You’re viewing a text-only version of this website that uses less data. View the main version of the website including all images and videos.
ਓਡੀਸ਼ਾ ਰੇਲ ਹਾਦਸਾ: 'ਮੈਂ ਟਰੇਨ ਦੇ ਡੱਬੇ ਤੋਂ ਬਾਹਰ ਆਇਆ ਤਾਂ ਦੇਖਿਆ ਕਿਸੇ ਦਾ ਹੱਥ ਨਹੀਂ, ਕਿਸੇ ਦਾ ਪੈਰ ਨਹੀਂ'
ਸ਼ੁੱਕਰਵਾਰ ਦੇਰ ਸ਼ਾਮ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਕੋਲ ਕੋਰੋਮੰਡਲ ਐਕਸਪ੍ਰੈੱਸ ਰੇਲ ਗੱਡੀ ਪੱਟੜੀ ਤੋਂ ਉਤਰ ਗਈ। ਇਸ ਹਾਦਸੇ ਵਿੱਚ 179 ਲੋਕ ਜ਼ਖਮੀ ਹੋ ਗਏ।
ਓਡੀਸ਼ਾ ਦੇ ਚੀਫ ਸਕੱਤਰ ਪ੍ਰਦੀਪ ਜੈਨ ਨੇ ਕਿਹਾ ਹੈ ਕਿ ਟਰੇਨ ਹਾਦਸੇ ਵਿੱਚ ਜ਼ਖ਼ਮੀ ਹੋਏ 132 ਯਾਤਰੀਆਂ ਨੂੰ ਗੋਪਾਲਪੁਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 47 ਜ਼ਖ਼ਮੀਆਂ ਨੂੰ ਬਾਲਾਸੋਰ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੁਝ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਮੌਕੇ 'ਤੇ ਮੌਜੂਦ ਇੱਕ ਪੀਟੀਆਈ ਰਿਪੋਰਟਰ ਨੇ ਦੱਸਿਆ ਕਿ ਕਈ ਲੋਕ ਪੱਟੜੀ ਤੋਂ ਉਤਰੇ ਡੱਬਿਆਂ ਦੇ ਹੇਠਾਂ ਫਸ ਗਏ ਸਨ।
ਸਥਾਨਕ ਲੋਕ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਦੀ ਸਹਾਇਤਾ ਕਰ ਰਹੇ ਸਨ ਪਰ ਹਨੇਰੇ ਕਾਰਨ ਕਾਰਵਾਈ ਵਿੱਚ ਰੁਕਾਵਟ ਪੈ ਰਹੀ ਸੀ।
ਇਹ ਹਾਦਸਾ ਸ਼ਾਮ 7 ਵਜੇ ਦੇ ਕਰੀਬ ਬਾਲਾਸੋਰ ਦੇ ਨੇੜੇ ਬਾਹਾਨਗਾ ਬਾਜ਼ਾਰ ਸਟੇਸ਼ਨ ਦੇ ਨੇੜੇ ਹੋਇਆ।
ਪੀਐੱਮ ਮੋਦੀ ਨੇ ਜਤਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਓਡੀਸ਼ਾ ਵਿੱਚ ਰੇਲ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਨਰਿੰਦਰ ਮੋਦੀ ਨੇ ਲਿਖਿਆ, “ਓਡੀਸ਼ਾ ਰੇਲ ਹਾਦਸੇ ਤੋਂ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿੱਚ ਮੈਂ ਪੀੜਤ ਪਰਿਵਾਰਾਂ ਦੇ ਨਾਲ ਹਾਂ। ਜ਼ਖਮੀ ਲੋਕ ਜਲਦੀ ਠੀਕ ਹੋ ਜਾਣ। ਮੈਂ ਰੇਲ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ।”
ਉਨ੍ਹਾਂ ਕਿਹਾ, “ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹਨ ਅਤੇ ਪੀੜਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।''
ਹਾਦਸੇ ਵਿੱਚ 3 ਰੇਲ ਗੱਡੀਆਂ ਸ਼ਾਮਲ
ਭੁਵਨੇਸ਼ਵਰ ਤੋਂ ਬੀਬੀਸੀ ਸਹਿਯੋਗੀ ਸੁਬਰਤ ਪਤੀ ਨੇ ਦੱਸਿਆ ਕਿ ਇਹ ਹਾਦਸਾ ਤਿੰਨ ਗੱਡੀਆਂ ਵਿਚਾਲੇ ਹੋਇਆ ਹੈ।
ਰੇਲ ਮੰਤਰਾਲੇ ਦੇ ਬਲਾਰੇ ਅਮਿਤਾਭ ਸ਼ਰਮਾ ਨੇ ਸੁਬਰਤ ਪਤੀ ਨੂੰ ਦੱਸਿਆ ਕਿ ''ਸ਼ਾਲੀਮਾਰ ਹਾਵੜਾ ਦੇ ਨੇੜੇ ਚੇਨਈ ਜਾਣ ਵਾਲੀ ਕੋਰੋਮੰਡਲ ਐਕਸਪ੍ਰੈੱਸ ਦੇ ਕਰੀਬ 10 ਡੱਬੇ ਬਾਲਾਸੋਰ ਦੇ ਨੇੜੇ ਪੱਟੜੀ ਤੋਂ ਉਤਰ ਗਏ।''
''ਇਹ ਗੱਡੀ ਦੂਜੀ ਪੱਟੜੀ ਉੱਤੇ ਯਸ਼ਵੰਤਪੁਰਾ ਤੋਂ ਹਾਵੜਾ ਜਾ ਰਹੀ ਟਰੇਨ ਨਾਲ ਟਕਰਾ ਗਈ। ਇਸ ਕਾਰਨ ਯਸ਼ਵੰਤਪੁਰ-ਹਾਵੜਾ ਟਰੇਨ ਦੇ ਕੁਝ ਡੱਬੇ ਵੀ ਪੱਟੜੀ ਤੋਂ ਉਤਰ ਗਏ।''
ਓਡੀਸ਼ਾ ਦੇ ਚੀਫ ਸਕੱਤਰ ਪ੍ਰਦੀਪ ਜੇਨਾ ਨੇ ਦੱਸਿਆ ਕਿ ''ਪੱਟੜੀ ਤੋਂ ਉਤਰਨ ਤੋਂ ਬਾਅਦ ਟਰੇਨ ਦੇ ਕੁਝ ਡੱਬੇ ਨੇੜੇ ਦੀ ਇੱਕ ਮਾਲਗੱਡੀ ਨਾਲ ਟੱਕਰਾ ਗਏ।''
''ਉਨ੍ਹਾਂ ਨੇ ਕਿਹਾ, ''ਬਾਲਾਸੋਰ ਮੈਡੀਕਲ ਕਾਲਜ, ਐਸਸੀਬੀ ਮੈਡੀਕਲ ਕਾਲਜ, ਬਾਲਾਸੋਰ ਜ਼ਿਲ੍ਹਾ ਹਸਪਤਾਲ ਅਤੇ ਭਰਦਕ ਜ਼ਿਲ੍ਹਾ ਹਸਪਤਾਲ ਵਿੱਚ ਟੀਮਾਂ ਨੂੰ ਤਿਆਰ ਕੀਤਾ ਗਿਆ ਤਾਂ ਜੋ ਜ਼ਖ਼ਮੀਆਂ ਦਾ ਤੁਰੰਤ ਇਲਾਜ ਕੀਤਾ ਜਾ ਸਕੇ।''
ਹਾਦਸੇ ਵਿੱਚ ਬਚੇ ਇੱਕ ਸ਼ਖ਼ਸ ਨੇ ਕੀ ਦੱਸਿਆ
ਯਾਤਰੀਆਂ ਵਿੱਚੋਂ ਇੱਕ ਜ਼ਖਮੀ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, “ਮੈਂ ਸੁੱਤਾ ਪਿਆ ਸੀ ਪਰ ਜਦੋਂ ਗੱਡੀ ਪਲਟ ਗਈ ਤਾਂ ਮੇਰੀ ਨੀਂਦ ਖੁੱਲ ਗਈ। ਉਸ ਤੋਂ ਬਾਅਦ ਡੱਬੇ ਵਿੱਚ ਸਫਰ ਕਰ ਰਹੇ ਲੋਕਾਂ ਵਿੱਚੋਂ 10-15 ਮੇਰੇ ਉਪਰ ਆ ਕੇ ਡਿੱਗ ਗਏ। ਮੈਂ ਸਭ ਤੋਂ ਹੇਠਾ ਸੀ। ਮੇਰੇ ਹੱਥ ਅਤੇ ਗਰਦਨ ’ਤੇ ਸੱਟ ਲੱਗੀ ਹੈ ਜਿਸ ਨਾਲ ਬਹੁਤ ਦਰਦ ਹੋ ਰਿਹਾ ਹੈ।”
“ਜਦੋਂ ਮੈਂ ਟਰੇਨ ਦੇ ਡੱਬੇ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਕਿਸੇ ਦਾ ਪੈਰ ਨਹੀਂ ਅਤੇ ਕਿਸੇ ਦਾ ਹੱਥ ਨਹੀਂ ਹੈ। ਕਿਸੇ ਦੇ ਮੂੰਹ ’ਤੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਸਨ।”
ਰੇਲ ਮੰਤਰੀ ਨੇ ਕੀਤਾ ਮੁਆਵਜ਼ੇ ਦਾ ਐਲਾਨ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਉਹ ਘਟਨਾ ਵਾਲੀ ਥਾਂ ’ਤੇ ਜਾ ਰਹੇ ਹਨ।
ਉਨ੍ਹਾਂ ਟਵੀਟ ਕਰਕੇ ਲਿਖਿਆ, “ਓਡੀਸ਼ਾ ਵਿੱਚ ਘਟਨਾ ਵਾਲੀ ਥਾਂ ਵੱਲ ਨਿਕਲ ਰਿਹਾ ਹਾਂ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਪੀੜਤ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ।”
ਰੇਲ ਮੰਤਰੀ ਨੇ ਕਿਹਾ, “ਭੁਵਨੇਸ਼ਵਰ ਅਤੇ ਕੋਲਕਾਤਾ ਤੋਂ ਬਚਾਅ ਦਲ ਇਕੱਠੇ ਕੀਤੇ ਗਏ ਹਨ। ਐੱਨਡੀਆਰਐੱਫ਼, ਰਾਜ ਸਰਕਾਰ ਦੀਆਂ ਟੀਮਾਂ ਅਤੇ ਏਅਰਫੋਰਸ ਵੀ ਲਾਮਬੰਦ ਕੀਤੀ ਗਈ ਹੈ। ਬਚਾਅ ਕਾਰਜਾਂ ਲਈ ਲੋੜੀਂਦੇ ਸਾਰੇ ਹੀਲੇ ਕੀਤੇ ਜਾਣਗੇ।”
ਰੇਲ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ, ਗੰਭੀਰ ਰੂਪ ਤੋਂ ਜ਼ਖ਼ਮੀ ਲੋਕਾਂ ਨੂੰ 5 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਮਦਦ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਭੇਜੀ ਟੀਮ
ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਜ਼ਖਮੀਆਂ ਤੱਕ ਪਹੁੰਚਣ ਲਈ ਓਡੀਸ਼ਾ ਸਰਕਾਰ ਦੇ ਸੰਪਰਕ 'ਚ ਹੈ।
ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਮਮਤਾ ਬੈਨਰਜੀ ਨੇ ਕਿਹਾ, "ਸਰਕਾਰ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ।"
ਪੱਛਮੀ ਬੰਗਾਲ ਸਰਕਾਰ ਨੇ ਹਾਦਸੇ ਵਾਲੀ ਥਾਂ 'ਤੇ ਪੰਜ ਮੈਂਬਰੀ ਟੀਮ ਭੇਜ ਦਿੱਤੀ ਹੈ। ਇਹ ਟੀਮ ਓਡੀਸ਼ਾ ਸਰਕਾਰ ਅਤੇ ਰੇਲਵੇ ਨਾਲ ਤਾਲਮੇਲ ਕਰੇਗੀ।
ਕਈ ਰੇਲ ਗੱਡੀਆਂ ਦਾ ਰਸਤਾ ਬਦਲਿਆ ਗਿਆ
ਰੇਲਵੇ ਦੇ ਇੱਕ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹਾਦਸੇ ਦੇ ਕਾਰਨ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਕਈਆਂ ਦਾ ਰਸਤਾ ਬਦਲ ਦਿੱਤਾ ਗਿਆ ਹੈ।
ਜਿਨ੍ਹਾਂ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਹਾਵੜਾ-ਪੁਰੀ ਸੁਪਰਫਾਸਟ ਐਕਸਪ੍ਰੈੱਸ, ਹਾਵੜਾ ਯਸ਼ਵੰਤਪੁਰ ਐਕਸਪ੍ਰੈੱਸ, ਹਾਵੜਾ ਚੇਨਈ ਮੇਲ ਅਤੇ ਹਾਵੜਾ ਪੁਰੀ ਐਕਸਪ੍ਰੈੱਸ ਸ਼ਾਮਲ ਹੈ।
ਰੇਲ ਗੱਡੀਆਂ ਰੱਦ ਹੋਣ ਦੇ ਚਲਦੇ ਸੈਂਕੜੇ ਹੀ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।