ਲੱਦਾਖ 'ਚ ਕਿਉਂ ਹੋ ਰਹੇ ਹਿੰਸਕ ਪ੍ਰਦਰਸ਼ਨ, ਕੇਂਦਰ ਨੇ ਸੋਨਮ ਵਾਂਗਚੁਕ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ - ਜੈੱਨ ਜ਼ੀ ਦਾ ਜ਼ਿਕਰ ਕਰ ਭੜਕਾਇਆ

ਲੱਦਾਖ ਵਿੱਚ ਹੁੰਦੇ ਪ੍ਰਦਰਸ਼ਨ

ਤਸਵੀਰ ਸਰੋਤ, TSEWANG RIGZIN/AFP via Getty Images

ਤਸਵੀਰ ਕੈਪਸ਼ਨ, ਲੱਦਾਖ ਵਿੱਚ ਹੋਏ ਪ੍ਰਦਰਸ਼ਨ ਦੌਰਾਨ ਇੱਕ ਸੜਦੇ ਹੋਏ ਵਾਹਨ ਦੀ ਤਸਵੀਰ

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਅੰਦੋਲਨਕਾਰੀਆਂ ਅਤੇ ਪੁਲਿਸ ਦੀ ਝੜਪ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ 50 ਤੋਂ ਵੱਧ ਲੋਕ ਜਖ਼ਮੀ ਹੋ ਗਏ ਹਨ।

ਇਨ੍ਹਾਂ ਵਿੱਚੋਂ 30 ਪੁਲਿਸ ਮੁਲਾਜ਼ਮ ਹਨ।

ਸਾਲ 1989 ਦੇ ਬਾਅਦ ਲੱਦਾਖ ਦਾ ਇਹ ਸਭ ਤੋਂ ਹਿੰਸਕ ਦਿਨ ਮੰਨਿਆ ਜਾ ਰਿਹਾ ਹੈ।

ਬੁੱਧਵਾਰ ਨੂੰ ਹੋਈ ਹਿੰਸਾ ਦੇ ਬਾਅਦ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਨੇ ਲੱਦਾਖ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਅਤੇ ਛੇਵੀਂ ਅਨੁਸੂਚੀ ਦੇ ਵਿਸਥਾਰ ਦੀ ਮੰਗ ਨੂੰ ਲੈ ਕੇ 15 ਦਿਨਾਂ ਦੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਸੀ।

ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੇਹ ਵਿੱਚ ਕਰਫਿਊ ਲਗਾ ਦਿੱਤਾ।

ਲੱਦਾਖ

ਤਸਵੀਰ ਸਰੋਤ, TSEWANG RIGZIN/AFP via Getty Images

ਤਸਵੀਰ ਕੈਪਸ਼ਨ, ਲੇਹ ਵਿੱਚ 24 ਸਤੰਬਰ ਨੂੰ ਹੋਏ ਪ੍ਰਦਰਸ਼ਨਾਂ ਦੀ ਇੱਕ ਤਸਵੀਰ

ਬੁੱਧਵਾਰ ਦੇਰ ਰਾਤ ਇੱਕ ਬਿਆਨ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਹਿੰਸਾ ਦੇ ਲਈ ਸੋਨਮ ਵਾਂਗਚੁਕ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗ੍ਰਹਿ ਮੰਤਰਾਲੇ ਦੇ ਇਲਜ਼ਾਮਾਂ ਉੱਤੇ ਵਾਂਗਚੁਕ ਨੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਕੇਂਦਰ ਸਰਕਾਰ ਨੇ ਇੱਕ ਬਿਆਨ ਜਾਰੀ ਕਰ ਕਿਹਾ ਹੈ, ਇਨ੍ਹਾਂ ਵਿਸ਼ਿਆਂ ਉੱਤੇ ਹਾਈ ਪਾਵਰ ਕਮੇਟੀ ਦੀ 6 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ 25-26 ਸਤੰਬਰ ਨੂੰ ਕਰਨ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਅੰਦੋਲਨਕਾਰੀ ਜਥੇਬੰਦੀਆਂ ਦੇ ਨਾਲ ਗੱਲਬਾਤ ਹੋ ਸਕੇ।

ਗ੍ਰਹਿ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ, ''ਕੁਝ ਲੋਕਾਂ ਦੀ ਮਤਲਬ ਦੀ ਸਿਆਸਤ ਅਤੇ ਸੋਨਮ ਵਾਂਗਚੁਕ ਦੀਆਂ ਵਿਅਕਤੀਗਤ ਇੱਛਾਵਾਂ ਦੀ ਵਜ੍ਹਾ ਨਾਲ ਲੱਦਾਖ ਅਤੇ ਉੱਥੋਂ ਦੇ ਨੌਜਵਾਨ ਭਾਰੀ ਕੀਮਤ ਅਦਾ ਕਰ ਰਹੇ ਹਨ।''

24 ਸਤੰਬਰ ਦੀ ਸਵੇਰ ਨੂੰ ਕੀ ਹੋਇਆ ਸੀ?

ਲੇਹ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਲੇਹ ਵਿੱਚ ਕਾਫੀ ਸਮੇਂ ਤੋਂ ਅੰਦੋਲਨ ਚੱਲ ਰਿਹਾ ਹੈ।

ਬੁੱਧਵਾਰ ਦੀ ਸਵੇਰ ਨੌਜਵਾਨਾਂ ਦੇ ਸਮੂਹ ਨੇ ਕੁਝ ਥਾਵਾਂ ਉੱਤੇ ਅੱਗ ਲਾਈ ਅਤੇ ਭੰਨਤੋੜ ਕੀਤੀ। ਇਸ ਤੋਂ ਬਾਅਦ ਉਨ੍ਹਾਂ ਬੀਜੇਪੀ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਅਤੇ ਕਈ ਗੱਡੀਆਂ ਨੂੰ ਸਾੜ ਦਿੱਤਾ।

ਅਧਿਕਾਰੀਆਂ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, "ਹਾਲਾਤ ਸੰਭਾਲਣ ਦੇ ਲਈ ਪੂਰੇ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਤੈਨਾਤ ਪੁਲਿਸ ਅਤੇ ਨੀਮ ਫੌਜੀ ਦਸਤੇ ਨੇ ਹੰਝੂ ਗੈਸ ਦੇ ਗੋਲੇ ਦਾਗੇ।"

ਉਪ-ਰਾਜਪਾਲ ਕਵਿੰਦਰ ਗੁਪਤਾ ਨੇ ਇਨ੍ਹਾਂ ਘਟਨਾਵਾਂ ਨੂੰ 'ਦਿਲ ਦਹਿਲਾ ਦੇਣ ਵਾਲਾ ਕਰਾਰ ਦਿੱਤਾ ਅਤੇ ਕਿਹਾ ਕਿ ਜੋ ਹੋਇਆ ਉਹ ਇੱਕ ਸਾਜ਼ਿਸ਼ ਦਾ ਨਤੀਜਾ ਹੈ।'

ਉਨ੍ਹਾਂ ਕਿਹਾ,"ਅਸੀਂ ਇੱਥੇ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਛੱਡਾਂਗੇ ਨਹੀਂ।"

ਉਨ੍ਹਾਂ ਨੇ ਯਾਦ ਕਰਵਾਇਆ ਕਿ ਲੱਦਾਖ ਵਿੱਚ ਇਸ ਤੋਂ ਪਹਿਲਾਂ 27 ਅਗਸਤ 1989 ਵਿੱਚ ਹਿੰਸਾ ਹੋਈ ਸੀ, ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਮੰਗਣ ਵਾਲੇ ਅੰਦੋਲਨ ਦੇ ਦੌਰਾਨ ਪੁਲਿਸ ਫਾਈਰਿੰਗ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

ਕਿਵੇਂ ਵਿਗੜੇ ਹਾਲਾਤ?

ਲੱਦਾਖ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹਿੰਸਾ ਦੇ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੂੰ ਗ੍ਰਿਫ਼ਤਾਰ ਕਰਕੇ ਲੈ ਜਾਂਦੀ ਪੁਲਿਸ

24 ਸਤੰਬਰ 2025 ਦੀ ਸਵੇਰ ਹੀ ਲੱਦਾਖ ਦੀ ਰਾਜਧਾਨੀ ਲੇਹ ਵਿੱਚ ਬੰਦ ਦੇ ਨਾਅਰਿਆਂ ਦੇ ਨਾਲ ਸੈਂਕੜੇ ਲੋਕ ਸੜਕਾਂ ਉੱਤੇ ਉੱਤਰ ਆਏ। ਜਿਵੇਂ-ਜਿਵੇਂ ਦਿਨ ਲੰਘਦਾ ਗਿਆ, ਦੂਰ ਤੋਂ ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਦਾ ਗੁਬਾਰ ਦਿਖਾਈ ਦੇਣ ਲੱਗਿਆ।

ਲੱਦਾਖ ਏਪੈਕਸ ਬਾਡੀ ਦੀ ਯੁਵਾ ਸ਼ਾਖਾ ਨੇ 10 ਸਤੰਬਰ ਤੋਂ ਭੁੱਖ ਹੜਤਾਲ ਉੱਤੇ ਬੈਠੇ 15 ਲੋਕਾਂ ਵਿੱਚੋਂ ਦੋ ਦੀ ਹਾਲਤ 23 ਸਤੰਬਰ ਸ਼ਾਮ ਨੂੰ ਵਿਗੜਣ ਤੋਂ ਬਾਅਦ ਬੰਦ ਦੀ ਅਪੀਲ ਕੀਤੀ ਸੀ। ਇੱਕ ਆਨਲਾਈਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਸੋਨਮ ਵਾਂਗਚੁਕ ਨੇ ਕਿਹਾ,''ਤਸੇਰਿੰਗ ਆਂਗਚੁਕ (72 ਸਾਲ) ਅਤੇ ਤਾਸ਼ੀ ਡੋਲਮਾ (60 ਸਾਲ) ਦੀ ਸਥਿਤੀ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ ਸੀ। ਸੰਭਾਵੀ ਤੌਰ ਉੱਤੇ ਇਹੀ ਹਿੰਸਕ ਪ੍ਰਦਰਸ਼ਨਾਂ ਦੀ ਵਜ੍ਹਾ ਬਣਿਆ।''

ਹਿੰਸਾ ਦੇ ਬਾਅਦ ਕਾਂਗਰਸ ਆਗੂ ਅਤੇ ਪਾਰਸ਼ਦ ਫੁੰਤਸੋਗ ਸਤਾਨਜ਼ਿਨ ਤਸੇਪਗ ਦੇ ਖ਼ਿਲਾਫ਼ ਭੁੱਖ ਹੜਤਾਲ ਵਾਲੀ ਥਾਂ ਉੱਤੇ ਉਤੇਜਕ ਭਾਸ਼ਣ ਦੇਣ ਦੇ ਇਲਜ਼ਾਮਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਬੀਜੇਪੀ ਨੇ ਇਲਜ਼ਾਮ ਲਾਇਆ ਕਿ ਇਹ ਹਿੰਸਾ ਕਾਂਗਰਸ ਦੀ 'ਇੱਕ ਨਾਪਾਕ ਸਾਜਿਸ਼ ਦਾ ਹਿੱਸਾ ਹੈ, ਜਿਸਦੇ ਰਾਹੀਂ ਉਹ ਦੇਸ਼ ਵਿੱਚ ਬੰਗਲਾਦੇਸ਼, ਨੇਪਾਲ ਅਤੇ ਫ਼ਿਲੀਪੀਂਸ ਵਰਗੀ ਸਥਿਤੀ ਪੈਦਾ ਕਰਨਾ ਚਾਹੁੰਦੀ ਹੈ।'

ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬੀਜੇਪੀ ਸਾਂਸਦ ਅਤੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, "ਅੱਜ ਲੱਦਾਖ ਵਿੱਚ ਕੁਝ ਪ੍ਰਦਰਸ਼ਨਾਂ ਨੂੰ ਜੈੱਨ ਜ਼ੀ ਦੀ ਅਗਵਾਈ ਵਾਲਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਜੈੱਨ ਜ਼ੀ ਦਾ ਨਹੀਂ ਸਗੋਂ ਕਾਂਗਰਸ ਦਾ ਪ੍ਰਦਰਸ਼ਨ ਸੀ।"

ਲੱਦਾਖ ਦੇ ਲੋਕਾਂ ਦੀ ਕੀ ਹੈ ਸ਼ਿਕਾਇਤ

ਲੱਦਾਖ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਮੰਗਾਂ

ਅੰਦੋਲਨਕਾਰੀਆਂ ਦੀਆਂ 4 ਮੰਗਾਂ ਹਨ। ਇਨ੍ਹਾਂ ਵਿੱਚ ਲੱਦਾਖ ਨੂੰ ਸੂਬੇ ਦਾ ਦਰਜਾ, ਛੇਵੀਂ ਅਨੁਸੂਚੀ ਦਾ ਵਿਸਥਾਰ, ਲੇਹ ਅਤੇ ਕਾਰਗਿਲ ਦੇ ਲਈ ਵੱਖ-ਵੱਖ ਲੋਕ ਸਭਾ ਸੀਟਾਂ ਤੈਅ ਕਰਨ ਅਤੇ ਰੁਜ਼ਗਾਰ ਵਿੱਚ ਰਾਖਵੇਂਕਰਨ ਸ਼ਾਮਿਲ ਹਨ।

ਪਿਛਲੇ ਸਾਲ ਮਾਰਚ ਵਿੱਚ ਪ੍ਰਕਾਸ਼ਿਤ ਬੀਬੀਸੀ ਪੱਤਰਕਾਰ ਮਾਜਿਦ ਜਹਾਂਗੀਰ ਦੀ ਇੱਕ ਰਿਪੋਰਟ ਦੇ ਮੁਤਾਬਕ, ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਪਹਿਲਾਂ ਲੱਦਾਖ ਦੇ ਲੋਕ ਜੰਮੂ-ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ ਵਿੱਚ ਗਜ਼ਟੇਡ ਅਹੁਦਿਆਂ ਦੇ ਲਈ ਅਪਲਾਈ ਕਰ ਸਕਦੇ ਸਨ, ਪਰ ਹੁਣ ਇਹ ਸਿਲਸਿਲਾ ਬੰਦ ਹੋ ਗਿਆ ਹੈ।

ਸਾਲ 2019 ਤੋਂ ਪਹਿਲਾਂ ਨਾਨ ਗਜ਼ਟੇਡ ਨੌਕਰੀਆਂ ਦੇ ਲਈ ਜੰਮੂ-ਕਸ਼ਮੀਰ ਸਰਵਿਸ ਸਲੈਕਸ਼ਨ ਬੋਰਡ ਭਰਤੀ ਕਰਦਾ ਸੀ ਅਤੇ ਉਸ ਵਿੱਚ ਲੱਦਾਖ ਦੇ ਉਮੀਦਵਾਰ ਵੀ ਹੁੰਦੇ ਸਨ ਪਰ ਹੁਣ ਇਹ ਨਿਯੁਕਤੀਆਂ ਸਟਾਫ ਸਲੈਕਸ਼ਨ ਕਮਿਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਹਨ।

ਇਹ ਕਮਿਸ਼ਨ ਇੱਕ ਸੰਵਿਧਾਨਿਕ ਬਾਡੀ ਹੈ ਜੋ ਕੇਂਦਰ ਸਰਕਾਰ ਦੇ ਲਈ ਭਰਤੀਆਂ ਕਰਦਾ ਹੈ। ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਤੋਂ ਲੈ ਕੇ ਅੱਜ ਤੱਕ ਲੱਦਾਖ ਵਿੱਚ ਵੱਡੇ ਪੱਧਰ ਉੱਤੇ ਨੌਕਰੀਆਂ ਦੇ ਲਈ ਨੌਨ-ਗਜ਼ਟੇਡ ਭਰਤੀ ਅਭਿਆਨ ਨਹੀਂ ਚਲਾਇਆ ਗਿਆ ਹੈ, ਜਿਸ ਨੂੰ ਲੈ ਕੇ ਲੱਦਾਖ ਦੇ ਨੌਜਵਾਨਾਂ ਵਿੱਚ ਗੁੱਸਾ ਹੈ।

ਲੱਦਾਖ ਪ੍ਰਸ਼ਾਸਨ ਨੇ ਅਕਤੂਬਰ 2023 ਵਿੱਚ ਆਪਣੇ ਅਧਿਕਾਰਿਤ ਬਿਆਨ ਵਿੱਚ ਦੱਸਿਆ ਸੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਭਰਤੀ ਕਰਨ ਦੀ ਪ੍ਰੀਕਿਰਿਆ ਜਾਰੀ ਹੈ।

ਲੱਦਾਖ ਦੇ ਲੋਕ ਇਹ ਉਮੀਦ ਕਰ ਰਹੇ ਸਨ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦੇ ਨਾਲ-ਨਾਲ ਲੱਦਾਖ ਨੂੰ ਵਿਧਾਨ ਮੰਡਲ ਵੀ ਦਿੱਤਾ ਜਾਏਗਾ ਅਤੇ ਛੇਵੀਂ ਅਨੁਸੂਚੀ ਦੇ ਤਹਿਤ ਸੁਰੱਖਿਆ ਵੀ ਦਿੱਤੀ ਜਾਵੇਗੀ।

ਬੀਜੇਪੀ ਨੇ ਸਾਲ 2019 ਵਿੱਚ ਆਪਣੇ ਚੋਣ ਮਨੋਰਥ ਪੱਤਰ ਵਿੱਚ ਅਤੇ ਲੰਘੇ ਸਾਲ ਲੱਦਾਖ ਹਿਲ ਕਾਊਂਸਿਲ ਚੋਣ ਵਿੱਚ ਵੀ ਲੱਦਾਖ ਨੂੰ ਸੂਬੇ ਦਾ ਦਰਜਾ ਅਤੇ ਛੇਵੀਂ ਅਨੁਸੂਚੀ ਵਿੱਚ ਸ਼ਾਮਿਲ ਕਰਨ ਦਾ ਵਾਅਦਾ ਕੀਤਾ ਸੀ।

ਲੋਕਾਂ ਦਾ ਇਲਜ਼ਾਮ ਹੈ ਕਿ ਬੀਜੇਪੀ ਇਨ੍ਹਾਂ ਵਾਅਦਿਆਂ ਤੋਂ ਮੁਕਰ ਰਹੀ ਹੈ ਅਤੇ ਇਸ ਅਸੰਤੁਸ਼ਟੀ ਨੇ ਪ੍ਰਦਰਸ਼ਨਾਂ ਦਾ ਰੂਪ ਲੈ ਲਿਆ ਹੈ।

ਕੇਂਦਰ ਸਰਕਾਰ ਨੇ ਕੀ ਕਿਹਾ ਹੈ?

ਲੇਹ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਲੇਹ ਵਿੱਚ ਤਿਰੰਗਾ ਲੈ ਕੇ ਪ੍ਰਦਰਸ਼ਨ ਕਰਦੇ ਨੌਜਵਾਨ

ਹਿੰਸਾ ਤੋਂ ਬਾਅਦ 24 ਸਤੰਬਰ ਦੀ ਰਾਤ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ।

ਸਰਕਾਰ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ,"ਸੋਨਮ ਵਾਂਗਚੁਕ ਨੇ ਲੱਦਾਖ ਵਿੱਚ ਛੇਵੀਂ ਅਨੁਸੂਚੀ ਅਤੇ ਸੂਬੇ ਨੂੰ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਇਹ ਸਭ ਨੂੰ ਪਤਾ ਹੈ ਕਿ ਭਾਰਤ ਸਰਕਾਰ ਇਨ੍ਹਾਂ ਮੁੱਦਿਆਂ ਉੱਤੇ ਏਪੈਕਸ ਬਾਡੀ ਲੇਹ ਅਤੇ ਕਾਰਗਿਲ ਡੈਮੋਕ੍ਰੈਟਿਕ ਅਲਾਇੰਸ ਦੇ ਨਾਲ ਸਰਗਰਮੀ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਨਾਲ ਹਾਈ ਪਾਵਰ ਕਮੇਟੀ ਸਬ-ਕਮੇਟੀ ਦੇ ਗੈਰ ਰਸਮੀ ਚੈਨਲਾਂ ਦੇ ਅਤੇ ਆਗੂਆਂ ਦੇ ਜ਼ਰੀਏ ਗੱਲਬਾਤ ਹੋਈ ਹੈ। ਜਿਸ ਦੇ ਗੌਰਤਲਬ ਨਤੀਜੇ ਵੀ ਸਾਹਮਣੇ ਆਏ ਹਨ।"

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ,"ਲੱਦਾਖ ਦੀ ਅਨੁਸੂਚਿਤ ਜਨਜਾਤੀਆਂ ਦੇ ਲਈ ਰਾਖਵਾਂਕਰਨ 45 ਫ਼ੀਸਦੀ ਤੋਂ ਵਧਾ ਕੇ 84 ਫੀਸਦ ਕਰ ਦਿੱਤਾ ਗਿਆ ਹੈ। ਭੋਟੀ ਅਤੇ ਪਰਗੀ ਨੂੰ ਰਸਮੀ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ ਹੈ। ਇਸੇ ਪ੍ਰੀਕਿਰਿਆ ਦੇ ਤਹਿਤ 1800 ਅਹੁਦਿਆਂ ਉੱਤੇ ਭਰਤੀ ਪ੍ਰੀਕਿਰਿਆ ਸ਼ੁਰੂ ਕੀਤੀ ਗਈ ਹੈ। ਹਾਈ ਪਾਵਰ ਕਮੇਟੀ ਦੀ ਬੈਠਕ ਹੁਣ 6 ਅਕਤੂਬਰ ਦੀ ਥਾਂ 25 ਅਤੇ 26 ਸਤੰਬਰ ਨੂੰ ਰੱਖੀ ਗਈ ਹੈ।"

"ਪਰ ਸਿਆਸੀ ਸਵਾਰਥ ਤੋਂ ਪ੍ਰੇਰਿਤ ਕੁਝ ਲੋਕ ਇਸ ਤਰੱਕੀ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਹ ਗੱਲਬਾਤ ਦੀ ਪ੍ਰੀਕਿਰਿਆ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।"

ਸੋਨਮ ਵਾਂਗਚੁਕ

ਇਸ ਪ੍ਰੈੱਸ ਬਿਆਨ ਵਿੱਚ ਸੋਨਮ ਵਾਂਗਚੁਕ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਹੈ,"ਜਿਨ੍ਹਾਂ ਮੰਗਾਂ ਨੂੰ ਲੈ ਕੇ ਵਾਂਗਚੁਕ ਭੁੱਖ ਹੜਤਾਲ ਉੱਤੇ ਬੈਠੇ ਸਨ, ਉਹ ਹਾਈ ਪਾਵਰ ਕਮੇਟੀ ਵਿੱਚ ਚਰਚਾ ਦਾ ਅਨਿੱਖੜਵਾਂ ਹਿੱਸਾ ਹੈ। ਪਰ ਕਈ ਆਗੂਆਂ ਵੱਲੋਂ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਦੇ ਬਾਵਜੂਦ ਉਨ੍ਹਾਂ ਨੇ ਇਸ ਨੂੰ ਜਾਰੀ ਰੱਖਿਆ ਅਤੇ ਲੋਕਾਂ ਨੂੰ ਗੁਮਰਾਹ ਕਰਦੇ ਰਹੇ।"

"ਉਨ੍ਹਾਂ ਨੇ ਭੜਕਾਊ ਤਰੀਕੇ ਨਾਲ ਅਰਬ ਸਪ੍ਰਿੰਗ ਵਰਗੇ ਅੰਦੋਲਨਾਂ ਦਾ ਜ਼ਿਕਰ ਕੀਤਾ ਅਤੇ ਨੇਪਾਲ ਵਿੱਚ ਹੋਏ ਜੈੱਨ ਜ਼ੀ ਪ੍ਰਦਰਸ਼ਨਾਂ ਦਾ ਹਵਾਲਾ ਦਿੱਤਾ।"

ਪ੍ਰੈੱਸ ਬਿਆਨ ਵਿੱਚ ਕਿਹਾ ਗਿਆ,"24 ਸਤੰਬਰ ਨੂੰ ਸਵੇਰੇ ਲਗਭਗ ਸਾਢੇ 11 ਵਜੇ ਵਾਂਗਚੁਕ ਦੇ ਭੜਕਾਊ ਭਾਸ਼ਣਾਂ ਕਰਕੇ ਭੀੜ ਨੇ ਭੁੱਖ ਹੜਤਾਲ ਵਾਲੀ ਥਾਂ ਤੋਂ ਨਿਕਲ ਕੇ ਇੱਕ ਸਿਆਸੀ ਦਲ ਦੇ ਦਫ਼ਤਰ ਅਤੇ ਸੀਈਸੀ ਦੇ ਸਰਕਾਰੀ ਦਫ਼ਤਰਾਂ ਉੱਤੇ ਹਮਲਾ ਕਰ ਦਿੱਤਾ। ਭੀੜ ਨੇ ਇਨ੍ਹਾਂ ਦਫ਼ਤਰਾਂ ਵਿੱਚ ਅੱਗ ਲਗਾ ਦਿੱਤੀ, ਸੁਰੱਖਿਆ ਮੁਲਾਜ਼ਮਾਂ ਉੱਤੇ ਹਮਲਾ ਕੀਤਾ ਅਤੇ ਇੱਕ ਪੁਲਿਸ ਵਾਹਨ ਵੀ ਸਾੜ ਦਿੱਤਾ।"

ਸੋਨਮ ਵਾਂਗਚੁਕ ਦੀ ਅਪੀਲ

ਸੋਨਮ ਵਾਂਗਚੁਕ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹਿੰਸਾ ਦੇ ਬਾਅਦ ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ

ਹਿੰਸਾ ਨੂੰ ਦੇਖਦੇ ਹੋਏ ਸੋਨਮ ਵਾਂਗਚੁਕ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਨੌਜਵਾਨਾਂ ਨੂੰ ਭੰਨਤੋੜ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ,"ਨੌਜਵਾਨ ਹਿੰਸਾ ਬੰਦ ਕਰਨ ਕਿਉਂਕਿ ਇਸ ਨਾਲ ਸਿਰਫ ਸਾਡੇ ਅੰਦੋਲਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਸਥਿਤੀ ਖ਼ਰਾਬ ਹੁੰਦੀ ਹੈ।"

ਵਾਂਗਚੁਕ ਨੇ ਕਿਹਾ,"ਇਹ ਲੱਦਾਖ ਅਤੇ ਮੇਰੇ ਲਈ ਵਿਅਕਤੀਗਤ ਰੂਪ ਵਿੱਚ ਸਭ ਤੋਂ ਦੁਖ਼ਦ ਦਿਨ ਹੈ, ਕਿਉਂਕਿ ਪਿਛਲੇ ਪੰਜ ਸਾਲਾਂ ਤੋਂ ਅਸੀਂ ਜਿਸ ਰਾਹ ਉੱਤੇ ਚੱਲ ਰਹੇ ਸੀ, ਉਹ ਸ਼ਾਂਤੀਪੂਰਨ ਸੀ। ਅਸੀਂ ਪੰਜ ਵਾਰ ਭੁੱਖ ਹੜਤਾਲ ਕੀਤੀ, ਲੇਹ ਤੋਂ ਦਿੱਲੀ ਤੱਕ ਪੈਦਲ ਯਾਤਰਾ ਕੀਤੀ, ਪਰ ਹਿੰਸਾ ਅਤੇ ਅੱਗਜ਼ਨੀ ਦੀ ਵਜ੍ਹਾ ਕਰਕੇ ਸਾਡਾ ਸ਼ਾਂਤੀ ਦਾ ਸੁਨੇਹਾ ਅਸਫਲ ਹੁੰਦਾ ਦਿਸ ਰਿਹਾ ਹੈ।"

ਸੰਵਿਧਾਨ ਦੀ ਛੇਵੀਂ ਅਨੁਸੂਚੀ ਕੀ ਹੈ

ਸੰਵਿਧਾਨ ਦੀ ਛੇਵੀਂ ਅਨੁਸੂਚੀ, ਪੂਰਬ-ਉੱਤਰ ਦੇ ਸੂਬਿਆਂ ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ ਅਤੇ ਅਸਮ ਦੀ ਜਨਜਾਤੀ ਆਬਾਦੀ ਦੇ ਲਈ ਬਣਾਈ ਗਈ ਹੈ।

ਇਸ ਦੇ ਤਹਿਤ ਸ਼ਾਸਨ, ਰਾਸ਼ਟਰਪਤੀ ਅਤੇ ਰਾਜਪਾਲ ਦੀਆਂ ਸ਼ਕਤੀਆਂ, ਸਥਾਨਕ ਸਰਕਾਰਾਂ ਦਾ ਸਰੂਪ, ਵਿਕਲਪਕ ਨਿਆਂ ਪ੍ਰਣਾਲੀਆਂ ਅਤੇ ਖੁਦਮੁਖਤਿਆਰ ਕੌਂਸਲਾਂ ਦੇ ਜ਼ਰੀਏ ਵਿੱਤੀ ਅਧਿਕਾਰਾਂ ਵਰਗੀਆਂ ਵਿਵਸਥਾਵਾਂ ਹਨ।

ਭਾਰਤੀ ਸੰਵਿਧਾਨ ਦੇ ਆਰਟੀਕਲ 244 ਦੇ ਤਹਿਤ ਛੇਵੀਂ ਅਨੁਸੂਚੀ ਖੁਦਮੁਖਤਿਆਰ ਪ੍ਰਬੰਧਕੀ ਵਿਭਾਗਾਂ ਵਿੱਚ ਖੁਦਮੁਖਤਿਆਰ ਜ਼ਿਲ੍ਹਾ ਪ੍ਰੀਸ਼ਦਾਂ ਦੇ ਗਠਨ ਦੀ ਵਿਵਸਥਾ ਹੈ। ਜਿਨ੍ਹਾਂ ਨੂੰ ਇੱਕ ਰਾਜ ਦੇ ਅੰਦਰ ਕੁਝ ਵਿਧਾਨਕ, ਨਿਆਂਇਕ ਅਤੇ ਪ੍ਰਬੰਧਕੀ ਆਜ਼ਾਦੀ ਹੁੰਦੀ ਹੈ।ਜ਼ਿਲ੍ਹਾ ਪ੍ਰੀਸ਼ਦਾਂ ਵਿੱਚ ਕੁੱਲ 30 ਮੈਂਬਰ ਹੁੰਦੇ ਹਨ, ਚਾਰ ਮੈਂਬਰਾਂ ਨੂੰ ਰਾਜਪਾਲ ਨਿਯੁਕਤ ਕਰ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)