ਸਵਿਤਾ ਭੱਟੀ ਨੂੰ ਜਸਪਾਲ ਭੱਟੀ ਦਾ ਐਕਟ ‘ਚਿੱਤਰਹਾਰ’ ਵਿਚਕਾਰ ਆਉਣ ’ਤੇ ਗੁੱਸਾ ਚੜ੍ਹਦਾ ਸੀ ਪਰ ਕਿਵੇਂ ਬਣੀ ਜੋੜੀ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਅਦਾਕਾਰ ਅਤੇ ਪ੍ਰੋਡਿਊਸਰ ਸਵਿਤਾ ਭੱਟੀ ਭਾਵੇਂ ਕਦੇ ਕੈਮਰੇ ਅੱਗੇ ਨਹੀਂ ਆਏ ਸਨ ਪਰ ਇੱਕ ਵਾਰ ਉਨ੍ਹਾਂ ਨੇ ਕੁਝ ਪਲਾਂ ਲਈ ਕੈਮਰੇ ਦਾ ਸਾਹਮਣਾ ਕੀਤਾ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਅਦਾਕਾਰੀ ਦਾ ਸਫ਼ਰ ਸੁਰੂ ਹੋ ਗਿਆ।

ਸਵਿਤਾ ਭੱਟੀ ਹਾਸਰਸ ਵਿਧਾ ਵਿੱਚ ਕੰਮ ਕਰਨ ਵਾਲੇ ਨਾਮੀ ਕਾਮੇਡੀਅਨ ਪਦਮ ਭੂਸ਼ਣ ਐਵਾਰਡੀ, ਮਰਹੂਮ ਜਸਪਾਲ ਭੱਟੀ ਦੇ ਪਤਨੀ ਹਨ। ਉਹ ਵੱਖ-ਵੱਖ ਅਖਬਾਰਾਂ ਲਈ ਲੇਖ ਵੀ ਲਿਖਦੇ ਰਹਿੰਦੇ ਹਨ।

ਵਿਆਹ ਤੋਂ ਬਾਅਦ ਪੜ੍ਹਾਈ ਕਰਨ ਵਾਲੇ ਸਵਿਤਾ ਨੇ ਪਹਿਲੀ ਵਾਰ ਅਦਾਕਾਰੀ ਇੱਕ ਟੀਵੀ ਪ੍ਰੋਗਰਾਮ ਲਈ ਕੀਤੀ।

ਜਸਪਾਲ ਭੱਟੀ ਦੇ ਨਾਲ ਤੇ ਉਨ੍ਹਾਂ ਤੋਂ ਬਾਅਦ ਜ਼ਿੰਦਗੀ ਕਿਵੇਂ ਚੱਲੀ ਤੇ ਕੰਮ ਦੀ ਮਸਰੂਫ਼ੀਅਤ ਬਾਰੇ ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ।

ਫ਼ੌਜੀ ਪਰਿਵਾਰ ਦਾ ਜ਼ਿੰਦਗੀ ’ਤੇ ਅਸਰ

ਸਵਿਤਾ ਭੱਟੀ ਦਾ ਜਨਮ ਫ਼ੌਜ ਨਾਲ ਸਬੰਧਤ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਮਨਮੋਹਨ ਸਿੰਘ ਏਅਰ ਫੋਰਸ ਵਿੱਚ ਸੇਵਾ ਨਿਭਾਉਂਦੇ ਸਨ ਜੋ ਕਿ ਬਾਅਦ ਵਿੱਚ ਏਅਰ ਕਮਾਂਡਰ ਵਜੋਂ ਰਿਟਾਇਰ ਹੋਏ ਸਨ। ਉਨ੍ਹਾਂ ਦੇ ਮਾਤਾ ਬਲਬੀਰ ਕੌਰ ਘਰ ਸੰਭਾਲਦੇ ਸਨ।

ਪਿਤਾ ਦਾ ਨੌਕਰੀ ਦੌਰਾਨ ਤਬਾਦਲਾ ਹੁੰਦਾ ਰਹਿੰਦਾ ਸੀ, ਇਸ ਲਈ ਸਵਿਤਾ ਅਤੇ ਉਨ੍ਹਾਂ ਦੀ ਭੈਣ ਦਾ ਬਚਪਨ, ਮਾਪਿਆਂ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੀਤਿਆ।

ਸਵਿਤਾ ਨੇ ਦੱਸਿਆ ਕਿ ਫ਼ੌਜੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ, ਉਨ੍ਹਾਂ ਨੇ ਸਿਰਫ਼ ਅਨੁਸ਼ਾਸਨ ਅਤੇ ਦੇਸ਼ ਪ੍ਰੇਮ ਹੀ ਨਹੀਂ ਸਿੱਖਿਆ ਬਲਕਿ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰ, ਖਾਣ-ਪੀਣ ਅਤੇ ਬੋਲੀਆਂ ਨਾਲ ਰੂਬਰੂ ਹੋਏ ਅਤੇ ਸਾਰੇ ਧਰਮਾਂ ਦਾ ਆਦਰ ਕਰਨਾ ਸਿੱਖਿਆ।

ਸਵਿਤਾ ਦੱਸਦੇ ਹਨ ਕਿ ਬੰਗਲੌਰ ਵਿੱਚ ਪਿਤਾ ਦੀ ਪੋਸਟਿੰਗ ਦੌਰਾਨ ਉਨ੍ਹਾਂ ਨੇ ਥੋੜ੍ਹੀ ਮਲਿਆਲਮ ਸਿੱਖੀ, ਪੂਣੇ ਦੀ ਪੋਸਟਿੰਗ ਦੌਰਾਨ ਕੁਝ ਸ਼ਬਦ ਮਰਾਠੀ ਦੇ ਸਿੱਖੇ ਯਾਨੀ ਕਿ ਦੇਸ਼ ਦੀ ਖੂਬਸੂਰਤੀ ਨੂੰ ਆਪਣੇ ਅੰਦਰ ਗ੍ਰਹਿਣ ਕਰਨ ਦੀ ਕੋਸ਼ਿਸ਼ ਕੀਤੀ।

ਆਪਣੇ ਬਚਪਨ ਨੂੰ ਯਾਦ ਕਰਦਿਆਂ ਸਵਿਤਾ ਨੇ ਇਹ ਵੀ ਦੱਸਿਆ ਕਿ ਫ਼ੌਜ ਨੇ ਉਨ੍ਹਾਂ ਅੰਦਰ ਕਿਵੇਂ ਬਹਾਦਰੀ ਭਰੀ।

ਉਨ੍ਹਾਂ ਕਿਹਾ, “ਭਾਵੇਂ ਡੈਡੀ ਦੀ ਨੌਕਰੀ ਤਕਨੀਕੀ ਸੀ ਪਰ ਅਸੀਂ ਦੇਖਦੇ ਸੀ ਜਦੋਂ ’71 ਦੀ ਜੰਗ ਹੋਈ, ਡੈਡੀ ਘਰ ਨਹੀਂ ਹੁੰਦੇ ਸੀ, ਸਾਇਰਨ ਵੱਜ ਰਹੇ ਹੁੰਦੇ ਸੀ ਅਤੇ ਮਾਂ ਕਿਵੇਂ ਇਕੱਲੇ ਘਰ ਸੰਭਾਲਦੇ ਸਨ। ਇਹ ਦੇਖ ਕੇ ਤੁਹਾਡੇ ਅੰਦਰ ਵੀ ਹਿੰਮਤ ਆਉਂਦੀ ਹੈ।”

ਸਵਿਤਾ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਬਾਰ੍ਹਾਂ ਸਾਲ ਜੋ ਪਤੀ ਜਸਪਾਲ ਭੱਟੀ ਬਿਨ੍ਹਾਂ ਗੁਜ਼ਾਰੇ ਹਨ, ਉਹ ਹਿੰਮਤ ਉਨ੍ਹਾਂ ਵਿੱਚ ਫ਼ੌਜੀ ਪਰਿਵਾਰ ਨਾਲ ਸਬੰਧ ਅਤੇ ਮਾਪਿਆਂ ਦੇ ਸਾਥ ਕਾਰਨ ਹੀ ਆ ਸਕੀ।

ਜਦੋਂ ਪਹਿਲੀ ਵਾਰ ਜਸਪਾਲ ਭੱਟੀ ਨੂੰ ਦੇਖਿਆ

ਪਤੀ ਜਸਪਾਲ ਭੱਟੀ ਨੂੰ ਸਵਿਤਾ ਭੱਟੀ ਨੇ ਪਹਿਲੀ ਵਾਰ ਟੈਲੀਵਿਜ਼ਨ ਉੱਤੇ ਦੇਖਿਆ, ਉਸ ਵੇਲੇ ਤੱਕ ਸਵਿਤਾ ਅਤੇ ਜਸਪਾਲ ਭੱਟੀ ਦਾ ਕੋਈ ਰਾਬਤਾ ਨਹੀਂ ਸੀ।

ਸਵਿਤਾ ਭੱਟੀ ਨੇ ਦੱਸਿਆ ਕਿ ਉਹ ਦੂਰਦਰਸ਼ਨ ’ਤੇ ਪ੍ਰਸਾਰਿਤ ਹੁੰਦਾ ਹਿੰਦੀ ਫ਼ਿਲਮੀ ਗੀਤਾਂ ਦਾ ਹਫਤਾਵਰੀ ਪ੍ਰੋਗਰਾਮ ‘ਚਿਤਰਹਾਰ’ ਦੇਖਿਆ ਕਰਦੇ ਸੀ।

ਉਸ ਵੇਲੇ ਸਵਿਤਾ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਰਹਿੰਦੇ ਸਨ।

ਇੱਕ ਦਿਨ ਕਿਸੇ ਪ੍ਰੋਗਰਾਮ ਦੇ ਤਿੰਨ ਗੀਤਾਂ ਬਾਅਦ ਜਸਪਾਲ ਭੱਟੀ ਦਾ ਐਕਟ ਆਇਆ ਅਤੇ ਸਵਿਤਾ ਭੱਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੜਾ ਗ਼ੁੱਸਾ ਆਇਆ ਕਿ ਗੀਤਾਂ ਦੇ ਵਿਚਕਾਰ ਇਹ ਕੌਣ ਆ ਗਿਆ ਅਤੇ ਕਿਉਂ ਆ ਗਿਆ।

ਦੋ-ਤਿੰਨ ਹਫ਼ਤੇ ਇਸੇ ਤਰ੍ਹਾਂ ਚੱਲਿਆ ਅਤੇ ਸਵਿਤਾ ਨੂੰ ਜਸਪਾਲ ਭੱਟੀ ਦਾ ਚਿੱਤਰਹਾਰ ਦੇ ਗੀਤਾਂ ਦੇ ਵਿਚਕਾਰ ਆ ਜਾਣਾ ਪਸੰਦ ਨਾ ਆਇਆ।

ਸਵਿਤਾ ਭੱਟੀ ਨੇ ਅੱਗੇ ਦੱਸਿਆ, “ਫਿਰ ਤੀਜੇ ਕੁ ਹਫ਼ਤੇ ਅਹਿਸਾਸ ਹੋਇਆ ਕਿ ਇਹ ਆਦਮੀ ਤਾਂ ਹਰ ਹਫ਼ਤੇ ਆ ਰਿਹਾ ਹੈ, ਬਿਹਤਰ ਹੈ ਕਿ ਇਨ੍ਹਾਂ ਦੀ ਗੱਲ ਸੁਣੀਏ ਕਿ ਕਹਿ ਕੀ ਰਹੇ ਹਨ। ਜਦੋਂ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤਾਂ ਮੈਂ ਬਹੁਤ ਪ੍ਰਭਾਵਿਤ ਹੋਈ, ਕਿਉਂਕਿ ਉਨ੍ਹਾਂ ਦੀਆਂ ਗੱਲਾਂ ਬਹੁਤ ਨਵੀਆਂ ਸਨ ਅਤੇ ਅਜਿਹਾ ਕਦੇ ਕੁਝ ਸੁਣਿਆ ਨਹੀਂ ਸੀ।”

ਦੂਜੀ ਵਾਰ ਸਵਿਤਾ ਨੇ ਇੰਡੀਆ ਟੂਡੇ ਮੈਗਜ਼ੀਨ ਵਿੱਚ ਜਸਪਾਲ ਭੱਟੀ ਦੇ ਚੰਡੀਗੜ੍ਹ ਵਿੱਚ ਦਾਜ ਪ੍ਰਥਾ ਖ਼ਿਲਾਫ਼ ਕੀਤੀ ਵਿਅੰਗਾਤਮਕ ‘ਬਰਾਈਡ ਬਰਨਿੰਗ ਸੈਰੇਮਨੀ’ ਬਾਰੇ ਪੜ੍ਹਿਆ।

ਸਵਿਤਾ ਦੇ ਇੱਕ ਅੰਕਲ, ਚੰਡੀਗੜ੍ਹ ਪ੍ਰਸ਼ਾਸਨ ਦੇ ਪਬਲਿਕ ਰਿਲੇਸ਼ਨਜ਼ ਵਿਭਾਗ ਵਿੱਚ ਨੌਕਰੀ ਕਰਦੇ ਸੀ, ਜਸਪਾਲ ਭੱਟੀ ਦੇ ਪਿਤਾ ਦੇ ਜਾਣਕਾਰ ਸਨ।

ਜਸਪਾਲ ਭੱਟੀ ਉਸ ਸਮੇਂ ਬਿਜਲੀ ਮਹਿਕਮੇ ਵਿੱਚ ਨੌਕਰੀ ਕਰਦੇ ਸੀ।

ਸਵਿਤਾ ਨੇ ਦੱਸਿਆ, “ਅੰਕਲ ਨੇ ਰਿਸ਼ਤੇ ਦੀ ਦੱਸ ਪਾਈ ਕਿ ਉਨ੍ਹਾਂ ਦੇ ਦੋਸਤ ਭੱਟੀ ਸਾਹਿਬ ਦਾ ਬੇਟਾ ਜਸਪਾਲ ਐੱਸਡੀਓ ਹੈ। ਮੇਰੇ ਪਿਤਾ ਨੂੰ ਜਸਪਾਲ ਜੀ ਦਾ ਇੰਜੀਨੀਅਰ ਹੋਣਾ ਤਾਂ ਚੰਗਾ ਲੱਗਿਆ ਹੀ, ਪਰ ਜਿਹੜੀ ਗੱਲ ਜ਼ਿਆਦਾ ਪ੍ਰਭਾਵਿਤ ਕੀਤੀ, ਉਹ ਸੀ ਜਸਪਾਲ ਜੀ ਦਾ ਕਾਰਟੂਨਿਸਟ ਹੋਣਾ। ਉਸ ਵੇਲੇ ਜਸਪਾਲ ਜੀ ਦੇ ਕਾਰਟੂਨ ਟ੍ਰਿਬਿਊਨ ਅਖਬਾਰ ਵਿੱਚ ਛਪਦੇ ਸੀ।”

ਸਵਿਤਾ ਨੇ ਦੱਸਿਆ ਕਿ ਜਦੋਂ ਰਿਸ਼ਤੇ ਦੀ ਗੱਲ ਹੋਈ ਤਾਂ ਫਿਰ ਰਸਮੀ ਤੌਰ ’ਤੇ ਪਹਿਲੀ ਵਾਰ ਉਨ੍ਹਾਂ ਦੀ ਮੁਲਾਕਾਤ ਹੋਈ। ਮਾਰਚ 1985 ਵਿੱਚ ਦੋਵਾਂ ਦਾ ਵਿਆਹ ਹੋਇਆ ਸੀ।

ਸਵਿਤਾ ਭੱਟੀ ਹੱਸਦਿਆਂ ਕਹਿੰਦੇ ਹਨ ਕਿ ਕਈ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਜਸਪਾਲ ਭੱਟੀ ਨਾਲ ਵਿਆਹ ਇੱਕ ਲਵ-ਮੈਰਿਜ ਸੀ, ਪਰ ਅਜਿਹਾ ਨਹੀਂ ਹੈ। ਬਲਕਿ ਦੋਵਾਂ ਦਾ ਰਿਸ਼ਤਾ ਉਨ੍ਹਾਂ ਦੇ ਪਰਿਵਾਰਾਂ ਨੇ ਤੈਅ ਕੀਤਾ ਸੀ।

‘ਤੁਸੀਂ ਮੇਰਾ ਪਰਛਾਵਾਂ ਨਹੀਂ ਹੋ’

ਸਵਿਤਾ ਨੇ ਵਿਆਹ ਤੋਂ ਪਹਿਲਾਂ ਜਸਪਾਲ ਭੱਟੀ ਦੇ ਕਹਿਣ ’ਤੇ ਆਪਣੀ ਅਧਿਆਪਕ ਵਜੋਂ ਨੌਕਰੀ ਛੱਡ ਦਿੱਤੀ ਸੀ।

ਵਿਆਹ ਤੋਂ ਬਾਅਦ ਜਸਪਾਲ ਭੱਟੀ ਨੇ ਸਵਿਤਾ ਨੂੰ ਅੱਗੇ ਹੋਰ ਪੜ੍ਹਣ ਲਈ ਪ੍ਰੇਰਿਆ। ਜਿਸ ਤੋਂ ਬਾਅਦ ਸਵਿਤਾ ਭੱਟੀ ਨੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਪੱਤਰਕਾਰਤਾ ਦੀ ਪੜ੍ਹਾਈ ਕੀਤੀ ਅਤੇ ਫਿਰ ਅੰਗਰੇਜ਼ੀ ਵਿੱਚ ਐੱਮਏ ਵੀ ਕੀਤੀ।

ਸਵਿਤਾ ਮੁਤਾਬਕ ਜਸਪਾਲ ਭੱਟੀ ਦੀ ਉਸ ਵੇਲੇ ਵੀ ਨਾਰੀਵਾਦੀ ਸੋਚ ਸੀ ਜਿਸ ਕਾਰਨ ਉਨ੍ਹਾਂ ਨੇ ਕਿਹਾ ਸੀ, “ਤੁਸੀਂ ਸਾਰੀ ਉਮਰ ਸ੍ਰੀਮਤੀ ਜਸਪਾਲ ਭੱਟੀ ਤਾਂ ਰਹੋਗੇ ਹੀ, ਪਰ ਮੈਂ ਚਾਹੁੰਦਾ ਹਾਂ ਕਿ ਇੱਕ ਸਮੇਂ ਬਾਅਦ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਸਵਿਤਾ ਹੋ। ਤੁਸੀਂ ਮੇਰਾ ਪਰਛਾਵਾਂ ਨਹੀਂ ਹੋ, ਤੁਹਾਡਾ ਆਪਣਾ ਇੱਕ ਵਿਅਕਤੀਤਵ ਹੈ।”

ਸਵਿਤਾ ਕਹਿੰਦੇ ਹਨ ਕਿ ਇੱਕ ਅਰੇਂਜਡ ਮੈਰਿਜ ਵਿੱਚ ਆਪਣੀ ਪਤਨੀ ਲਈ ਇਹ ਸੋਚ ਉਸ ਸਮੇਂ ਦੇ ਮੁਤਾਬਕ ਬਹੁਤ ਵੱਡੀ ਗੱਲ ਸੀ।

ਯੂਨੀਵਰਸਿਟੀ ਪੜ੍ਹਦਿਆਂ ਪਤੀ ਬਾਰੇ ਕਿਉਂ ਨਹੀਂ ਦੱਸਿਆ

ਸਵਿਤਾ ਭੱਟੀ ਨੇ ਦੱਸਿਆ ਕਿ ਮਾਰਚ 1985 ਵਿਚ ਉਨ੍ਹਾਂ ਦਾ ਜਸਪਾਲ ਭੱਟੀ ਨਾਲ ਵਿਆਹ ਹੋਇਆ ਸੀ ਅਤੇ ਜੁਲਾਈ ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਪੱਤਰਕਾਰਤਾ ਵਿਭਾਗ ’ਚ ਦਾਖਲਾ ਲੈ ਲਿਆ ਸੀ।

ਉਹ ਦੱਸਦੇ ਹਨ ਕਿ ਉਸ ਸਮੇਂ ਤੱਕ ਜਸਪਾਲ ਭੱਟੀ ਦੀ ਪਛਾਣ ਬਣਨੀ ਸ਼ੁਰੂ ਹੋ ਚੁੱਕੀ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਜਦੋਂ ਪਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬਿਨ੍ਹਾਂ ਨਾਮ ਦੱਸਿਆਂ ਸਿਰਫ਼ ਇਹੀ ਦੱਸਿਆ ਸੀ ਕਿ ਉਨ੍ਹਾਂ ਦੇ ਪਤੀ ਇੰਜੀਨੀਅਰ ਹਨ ਅਤੇ ਕਾਰਟੂਨਿਸਟ ਹਨ।

ਕਲਾਸ ਵਿੱਚ ਸਿਰਫ਼ ਸਵਿਤਾ ਹੀ ਵਿਆਹੀ ਹੋਈ ਸੀ, ਇਸ ਲਈ ਉਹ ਪਤੀ ਦਾ ਜ਼ਿਕਰ ਕਰਨ ਬਾਰੇ ਥੋੜ੍ਹੀ ਝਿਜਕ ਮਹਿਸੂਸ ਕਰਦੇ ਸੀ ।

ਸਵਿਤਾ ਨੇ ਕਿੱਸਾ ਸੁਣਾਇਆ, “ਇੱਕ ਦਿਨ ਮੇਰੇ ਸਹਿ-ਪਾਠੀ ਬਹੁਤ ਰੌਲਾ ਪਾ ਰਹੇ ਸੀ ਕਿ ਦੇਖੋ ਨੀਚੇ ਜਸਪਾਲ ਭੱਟੀ ਆਏ ਹਨ। ਮੈਂ ਕਿਹਾ ਫਿਰ ਕੀ ਹੋਇਆ। ਉਹ ਤਾਂ ਮੇਰੇ ਪਤੀ ਹਨ।”

“ਸਭ ਬਹੁਤ ਹੈਰਾਨ ਹੋਏ ਕਿ ਤੂੰ ਕਦੇ ਦੱਸਿਆ ਕਿਉਂ ਨਹੀਂ। ਪਰ ਨਵਾਂ-ਨਵਾਂ ਵਿਆਹ ਹੋਇਆ ਸੀ ਤੇ ਬਾਕੀ ਸਾਰੇ ਸਹਿ-ਪਾਠੀਆਂ ਦਾ ਹਾਲੇ ਵਿਆਹ ਨਹੀਂ ਹੋਇਆ ਸੀ, ਇਸ ਲਈ ਮੈਨੂੰ ਝਿਜਕ ਮਹਿਸੂਸ ਹੁੰਦੀ ਸੀ।”

ਜਦੋਂ ਜਸਪਾਲ ਭੱਟੀ ਨੇ ਸਵਿਤਾ ਨੂੰ ਟੀਵੀ ’ਤੇ ਮੌਕਾ ਦਿੱਤਾ

ਸਵਿਤਾ ਭੱਟੀ ਨੇ ਦੱਸਿਆ ਕਿ ਪੜ੍ਹਾਈ ਖ਼ਤਮ ਹੋਣ ਬਾਅਦ ਉਹ ਘਰ ਵਿੱਚ ਜਸਪਾਲ ਦੀ ਟੀਮ ਦੀਆਂ ਰਿਹਰਸਲਾਂ ਦੇਖਿਆ ਕਰਦੇ ਸੀ ਅਤੇ ਉਨ੍ਹਾਂ ਨੂੰ ਇਹ ਸਭ ਬਹੁਤ ਦਿਲਚਸਪ ਲਗਦਾ ਸੀ।

ਉਸ ਵੇਲੇ ਜਸਪਾਲ ਭੱਟੀ ਦੂਰਦਰਸ਼ਨ ’ਤੇ ਪ੍ਰੋਗਰਾਮ ਕਰਦੇ ਸੀ। ਸਵਿਤਾ ਨੇ ਦੱਸਿਆ ਕਿ ਇੱਕ ਸ਼ਾਮ ਦੂਰਦਰਸ਼ਨ ਤੋਂ ਫ਼ੋਨ ਆਇਆ ਕਿ ਉਨ੍ਹਾਂ ਦੀ ਇੱਕ ਮਹਿਲਾ ਅਦਾਕਾਰ ਨਾਲ ਪੇਮੈਂਟ ਦਾ ਮਸਲਾ ਹੈ, ਇਸ ਲਈ ਉਨ੍ਹਾਂ ਦੀ ਥਾਂ ਕਿਸੇ ਹੋਰ ਕਲਾਕਾਰ ਨੂੰ ਲਿਆਇਆ ਜਾਵੇ।

ਅਗਲੀ ਸਵੇਰ ਜਸਪਾਲ ਭੱਟੀ ਹੁਰਾਂ ਦੀ ਟੀਮ ਨੇ ਜਲੰਧਰ ਦੇ ਦੂਰਦਰਸ਼ਨ ਕੇਂਦਰ ਸ਼ੂਟਿੰਗ ਲਈ ਜਾਣਾ ਸੀ ਅਤੇ ਰਾਤੋ-ਰਾਤ ਐਕਟਰ ਕਿੱਥੋਂ ਲੱਭਣ ਇਹ ਸੋਚ ਰਹੇ ਸੀ।

ਸਵਿਤਾ ਨੇ ਦੱਸਿਆ, “ਜਸਪਾਲ ਜੀ ਨੇ ਇੱਧਰ-ਉਧਰ ਨਜ਼ਰਾਂ ਦੌੜਾਈਆਂ, ਘਰ ਵਿੱਚ ਸਾਹਮਣੇ ਮੈਂ ਹੀ ਬੈਠੀ ਸੀ। ਕਹਿੰਦੇ ਤੁਸੀਂ ਹੀ ਚੱਲੋ ਨਾਲ। ”

“ਸਵਿਤਾ ਕਹਿੰਦੇ ਹਨ ਕਿ ਉਹ ਬਹੁਤ ਭਰੋਸੇ ਨਾਲ ਭਰੇ ਹੋਏ ਸਨ ਕਿ ਐਕਟਿੰਗ ਬਹੁਤ ਸੌਖੀ ਹੈ।”

“ਪਰ ਅਸਲ ਵਿੱਚ ਤਾਂ ਜਦੋਂ ਕੈਮਰਾ ਸਾਹਮਣੇ ਆਇਆ ਤੇ ਮੇਰਾ ਸੀਨ ਆਇਆ, ਮੇਰੇ ਹੱਥ-ਪੈਰ ਠੰਡੇ ਪੈ ਗਏ, ਮੇਰੇ ਤੋਂ ਤਾਂ ਹੱਥ ਵੀ ਉੱਪਰ ਨਾ ਚੁੱਕਿਆ ਜਾਵੇ। ਫ਼ਿਰ ਹੌਲੀ-ਹੌਲੀ ਸਭ ਠੀਕ ਹੋ ਗਿਆ। ਡਰ ਮੁੱਕ ਗਿਆ ਤੇ ਹੋਰ ਰੋਲ ਮਿਲਣੇ ਸ਼ੁਰੂ ਹੋ ਗਏ।”

ਸਵਿਤਾ ਭੱਟੀ ਨੂੰ ਜਿਹੜੀ ਪਹਿਲੀ ਭੂਮਿਕਾ ਮਿਲੀ, ਉਹ ‘ਉਲਟਾ ਪੁਲਟਾ’ ਸ਼ੋਅ ਵਿੱਚ ਸੀ।

ਇਸ ਤੋਂ ਬਾਅਦ ਫਲਾਪ ਸ਼ੋਅ ਵਿੱਚ ਪ੍ਰੀਤੀ ਦੀ ਭੂਮਿਕਾ ਲਈ ਕਈ ਲੋਕਾਂ ਨੇ ਆਡੀਸ਼ਨ ਦਿੱਤਾ ਪਰ ਉਨ੍ਹਾਂ ਨੂੰ ਚੁਣਿਆ ਗਿਆ ਅਤੇ ਇਸ ਭੂਮਿਕਾ ਨੇ ਸਵਿਤਾ ਭੱਟੀ ਨੂੰ ਪਛਾਣ ਦਿੱਤੀ।

ਸਵਿਤਾ ਭੱਟੀ ਐਕਟਿੰਗ ਤਾਂ ਕਰਦੇ ਹੀ ਸਨ, ਪਰ ਜਸਪਾਲ ਭੱਟੀ ਵੱਲੋਂ ਬਣਾਏ ਜਾ ਰਹੇ ਪ੍ਰੋਗਰਾਮਾਂ ਦੌਰਾਨ ਕਾਗਜ਼ੀ ਕੰਮਕਾਜ ਦੀ ਵੀ ਜ਼ਿੰਮਵੇਰੀ ਸਾਂਭਦੇ ਸਨ ਜਿਵੇਂ ਕਿ ਪ੍ਰੋਗਰਾਮ ਦੀ ਸਕ੍ਰਿਪਟ ਨੂੰ ਅੰਤਿਮ ਰੂਪ ਦੇਣਾ ਵਗੈਰਾ।

ਜਸਪਾਲ ਭੱਟੀ ਨੂੰ ਆਉਂਦੀਆਂ ਚਿੱਠੀਆਂ ਦਾ ਜਵਾਬ ਦੇਣਾ ਵੀ ਸਵਿਤਾ ਦੀ ਜ਼ਿੰਮੇਵਾਰੀ ਹੁੰਦੀ ਸੀ ਕਿਉਂਕਿ ਜਸਪਾਲ ਭੱਟੀ ਇਹ ਜ਼ਰੂਰ ਯਕੀਨੀ ਬਣਾਉਂਦੇ ਸਨ ਕਿ ਹਰ ਚਿੱਠੀ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ।

‘ਫਲਾਪ ਸ਼ੋਅ’ ਜਿਹੇ ਰੌਚਕ ਨਾਵਾਂ ਪਿੱਛੇ ਕੀ ਸੋਚ ਸੀ?

ਸਵਿਤਾ ਅਤੇ ਜਸਪਾਲ ਭੱਟੀ ਦੇ ਪ੍ਰੋਗਰਾਮਾਂ ਦੇ ਨਾਮ ਵੀ ਬੜੇ ਦਿਲਚਸਪ ਹੁੰਦੇ ਸਨ ਜਿਵੇਂ ਕਿ ‘ਫਲਾਪ ਸ਼ੋਅ’, ‘ਉਲਟਾ ਪੁਲਟਾ’ ਅਤੇ ‘ਨਾਨਸੈਂਸ ਕਲੱਬ’।

ਕਈ ਪ੍ਰੋਗਰਾਮਾਂ ਵਿੱਚ ਉਹ ਸਵਿਤਾ ਭੱਟੀ ਦੇ ਕਰੈਡਿਟ ਵਿੱਚ ਲਿਖਦੇ ਸੀ ‘ਮਿਸ-ਡਾਇਰੈਕਸ਼ਨ’, ‘ਓਵਰ-ਐਕਟਿੰਗ’, ‘ਅਗਜ਼ੈਕਟਿਵ ਰਿਡਿਊਸਰ’।

ਅਜਿਹੇ ਨਾਮ ਰੱਖਣ ਪਿੱਛੇ ਕੀ ਵਿਚਾਰ ਹੁੰਦਾ ਸੀ ? ਇਸ ਬਾਰੇ ਸਵਿਤਾ ਭੱਟੀ ਨੇ ਦੱਸਿਆ ਕਿ ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਇੱਕ ਡਿਬੇਟ ਕੰਪੀਟੀਸ਼ਨ ਦੌਰਾਨ ਜਸਪਾਲ ਨੇ ਰਵਾਇਤੀ ਡਿਬੇਟ ਦੀ ਜਗ੍ਹਾ ਸਿਰਫ਼ ਸ਼ਬਦ ਜੋੜ ਕੇ ਅਜੀਬ-ਅਜੀਬ ਗੱਲਾਂ ਕੀਤੀਆਂ ਅਤੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਥੱਲੇ ਲਾਹ ਦਿੱਤਾ।

ਵਿਦਿਆਰਥੀਆਂ ਨੇ ਖੱਪ ਪਾ ਦਿੱਤੀ ਕਿ ਅਗਲੇ ਕੰਟੈਸਟੈਂਟ ਨੂੰ ਤਾਂ ਹੀ ਆਉਣ ਦੇਣਗੇ ਜੇ ਪਹਿਲਾਂ ਜਸਪਾਲ ਨੂੰ ਦੁਬਾਰਾ ਸਟੇਜ ’ਤੇ ਭੇਜੋਗੇ। ਸਵਿਤਾ ਮੁਤਾਬਕ, ਫਿਰ ਜਸਪਾਲ ਹੁਰਾਂ ਨੇ ਮਹਿਸੂਸ ਕੀਤਾ ਕਿ ਜੇ ਤੁਸੀਂ ਪੁੱਠੀ ਗੱਲ ਕਰਦੇ ਹੋ ਤਾਂ ਲੋਕ ਤੁਹਾਡੇ ਨਾਲ ਵੱਧ ਜੁੜਦੇ ਹਨ।

ਉਨ੍ਹਾਂ ਦੱਸਿਆ, “ਜਸਪਾਲ ਭੱਟੀ ਇਹ ਵੀ ਕਹਿੰਦੇ ਸੀ ਕਿ ਤੁਸੀਂ ਆਪਣੇ ਪੈਰਾਂ ’ਤੇ ਖੜ੍ਹੇ ਹੁੰਦੇ ਹੋ ਤਾਂ ਦੁਨੀਆਂ ਇੱਕ ਤਰ੍ਹਾਂ ਨਜ਼ਰ ਆਉਂਦੀ ਹੈ ਅਤੇ ਜੇ ਸਿਰ ਦੇ ਭਾਰ ਖੜ੍ਹੇ ਹੋਵੋ ਤਾਂ ਉਹੀ ਚੀਜ਼ ਤੁਹਾਨੂੰ ਨਿਰਾਲੀ ਨਜ਼ਰ ਆਉਂਦੀ ਹੈ।”

ਸਵਿਤਾ ਮੁਤਾਬਕ ਭਾਵੇਂ ਸਾਨੂੰ ਲੱਗਦਾ ਹੈ ਕਿ ਜਸਪਾਲ ਭੱਟੀ ਇਨ੍ਹਾਂ ਚੀਜ਼ਾਂ ਨੂੰ ਬਹੁਤ ਸਹਿਜ ਲੈਂਦੇ ਸਨ, ਪਰ ਅਜਿਹਾ ਨਹੀਂ ਹੈ। ਅਜਿਹੇ ਨਾਮ ਰੱਖਣ ਪਿੱਛੇ ਵੀ ਉਨ੍ਹਾਂ ਦੀ ਸੰਜੀਦਗੀ ਹੁੰਦੀ ਸੀ।

ਸਵਿਤਾ ਭੱਟੀ ਨੇ ਦੱਸਿਆ, “ਉਨ੍ਹਾਂ ਤੋਂ ਇੱਕ ਇੰਟਰਵਿਊ ਵਿੱਚ ਵੀ ਪੁੱਛਿਆ ਗਿਆ ਸੀ ਕਿ ਪ੍ਰੋਗਰਾਮ ਦਾ ਨਾਮ ‘ਫਲਾਪ ਸ਼ੋਅ’ ਕਿਉਂ ਰੱਖਿਆ ਗਿਆ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ ਆਮ ਆਦਮੀ ਦੀ ਜ਼ਿੰਦਗੀ ਇੱਕ ਫਲਾਪ ਸ਼ੋਅ ਹੈ, ਕਿਉਂਕਿ ਉਸ ਨੂੰ ਸਾਰੀ ਉਮਰ ਧੱਕੇ ਖਾਣੇ ਪੈਂਦੇ ਹਨ। ਜਦੋਂ ਮੈਂ ਇਹ ਜਵਾਬ ਸੁਣਿਆ ਸੀ, ਤਾਂ ਹੈਰਾਨ ਰਹਿ ਗਈ ਸੀ”

‘ਮਾਹੌਲ ਠੀਕ ਹੈ’

ਜਸਪਾਲ ਭੱਟੀ ਤੇ ਸਵਿਤਾ ਭੱਟੀ ਦੀ ਕਾਮੇਡੀ ਆਮ ਤੌਰ ’ਤੇ ਸਿਸਟਮ ਦੀਆਂ ਖ਼ਰਾਬੀਆਂ ਉੱਤੇ ਵਿਅੰਗ ਹੁੰਦੀ ਸੀ।

ਉਨ੍ਹਾਂ ਨੇ 80-90 ਦੇ ਦਹਾਕਿਆਂ ਵਿੱਚ ਵੀ ਕਾਫ਼ੀ ਕੰਮ ਕੀਤਾ ਹੈ, ਉਹ ਵੀ ਉਸ ਸਮੇਂ ਜਦੋਂ ਪੰਜਾਬ ਵਿੱਚ ਅੱਤਵਾਦ ਦਾ ਦੌਰ ਸੀ।

ਸਵਿਤਾ ਭੱਟੀ ਕਹਿੰਦੇ ਹਨ ਕਿ ਕੰਮ ਕਰਦਿਆਂ ਉਨ੍ਹਾਂ ਨੂੰ ਕਦੇ ਵੀ ਖ਼ਤਰਾ ਮਹਿਸੂਸ ਨਹੀਂ ਹੋਇਆ ਸੀ, ਬਲਕਿ ਹਰ ਵਰਗ ਉਨ੍ਹਾਂ ਦੇ ਕੰਮ ਨੂੰ ਪਸੰਦ ਕਰਦਾ ਸੀ ਕਿਉਂਕਿ ਜਸਪਾਲ ਹਮੇਸ਼ਾ ਸੱਚ ਕਹਿਣ ਦੀ ਕੋਸ਼ਿਸ਼ ਕਰਦੇ ਸੀ।

ਸਵਿਤਾ ਭੱਟੀ ਨੇ ਇਹ ਵੀ ਦੱਸਿਆ ਕਿ ਅੱਤਵਾਦ ਖ਼ਤਮ ਹੁੰਦਿਆਂ ਜਸਪਾਲ ਭੱਟੀ ਪੁਲਿਸ ਬਾਰੇ ਇੱਕ ਫ਼ਿਲਮ ਲਿਖ ਰਹੇ ਸੀ ਜੋ ਕਿ 1998 ਵਿੱਚ ਰਿਲੀਜ਼ ਹੋਈ ਅਤੇ ਇਸ ਦਾ ਨਾਮ ਸੀ ‘ਮਾਹੌਲ ਠੀਕ ਹੈ’।

ਇਹ ਫ਼ਿਲਮ ਪੁਲਿਸ ਦੀ ‘ਜ਼ਿਆਦਤੀਆਂ’ ’ਤੇ ਅਧਾਰਤ ਸੀ। ਸਵਿਤਾ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਰਾਜ ਬੱਬਰ ਨੇ ਪ੍ਰੈਸ ਕਾਨਫਰੰਸ ਵਿੱਚ ਪਹਿਲੇ ਸ਼ਬਦ ਇਹ ਕਹੇ ਸੀ ਕਿ ‘ਜਸਪਾਲ ਭੱਟੀ ਦਾ ਦਿਮਾਗ਼ ਖਰਾਬ ਹੈ’।

ਸਵਿਤਾ ਦੱਸਦੇ ਹਨ, “ਕਿਉਂਕਿ ਉਸ ਵੇਲੇ ਇਸ ਤਰ੍ਹਾਂ ਦੀ ਫ਼ਿਲਮ ਕੋਈ ਸੋਚ ਨਹੀਂ ਸੀ ਸਕਦਾ। ਪੰਜਾਬੀ ਸਿਨੇਮਾ ਦੇਖਣ ਜਾਣਾ ਲੋਕਾਂ ਨੇ ਬੰਦ ਕਰ ਦਿੱਤਾ ਸੀ।”

“ਉਸ ਸਮੇਂ ਮਿਲੀਟੈਂਸੀ ਵੀ ਹਾਲੇ ਖ਼ਤਮ ਹੋ ਹੀ ਰਹੀ ਸੀ ਅਤੇ ਇਹ ਕੋਈ ਰੋਮਾਂਟਿਕ ਫ਼ਿਲਮ ਵੀ ਨਹੀਂ ਸੀ, ਬਲਕਿ ਪੁਲਿਸ ਬਾਰੇ ਸੀ ਪਰ ਜਸਪਾਲ ਦੀ ਸੋਚ ਅਤੇ ਹੌਸਲੇ ਨੂੰ ਸਲਾਮ ਹੈ, ਲੋਕਾਂ ਨੇ ਫ਼ਿਲਮ ਨੂੰ ਸਿਵਾਕਰਿਆ।”

ਸਵਿਤਾ ਨੇ ਇਹ ਵੀ ਜ਼ਿਕਰ ਕੀਤਾ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਵਾਰ ਇੱਕ ਕਾਰਟੂਨ ਮੁਕਾਬਲਾ ਵੀ ਰੱਖਿਆ ਸੀ ਜਿਸ ਦਾ ਵਿਸ਼ਾ ਪੁਲਿਸ ਦੇ ਅੱਤਿਆਚਾਰ ਸੀ।

ਇਸ ਮੁਕਾਬਲੇ ਨੂੰ ਜੱਜ ਵਜੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਬੁਲਾਇਆ ਸੀ। ਯਾਨੀ ਕਿ ਪੁਲਿਸ ਦੇ ਮੁਖੀ ਹੀ ਪੁਲਿਸ ਦੇ ਖ਼ਿਲਾਫ਼ ਬਣ ਰਹੇ ਕਾਰਟੂਨਜ਼ ਨੂੰ ਜੱਜ ਕਰ ਰਹੇ ਸੀ। ਸਵਿਤਾ ਨੇ ਕਿਹਾ ਕਿ ਉਸ ਵੇਲੇ ਕਿਸੇ ਨੇ ਵੀ ਕੋਈ ਇਤਰਾਜ਼ ਜ਼ਾਹਿਰ ਨਹੀਂ ਸੀ ਕੀਤਾ।

ਨਾਲ ਹੀ ਸਵਿਤਾ ਇਹ ਵੀ ਕਹਿੰਦੇ ਹਨ ਕਿ ਭਾਵੇਂ ਹੁਣ ਬਹੁਤ ਤਰ੍ਹਾਂ ਦੀ ਫ਼ਿਲਮਾਂ ਬਣ ਰਹੀਆਂ ਹਨ, ਪਰ ਹੁਣ ਵੀ ਕੋਈ ‘ਮਾਹੌਲ ਠੀਕ ਹੈ’,ਵਰਗੀ ਫ਼ਿਲਮ ਨਹੀਂ ਬਣਾ ਸਕਦਾ।

ਗਿਲ਼ਾ ਜ਼ਾਹਰ ਕਰਦਿਆਂ ਸਵਿਤਾ ਕਹਿੰਦੇ ਹਨ ਕਿ ਪੰਜਾਬ ਸਿਨੇਮਾ ਦੇ ਮੁੜ ਸੁਰਜੀਤ ਹੋਣ ਵਿੱਚ ਅਸੀਂ ਕਈ ਨਾਮ ਲੈਂਦੇ ਹਾਂ, ਪਰ ਪਹਿਲੀ ਕੋਸ਼ਿਸ਼ ਜਸਪਾਲ ਭੱਟੀ ਨੇ ਕੀਤੀ ਸੀ ਜਿਨ੍ਹਾਂ ਨੂੰ ਬਣਦਾ ਕਰੈਡਿਟ ਨਹੀਂ ਦਿੱਤਾ ਜਾਂਦਾ।

ਪਤੀ ਜਸਪਾਲ ਭੱਟੀ ਦੀ ਮੌਤ ਤੋਂ ਬਾਅਦ ਕਿਵੇਂ ਬਦਲੀ ਜ਼ਿੰਦਗੀ

ਜਸਪਾਲ ਭੱਟੀ ਨੂੰ ਯਾਦ ਕਰਦਿਆਂ ਸਵਿਤਾ ਭੱਟੀ ਦੱਸਦੇ ਹਨ ਕਿ ਉਨ੍ਹਾਂ ਅੰਦਰ ਭ੍ਰਿਸ਼ਟਾਚਾਰ ਤੇ ਗ਼ੈਰ-ਪੁਖ਼ਤਾ ਸਿਸਟਮ ਖ਼ਿਲਾਫ਼ ਬੜਾ ਦਰਦ ਸੀ।

ਸਵਿਤਾ ਕਹਿੰਦੇ ਹਨ ਕਿ ਇੰਨਾਂ ਨਾਮਣਾ ਖੱਟਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਸਾਦਗੀ ਅਤੇ ਸਿੱਖੀ ਨਹੀਂ ਛੱਡੀ।

ਪਤੀ ਜਸਪਾਲ ਭੱਟੀ ਬਾਰੇ ਗੱਲ ਕਰਦਿਆਂ ਸਵਿਤਾ ਭੱਟੀ ਭਾਵੁਕ ਹੁੰਦੇ ਹਨ ਅਤੇ ਅੱਖਾਂ ਨਮ ਹੋ ਜਾਂਦੀਆਂ ਹਨ।

ਦੱਸ ਦੇਈਏ ਕਿ ਅਕਤੂਬਰ 2012 ਵਿੱਚ ਸ਼ਾਹਕੋਟ ਨੇੜੇ ਇੱਕ ਕਾਰ ਹਾਦਸੇ ਵਿੱਚ ਜਸਪਾਲ ਭੱਟੀ ਦੀ ਜਾਨ ਚਲੀ ਗਈ ਸੀ ਉਸ ਸਮੇਂ ਉਹ ਆਪਣੇ ਬੇਟੇ ਜਸਰਾਜ ਭੱਟੀ ਦੀ ਪਹਿਲੀ ਫ਼ਿਲਮ ਦੇ ਪ੍ਰੋਮਸ਼ਨਲ ਟੂਰ ’ਤੇ ਸਨ।

ਹਾਦਸੇ ਦੇ ਅਗਲੇ ਹੀ ਦਿਨ ਇਹ ਫ਼ਿਲਮ ਰਿਲੀਜ਼ ਹੋਣੀ ਸੀ।

ਸਵਿਤਾ ਭੱਟੀ ਕਹਿੰਦੇ ਹਨ ਕਿ ਪਤੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵੀ ‘ਉਲਟ-ਪੁਲਟ’ ਗਈ।

“ਜਿੱਥੇ ਉਨ੍ਹਾਂ ਦੀ ਮਾਂ ਲਈ, ਭੈਣਾਂ ਲਈ ਉਨ੍ਹਾਂ ਦਾ ਵਿਛੋੜਾ ਝੱਲਣਾ ਬਹੁਤ ਔਖਾ ਸੀ ਉੱਥੇ ਹੀ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਮਾਰਗ-ਦਰਸ਼ਨ ਤੋਂ ਅਧੂਰੇ ਰਹਿ ਗਏ।”

ਅੱਗੇ ਸਵਿਤਾ ਕਹਿੰਦੇ ਹਨ, “ਮੇਰੀ ਜ਼ਿੰਦਗੀ ਉਨ੍ਹਾਂ ਦੇ ਆਲੇ ਦੁਆਲੇ ਘੁੰਮਦੀ ਸੀ, ਪਰ ਅਚਾਨਕ ਉਨ੍ਹਾਂ ਦੀ ਮੌਤ ਤੋਂ ਬਾਅਦ ਸਭ ਕੁਝ ਰੁਕ ਗਿਆ ਸੀ, ਖਾਲੀ ਹੋ ਗਿਆ ਸੀ।”

ਸਵਿਤਾ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਕੰਮ ਵੀ ਬਹੁਤ ਪ੍ਰਭਾਵਿਤ ਹੋਇਆ। ਉਹ ਕਹਿੰਦੇ ਹਨ, “ਉਦੋਂ ਤੋਂ ਮੈਨੂੰ ਜੋ ਕੋਈ ਕੰਮ ਆਇਆ ਹੈ ਤਾਂ ਬੰਬੇ ਤੋਂ ਆਇਆ ਹੈ, ਪੰਜਾਬੀ ਸਿਨੇਮਾ ਵਿੱਚੋਂ ਮੈਨੂੰ ਕੋਈ ਢੰਗ ਦੀ ਪੇਸ਼ਕਸ਼ ਨਹੀਂ ਆਈ।”

ਪਰ ਨਾਲ ਹੀ ਸਵਿਤਾ ਕਹਿੰਦੇ ਹਨ ਕਿ ਜਸਪਾਲ ਭੱਟੀ ਦੇ ਕੰਮ ਤੋਂ ਹੀ ਉਹ ਪ੍ਰੇਰਨਾ ਅਤੇ ਤਾਕਤ ਲੈਂਦੇ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ 2013 ਵਿੱਚ ਪਦਮ ਭੂਸ਼ਣ ਮਿਲਣ ਨਾਲ ਵੀ ਪਰਿਵਾਰ ਨੂੰ ਹੌਸਲਾ ਮਿਲਿਆ।

ਜਸਪਾਲ ਭੱਟੀ ਦੀ ਲਿਖੀ ਅਗਲੀ ਫ਼ਿਲਮ ਬਣਾਉਣ ਦੀ ਤਿਆਰੀ ਵਿੱਚ ਪਰਿਵਾਰ

ਸਵਿਤਾ ਭੱਟੀ ਨੇ ਦੱਸਿਆ ਜਸਪਾਲ ਆਪਣੀ ਮੌਤ ਤੋਂ ਪਹਿਲਾਂ ਜੋ ਅਗਲੀ ਫ਼ਿਲਮ ਬਣਾਉਣਾ ਚਾਹੁੰਦੇ ਸੀ, ਹੁਣ ਉਨ੍ਹਾਂ ਦਾ ਪਰਿਵਾਰ ਉਹ ਫ਼ਿਲਮ ਬਣਾਏਗਾ।

ਉਨ੍ਹਾਂ ਦਾ ਬੇਟਾ ਜਸਰਾਜ ਭੱਟੀ ਇਹ ਫ਼ਿਲਮ ਬਣਾ ਰਿਹਾ ਹੈ। ਸਵਿਤਾ ਇਸ ਫ਼ਿਲਮ ਦੀ ਕਾਮਯਾਬੀ ਨੂੰ ਉਨ੍ਹਾਂ ਦਾ ਇੱਕ ਸੁਫਨਾ ਦੱਸਦੇ ਹੈ।

‘ਨਾਨਸੈਂਸ ਕਲੱਬ’ ਦੇ ਨਾਮ ਹੇਠ ਜਸਪਾਲ ਭੱਟੀ ਵੱਲੋਂ ਸ਼ੁਰੂ ਕੀਤਾ ਗਿਆ ਸਟਰੀਟ ਥੀਏਟਰ ਵੀ ਬਹੁਤ ਮਸ਼ਹੂਰ ਰਿਹਾ ਹੈ, ਜਿਸ ਵਿੱਚ ਉਹ ਤਾਜ਼ਾ ਮਸਲਿਆਂ ਨੂੰ ਵਿਅੰਗਾਤਮਕ ਤਰੀਕਿਆਂ ਨਾਲ ਪੇਸ਼ ਕਰਦੇ ਸੀ।

ਸਵਿਤਾ ਭੱਟੀ ਕਹਿੰਦੇ ਹਨ ਕਿ ਉਨ੍ਹਾਂ ਨੇ ਕਈ ਸਾਲ ਇਸ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਕੰਮ ਮੱਠਾ ਪੈ ਗਿਆ ਸੀ। ਹੁਣ ਉਨ੍ਹਾਂ ਦੀ ਸੋਚ ਹੈ ਕਿ ਇਸ ‘ਨਾਨਸੈਂਸ ਕਲੱਬ’ ਨੂੰ ਮੁੜ ਐਕਟਿਵ ਕੀਤਾ ਜਾਵੇ।

ਨਾਲ ਹੀ ਸਵਿਤਾ ਭੱਟੀ, ਜਸਪਾਲ ਭੱਟੀ ਬਾਰੇ ਇੱਕ ਕਿਤਾਬ ਲਿਖ ਰਹੇ ਹਨ।

ਜਸਪਾਲ ਭੱਟੀ ਦੀ ਮੌਤ ਤੋਂ ਬਾਅਦ ਸਵਿਤਾ ਭੱਟੀ ਨੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਮਿਲ ਕੇ ਜਸਪਾਲ ਭੱਟੀ ਹਿਉਮਰ ਫੈਸਟੀਵਲ ਸ਼ੁਰੂ ਕੀਤਾ ਸੀ। ਇਸ ਵਿੱਚ ਬਹੁ-ਭਾਸ਼ਾਈ ਕਾਮੇਡੀਅਨ ਬੁਲਾਏ ਜਾਂਦੇ ਰਹੇ ਹਨ।

ਸਵਿਤਾ ਕਹਿੰਦੇ ਹਨ ਕਿ ਇਸ ਫੈਸਟੀਵਲ ਨੂੰ ਅੱਗੇ ਤੋਰਕੇ ਉਹ ਜਸਪਾਲ ਭੱਟੀ ਦੀ ਵਿਰਾਸਤ ਜਿਉਂਦੀ ਰੱਖਣੀ ਚਾਹੁੰਦੇ ਹਨ।

ਸਵਿਤਾ ਭੱਟੀ ਕਹਿੰਦੇ ਹਨ ਕਿ ਉਹ ਬਹੁਤ ਜ਼ਿਆਦਾ ਅਭਿਲਾਸ਼ੀ ਤਾਂ ਨਹੀਂ ਹਨ ਪਰ ਓਟੀਟੀ ’ਤੇ ਕੋਈ ਚੰਗੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ।

ਅਖ਼ਬਾਰਾਂ ਲਈ ਆਰਟੀਕਲ ਲਿਖਣਾ ਵੀ ਉਹ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਕਹਿੰਦੇ ਹਨ, “ ਜਿੰਨੀ ਕੁ ਵੀ ਹੈ, ਉਹ ਸਾਡੀ ਅਵਾਜ਼ ਹੈ, ਜੋ ਮੈਂ ਜ਼ਿੰਦਾ ਰੱਖਣਾ ਚਾਹੁੰਦੀ ਹਾਂ। “

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)