ਕੁੰਭ 'ਚ ਮੌਨੀ ਮੱਸਿਆ ਦੇ ਇਸ਼ਨਾਨ ਤੋਂ ਪਹਿਲਾਂ ਭਗਦੜ, 30 ਮੌਤਾਂ ਦੀ ਪੁਸ਼ਟੀ, ਅਧਿਕਾਰੀਆਂ ਨੇ ਇਹ ਦੱਸਿਆ

ਤਸਵੀਰ ਸਰੋਤ, ANI
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਚੱਲ ਰਹੇ ਕੁੰਭ ਮੇਲੇ ਦੌਰਾਨ ਬੁੱਧਵਾਰ ਤੜਕੇ ਕਰੀਬ 1.30 ਵਜੇ ਇੱਕ ਘਾਟ 'ਤੇ ਭਗਦੜ ਮੱਚ ਗਈ, ਜਿਸ 'ਚ ਕਈ ਜਾਨਾਂ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਡੀਆਈਜੀ ਮਹਾਕੁੰਭ, ਵੈਭਵ ਕ੍ਰਿਸ਼ਨਾ ਮੁਤਾਬਕ, ਮਹਾਕੁੰਭ ਵਿੱਚ ਭਗਦੜ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ 25 ਲੋਕਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਪੰਜਾਂ ਦੀ ਕਰਨੀ ਬਾਕੀ ਹੈ।

ਤਸਵੀਰ ਸਰੋਤ, Getty Images
ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਉਸ ਸਮੇਂ ਪ੍ਰਯਾਗਰਾਜ ਵਿੱਚ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਕਿੰਨੇ ਜਖ਼ਮੀ ਹੋਏ।
ਵਿਕਾਸ ਮੁਤਾਬਕ ਉਨ੍ਹਾਂ ਨੇ 15 ਮਿੰਟਾਂ ਵਿੱਚ ਕਰੀਬ 20 ਐਂਬੂਲੈਂਸਾਂ ਨੂੰ ਕੁੰਭ ਵਾਲੀ ਥਾਂ ਉੱਤੇ ਆਉਂਦੇ ਦੇਖਿਆ।
ਭਗਦੜ ਵਿੱਚ ਕਈ ਬੱਚੇ ਆਪਣੇ ਮਾਪਿਆਂ ਤੋਂ ਅਲੱਗ ਹੋ ਗਏ ਅਤੇ ਕਈ ਬਜ਼ੁਰਗ ਔਰਤਾਂ ਰੋਂਦੀਆਂ ਦੇਖੀਆਂ ਗਈਆਂ ਜੋ ਕਿ ਆਪਣੇ ਨਾਲ ਆਏ ਲੋਕਾਂ ਤੋਂ ਅਲੱਗ ਹੋ ਗਈਆਂ ਸਨ।

ਬੁੱਧਵਾਰ ਨੂੰ ਮੌਨੀ ਮੱਸਿਆ ਦੇ ਮੌਕੇ 'ਤੇ ਅੰਮ੍ਰਿਤ ਇਸ਼ਨਾਨ ਹੋਣ ਜਾ ਰਿਹਾ ਸੀ, ਜਿਸ ਤੋਂ ਪਹਿਲਾਂ ਇਹ ਘਟਨਾ ਵਾਪਰੀ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅਚਾਨਕ ਭੀੜ ਬੈਰੀਅਰ ਤੋੜਦੇ ਹੋਏ ਲੋਕਾਂ 'ਤੇ ਚੜਨ ਲੱਗੀ।
ਪ੍ਰਯਾਗਰਾਜ ਮੇਲਾ ਅਥਾਰਟੀ ਦੀ ਓਐੱਸਡੀ ਅਕਾਂਕਸ਼ਾ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਈ ਥਾਵਾਂ ਤੋਂ ਬੈਰੀਅਰ ਟੁੱਟਣ ਦੀਆਂ ਖ਼ਬਰਾਂ ਹਨ। ਜਿਸ ਕਾਰਨ ਭਗਦੜ ਵਾਲੀ ਸਥਿਤੀ ਬਣ ਗਈ ਅਤੇ ਕੋਈ ਗੰਭੀਰ ਸਥਿਤੀ ਨਹੀਂ ਹੈ।
ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
'ਮੌਤਾਂ ਦੀ ਗਿਣਤੀ ਦਰਜਨ ਤੋਂ ਵੱਧ ਹੋ ਸਕਦੀ ਹੈ'

ਤਸਵੀਰ ਸਰੋਤ, Getty Images
ਪ੍ਰਯਾਗਰਾਜ ਵਿੱਚ ਮੌਜੂਦ ਇੱਕ ਸਿਹਤ ਕਰਮੀ ਨੇ ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਨੂੰ ਦੱਸਿਆ ਹੈ ਕਿ ਇਸ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਇੱਕ ਦਰਜਨ ਤੋਂ ਵੱਧ ਹੋ ਸਕਦੀ ਹੈ।
ਸਿਹਤ ਕਰਮੀ ਨੇ ਆਪਣਾ ਨਾਮ ਨਾ ਜ਼ਾਹਰ ਦੀ ਸ਼ਰਤ 'ਤੇ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਕਈ ਲਾਸ਼ਾਂ ਦੇਖਣ ਦੀ ਸੂਚਨਾ ਮਿਲੀ ਹੈ।

ਤਸਵੀਰ ਸਰੋਤ, Getty Images
ਨਿਊਜ਼ ਏਜੰਸੀ ਪੀਟੀਆਈ ਨੇ ਸੋਸ਼ਲ ਮੀਡੀਆ ਐਕਸ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਜ਼ਖਮੀਆਂ ਨੂੰ ਸਬ-ਸੈਂਟਰਲ ਹਸਪਤਾਲ ਸੈਕਟਰ 24 ਪਹੁੰਚਦੇ ਦੇਖਿਆ ਜਾ ਸਕਦਾ ਹੈ।
ਇਸ ਘਟਨਾ ਤੋਂ ਬਾਅਦ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰੇ ਅਖਾੜਿਆਂ ਨੇ ਮੌਨੀ ਮੱਸਿਆ 'ਤੇ ਇਸ਼ਨਾਨ ਰੱਦ ਕਰ ਦਿੱਤਾ ਹੈ।
ਅਖਿਲ ਭਾਰਤੀ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਰਵਿੰਦਰ ਪੁਰੀ ਨੇ ਬੁੱਧਵਾਰ ਸਵੇਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਗਦੜ ਦੀ ਘਟਨਾ ਕਾਰਨ ਮੌਨੀ ਮੱਸਿਆ ਦਾ ਇਸ਼ਨਾਨ ਰੱਦ ਕਰ ਦਿੱਤਾ ਗਿਆ ਹੈ।
ਰਵਿੰਦਰ ਪੁਰੀ ਨੇ ਕਿਹਾ, "ਤੁਸੀਂ ਦੇਖਿਆ ਹੋਵੇਗਾ ਕਿ ਸਵੇਰੇ ਜੋ ਵੀ ਹੋਇਆ, ਉਸ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਮੌਨੀ ਮੱਸਿਆ 'ਤੇ ਇਸ਼ਨਾਨ ਨਹੀਂ ਹੋਵੇਗਾ।"
ਮੌਨੀ ਮੱਸਿਆ 'ਤੇ ਸਾਰੇ ਸਾਧੂ ਸੰਤ ਇਸ਼ਨਾਨ ਕਰਨ ਲਈ ਤਿਆਰ ਸਨ, ਪਰ ਜੋ ਘਟਨਾ ਵਾਪਰੀ, ਉਸ ਨੂੰ ਦੇਖਦੇ ਹੋਏ ਲੋਕ ਹਿੱਤ 'ਚ ਫ਼ੈਸਲਾ ਕੀਤਾ ਗਿਆ ਕਿ ਉਹ ਮੌਨੀ ਮੱਸਿਆ 'ਤੇ ਇਸ਼ਨਾਨ ਨਹੀਂ ਕਰਨਗੇ।
ਚਸ਼ਮਦੀਦਾਂ ਨੇ ਕੀ ਦੱਸਿਆ?

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਭਗਦੜ ਦੌਰਾਨ ਡਿੱਗ ਜਾਣ ਵਾਲੀ ਇੱਕ ਔਰਤ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸੁਰੱਖਿਆ ਕਰਮੀਆਂ ਨੂੰ ਬਚਾਉਣ ਲਈ ਗੁਹਾਰ ਲਾਈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਉਸ ਨੂੰ ਬਚਾਉਣ ਨਹੀਂ ਆਇਆ।
ਇੱਕ ਹੋਰ ਔਰਤ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਭਗਦੜ ਦੀ ਘਟਨਾ ਅਚਾਨਕ ਵਾਪਰੀ ਅਤੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਮਿਲ ਰਿਹਾ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਉੱਥੇ ਪੁਲਿਸ ਪ੍ਰਬੰਧਨ ਨਹੀਂ ਸੀ, ਨਾ ਹੀ ਕੋਈ ਮਦਦ ਲਈ ਆਇਆ ਅਤੇ ਕਈ ਲੋਕ ਜ਼ਖਮੀ ਹੋ ਗਏ।
ਵਿਅਕਤੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੂੰ ਨਹੀਂ ਲੱਗ ਰਿਹਾ ਕਿ ਉਹ ਜ਼ਿੰਦਾ ਹੈ ਜਾਂ ਨਹੀਂ।
ਭਗਦੜ ਨਹੀਂ ਸੀ ਮਚੀ- ਪੁਲਿਸ ਪ੍ਰਸ਼ਾਸ਼ਨ ਪ੍ਰਯਾਗਰਾਜ

ਤਸਵੀਰ ਸਰੋਤ, Getty Images
ਐੱਸਐੱਸਪੀ ਕੁੰਭ ਮੇਲਾ ਰਾਜੇਸ਼ ਦਵੀਵੇਦੀ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ,"ਭਗਦੜ ਵਾਲੀ ਕੋਈ ਸਥਿਤੀ ਨਹੀਂ ਸੀ। ਉੱਥੇ ਭੀੜ ਬਹੁਤ ਵੱਧ ਗਈ ਸੀ, ਜਿਸ ਕਾਰਨ ਕੁਝ ਸ਼ਰਧਾਲੂਆਂ ਦੇ ਸੱਟਾਂ ਲੱਗੀਆਂ ਹਨ।"
"ਸਥਿਤੀ ਮੁਕੰਮਲ ਤੌਰ 'ਤੇ ਕਾਬੂ ਵਿੱਚ ਹੈ। ਕਿਸੇ ਵੀ ਅਫ਼ਵਾਹ ਉੱਤੇ ਧਿਆਨ ਨਾ ਦਿੱਤਾ ਜਾਵੇ।"
ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜਿਸ ਵੀ ਘਾਟ ਤੋਂ ਆਏ ਹਨ ਉਸੇ ਉੱਤੇ ਇਸ਼ਨਾਨ ਕਰ ਲੈਣ।
ਦਵੀਵੇਦੀ ਨੇ ਕਿਹਾ ਕਿ ਜਲਦ ਹੀ ਅੰਮ੍ਰਿਤ ਇਸ਼ਨਾਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਨਾ ਹੀ ਅਖਾੜਿਆਂ ਦਾ ਸੰਗਮ ਉੱਤੇ ਇਸ਼ਨਾਨ ਰੱਦ ਕੀਤਾ ਗਿਆ ਸੀ, ਪਰ ਉਸ ਨੂੰ ਥੋੜ੍ਹੀ ਸਮੇਂ ਲਈ ਖਾਰਜ ਕੀਤਾ ਗਿਆ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਹਾਲੇ ਤੱਕ ਮੌਤਾਂ ਦੇ ਅੰਕੜਿਆਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।

ਆਦਿਤਿਆਨਾਥ ਨੇ ਕੀਤੀ ਲੋਕਾਂ ਨੂੰ ਅਪੀਲ
ਕੁੰਭ ਭਗਦੜ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪਹਿਲਾ ਬਿਆਨ ਜਾਰੀ ਕੀਤਾ ਹੈ।
ਮੁੱਖ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, ''ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ। ਕਿਸੇ ਵੀ ਅਫ਼ਵਾਹ 'ਤੇ ਧਿਆਨ ਨਾ ਦਿਓ। ਸੰਗਮ ਨੋਜ ਵੱਲ ਨਾ ਜਾਵੋ। ਜਿਸ ਵੀ ਘਾਟ 'ਤੇ ਸ਼ਰਧਾਲੂ ਹੋਣ ਉੱਥੇ ਹੀ ਇਸ਼ਨਾਨ ਕਰਨ।"

ਤਸਵੀਰ ਸਰੋਤ, Yogi Adityanath Office/X
ਇਸ ਤੋਂ ਪਹਿਲਾਂ ਸੰਗਮ 'ਚ ਮੌਜੂਦ ਸਾਧਵੀ ਅਤੇ ਕੇਂਦਰ ਸਰਕਾਰ ਦੀ ਸਾਬਕਾ ਮੰਤਰੀ ਨਿਰੰਜਨ ਜੋਤੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਸੀ ਕਿ ਫ਼ਿਲਹਾਲ ਅੰਮ੍ਰਿਤਪਾਨ ਰੱਦ ਕਰ ਦਿੱਤਾ ਗਿਆ ਹੈ। ਅਖਾੜਾ ਪ੍ਰੀਸ਼ਦ ਦੀ ਮੀਟਿੰਗ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਫ਼ੋਨ ’ਤੇ ਗੱਲ ਕਰਕੇ ਸਥਿਤੀ ਬਾਰੇ ਜਾਣਕਾਰੀ ਲਈ ਹੈ।
ਪ੍ਰਧਾਨ ਮੰਤਰੀ ਨੇ ਦੁੱਖ ਜਤਾਇਆ

ਤਸਵੀਰ ਸਰੋਤ, Getty Images
ਪ੍ਰਯਾਗਰਾਜ ਮਹਾਕੁੰਭ 'ਚ ਜੋ ਹਾਦਸਾ ਹੋਇਆ ਹੈ, ਉਹ ਬਹੁਤ ਹੀ ਦੁਖਦਾਈ ਹੈ।
ਉਨ੍ਹਾਂ ਸ਼ਰਧਾਲੂਆਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ, ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੇ ਪਰਿਵਾਰਕ ਮੈਂਬਰ ਗੁਆ ਦਿੱਤੇ ਹਨ।
ਇਸ ਦੇ ਨਾਲ ਹੀ ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਪੀੜਤਾਂ ਦੀ ਹਰ ਸੰਭਵ ਮਦਦ ਕਰਨ 'ਚ ਲੱਗਾ ਹੋਇਆ ਹੈ।
ਇਸ ਸਬੰਧ ਵਿੱਚ ਮੈਂ ਮੁੱਖ ਮੰਤਰੀ ਯੋਗੀ ਜੀ ਨਾਲ ਗੱਲ ਕੀਤੀ ਹੈ ਅਤੇ ਮੈਂ ਲਗਾਤਾਰ ਰਾਜ ਸਰਕਾਰ ਦੇ ਸੰਪਰਕ ਵਿੱਚ ਹਾਂ।
8-10 ਕਰੋੜ ਲੋਕਾਂ ਦੀ ਆਮਦ ਦਾ ਅੰਦਾਜਾ ਹੈ

ਤਸਵੀਰ ਸਰੋਤ, Getty Images
ਪ੍ਰਸ਼ਾਸਨ ਦਾ ਅੰਦਾਜ਼ਾ ਸੀ ਕਿ ਮੌਨੀ ਮੱਸਿਆ 'ਤੇ ਸ਼ਾਹੀ ਇਸ਼ਨਾਨ ਮੌਕੇ 8 ਤੋਂ 10 ਕਰੋੜ ਸ਼ਰਧਾਲੂ ਪ੍ਰਯਾਗਰਾਜ 'ਚ ਆਉਣਗੇ।
ਕੁੰਭ ਮੇਲਾ ਪੁਲਿਸ ਨੇ ਮੰਗਲਵਾਰ ਅੱਧੀ ਰਾਤ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਸ਼ਰਧਾਲੂਆਂ ਨੂੰ ਮੌਨੀ ਮੱਸਿਆ ਦੀ ਵਧਾਈ ਦਿੱਤੀ ਸੀ।
ਇਸ ਦੇ ਨਾਲ ਹੀ ਕੁੰਭ ਮੇਲੇ ਵਿੱਚ ਆਉਣ ਵਾਲੇ ਸਮੂਹ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਲੈ ਕੇ ਪੁਲਿਸ ਦੀਆਂ ਟੁਕੜੀਆਂ ਸਰਗਰਮ ਹੋਣ ਦੀ ਗੱਲ ਵੀ ਕਹੀ ਗਈ।
13 ਜਨਵਰੀ ਤੋਂ ਸ਼ੁਰੂ ਹੋਏ ਕੁੰਭ ਮੇਲੇ ਵਿੱਚ ਛੇ ਸ਼ਾਹੀ ਇਸ਼ਨਾਨ ਹੋਣੇ ਹਨ, ਜਿਨ੍ਹਾਂ ਵਿੱਚੋਂ ਦੋ ਸ਼ਾਹੀ ਇਸ਼ਨਾਨ ਹੋ ਚੁੱਕੇ ਹਨ ਜਦਕਿ ਤੀਜਾ ਸ਼ਾਹੀ ਇਸ਼ਨਾਨ ਬੁੱਧਵਾਰ ਨੂੰ ਹੈ।
ਚੌਥਾ ਸ਼ਾਹੀ ਇਸ਼ਨਾਨ 3 ਫ਼ਰਵਰੀ, ਪੰਜਵਾਂ 12 ਫ਼ਰਵਰੀ ਨੂੰ ਹੋਵੇਗਾ ਇਸ ਤੋਂ ਬਾਅਦ ਛੇਵਾਂ ਅਤੇ ਆਖਰੀ ਸ਼ਾਹੀ ਇਸ਼ਨਾਨ 26 ਫ਼ਰਵਰੀ ਨੂੰ ਹੋਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












