ਸੁਖਦੇਵ ਸਿੰਘ ਢੀਂਡਸਾ ਨਹੀਂ ਰਹੇ, ਜਾਣੋ ਉਨ੍ਹਾਂ ਦੇ ਬਾਦਲਾਂ ਨਾਲ 'ਬਣਦੇ-ਵਿਗੜਦੇ ਰਿਸ਼ਤੇ' ਕਿਵੇਂ ਚਰਚਾ ਵਿੱਚ ਰਹੇ

ਪੰਜਾਬ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ ਹੋ ਗਿਆ।
ਉਨ੍ਹਾਂ 89 ਸਾਲ ਦੀ ਉਮਰ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਬੁੱਧਵਾਰ ਨੂੰ ਕਰੀਬ 5 ਵਜੇ ਆਖ਼ਰੀ ਸਾਹ ਲਏ ਹਨ।
ਸੁਖਦੇਵ ਢੀਂਡਸਾ ਦੇ ਨਿੱਜੀ ਸਹਾਇਕ ਵਰਿੰਦਰਜੀਤ ਸਿੰਘ ਜੌਹਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ।
ਉਨ੍ਹਾਂ ਦਾ ਸਸਕਾਰ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਉਭਾਵਾਲ ਵਿਖੇ ਹੋਵੇਗਾ।
ਸੁਖਦੇਵ ਸਿੰਘ ਢੀਂਡਸਾ ਦਾ ਜਨਮ 9 ਅਪ੍ਰੈਲ 1936 ਨੂੰ ਹੋਇਆ ਸੀ। ਢੀਂਡਸਾ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਰਹੇ ਅਤੇ 2019 ਵਿੱਚ ਜਨਤਕ ਮਾਮਲਿਆਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images
ਨਿੱਜੀ ਜ਼ਿੰਦਗੀ ਤੇ ਸਿਆਸੀ ਸਫ਼ਰ
ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਅਗਵਾਈ ਵੀ ਕੀਤੀ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਪਾਰਟੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਦੀ ਰਿਪੋਰਟ ਮੁਤਾਬਕ, ਉਹ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਤਾਂ ਸ਼ਲਾਘਾ ਕਰਦੇ ਸਨ ਪਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਤੇ ਸਵਾਲ ਉਠਾਉਂਦੇ ਰਹੇ।
ਭਾਵੇਂ ਕਿ ਉਨ੍ਹਾਂ ਦੇ ਪੁੱਤਰ ਅਕਾਲੀ ਦਲ ਦੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਅਤੇ ਉਹ ਰਾਜ ਸਭਾ ਵਿੱਚ ਪਾਰਟੀ ਦੇ ਨੁੰਮਾਇਦੇ ਵਜੋਂ ਬੈਠਦੇ ਸਨ।
ਸੀਨੀਅਰ ਪੱਤਰਕਾਰ ਪਰਮਜੀਤ ਸਿੰਘ ਕੁਠਾਲਾ ਮੁਤਾਬਕ, ''ਢੀਂਡਸਾ ਨੇ ਸੰਗਰੂਰ ਨੇੜਲੇ ਪਿੰਡ ਉਭਾਵਾਲ ਦੇ ਸਧਾਰਨ ਕਿਸਾਨ ਪਰਿਵਾਰ ਵਿੱਚ ਰਤਨ ਸਿੰਘ ਅਤੇ ਲਾਭ ਕੌਰ ਦੇ ਘਰ 9 ਅਪ੍ਰੈਲ 1936 ਨੂੰ ਜਨਮ ਲਿਆ ਸੀ।''
ਉਹ ਦੱਸਦੇ ਹਨ ਕਿ ਸੁਖਦੇਵ ਸਿੰਘ ਢੀਂਡਸਾ ਮਹਿਜ਼ ਤਿੰਨ ਵਰ੍ਹਿਆਂ ਦੇ ਸਨ ਜਦੋਂ ਉਨ੍ਹਾਂ ਦੇ ਮਾਤਾ ਅਕਾਲ ਚਲਾਣਾ ਕਰ ਗਏ।
ਪਿੰਡ ਬਡਰੁੱਖਾਂ ਤੋਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੱਕ ਸੁਖਦੇਵ ਸਿੰਘ ਢੀਂਡਸਾ ਨੂੰ ਤਾਲੀਮ ਦਿਵਾ ਕੇ ਪਿਤਾ ਨੇ ਜ਼ਿੰਦਗੀ ਦੀਆ ਚੁਣੌਤੀਆਂ ਦਾ ਮੁਕਾਬਲਾ ਤਿਆਰ ਕਰਨ ਲਈ ਕੀਤਾ।
ਸਾਲ 1972 ਵਿੱਚ ਵਿਧਾਨ ਸਭਾ ਹਲਕਾ ਧਨੌਲਾ ਤੋਂ ਅਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀਆਂ ਪੌੜੀਆ ਜਾ ਚੜ੍ਹੇ।
ਹਲਕਾ ਸੁਨਾਮ ਤੋਂ 1977 ਵਿੱਚ ਵਿਧਾਇਕ ਬਣਕੇ ਉਹ ਪੰਜਾਬ ਦੇ ਖੇਡ ਤੇ ਵਿੱਦਿਆ ਮੰਤਰੀ ਬਣੇ।
ਤਿੰਨਾਂ ਵਰ੍ਹਿਆਂ ਬਾਅਦ ਹੀ ਮੁੜ ਹੋਈਆਂ ਚੋਣਾਂ 'ਚ ਢੀਂਡਸਾ ਸੰਗਰੂਰ ਹਲਕੇ ਤੋਂ ਅਤੇ 1985 ਵਿੱਚ ਸੁਨਾਮ ਹਲਕੇ ਤੋਂ ਵਿਧਾਇਕ ਚੁਣੇ ਗਏ।
1986 ਵਿੱਚ ਆਪਰੇਸ਼ਨ ਬਲੈਕ ਥੰਡਰ ਤੋਂ ਨਰਾਜ਼ ਹੋ ਕੇ ਢੀਂਡਸਾ ਨੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੀ ਸੱਤਾ ਦੇ ਸੁੱਖ ਦੀ ਬਜਾਇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਵੱਖਰੇ ਧੜ੍ਹੇ ਦੀ ਅਗਵਾਈ ਨੂੰ ਤਰਜੀਹ ਦਿੱਤੀ।
ਮੁੜ ਇਕੱਠੇ ਹੋਏ ਅਕਾਲੀ ਦਲ ਵਿੱਚ ਢੀਂਡਸਾ ਨੂੰ ਸਕੱਤਰ ਜਨਰਲ ਦਾ ਵੱਕਾਰੀ ਰੁਤਬਾ ਦੇ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਗਈ।
ਇਸੇ ਦੌਰਾਨ ਅਕਾਲੀ ਦਲ ਅੰਦਰ ਧੜੇਬੰਦਕ ਲੜਾਈ ਸੁਰੂ ਹੋ ਗਈ। ਢੀਂਡਸਾ 1997 ਦੀ ਵਿਧਾਨ ਸਭਾ ਚੋਣ 'ਚ ਸੁਨਾਮ ਤੋਂ ਚੋਣ ਨਾ ਜਿੱਤ ਸਕੇ।
ਢੀਂਡਸਾ ਨੂੰ ਪੰਜਾਬ ਯੋਜਨਾ ਬੋਰਡ ਅਤੇ ਪੰਜਾਬ ਬਿਜਲੀ ਬੋਰਡ ਦੇ ਚੇਅਰਮੈਨ ਵਜੋਂ ਸੇਵਾ ਕਰਨ ਦਾ ਵੀ ਮੌਕਾ ਮਿਲਿਆ।
ਫਿਰ 1999 ਵਿੱਚ ਉਹ ਪਹਿਲੀ ਵਾਰ ਰਾਜ ਸਭਾ ਦਾ ਮੈਂਬਰ ਬਣ ਕੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਖੇਡਾਂ ਤੇ ਖਾਦਾਂ ਦੇ ਕੈਬਨਿਟ ਮੰਤਰੀ ਬਣੇ ਅਤੇ 2004 ਦੀ ਲੋਕ ਸਭਾ ਚੋਣ ਜਿੱਤ ਕੇ ਸੰਗਰੂਰ ਹਲਕੇ ਦੀ ਰਹਿਨੁਮਾਈ ਕੀਤੀ।

ਬਾਦਲਾਂ ਨਾਲ ਬਣਦੇ-ਵਿਗੜਦੇ ਰਹੇ ਰਿਸ਼ਤੇ
ਉਹ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸਨ। ਇਹ ਅਕਾਲੀ ਦਲ ਬਾਗ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ (ਡੈਮੋਕ੍ਰੇਟਿਕ) ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਰਲੇਵੇ ਤੋਂ ਬਣਿਆ ਸੀ।
ਉਹ ਸ਼੍ਰੋਮਣੀ ਅਕਾਲੀ (ਬਾਦਲ) ਦੇ ਸਰਪ੍ਰਸਤ ਸਣੇ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਅਤੇ ਹੋਰ ਕਈ ਅਹਿਮ ਅਹੁਦਿਆਂ ਉੱਤੇ ਕੰਮ ਕਰਦੇ ਰਹੇ।
ਪਰ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਉੱਤੇ ਸਵਾਲ ਖੜ੍ਹੇ ਕੀਤੇ।
ਸਾਲ 2020 ਵਿੱਚ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਵਿੱਚੋ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
2022 ਦੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਲੜੀਆਂ ਪਰ ਕੋਈ ਸੀਟ ਹਾਸਲ ਨਹੀਂ ਕਰ ਸਕੇ।
ਸੁਖਦੇਵ ਸਿੰਘ ਢੀਡਸਾ ਨੇ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਅਕਾਲੀ ਦਲ ਸੰਯੁਕਤ ਦਾ ਗਠਨ ਕਰ ਲਿਆ। ਉਹ 2024 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਮੁੜ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ ਅਤੇ ਪਾਰਟੀ ਦੇ ਸਰਪ੍ਰਸਤ ਬਣਾਏ ਗਏ।
ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਅਕਾਲ ਤਖ਼ਤ ਉੱਤੇ ਪੇਸ਼ ਹੋਣ ਦੇ ਮਸਲੇ ਉੱਤੇ ਬਾਦਲ ਪਰਿਵਾਰ ਅਤੇ ਸੁਖਦੇਵ ਸਿੰਘ ਢੀਂਡਸਾ ਵਿਚਾਲੇ ਫੇਰ ਮਤਭੇਦ ਪੈਦਾ ਹੋ ਗਏ। ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਦੇ ਸਰਪ੍ਰਸਤ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਆਖ਼ਰੀ ਸਮੇਂ ਭੁਗਤੀ ਧਾਰਮਿਕ ਸਜ਼ਾ

ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿੱਚ ਉਹ ਅਕਾਲੀ ਦਲ ਦੀਆਂ ਕਦਰਾਂ ਕੀਮਤਾਂ ਦੀ ਰਾਖ਼ੀ ਦੇ ਨਾਂ ਉੱਤੇ ਸੁਧਾਰ ਲਹਿਰ ਦੇ ਨਾਂ ਹੇਠ ਅਕਾਲੀ ਆਗੂਆਂ ਦੀ ਅਗਵਾਈ ਕਰਦੇ ਦੇਖੇ ਗਏ।
ਉਨ੍ਹਾਂ ਸੁਧਾਰ ਲਹਿਰ ਦੇ ਆਗੂਆਂ ਨਾਲ ਮਿਲ ਕੇ ਅਕਾਲੀ ਸਰਕਾਰਾਂ ਦੌਰਾਨ ਹੋਈਆਂ ਗਲਤੀਆਂ ਲਈ ਅਕਾਲ ਤਖ਼ਤ ਉੱਤੇ ਪੇਸ਼ ਹੋ ਕੇ ਮਾਫੀ ਮੰਗੀ ਅਤੇ ਧਾਰਮਿਕ ਸਜ਼ਾ ਭੁਗਤੀ।
ਜਿਸ ਦੇ ਤਹਿਤ ਉਨ੍ਹਾਂ ਨੂੰ ਬਜ਼ੁਰਗ ਹੋਣ ਕਰ ਕੇ ਦੋ ਦਿਨ ਇੱਕ ਘੰਟੇ ਲਈ ਗੁਰੂ ਘਰ ਦੀ ਡਿਓਢੀ ਦੇ ਬਾਹਰਵਾਰ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾਂ ਫੜ੍ਹ ਕੇ ਸੇਵਾ ਨਿਭਾਉਣ ਲਈ ਕਿਹਾ ਗਿਆ ਸੀ।
ਉਨ੍ਹਾਂ ਇਸ ਦੇ ਨਾਲ ਹੀ ਤਖ਼ਤ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਫ਼ਤਹਿਗੜ੍ਹ ਸਾਹਿਬ ਅਤੇ ਮੁਕਤਸਰ ਸਾਹਿਬ ਵਿਖੇ ਸੇਵਾ ਨਿਭਾਈ
ਇਸ ਤੋਂ ਇਲਾਵਾ ਇੱਕ ਘੰਟਾ ਲੰਗਰ ਵਿੱਚ ਭਾਂਡੇ ਮਾਂਜਣ ਅਤੇ ਜੋ ਵੀ ਸੇਵਾ ਸਿਹਤ ਮੁਤਾਬਕ ਕਰ ਸਕਦੇ ਹੋਣ ਕਰਨ ਲਈ ਆਖਿਆ ਗਿਆ ਸੀ। ਸੁਖਦੇਵ ਸਿੰਘ ਢੀਂਡਸਾ ਨੇ ਇਹ ਸਜ਼ਾ ਨਿਭਾਈ ਵੀ ਸੀ।
ਇਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਅਤੇ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੋ ਗਏ। ਜਿੱਥੇ ਉਨ੍ਹਾਂ ਆਖ਼ਰੀ ਸਾਹ ਲਏ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਢੀਂਡਸਾ ਦੀ ਮੌਤ ਤੋਂ ਬਾਅਦ ਪਾਏ ਸ਼ੌਕ ਸੁਨੇਹੇ ਵਿੱਚ ਲਿਖਿਆ ਕਿ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਤੜਪ ਲੈ ਕੇ ਤੁਰ ਗਏ।
ਸੋਸ਼ਲ ਮੀਡੀਆ ਉੱਤੇ ਪਾਏ ਸ਼ੋਕ ਸਨੁੇਹੇ ਵਿੱਚ ਉਨ੍ਹਾਂ ਲਿਖਿਆ, ''ਪੰਜਾਬ ਦੇ ਹੱਕਾਂ ਲਈ ਪੁਰਾਣੇ ਮੋਰਚਿਆਂ ਚ ਹਾਜ਼ਰੀ ਲਵਾਉਣ ਵਾਲੀ ਪੀੜ੍ਹੀ ਹੋਲੀ ਹੋਲੀ ਰੁਖ਼ਸਤ ਹੋ ਰਹੀ ਹੈ। ਨਵੀਂ ਪੀੜ੍ਹੀ ਵਿੱਚੋਂ ਕੁਝ ਪੰਜਾਬ ਦੀ ਅੰਦਰੂਨ ਸਿਆਸਤ ਤੇ ਪੰਜਾਬ ਤੇ ਪੰਥ ਦੀਆਂ ਹੱਕੀ ਮੰਗਾਂ ਪ੍ਰਤੀ ਨਾਵਾਕਫ਼ ਹਨ ਅਤੇ ਕੁਝ ਬਿਲਕੁਲ ਬੌਧਿਕ ਤੌਰ ਤੇ ਨਾ ਹੋ ਕੇ ਜਜ਼ਬਾਤੀ ਹੋ ਕੇ ਸੋਚਣ ਵਾਲੇ ਹਨ।''
''ਗੁਰਬਾਣੀ ਤੇ ਸਿੱਖ ਇਤਿਹਾਸ ਸਾਨੂੰ ਹਰ ਖੇਤਰ ਵਿੱਚ ਰੋਸ਼ਨੀ ਦਿਖਾਉਣ ਦੇ ਸਮਰੱਥ ਹੈ। ਸੋ ਪੰਜਾਬ ਲਈ ਸਿਆਸਤ ਕਰਨ ਵਾਲੀ ਪੁਰਾਣੀ ਪੀੜ੍ਹੀ ਦਾ ਜਾਣਾ ਚਿੰਤਾ ਦਾ ਵਿਸ਼ਾ ਹੈ, ਪਰ ਇਹ ਸੰਸਾਰ ਅਕਾਲ ਪੁਰਖ ਦੇ ਹੁਕਮ ਚ ਹੈ। ਹਰ ਇੱਕ ਦਾ ਜਾਣਾ ਉਸ ਦੀ ਰਜ਼ਾ ਚ ਤੈਅ ਹੈ। ਅਕਾਲੀ ਦਲ ਨੂੰ ਮਜਬੂਤ ਕਰਨ ਦੀ ਤੜਫ ਦਿਲ ਚ ਲੈ ਕੇ ਤੁਰ ਗਏ ਸ. ਸੁਖਦੇਵ ਸਿੰਘ ਜੀ ਢੀਂਡਸਾ।''
ਸਿਆਸੀ ਆਗੂਆਂ ਵੱਲੋਂ ਦੁੱਖ ਪ੍ਰਗਟਾਇਆ ਗਿਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਉੱਤੇ ਦੁੱਖ ਜ਼ਾਹਿਰ ਕਰਦਿਆਂ ਲਿਖਿਆ, "ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ, ਬੇਸ਼ੱਕ ਸਾਡੇ ਰਾਜਨੀਤਕ ਮਤਭੇਦ ਰਹੇ ਹੋਣ ਪਰ ਇਨਸਾਨੀਅਤ ਦੇ ਨਾਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ੇ। ਵਾਹਿਗੁਰੂ ਵਾਹਿਗੁਰੂ।"

ਤਸਵੀਰ ਸਰੋਤ, @BhagwantMann/X
ਢੀਂਡਸਾ ਦੇ ਦੇਹਾਂਤ ʼਤੇ ਦੁੱਖ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, "ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਬ੍ਹ ਦੇ ਅਕਾਲ ਚਲਾਣਾ ਕਰ ਜਾਣ 'ਤੇ ਦਿਲ ਨੂੰ ਗਹਿਰਾ ਦੁੱਖ ਹੋਇਆ। ਢੀਂਡਸਾ ਸਾਬ੍ਹ ਨੇ ਇੱਕ ਲੰਬਾ ਅਰਸਾ ਸ਼੍ਰੋਮਣੀ ਅਕਾਲੀ ਦਲ ਵਿਚ ਰਹਿ ਕੇ ਪੰਜਾਬ ਅਤੇ ਕੌਮ ਦੀ ਸੇਵਾ ਕੀਤੀ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।"
"ਮੈਂ ਨਿੱਜੀ ਤੌਰ ਉੱਤੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਸਤਿਕਾਰ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।"

ਤਸਵੀਰ ਸਰੋਤ, @officeofssbadal/X
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਐਕਸ ਹੈਂਡਲ ʼਤੇ ਲਿਖਿਆ, "ਸੁਖਦੇਵ ਸਿੰਘ ਢੀਂਡਸਾ ਜੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ, ਇੱਕ ਮਾਣਯੋਗ ਨੇਤਾ ਜਿਨ੍ਹਾਂ ਨੇ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਪੰਜਾਬ ਦੀ ਸੇਵਾ ਕੀਤੀ।"
"ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਮੇਰੀ ਦਿਲੀ ਹਮਦਰਦੀ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।"

ਤਸਵੀਰ ਸਰੋਤ, @capt_amarinder/X
ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਐਕਸ ਹੈਂਡਲ ਉੱਤੇ ਪੋਸਟ ਕਰਦਿਆਂ ਕਿਹਾ, "ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਦੁਖਦਾਈ ਅਕਾਲ ਚਲਾਣੇ 'ਤੇ ਮੇਰੀ ਤਹਿ ਦਿੱਲੋਂ ਹਮਦਰਦੀ। ਅਸੀਂ ਛੇ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੀ ਸੇਵਾ ਕਰਨ ਵਾਲੇ ਇੱਕ ਮਹਾਨ ਪੁੱਤਰ ਨੂੰ ਗੁਆ ਦਿੱਤਾ ਹੈ।"
"ਉਨ੍ਹਾਂ ਨੇ ਕੇਂਦਰੀ ਮੰਤਰੀ ਵਜੋਂ ਸੇਵਾ ਕਰਨ ਤੋਂ ਇਲਾਵਾ ਸੂਬਾ ਅਤੇ ਕੌਮੀ ਰਾਜਨੀਤੀ ਵਿੱਚ ਬਹੁਤ ਜ਼ਿਆਦਾ ਅਤੇ ਸਕਾਰਾਤਮਕ ਯੋਗਦਾਨ ਪਾਇਆ ਹੈ। ਉਹ ਸ਼ਾਇਦ ਸੂਬੇ ਦੇ ਆਖਰੀ ਮਹਾਨ ਪ੍ਰਤੀਕਾਂ ਵਿੱਚੋਂ ਇੱਕ ਸਨ ਜੋ ਪੰਜਾਬ ਦੇ ਘਟਨਾਪੂਰਨ ਇਤਿਹਾਸ ਦੇ ਗਵਾਹ ਸਨ। ਉਨ੍ਹਾਂ ਦੇ ਦੇਹਾਂਤ ਨਾਲ ਪੈਦਾ ਹੋਏ ਖ਼ਲਾਅ ਨੂੰ ਭਰਨਾ ਬਹੁਤ ਮੁਸ਼ਕਲ ਹੋਵੇਗਾ।"

ਤਸਵੀਰ ਸਰੋਤ, @RajaBrar_INC/X
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












