You’re viewing a text-only version of this website that uses less data. View the main version of the website including all images and videos.
ਗ਼ੈਰਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖ਼ਲ ਹੋਣ ਵਾਲੇ ਪਾਕਿਸਤਾਨੀ ਜੋੜੇ ਦੀਆਂ ਲਾਸ਼ਾਂ ਮਿਲਣ ਦਾ ਕੀ ਹੈ ਮਾਮਲਾ
- ਲੇਖਕ, ਸ਼ਕੀਲ ਅਖਤਰ, ਰਿਆਜ਼ ਸੋਹੇਲ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਹਫ਼ਤੇ ਰਾਜਸਥਾਨ ਦੇ ਜੈਸਲਮੇਰ ਵਿੱਚ ਪਾਕਿਸਤਾਨ ਤੋਂ ਆਏ ਇੱਕ ਨੌਜਵਾਨ ਵਿਆਹੇ ਜੋੜੇ ਦੀਆਂ ਲਾਸ਼ਾਂ ਮਿਲੀਆਂ ਸਨ।
ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜੋੜਾ ਮਾਰੂਥਲ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ ਕਿਸੇ ਵੀ ਰਿਹਾਇਸ਼ੀ ਇਲਾਕੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।
ਦੋਵਾਂ ਦੀ ਪਛਾਣ ਰਵੀ ਕੁਮਾਰ ਅਤੇ ਸ਼ਾਂਤੀ ਬਾਈ ਵਜੋਂ ਹੋਈ ਹੈ। ਉਹ ਪਾਕਿਸਤਾਨ ਦੇ ਸਿੰਧ ਸੂਬੇ ਦੇ ਜ਼ਿਲ੍ਹਾ ਘੋਟਕੀ ਦੇ ਮੀਰਪੁਰ ਮਥੇਲੋ ਦੇ ਗ਼ੁਲਾਮ ਹੁਸੈਨ ਲਾਗਾਰੀ ਪਿੰਡ ਦੇ ਰਹਿਣ ਵਾਲੇ ਸਨ।
ਰਵੀ ਕੁਮਾਰ ਦੇ ਪਿਤਾ ਦੀਵਾਨੋ ਮੇਂਘਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਗੁੱਸੇ ਵਿੱਚ ਘਰੋਂ ਚਲਾ ਗਿਆ ਸੀ ਅਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਭਾਰਤ ਚਲਾ ਗਿਆ।
'ਲਾਸ਼ਾਂ ਪੇਟ ਦੇ ਭਾਰ ਪਈਆਂ ਸਨ'
ਜੈਸਲਮੇਰ ਦੇ ਐੱਸਪੀ ਸੁਧੀਰ ਚੌਧਰੀ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਦੱਸਿਆ ਕਿ ਇੱਕ ਸਥਾਨਕ ਵਿਅਕਤੀ ਨੇ ਜੈਸਲਮੇਰ ਜ਼ਿਲ੍ਹੇ ਦੇ ਤਨੋਟ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਕਿ ਭਾਰਤ-ਪਾਕਿਸਤਾਨ ਸਰਹੱਦ ਤੋਂ ਤਕਰੀਬਨ 15 ਕਿਲੋਮੀਟਰ ਦੂਰ ਭਾਰਤੀ ਖੇਤਰ ਵਿੱਚ ਦੋ ਅਣਪਛਾਤੇ ਲੋਕਾਂ ਦੀਆਂ ਲਾਸ਼ਾਂ ਵੇਖੀਆਂ ਗਈਆਂ ਹਨ।
ਚੌਧਰੀ ਨੇ ਕਿਹਾ, "ਜਦੋਂ ਪੁਲਿਸ ਟੀਮ 28 ਜੂਨ ਨੂੰ ਉੱਥੇ ਪਹੁੰਚੀ, ਤਾਂ ਇੱਕ ਆਦਮੀ ਦੀ ਲਾਸ਼ ਇੱਕ ਦਰੱਖਤ ਹੇਠ ਮਿਲੀ। ਉਸ ਨੇ ਅਸਮਾਨੀ ਨੀਲੀ ਸਲਵਾਰ ਅਤੇ ਕੁੜਤਾ ਪਾਇਆ ਹੋਇਆ ਸੀ। ਉਸਦੇ ਗਲੇ ਵਿੱਚ ਪੀਲਾ ਸਕਾਰਫ਼ ਸੀ।"
"ਉਨ੍ਹਾਂ ਨੂੰ ਪਾਕਿਸਤਾਨੀ ਸਿਮ ਕਾਰਡ ਵਾਲਾ ਇੱਕ ਸੈਮਸੰਗ ਫ਼ੋਨ ਵੀ ਮਿਲਿਆ।"
ਉਨ੍ਹਾਂ ਨੇ ਦੱਸਿਆ ਕਿ ਉੱਥੋਂ ਤਕਰੀਬਨ 50 ਫੁੱਟ ਦੂਰ ਇੱਕ ਔਰਤ ਦੀ ਲਾਸ਼ ਮਿਲੀ ਜਿਸ ਨੇ ਪੀਲੇ ਰੰਗ ਦਾ ਘੱਗਰਾ ਅਤੇ ਕੁੜਤਾ ਪਾਇਆ ਹੋਇਆ ਸੀ। ਉਸਦੇ ਹੱਥ ਵਿੱਚ ਲਾਲ ਅਤੇ ਚਿੱਟੀਆਂ ਚੂੜੀਆਂ ਸਨ।
ਐੱਸਪੀ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਪੇਟ ਦੇ ਭਾਰ ਪਈਆਂ ਸਨ।
ਉਨ੍ਹਾਂ ਕਿਹਾ, "ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ 8 ਤੋਂ 10 ਦਿਨ ਪਹਿਲਾਂ ਹੋਈ ਸੀ। ਲਾਸ਼ਾਂ ਬਹੁਤ ਬੁਰੀ ਹਾਲਤ ਵਿੱਚ ਸਨ ਜਿਸ ਕਾਰਨ ਉਨ੍ਹਾਂ ਦੇ ਚਿਹਰਿਆਂ ਦੀ ਪਛਾਣ ਕਰਨਾ ਮੁਸ਼ਕਲ ਸੀ।"
"ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਮਾਰੂਥਲ ਵਿੱਚ ਬਹੁਤ ਜ਼ਿਆਦਾ ਗਰਮੀ ਅਤੇ ਪਿਆਸ ਕਾਰਨ ਹੋਈ ਹੈ।"
ਉਨ੍ਹਾਂ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਹੋ ਗਿਆ ਹੈ ਪਰ ਰਿਪੋਰਟ ਅਜੇ ਤੱਕ ਨਹੀਂ ਆਈ ਹੈ।
ਐੱਸਪੀ ਸੁਧੀਰ ਚੌਧਰੀ ਨੇ ਦੱਸਿਆ ਕਿ ਵਿਅਕਤੀ ਦੇ ਕਬਜ਼ੇ ਵਿੱਚੋਂ ਦੋ ਪਾਕਿਸਤਾਨੀ ਪਛਾਣ ਪੱਤਰ ਬਰਾਮਦ ਹੋਏ ਹਨ ਜਿਨ੍ਹਾਂ ਰਾਹੀਂ ਵਿਅਕਤੀ ਦੀ ਪਛਾਣ ਰਵੀ ਕੁਮਾਰ ਪੁੱਤਰ ਦੀਵਾਨ ਜੀ ਅਤੇ ਔਰਤ ਦੀ ਪਛਾਣ ਸ਼ਾਂਤੀ ਬਾਈ ਪੁੱਤਰੀ ਗੁੱਲੂ ਜੀ ਵਜੋਂ ਹੋਈ ਹੈ।
ਜੈਸਲਮੇਰ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੋਵਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ।
'ਝੋਨੇ ਦੀ ਸਿੰਚਾਈ ਲਈ ਲੜਾਈ ਹੋਈ ਸੀ'
ਪਾਕਿਸਤਾਨੀ ਪੱਤਰਕਾਰ ਲਤੀਫ਼ ਲਾਗਾਰੀ ਵੀ ਰਵੀ ਕੁਮਾਰ ਅਤੇ ਸ਼ਾਂਤੀ ਬਾਈ ਦੇ ਪਿੰਡ ਨਾਲ ਸਬੰਧਤ ਹਨ।
ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਝੋਨੇ ਦੀ ਫ਼ਸਲ ਨੂੰ ਪਾਣੀ ਦੇਣ ਨੂੰ ਲੈ ਕੇ ਪਿਤਾ-ਪੁੱਤ ਵਿਚਕਾਰ ਝਗੜਾ ਹੋਇਆ ਸੀ।
ਉਨ੍ਹਾਂ ਨੇ ਦੱਸਿਆ, "ਰਵੀ ਦੇ ਪਿਤਾ ਦੀਵਾਨੋ ਨੇ ਆਪਣੇ ਪੁੱਤ ਨੂੰ ਝੋਨੇ ਦੀ ਫ਼ਸਲ ਨੂੰ ਪਾਣੀ ਦੇਣ ਲਈ ਕਿਹਾ ਸੀ, ਪਰ ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਉਸਦੇ ਪਿਤਾ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਗੁੱਸੇ ਵਿੱਚ ਆ ਕੇ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ 'ਤੇ ਘਰੋਂ ਨਿਕਲ ਗਿਆ।"
ਦੀਵਾਨੋ ਦੇ 10 ਬੱਚੇ ਹਨ, ਜਿਨ੍ਹਾਂ ਵਿੱਚੋਂ ਰਵੀ ਕੁਮਾਰ ਤੀਜੇ ਨੰਬਰ 'ਤੇ ਸੀ।
ਲਤੀਫ਼ ਲਾਗਾਰੀ ਦੇ ਮੁਤਾਬਕ, ਦੀਵਾਨੋ ਨੂੰ ਪਤਾ ਸੀ ਕਿ ਉਸਦਾ ਪੁੱਤਰ ਸਰਹੱਦੀ ਖੇਤਰ ਦੇ ਖੇਜੂ ਵਿੱਚ ਨੂਰਪੁਰ ਦੀ ਦਰਗਾਹ ਦੇ ਕੋਲ ਮੌਜੂਦ ਹੈ।
ਉਹ ਉਸ ਨੂੰ ਲੱਭਣ ਲਈ ਉੱਥੇ ਗਿਆ ਪਰ ਉਸ ਨੂੰ ਉਸਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਤੋਂ ਬਾਅਦ ਉਹ ਨਿਰਾਸ਼ ਵਾਪਸ ਪਰਤ ਆਇਆ।
ਭਾਰਤੀ ਚੈਨਲਾਂ 'ਤੇ ਰਵੀ ਅਤੇ ਉਸਦੀ ਪਤਨੀ ਸ਼ਾਂਤੀ ਦੀ ਮੌਤ ਦੀ ਖ਼ਬਰ ਦਿਖਾਏ ਜਾਣ ਅਤੇ ਮੀਡੀਆ ਅਤੇ ਖ਼ਾਸ ਕਰਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪਾਕਿਸਤਾਨੀ ਪਛਾਣ ਪੱਤਰ ਮਿਲਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ, ਦੀਵਾਨੋ ਮੇਂਘਾਵਡ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਦੀ ਮੌਤ ਹੋ ਗਈ ਹੈ।
ਲਤੀਫ਼ ਲਘਾਰੀ ਨੇ ਦੱਸਿਆ ਕਿ ਰਵੀ ਦੇ ਕੁਝ ਰਿਸ਼ਤੇਦਾਰ ਵੀ ਭਾਰਤ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਉੱਥੇ ਹੀ ਦੋਵਾਂ ਦੇ ਅੰਤਿਮ ਸੰਸਕਾਰ ਕੀਤੇ।
'ਰਵੀ ਨੇ ਡੇਢ ਸਾਲ ਪਹਿਲਾਂ ਭਾਰਤੀ ਵੀਜ਼ੇ ਲਈ ਅਰਜ਼ੀ ਦਿੱਤੀ ਸੀ'
ਪਾਕਿਸਤਾਨ ਤੋਂ ਰਾਜਸਥਾਨ ਆਉਣ ਵਾਲੇ ਹਿੰਦੂਆਂ ਲਈ ਕੰਮ ਕਰਨ ਵਾਲੀ ਸੰਸਥਾ ਸੀਮੰਤ ਲੋਕ ਸੰਗਠਨ ਦੇ ਮੁਖੀ ਹਿੰਦੂ ਸਿੰਘ ਸੋਢਾ ਨੇ ਬੀਬੀਸੀ ਨੂੰ ਦੱਸਿਆ ਕਿ ਰਵੀ ਕੁਮਾਰ ਦੇ ਕਈ ਰਿਸ਼ਤੇਦਾਰ ਜੈਸਲਮੇਰ ਵਿੱਚ ਰਹਿੰਦੇ ਹਨ।
ਸੋਢਾ ਨੇ ਕਿਹਾ ਕਿ ਉਸਨੇ ਰਵੀ ਦੇ ਨਾਨਾ ਦੇ ਭਰਾ ਨਾਲ ਗੱਲ ਕੀਤੀ ਸੀ, ਜਿਸਨੇ ਦੱਸਿਆ ਕਿ ਰਵੀ ਦਾ ਆਪਣੇ ਪਿਤਾ ਨਾਲ ਝਗੜਾ ਹੋਇਆ ਸੀ ਅਤੇ ਗੁੱਸੇ ਵਿੱਚ ਉਹ ਆਪਣੀ ਪਤਨੀ ਨਾਲ ਘਰੋਂ ਤੁਰ ਪਿਆ ਸੀ।
ਸੋਢਾ ਦੇ ਮੁਤਾਬਕ, ਰਵੀ ਦਾ ਘਰ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਭਾਰਤੀ ਸਰਹੱਦ ਤੋਂ ਤਕਰੀਬਨ 60 ਕਿਲੋਮੀਟਰ ਦੂਰ ਹੈ।
ਉਨ੍ਹਾਂ ਨੇ ਕਿਹਾ ਕਿ ਰਵੀ ਨੇ ਡੇਢ ਸਾਲ ਪਹਿਲਾਂ ਭਾਰਤੀ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
"ਆਪਣੇ ਪਿਤਾ ਨਾਲ ਝਗੜੇ ਤੋਂ ਬਾਅਦ, ਰਵੀ ਅਤੇ ਸ਼ਾਂਤੀ ਭਾਰਤ ਚਲੇ ਗਏ ਕਿਉਂਕਿ ਇਹ ਉਹ ਆਖਰੀ ਮੰਜ਼ਲ ਸੀ ਜਿਸਦੀ ਉਹ ਲੰਬੇ ਸਮੇਂ ਤੋਂ ਤਾਂਘ ਕਰ ਰਿਹਾ ਸੀ।"
ਉਨ੍ਹਾਂ ਦੱਸਿਆ ਕਿ ਜੈਸਲਮੇਰ ਦਾ ਪੂਰਾ ਇਲਾਕਾ ਮਾਰੂਥਲ ਹੈ ਅਤੇ ਇਹ ਬਹੁਤ ਵੱਡਾ ਇਲਾਕਾ ਹੈ।
ਸੋਢਾ ਦੱਸਦੇ ਹਨ, "ਇੱਥੇ ਆਬਾਦੀ ਬਹੁਤ ਘੱਟ ਹੈ ਅਤੇ ਸਰਹੱਦਾਂ ਦੇ ਨੇੜੇ ਵੀਹ-ਪੱਚੀ ਕਿਲੋਮੀਟਰ ਦੇ ਅੰਦਰ ਕੋਈ ਨਹੀਂ ਰਹਿੰਦਾ। ਇਸ ਖੇਤਰ ਵਿੱਚ ਜੂਨ ਦੇ ਮਹੀਨੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਅਤੇ ਨੇੜੇ-ਤੇੜੇ ਕਿਤੇ ਵੀ ਪਾਣੀ ਦਾ ਕੋਈ ਸਰੋਤ ਮੌਜੂਦ ਨਹੀਂ ਹੈ।"
"ਰਵੀ ਅਤੇ ਸ਼ਾਂਤੀ ਸਿੰਧ ਤੋਂ ਪੈਦਲ ਭਾਰਤ ਆਏ ਸਨ ਅਤੇ ਕਿਸੇ ਵੀ ਵਸੋਂ ਵਾਲੇ ਖੇਤਰ ਤੱਕ ਪਹੁੰਚਣ ਤੋਂ ਪਹਿਲਾਂ ਹੀ, ਭਿਆਨਕ ਗਰਮੀ ਵਿੱਚ ਭੁੱਖ ਅਤੇ ਪਿਆਸ ਕਾਰਨ ਦੋਵਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ।"
ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਸੋਮਵਾਰ ਸ਼ਾਮ ਨੂੰ ਜੈਸਲਮੇਰ ਵਿੱਚ ਰਵੀ ਅਤੇ ਸ਼ਾਂਤੀ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ