ਸੰਗਰੂਰ: ਪੁਲਿਸ ਹਿਰਾਸਤ ’ਚ ਕੁੱਟਮਾਰ ਕਰਕੇ ਹੋਈ ਮੌਤ ਦੇ ਮਾਮਲੇ ’ਚ ਕਿਵੇਂ ਪਰਿਵਾਰ ਨੇ 29 ਸਾਲ ਲੰਬੀ ਲੜਾਈ ਲੜੀ

    • ਲੇਖਕ, ਕੁਲਵੀਰ ਸਿੰਘ ਨਮੋਲ
    • ਰੋਲ, ਬੀਬੀਸੀ ਸਹਿਯੋਗੀ

“ਮੇਰੀ ਮਾਂ ਹਮੇਸ਼ਾਂ ਕਹਿੰਦੀ ਸੀ ਕਿ ਤੇਰੇ ਪਿਓ ਦੇ ਕਾਤਲਾਂ ਨੂੰ ਇੱਕ ਦਿਨ ਸਜ਼ਾ ਜ਼ਰੂਰ ਮਿਲੂਗੀ, ਜੇਕਰ ਮਾਂ ਜਿਉਂਦੀ ਹੁੰਦੀ ਤਾਂ ਇਹ ਫ਼ੈਸਲਾ ਸੁਣ ਕੇ ਉਸ ਨੂੰ ਸਕੂਨ ਮਿਲ ਜਾਣਾ ਸੀ”, ਇਹ ਕਹਿੰਦਿਆਂ ਜਗਤਾਰ ਦੀਆਂ ਅੱਖਾਂ ਭਰ ਆਈਆਂ।

ਜਗਤਾਰ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਾਈ ਕੇ ਪਿਸ਼ੌਰ ਦੇ ਮਰਹੂਮ ਗਮਦੂਰ ਸਿੰਘ ਦਾ ਪੁੱਤ ਹੈ। ਜਗਤਾਰ 12 ਸਾਲਾਂ ਦੇ ਸਨ ਜਦੋਂ 42 ਸਾਲਾ ਗਮਦੂਰ ਸਿੰਘ ਦੀ 7 ਨਵੰਬਰ, 1995 ਵਿੱਚ ਮੌਤ ਹੋਈ ਸੀ।

ਪਰਿਵਾਰ ਉਸੇ ਦਿਨ ਤੋਂ ਇਲਜ਼ਾਮ ਲਾ ਰਿਹਾ ਸੀ ਕਿ ਗਮਦੂਰ ਸਿੰਘ ਦੀ ਮੌਤ 10 ਦਿਨ ਪੁਲਿਸ ਹਿਰਾਸਤ ਵਿੱਚ ਹੋਈ ਅਸਹਿ ਕੁੱਟਮਾਰ ਕਾਰਨ ਹੋਈ ਹੈ।

ਅਦਾਲਤ ਦਾ ਫ਼ੈਸਲਾ ਤੇ ਪਰਿਵਾਰ ਦੀ ਉਡੀਕ

ਇਸ ਕੇਸ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਰੇਸ਼ਵਰ ਠਾਕੁਰ ਅਤੇ ਸੁਦੀਪਤੀ ਸ਼ਰਮਾ ਦੇ ਬੈਂਚ ਨੇ 29 ਸਾਲਾਂ ਬਾਅਦ 23 ਅਗਸਤ 2024 ਨੂੰ ਫੈਸਲਾ ਸੁਣਾਇਆ ਹੈ।

ਅਦਾਲਤ ਨੇ ਕੇਸ ਦੌਰਾਨ ਤਤਕਾਲੀ ਡੀਐੱਸਪੀ, ਰਿਟਾਇਰ ਐੱਸਪੀ ਗੁਰਸੇਵਕ ਸਿੰਘ ਦੀਪ ਨਗਰ ਵਾਸੀ ਪਟਿਆਲਾ; ਥਾਣੇਦਾਰ ਹਰਭਜਨ ਸਿੰਘ ਵਾਸੀ ਪਿੰਡ ਬਤਾਲਾ ਜ਼ਿਲ੍ਹਾ ਅੰਮ੍ਰਿਤਸਰ; ਕਿਰਪਾਲ ਸਿੰਘ ਹੌਲਦਾਰ ਵਾਸੀ ਪਿੰਡ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਤਿੰਨਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਹੈ।

ਜਦਕਿ ਚੌਥੇ ਮੁਲਜ਼ਮ ਹੌਲਦਾਰ ਜਸਵੰਤ ਸਿੰਘ ਪਿੰਡ ਬੀਰੇਵਾਲਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ ਜੋ ਕਿ ਅੱਜ ਕੱਲ ਕੈਨੇਡਾ ਹੈ, ਨੂੰ 20 ਨਵੰਬਰ 24 ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਉਹ ਇੱਕ ਲੰਬਾ ਸੰਘਰਸ਼ ਸੀ। ਇਸ ਦੌਰਾਨ ਗਮਦੂਰ ਦੀ ਪਤਨੀ ਚਰਨਜੀਤ ਕੌਰ ਦੀ ਮੌਤ ਹੋ ਚੁੱਕੀ ਹੈ।

ਗਮਦੂਰ ਸਿੰਘ ਦੋ ਭੈਣਾਂ ਦੇ ਇਕੱਲੇ ਭਰਾ ਸਨ। ਹੁਣ ਉਨ੍ਹਾਂ ਦੀ ਇੱਕ ਭੈਣ ਵੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਹੈ ਅਤੇ ਦੂਜੀ ਅਧਰੰਗ ਦੀ ਮਰੀਜ਼ ਹੈ।

ਇਸ ਮਾਮਲੇ ਦੀ ਕਰੀਬ ਤਿੰਨ ਦਹਾਕੇ ਲੰਬੀ ਪੈਰਵਾਈ ਗਮਦੂਰ ਸਿੰਘ ਦੇ ਜੀਜੇ ਕਰਮ ਸਿੰਘ ਬਰਾੜ ਨੇ ਕੀਤੀ।

ਕੀ ਸੀ ਮਾਮਲਾ

ਕਰਮ ਸਿੰਘ ਬਰਾੜ ਦੱਸਦੇ ਹਨ ਕਿ ਮਾਮਲਾ 1995 ਦਾ ਹੈ। ਸੰਗਰੂਰ ਦੀ ਜ਼ਿਲ੍ਹਾ ਰੇਲਵੇ ਪੁਲਿਸ ਨੂੰ ਲਹਿਰਾ ਗਾਗਾ ਦੇ ਕੋਲ ਰੇਲਵੇ ਦੀ ਪਟੜੀ ਉੱਤੇ ਮੈਦੇਵਾਸ ਪਿੰਡ ਦੇ ਗੁਰਦੇਵ ਸਿੰਘ ਦੀ ਲਾਸ਼ ਮਿਲੀ।

ਥਾਣੇਦਾਰ ਹਰਭਜਨ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਇਸ ਕਤਲ ਦੀ ਤਫਤੀਸ਼ ਲਈ ਸ਼ੱਕ ਦੇ ਆਧਾਰ ਉੱਤੇ 14 ਨਵੰਬਰ,1995 ਨੂੰ ਗਮਦੂਰ ਸਿੰਘ ਨੂੰ ਘਰੋਂ ਗ੍ਰਿਫ਼ਤਾਰ ਕੀਤਾ ਗਿਆ।

ਪਰਿਵਾਰ ਮੁਤਾਬਕ , “ਗਮਦੂਰ ਸਿੰਘ ਨੂੰ ਇਸ ਮਾਮਲੇ ਦੇ ਵਿੱਚ 10 ਦਿਨ ਤੱਕ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਅਣ-ਮਨੁੱਖੀ ਤਰੀਕੇ ਨਾਲ ਕੁੱਟ-ਮਾਰ ਕੀਤੀ ਗਈ ਸੀ।”

ਕਰਮ ਸਿੰਘ ਦੱਸਦੇ ਹਨ,“ਅਸੀਂ ਇਨ੍ਹਾਂ 10 ਦਿਨਾਂ ਦੌਰਾਨ ਪਿੰਡ ਵਾਸੀਆਂ ਨੂੰ ਲੈ ਕੇ ਕਈ ਵਾਰ ਥਾਣੇ ਗਏ ਅਤੇ ਪੁਲਿਸ ਦੇ ਤਰਲੇ ਕੀਤੇ ਕਿ ਸਾਨੂੰ ਗਮਦੂਰ ਨੂੰ ਮਿਲਣ ਦਿੱਤਾ ਜਾਵੇ ਪਰ ਪੁਲਿਸ ਨੇ ਉਨ੍ਹਾਂ ਨੂੰ ਮਿਲਣ ਦੀ ਇਜ਼ਾਜਤ ਨਹੀਂ ਦਿੱਤੀ।”

ਕਰਮ ਸਿੰਘ ਦਾਅਵਾ ਕਰਦੇ ਹਨ,“23 ਨਵੰਬਰ, 1995 ਨੂੰ ਰਾਤ 11:30 ਵਜੇ ਦੇ ਕਰੀਬ ਗਮਦੂਰ ਸਿੰਘ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਉਨ੍ਹਾਂ ਨੂੰ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਮੇਰੇ ਅਤੇ ਮੇਰੀ ਘਰਵਾਲੀ ਕੋਲੋਂ ਕੋਰੇ ਕਾਗਜ਼ ’ਤੇ ਦਸਤਖ਼ਤ ਕਰਵਾ ਲਏ ਗਏ ਸਨ।”

“ਉਸ ਸਮੇਂ ਗਮਦੂਰ ਸਿੰਘ ਨਾ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਸਕਦੇ ਸੀ, ਨਾ ਬੋਲ ਸਕਦੇ ਸੀ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਅਸੀਂ ਉਸ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ, ਜਿੱਥੇ ਉਸ ਦੀ ਸੱਟਾਂ ਦੀ ਤਾਬ ਨਾ ਸਹਾਰਦਿਆਂ 7 ਦਸੰਬਰ, 1995 ਨੂੰ ਉਨ੍ਹਾਂ ਦੀ ਮੌਤ ਹੋ ਗਈ।”

ਉਹ ਦੱਸਦੇ ਹਨ ਕਿ ਪੁਲਿਸ ਨੇ ਉਸ ਸਮੇਂ ਤੋਂ ਹੀ ਸਾਡੇ ਉੱਪਰ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਪੋਸਟਮਾਰਟਮ ਕਰਵਾਉਣ ਦੇ ਵਿੱਚ ਵਿਘਨ ਪਾਇਆ ਗਿਆ। ਪੁਲਿਸ ਚਾਹੁੰਦੀ ਸੀ ਕਿ ਗਮਦੂਰ ਸਿੰਘ ਦੀ ਲਾਸ਼ ਦਾ ਜਿੰਨੀ ਛੇਤੀ ਹੋ ਸਕੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇ ਤਾਂ ਜੋ ਮਾਮਲਾ ਰਫ਼ਾ-ਦਫ਼ਾ ਕੀਤਾ ਜਾ ਸਕੇ।

ਇਸ ਪੂਰੇ ਕੇਸ ਦੇ ਦੌਰਾਨ ਉਨ੍ਹਾਂ ਨੂੰ ਪੁਲਿਸ ਵੱਲੋਂ ਕਾਫ਼ੀ ਦਬਾਅ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਿਆ।

ਕਰਮ ਸਿੰਘ ਦੱਸਦੇ ਹੋਏ ਭਾਵਕ ਹੋ ਗਏ ਕਿ ਉਹ ਆਪੋ ਵਿੱਚ ਜੀਜਾ-ਸਾਲਾ ਸਨ ਪਰ ਉਨ੍ਹਾਂ ਨਾਲ ਮੇਰਾ ਪਿਆਰ ਭਰਾਵਾਂ ਵਰਗਾ ਸੀ ਤੇ ਉਨ੍ਹਾਂ ਨੇ ਉੱਥੇ ਹੀ ਮਨ ਵਿੱਚ ਫੈਸਲਾ ਕਰ ਲਿਆ ਸੀ ਕਿ ਉਹ ਗਮਦੂਰ ਸਿੰਘ ਦੇ ਕਸੂਰਵਾਰਾਂ ਨੂੰ ਸਜ਼ਾ ਜ਼ਰੂਰ ਦਿਵਾਉਣਗੇ।

ਉਨ੍ਹਾਂ ਨੇ ਦੱਸਿਆ ਕਿ ਇਸ ਲੜਾਈ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਤੇ ਰਿਸ਼ਤਿਆਂ ਵਿੱਚ ਬਹੁਤ ਸਾਰੇ ਕੌੜੇ ਅਨੁਭਵ ਹੋਏ। ਮੁਕੱਦਮੇ ਵਿੱਚ ਲੱਗੇ ਰਹਿਣ ਕਾਰਨ ਉਹ ਕੋਈ ਕਾਰੋਬਾਰ ਸ਼ੁਰੂ ਨਾ ਕਰ ਸਕੇ ਅਤੇ ਆਰਥਿਕ ਪੱਖ ਤੋਂ ਕਮਜ਼ੋਰ ਰਹਿ ਗਏ।

ਉਨ੍ਹਾਂ ਦੀ ਪਤਨੀ (ਗਮਰੂਦ ਸਿੰਘ ਦੀ ਵੱਡੀ ਭੈਣ ਕੁਲਦੀਪ ਕੌਰ) ਨੂੰ ਵੀ ਪਿਛਲੇ 7-8 ਸਾਲਾਂ ਤੋਂ ਅਧਰੰਗ ਦੀ ਸ਼ਿਕਾਇਤ ਹੈ ਜਿਸ ਕਾਰਨ ਉਨ੍ਹਾਂ ਦੀ ਲੜਾਈ ਹੋਰ ਵੀ ਮੁਸ਼ਕਿਲ ਹੋ ਗਈ ਸੀ, ਲੇਕਿਨ ਉਨ੍ਹਾਂ ਨੇ ਹੌਂਸਲਾ ਨਹੀਂ ਹਾਰਿਆ।

ਪਤਨੀ ਇਨਸਾਫ਼ ਦੀ ਉਡੀਕ ਵਿੱਚ ਹੀ ਮੁੱਕ ਗਈ

ਗਮਦੂਰ ਸਿੰਘ ਦੇ ਦੋ ਬੇਟੇ ਸਨ ਮੱਖਣ ਸਿੰਘ(15) ਤੇ ਜਗਤਾਰ ਸਿੰਘ (13)। ਹੁਣ ਜਦੋਂ ਉਨ੍ਹਾਂ ਦੇ ਪਿਤਾ ਦੇ ਕੇਸ ਦੇ ਵਿੱਚ ਫੈਸਲਾ ਆਇਆ ਹੈ ਤਾਂ ਮੱਖਣ ਸਿੰਘ 44 ਸਾਲ ਦੇ ਅਤੇ ਜਗਤਾਰ ਸਿੰਘ 42 ਸਾਲ ਦੇ ਹਨ।

ਮੱਖਣ ਸਿੰਘ ਨੇ ਦੱਸਿਆ, “ਜਦੋਂ ਉਸ ਸ਼ਾਮ ਪੁਲਿਸ ਸਾਡੇ ਘਰ ਆਈ ਤਾਂ ਮੈਂ ਖੁਦ ਜਾ ਕੇ ਦਰਵਾਜ਼ਾ ਖੋਲਿਆ ਓਹ ਮੇਰੇ ਪਿਤਾ ਨੂੰ ਮੇਰੇ ਸਾਹਮਣੇ ਚੁੱਕ ਕੇ ਲੈ ਗਏ।”

ਜਗਤਾਰ ਦਾ ਆਪਣੇ ਪਿਤਾ ਨਾਲ ਬਿਤਾਇਆ ਸਮਾਂ ਅਤੇ ਆਪਣੇ ਪਿਤਾ ਦਾ ਪਿਆਰ ਯਾਦ ਕਰਕੇ ਗੱਚ ਭਰ ਆਇਆ।

ਉਨ੍ਹਾਂ ਨੇ ਦੱਸਿਆ ਕਿ ਪੇਸ਼ੀਆਂ ਦੌਰਾਨ ਉਨ੍ਹਾਂ ਦਾ ਸਾਹਮਣਾ ਆਪਣੇ ਪਿਤਾ ਦੇ ਕਸੂਰਵਾਰਾਂ ਨਾਲ ਹੋਇਆ। ਉਨ੍ਹਾਂ ਦੇ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਵੇਂ ਆਪਣਾ ਗੁੱਸਾ ਜਾਹਿਰ ਕਰਨ।

ਉਹ ਕਹਿੰਦੇ ਹਨ ਕਿ ਜਦੋਂ ਫੈਸਲਾ ਆਇਆ ਤਾਂ ਸਾਰੀਆਂ ਪੁਰਾਣੀਆਂ ਯਾਦਾਂ ਉਨ੍ਹਾਂ ਦੇ ਚਿੱਤ ਵਿੱਚ ਘੁੰਮਣ ਲੱਗੀਆਂ ਤੇ ਹੁਣ ਜਾ ਕੇ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਿਆ ਹੈ।

“ਮੇਰੀ ਮਾਂ ਸਾਨੂੰ ਆਖਦੀ ਹੁੰਦੀ ਸੀ ਕਿ ਸਾਨੂੰ ਇੱਕ ਦਿਨ ਇਨਸਾਫ਼ ਜਰੂਰ ਮਿਲੇਗਾ ਇਹ ਕਹਿੰਦੇ-ਕਹਿੰਦੇ ਉਹ ਇਸ ਦੁਨੀਆਂ ਤੋਂ ਚਲੀ ਗਈ। ਇਨਸਾਫ਼ ਦੀ ਉਡੀਕ ਦੇ ਵਿੱਚ ਜੇਕਰ ਅੱਜ ਉਹ ਜਿਉਂਦੇ ਹੁੰਦੇ ਤਾਂ ਉਨ੍ਹਾਂ ਨੂੰ ਸਕੂਨ ਮਿਲਣਾ ਸੀ ਕਿ ਉਨ੍ਹਾਂ ਦੇ ਜਿਉਂਦੇ ਜੀ ਉਨ੍ਹਾਂ ਦੇ ਪਤੀ ਦੀ ਮੌਤ ਦੇ ਜ਼ਿੰਮੇਵਾਰ ਸਲਾਖਾਂ ਪਿੱਛੇ ਹਨ।”

ਚਸ਼ਮਦੀਦਾਂ ਨੇ ਕੀ ਦੱਸਿਆ

ਨਿਰੰਜਨ ਸਿੰਘ ਪਿੰਡ ਭਾਈ ਕੀ ਪਿਸ਼ੌਰ ਦੇ ਸਾਬਕਾ ਸਰਪੰਚ ਹਨ। ਉਹ ਗਮਦੂਰ ਸਿੰਘ ਦੇ ਕੇਸ ਦੇ ਵਿੱਚ ਗਵਾਹ ਵੀ ਸਨ।

ਉਨ੍ਹਾਂ ਨੇ ਦੱਸਿਆ ਕਿ ਜਦੋਂ 14 ਨਵੰਬਰ ਦੀ ਸ਼ਾਮ ਨੂੰ ਸੱਤ ਵਜੇ ਪੁਲਿਸ ਨੇ ਗਮਦੂਰ ਸਿੰਘ ਨੂੰ ਚੁੱਕਿਆ, ਤਾਂ ਪੁਲਿਸ ਨੇ ਕਿਹਾ ਕਿ ਤੁਸੀਂ ਥਾਣੇ ਆ ਕੇ ਗੱਲ ਕਰੋ ਅਸੀਂ ਲਗਾਤਾਰ ਅੱਠ ਦਿਨ ਥਾਣੇ ਜਾਂਦੇ ਰਹੇ ਪਰ ਉਨ੍ਹਾਂ ਨੇ ਗਮਦੂਰ ਸਿੰਘ ਨਾਲ ਸਾਡੀ ਕੋਈ ਗੱਲ ਨਹੀਂ ਕਰਵਾਈ।

ਉਨ੍ਹਾਂ ਨੇ ਇਹ ਵੀ ਦੱਸਿਆ, “ਗਮਦੂਰ ਸਿੰਘ ਕਾਫੀ ਸ਼ਰੀਫ ਇਨਸਾਨ ਸੀ ਸਾਨੂੰ ਨਹੀਂ ਲੱਗਦਾ ਸੀ ਕਿ ਉਹ ਇਸ ਤਰ੍ਹਾਂ ਦੇ ਮਸਲੇ ਦੇ ਵਿੱਚ ਸ਼ਾਮਲ ਹੋ ਸਕਦਾ ਹੈ।”

ਕੇਸ ਦੇ ਦੂਜੇ ਗਵਾਹ ਬਾਵਾ ਸਿੰਘ ਨੇ ਕਿਹਾ ਕਿ ਜਦੋਂ ਗਮਦੂਰ ਸਿੰਘ ਨੂੰ ਪੁਲਿਸ ਲਿਜਾ ਰਹੀ ਸੀ ਤਾਂ ਉਹ ਮੌਕੇ ’ਤੇ ਮੌਜੂਦ ਸਨ ਉਨ੍ਹਾਂ ਨੇ ਪੁਲਿਸ ਨੂੰ ਗਮਦੂਰ ਸਿੰਘ ਨੂੰ ਕਿਉਂ ਫੜਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ’ਤੇ ਕਤਲ ਦਾ ਕੇਸ ਹੈ।

ਬਾਵਾ ਸਿੰਘ (ਭਾਈ ਕੀ ਪਿਸ਼ੌਰ ਪਿੰਡ ਦੇ ਨਿਵਾਸੀ) ਦੱਸਦੇ ਹਨ ਕਿ ਕੇਸ ਦੇ ਦੌਰਾਨ ਪੁਲਿਸ ਅਫਸਰਾਂ ਵੱਲੋਂ ਉਨ੍ਹਾਂ ’ਤੇ ਕਈ ਤਰ੍ਹਾਂ ਦੇ ਦਬਾਅ ਪਾਏ ਗਏ ਪੈਸਿਆਂ ਦਾ ਲਾਲਚ ਦਿੱਤਾ ਗਿਆ ਪਰ ਆਖਿਰ ਨੂੰ ਸੱਚ ਦੀ ਜਿੱਤ ਹੋਈ ਤੇ ਪਰਿਵਾਰ ਨੂੰ ਇਨਸਾਫ਼ ਮਿਲਿਆ।

ਗਮਦੂਰ ਸਿੰਘ ਦੇ ਕੇਸ ਦੇ ਵਿੱਚ ਨਿਰੰਜਨ ਸਿੰਘ ਅਤੇ ਬਾਵਾ ਸਿੰਘ ਦੀਆਂ ਗਵਾਹੀਆਂ ਦਾ ਅਹਿਮ ਰੋਲ ਰਿਹਾ ਹੈ।

ਕਦੋਂ ਕੀ ਹੋਇਆ?

  • ਨਵੰਬਰ 14, 1995 ਨੂੰ ਪਿੰਡ ਭਾਈ ਕੀ ਪਿਸ਼ੌਰ ਤੋਂ ਜ਼ਿਲ੍ਹਾ ਰੇਲਵੇ ਪੁਲਿਸ ਨੇ ਸ਼ਾਮ ਨੂੰ ਤਕਰੀਬਨ 7 ਵਜੇ ਗਮਦੂਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
  • ਨਵੰਬਰ 23,1995 ਰਾਤ 11.30 ਵਜੇ ਦੇ ਕਰੀਬ ਗਮਦੂਰ ਸਿੰਘ ਨੂੰ ਹਾਲਤ ਨਾਜ਼ੁਕ ਦੱਸਦੇ ਹੋਏ ਭੈਣ ਤੇ ਜੀਜੇ ਨੂੰ ਸੌਂਪ ਦਿੱਤਾ ਗਿਆ।
  • ਦਸੰਬਰ 07, 1995 ਨੂੰ 14 ਦਿਨਾਂ ਬਾਅਦ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਗਮਦੁਰ ਸਿੰਘ ਦੀ ਮੌਤ ਹੋ ਗਈ।
  • ਦਸੰਬਰ 8, 1995 ਨੂੰ ਕਰਮ ਸਿੰਘ (ਗਮਦੂਰ ਸਿੰਘ ਦਾ ਜੀਜਾ) ਦੇ ਇਸ ਮਸਲੇ ਦੇ ਵਿੱਚ ਬਿਆਨ ਦਰਜ ਹੁੰਦੇ ਹਨ।
  • ਮਾਰਚ 12, 1996 ਨੂੰ ਗਮਦੂਰ ਸਿੰਘ ਦੇ ਮਾਮਲੇ ਦੇ ਵਿੱਚ ਐੱਫਆਈਆਰ ਦਰਜ ਹੁੰਦੀ ਹੈ।
  • ਜੁਲਾਈ 07, 1996 ਨੂੰ ਹਾਈ ਕੋਰਟ ਰਿਟ ਪਾਉਣ ਤੋਂ ਬਾਅਦ ਸਬ ਇੰਸਪੈਕਟਰ ਹਰਭਜਨ ਸਿੰਘ ਵੱਲੋਂ ਆਤਮ ਸਮਰਪਣ ਕੀਤਾ ਗਿਆ।
  • ਮਈ 24, 2003 ਜ਼ਿਲ੍ਹਾ ਅਦਾਲਤ ਨੇ ਮੁਲਜ਼ਮ ਪੁਲਿਸ ਮੁਲਾਜ਼ਮ ਕਿਰਪਾਲ ਸਿੰਘ ਅਤੇ ਜਸਵੰਤ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਸਵਾ ਦੋ ਸਾਲ ਦੀ ਸਜ਼ਾ ਸੁਣਾਈ। ਹਰਭਜਨ ਸਿੰਘ 12-07-1996 ਤੋਂ ਹੀ ਜੇਲ੍ਹ ਵਿੱਚ ਬੰਦ ਸਨ।
  • ਮਾਰਚ 03, 2004 ਨੂੰ ਜ਼ਿਲ੍ਹਾ ਅਦਾਲਤ ਦੇ ਫੈਸਲੇ ਤੋਂ ਅੰਸਤੁਸ਼ਟ ਕਰਮ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਐਡਮਿਟ ਕਰਵਾਇਆ।
  • ਅਗਸਤ 08, 2024 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 29 ਸਾਲਾਂ ਬਾਅਦ ਫੈਸਲਾ ਸੁਣਾਇਆ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)