿਲੇਸ਼ ਯਾਦਵ ਨੇ ਟਵਿੱਟਰ 'ਤੇ ਲਿਖਿਆ, ''ਪਹਿਲਾਂ ਭਾਜਪਾ ਕਹਿ ਰਹੀ ਸੀ ਕਿ ਪੇਪਰ ਲੀਕ ਨਹੀਂ ਹੋਏ, ਤਾਂ ਹੁਣ ਉਹ ਇਸ ਨੂੰ ਕਿਵੇਂ ਮੰਨ ਸਕਦੇ ਹਨ। ਇਸ ਦਾ ਮਤਲਬ ਹੈ ਕਿ ਅਫਸਰਾਂ ਅਤੇ ਅਪਰਾਧੀਆਂ ਦੀ ਮਿਲੀਭੁਗਤ ਸੀ ਅਤੇ ਸਰਕਾਰ ਵੀ ਉਨ੍ਹਾਂ 'ਤੇ ਆਪਣਾ ਹੱਥ ਰੱਖ ਰਹੀ ਸੀ।''

''ਪਰ ਸਾਰੇ ਸਬੂਤਾਂ ਦੇ ਬਾਵਜੂਦ ਚੋਣਾਂ ਵਿੱਚ ਇਤਿਹਾਸਕ ਹਾਰ ਤੋਂ ਬਚਣ ਲਈ ਸਰਕਾਰ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ ਹੈ।''

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਰਵੱਈਏ 'ਤੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ।

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, “ਨੌਜਵਾਨਾਂ ਦੀ ਤਾਕਤ ਅੱਗੇ ਸਰਕਾਰ ਨੂੰ ਝੁਕਣਾ ਪਿਆ। ਯੂਪੀ ਵਿੱਚ ਹਰ ਪ੍ਰੀਖਿਆ ਦਾ ਪੇਪਰ ਲੀਕ ਹੋਣਾ ਨਾ ਸਿਰਫ਼ ਭਾਜਪਾ ਸਰਕਾਰ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਸਬੂਤ ਹੈ, ਸਗੋਂ ਇਸ ਤੋਂ ਵੀ ਗੰਭੀਰ ਗੱਲ ਸਰਕਾਰ ਦੀ ਲਾਪਰਵਾਹੀ ਅਤੇ ਗੁੰਮਰਾਹਕੁੰਨ ਰਵੱਈਆ ਹੈ।"

"ਪਹਿਲਾਂ ਤਾਂ ਉਨ੍ਹਾਂ ਨੇ ਮੰਨਿਆ ਨਹੀਂ ਕਿ ਪੇਪਰ ਲੀਕ ਹੋਇਆ। ਫਿਰ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਡਰਾਉਣ-ਧਮਾਉਣ ਦੀ ਕੋਸ਼ਿਸ਼ ਕੀਤੀ ਅਤੇ ਗੁੰਮਰਾਹਕੁੰਨ ਬਿਆਨ ਦਿੱਤੇ। ਨਤੀਜਾ ਇਹ ਹੈ ਕਿ ਪੇਪਰ ਲੀਕ ਕਰਨ ਵਾਲੇ ਆਗੂ ਖੁੱਲ੍ਹੇਆਮ ਘੁੰਮ ਰਹੇ ਹਨ।"

ਨਿਰਾਸ਼ ਨੌਜਵਾਨ ਵੱਲੋਂ ਡਿਗਰੀਆਂ ਸਾੜਨ ਤੋਂ ਬਾਅਦ ਖ਼ੁਦਕੁਸ਼ੀ

ਕਨੌਜ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਨੇ ਵੀ ਇਹ ਪ੍ਰੀਖਿਆ ਦਿੱਤੀ ਸੀ। ਉਸ ਨੇ 23 ਫਰਵਰੀ ਨੂੰ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬ੍ਰਿਜੇਸ਼ ਪਾਲ ਯੂਪੀ ਪੁਲਿਸ ਭਰਤੀ ਦਾ ਪੇਪਰ ਕਥਿਤ ਤੌਰ ਉੱਤੇ ਲੀਕ ਹੋ ਜਾਣ ਤੋਂ ਬਾਅਦ ਪਰੇਸ਼ਾਨ ਸੀ।

ਬ੍ਰਿਜੇਸ਼ ਪਾਲ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਪਿਰਵਾਰ ਨਾਲ ਬੈਠ ਕੇ ਰਾਤ ਦਾ ਖਾਣਾ ਖਾਧਾ ਅਤੇ ਸੌਣ ਲਈ ਕਮਰੇ ਵਿੱਚ ਚਲਿਆ ਗਿਆ।

ਪੁਲਿਸ ਨੇ ਦੱਸਿਆ ਹੈ ਕਿ ਮਰਹੂਮ ਬ੍ਰਿਜੇਸ਼ ਪਾਲ ਨੇ ਆਪਣੀ ਜਾਨ ਇਸ ਲਈ ਲੈ ਲਈ ਕਿਉਂਕਿ ਉਸ ਨੂੰ ਨੌਕਰੀ ਨਹੀਂ ਮਿਲ ਰਹੀ ਸੀ।

ਬ੍ਰਿਜੇਸ਼ ਪਾਲ ਨੇ ਡਿਗਰੀਆਂ ਸਾੜਨ ਬਾਰੇ ਆਪਣੇ ਨੋਟ ਵਿੱਚ ਲਿਖਿਆ, ਡਿਗਰੀਆਂ ਦਾ ਕੀ ਫਾਇਦਾ ਜਦੋਂ ਕਿਸੇ ਨੂੰ ਨੌਕਰੀ ਹੀ ਨਹੀਂ ਮਿਲਣੀ। ਮੈਂ ਆਪਣੀ ਅੱਧੀ ਜ਼ਿੰਦਗੀ ਪੜ੍ਹਦੇ ਨੇ ਲੰਘਾ ਦਿੱਤੀ।”

ਪੁਲਿਸ ਮੁਤਾਬਕ ਵਿਦਿਆਰਥੀ ਨੇ ਆਪਣੀ ਮੌਤ ਲਈ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾਇਆ ਹੈ।

ਉਸ ਨੇ ਆਪਣੇ ਪਿਤਾ ਨੂੰ ਸੰਬੋਧਨ ਕਰਦਿਆਂ ਲਿਖਿਆ, “ਮੈਨੂੰ ਮਾਫ ਕਰਨਾ ਮੈਂ ਤੁਹਾਨੂੰ ਧੋਖਾ ਦੇ ਰਿਹਾ ਹਾਂ” ਪਰ ਆਪਣੀ ਗੈਰ ਮੌਜੂਦਗੀ ਵਿੱਚ ਵੀ ਉਸ ਨੇ ਆਪਣੀ ਛੋਟੀ ਭੈਣ ਦਾ ਵਿਆਹ ਭਲੀ-ਭਾਂਤ ਕਰਨ ਨੂੰ ਕਿਹਾ।''

ਉਸਦੇ ਪਿਤਾ ਇੱਕ ਨਿੱਜੀ ਫੈਕਟਰੀ ਵਿੱਚ ਮੁਲਾਜ਼ਮ ਹਨ। ਮਰਹੂਮ ਨੌਜਵਾਨ ਆਪਣੇ ਪਿੱਛੇ ਪਿਤਾ ਤੋਂ ਇਲਾਵਾ, ਮਾਂ ਅਤੇ ਦੋ ਭੈਣਾ ਛੱਡ ਗਿਆ ਹੈ। ਇੱਕ ਭੈਣ ਦਾ ਜਲਦੀ ਹੀ ਵਿਆਹ ਹੋਣ ਵਾਲਾ ਸੀ।

ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਬ੍ਰਿਜੇਸ਼ ਦੀ ਮੌਤ ਦੇ ਹਵਾਲੇ ਨਾਲ ਭਾਜਪਾ ਸਰਕਾਰ ਨੂੰ ਘੇਰਿਆ।

ਉਨ੍ਹਾਂ ਨੇ ਲਿਖਿਆ, “ਇਹ ਬਹੁਤ ਹੀ ਦੁਖਦਾਈ ਖਬਰ ਹੈ ਕਿ ਕਨੌਜ ਦੇ ਇੱਕ ਨੌਜਵਾਨ ਬ੍ਰਿਜੇਸ਼ ਪਾਲ ਨੇ ਬੇਰੁਜ਼ਗਾਰੀ ਦੇ ਦੁਖਾਂਤ ਤੋਂ ਨਿਰਾਸ਼ ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਅਤੇ ਅਜਿਹਾ ਕਰਨ ਤੋਂ ਪਹਿਲਾਂ ਉਸਨੇ ਆਪਣੀਆਂ ਸਾਰੀਆਂ ਡਿਗਰੀਆਂ ਨੂੰ ਸਾੜ ਦਿੱਤਾ।''

''ਜ਼ਿੰਦਗੀ ਦੇਣਾ ਕੋਈ ਹੱਲ ਨਹੀਂ, ਸੰਘਰਸ਼ ਹੀ ਹੱਲ ਲੱਭਦਾ ਹੈ। ਭਾਜਪਾ ਸਰਕਾਰ ਵਿੱਚ ਨੌਕਰੀ ਮਿਲਣ ਦੀ ਉਮੀਦ ਬੇਅਰਥ ਹੈ। ਆਪਣੀ ਸਰਕਾਰ ਬਣਾਉਣ ਲਈ ਕਿਤਾਬਾਂ ਦੀ ਹਰ ਚਾਲ ਵਰਤਣ ਵਾਲੀ ਭਾਜਪਾ ਨੌਕਰੀਆਂ ਦੇਣ ਦੇ ਨਾਂ 'ਤੇ ਕਿਉਂ ਮੂੰਹ ਮੋੜ ਲੈਂਦੀ ਹੈ?”

ਵਿਦਿਆਰਥੀਆਂ ਦੀਆਂ ਮੰਗਾਂ

ਲਖਨਊ ਵਿੱਚ ਧਰਨੇ ਵਿੱਚ ਸ਼ਾਮਲੇ ਉਮੀਦਵਾਰ ਸਚਿਨ ਯਾਦਵ ਦਾ ਕਹਿਣਾ ਹੈ, ''ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਜਦੋਂ ਦੁਬਾਰਾ ਪੇਪਰ ਕਰਵਾਇਆ ਜਾਵੇ ਤਾਂ ਅਜਿਹੀ ਸਮੱਸਿਆ ਨਾ ਆਵੇ ਕਿ ਨੌਜਵਾਨਾਂ ਨੂੰ ਸੜਕਾਂ 'ਤੇ ਉਤਰਨਾ ਪਵੇ।''

''ਟੈਂਡਰ ਦਿੱਤਾ ਗਿਆ ਹੈ, ਇਸ ਵਿੱਚ ਅਜਿਹੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਹੈ, ਕੋਈ ਧਾਂਦਲੀ ਨਹੀਂ ਹੋਣੀ ਚਾਹੀਦੀ ਤਾਂ ਜੋ ਸਿਰਫ ਇਸ ਵਿੱਚ ਪੜ੍ਹ ਰਹੇ ਵਿਦਿਆਰਥੀ ਹੀ ਸਫਲ ਹੋ ਸਕਣ।"

ਸ਼ਾਹਜਹਾਂਪੁਰ ਤੋਂ ਲਖਨਊ ਆ ਕੇ ਮੁਜ਼ਾਹਰੇ ਦਾ ਹਿੱਸਾ ਬਣੇ ਵਿਦਿਆਰਥੀ ਵਿਕਾਸ ਸ਼ਰਮਾ ਦਾ ਕਹਿਣਾ ਹੈ ਕਿ ਉਹ 2017-18 ਤੋਂ ਪੁਲਿਸ ਭਰਤੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ।

ਉਹ ਕਹਿੰਦੇ ਹਨ, "ਸੜਕਾਂ 'ਤੇ ਅੰਦੋਲਨ ਕਰਨਾ ਕੋਈ ਨਹੀਂ ਚਾਹੁੰਦਾ। ਕਿਸੇ ਦੀ ਕੋਈ ਇੱਛਾ ਨਹੀਂ, ਇਹ ਤਾਂ ਮਜਬੂਰੀ ਸੀ। ਪਹਿਲਾਂ ਤਾਂ ਉਹ ਹਰ ਸਾਲ ਭਰਤੀ ਕਰਦੇ ਸਨ। ਇਸ ਵਾਰ ਭਰਤੀ ਪੰਜ-ਛੇ ਸਾਲਾਂ ਬਾਅਦ ਆਈ ਹੈ।"

ਸ਼ਰਮਾ ਦਾ ਕਹਿਣਾ ਹੈ, "ਕਿਸੇ ਵੀ ਬੱਚੇ ਨੂੰ ਨਹੀਂ ਪਤਾ ਕਿ ਕਿਹੜੀ ਕੰਪਨੀ ਭਰਤੀ ਪ੍ਰੀਖਿਆ ਲੈ ਰਹੀ ਹੈ। ਹੁਣ ਪ੍ਰੀਖਿਆ ਸਹੀ ਢੰਗ ਨਾਲ ਕਰਵਾਓ ਅਤੇ ਧੋਖਾਧੜੀ ਵਾਲੇ ਮਾਫੀਆ ਦੇ ਖਿਲਾਫ ਸਖਤ ਕਾਰਵਾਈ ਕਰੋ ਤਾਂ ਕਿ ਦੁਬਾਰਾ ਲੀਕ ਕਰਨ ਦੀ ਹਿੰਮਤ ਨਾ ਪਵੇ। ਪਤਾ ਨਹੀਂ ਕਿਹੜੇ ਹਿਸਾਬ ਦਾ ਇਨ੍ਹਾਂ ਦਾ ਕਨੂੰਨ ਹੈ ਕਿ ਪੇਪਰ ਲੀਕ ਹੋ ਜਾਂਦਾ ਹੈ।"

ਸੰਘਰਸ਼ੀ ਵਿਦਿਆਰਥੀਆਂ ਦੀ ਅਗਵਾਈ ਕੌਣ ਕਰ ਰਿਹਾ ਹੈ?

ਬੀਬੀਸੀ ਪੱਤਰਕਾਰ ਅਨੰਤ ਝਣਾਣੇ ਮੁਤਾਬਕ ਜਦੋਂ ਅਸੀਂ ਵਿਦਿਆਰਥੀਆਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਆਪਣੇ ਵਿਅਕਤੀਗਤ ਪੱਧਰ 'ਤੇ ਇਸ ਅੰਦੋਲਨ ਵਿੱਚ ਹਿੱਸਾ ਲੈ ਰਿਹਾ ਹੈ।

ਵਿਦਿਆਰਥੀਆਂ ਦੀ ਭੀੜ ਨੂੰ ਲਖਨਊ ਵਿੱਚ ਮੁਜ਼ਾਹਰੇ ਵਾਲੀ ਥਾਂ 'ਤੇ ਅਧਿਆਪਕਾਂ ਅਤੇ ਕੋਚਿੰਗ ਸੈਂਟਰਾਂ ਦੀ ਵੀ ਹਮਾਇਤ ਹਾਸਲ ਸੀ।

ਲਖਨਊ ਦੇ ਇੱਕ ਕੋਚਿੰਗ ਸੈਂਟਰ ਦੇ ਅਧਿਆਪਕ ਰਵੀ ਪੀ ਤਿਵਾਰੀ ਨੇ ਕੁਝ ਵਿਦਿਆਰਥੀਆਂ ਅਤੇ ਹੋਰ ਅਧਿਆਪਕਾਂ ਨਾਲ ਸ਼ੁੱਕਰਵਾਰ ਨੂੰ ਭਰਤੀ ਬੋਰਡ ਦੇ ਅਧਿਕਾਰੀਆਂ ਨਾਲ 12 ਮਿੰਟ ਦੀ ਮੀਟਿੰਗ ਕੀਤੀ ਅਤੇ ਬਾਅਦ ਵਿੱਚ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਹਜੂਮ ਨੂੰ ਸੰਬੋਧਨ ਕੀਤਾ।

ਸਰਕਾਰ ਵੱਲੋਂ ਪ੍ਰੀਖਿਆਵਾਂ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਨੇ ਰਵੀ ਪੀ ਤਿਵਾਰੀ ਨੂੰ ਮੋਢਿਆਂ 'ਤੇ ਚੁੱਕ ਕੇ ਜ਼ਿੰਦਾਬਾਦ ਦੇ ਨਾਅਰੇ ਲਾਏ।

ਤਿਵਾਰੀ ਲਗਾਤਾਰ ਪੇਪਰ ਲੀਕ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਚੁੱਕਦੇ ਰਹੇ ਹਨ। ਉਨ੍ਹਾਂ ਸਰਕਾਰ ਵੱਲੋਂ ਪ੍ਰੀਖਿਆ ਰੱਦ ਕਰਕੇ ਛੇ ਮਹੀਨੇ ਬਾਅਦ ਦੁਬਾਰਾ ਕਰਵਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਪ੍ਰਧਾਨ ਮੰਤਰੀ ਯੂਪੀ ਦੇ ਨੌਜਵਾਨਾਂ ਨੂੰ ‘ਨਸ਼ੇੜੀ’ ਕਹੇ ਜਾਣ ਤੋਂ ਦੁਖੀ

ਪਿਛਲੇ ਦਿਨੀਂ ਕਾਂਗਰਸੀ ਆਗੂ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਯਾਤਰਾ ਦੇ ਸਿਲਸਿਲੇ ਵਿੱਚ ਉੱਤਰ ਪ੍ਰਦੇਸ਼ ਵਿੱਚ ਸਨ। ਜਦੋਂ ਉਨ੍ਹਾਂ ਨੇ ਪੁਲਿਸ ਭਰਤੀ ਪ੍ਰੀਖਿਆ ਦੁਬਾਰਾ ਲੈਣ ਦੀ ਮੰਗ ਕਰ ਰਹੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ।

ਜ਼ਿਕਰਯੋਗ ਹੈ ਕਿ ਪੁਲਿਸ ਭਰਤੀ ਪ੍ਰੀਖਿਆ ਦੇ ਕਥਿਤ ਪੇਪਰ ਲੀਕ ਹੋਣ ਦੇ ਵਿਰੋਧ ਵਿੱਚ ਲਖਨਊ ਅਤੇ ਪ੍ਰਯਾਗਰਾਜ ਵਿੱਚ ਸਿਵਲ ਸੇਵਾ ਦੇ ਚਾਹਵਾਨ ਮੁਜ਼ਾਹਰਾ ਕਰ ਰਹੇ ਹਨ।

ਇਸ ਦੌਰਾਨ ਰਾਹੁਲ ਗਾਂਧੀ ਨੇ ਬੋਲਦਿਆਂ ਕਿਹਾ ਕਿ ਆਪਣੀ ਯਾਤਰਾ ਦੌਰਾਨ ਉਨ੍ਹਾਂ ਨੇ ਦੇਖਿਆ ਹੈ ਕਿ ਕਿਵੇਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੜਕਾਂ ਉੱਤੇ ਪਏ ਸਨ।

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰਾਹੁਲ ਗਾਂਧੀ ਵੱਲੋਂ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ‘ਨਸ਼ੇੜੀ’ ਕਹੇ ਜਾਣ ਤੋਂ ਦੁਖੀ ਸਨ।

ਉਨ੍ਹਾਂ ਨੇ ਕਿਹਾ, ਜਿਨ੍ਹਾਂ ਦੇ ਆਪਣੇ ਹੋਸ਼ ਟਿਕਾਣੇ ਨਹੀਂ ਹਨ। ਉਹ ਯੂਪੀ ਦੇ, ਮੇਰੇ ਕਾਸ਼ੀ ਦੇ ਬੱਚਿਆਂ ਨੂੰ ਨਸ਼ੇੜੀ ਕਹਿ ਰਹੇ ਹਨ।"

ਸ਼ਨਿੱਚਰਵਾਰ ਨੂੰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਟਿੱਪਣੀ ਬਾਰੇ ਪ੍ਰਤੀ-ਟਿੱਪਣੀ ਕੀਤੀ।

ਉਨ੍ਹਾਂ ਨੇ ਐਕਸ ਉੱਪਰ ਲਿਖਿਆ, ''ਪੁਲਿਸ ਭਰਤੀ ਪੇਪਰ ਲੀਕ ਹੋਣ ਨੂੰ ਲੈ ਕੇ ਲਖਨਊ ਤੋਂ ਪ੍ਰਯਾਗਰਾਜ ਤੱਕ ਨੌਜਵਾਨ ਸੜਕਾਂ 'ਤੇ ਹਨ। ਅਤੇ ਉਥੋਂ ਸਿਰਫ਼ 100 ਕਿਲੋਮੀਟਰ ਦੂਰ ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਨੌਜਵਾਨਾਂ ਦੇ ਨਾਂ ’ਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਠੇਠ ਬਨਾਰਸੀ ਸ਼ੈਲੀ ਵਿੱਚ ਮੋਦੀ ਜੀ ‘ਆਪਣੀ ਨਾਨੀ ਜੀ ਦੀ ਹਾਲਤ ਬਿਆਨ ਕਰ ਰਹੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)