ਹਰਿਆਣਾ ਦੇ ਆਈਪੀਐੱਸ ਅਧਿਕਾਰੀ ਦੀ ਕਥਿਤ ਖੁਦਕੁਸ਼ੀ ਦਾ ਮਾਮਲਾ: ਵਾਈ ਪੂਰਨ ਕੁਮਾਰ ਦਾ ਹੋਇਆ ਅੰਤਿਮ ਸੰਸਕਾਰ

ਤਸਵੀਰ ਸਰੋਤ, https://haryanapolice.gov.in/
ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦਾ ਕਥਿਤ ਖ਼ੁਦਕੁਸ਼ੀ ਮਾਮਲਾ ਜਿਸ ਵਿੱਚ ਪੁਲਿਸ ਨੇ ਹਰਿਆਣਾ ਦੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਉੱਪਰ ਕੇਸ ਦਰਜ ਕੀਤਾ ਹੈ, ਇਸ ਦੀਆਂ ਪੇਚੇਦਗੀਆਂ ਦੇ ਚਲਦਿਆਂ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ।
ਤਾਜ਼ਾ ਘਟਨਾਕ੍ਰਮ ਵਿੱਚ ਚੰਡੀਗੜ੍ਹ ਅਦਾਲਤ ਨੇ ਆਪੀਐੱਸ ਵਾਈ ਪੂਰਨ ਕੁਮਾਰ ਦੀ ਪਤਨੀ ਆਈਪੀਐੱਸ ਅਮਨੀਤ ਪੀ ਕੁਮਾਰ ਨੂੰ ਪੋਸਟਮਾਰਟਮ ਲਈ ਮ੍ਰਿਤਕ ਪਤੀ ਦੀ ਪਛਾਣ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, 14 ਅਕਤੂਬਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਹੁਕਮ ਡੀਐੱਸਪੀ ਅਤੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਵੱਲੋਂ ਦਾਇਰ ਇੱਕ ਅਰਜ਼ੀ ਤੋਂ ਬਾਅਦ ਦਿੱਤਾ ਹੈ।
ਇਸ ਅਰਜ਼ੀ ਵਿੱਚ ਪੋਸਟਮਾਰਟਮ ਕਰਵਾਏ ਜਾਣ ਲਈ ਪੀਜੀਆਈਐੱਮਈਆਰ, ਚੰਡੀਗੜ੍ਹ ਵਿੱਚ ਰੱਖੀ ਗਈ ਮ੍ਰਿਤਕ ਦੇ ਦੇਹ ਦੀ ਪਛਾਣ ਕਰਨ ਬਾਬਤ ਅਦਾਲਤ ਤੋਂ ਆਗਿਆਂ ਦੀ ਮੰਗ ਕੀਤੀ ਗਈ ਸੀ
ਚੰਡੀਗੜ੍ਹ ਪੁਲਿਸ ਮੁਤਾਬਕ, ਅਰਜ਼ੀ ਵਿੱਚ ਇਹ ਦੱਸਿਆ ਗਿਆ ਸੀ ਕਿ ਇਸ ਪੜਾਅ ਉੱਤੇ ਅਹਿਮ ਫੋਰੈਂਸਿਕ ਸਬੂਤਾਂ ਨੂੰ ਸੁਰੱਖਿਅਤ ਰੱਖਣ ਅਤੇ ਨਿਆਂ ਲਈ ਜਲਦੀ ਤੋਂ ਜਲਦੀ ਪੋਸਟਮਾਰਟਮ ਕੀਤਾ ਜਾਣਾ ਜ਼ਰੂਰੀ ਹੈ।
ਮੌਕੇ ਉੱਤੇ ਮੌਜੂਦ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਾਈ ਪੂਰਨ ਕੁਮਾਰ ਦੀ ਪਤਨੀ ਆਈਪੀਐੱਸ ਅਮਨੀਤ ਪੀ ਕੁਮਾਰ ਨੇ ਅਦਾਲਤੀ ਦਖ਼ਲਅੰਦਾਜ਼ੀ ਤੋਂ ਬਾਅਦ ਪੋਸਟਮਾਰਟਮ ਲਈ ਸਹਿਮਤੀ ਦੇਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਵੀਰਵਾਰ ਨੂੰ ਪਰਿਵਾਰ ਨੂੰ ਮਿਲੇ

ਤਸਵੀਰ ਸਰੋਤ, Haryana Police/Getty Images
ਕੇਂਦਰ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਲੀਡਰ ਰਾਹੁਲ ਗਾਂਧੀ ਮੰਗਲਵਾਰ ਨੂੰ ਹਰਿਆਣਾ ਪੁਲਿਸ ਦੇ ਇੰਸਪੈਕਟਰ ਜਨਰਲ ਮਰਹੂਮ ਵਾਈ ਪੂਰਨ ਕੁਮਾਰ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਚੰਡੀਗੜ੍ਹ ਪਹੁੰਚੇ ਸਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਮਾਮਲੇ ਦੇ ਚਲਦਿਆਂ ਵਿੱਚ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਛੁੱਟੀ ਉੱਤੇ ਭੇਜਿਆ ਗਿਆ ਹੈ।
ਹਰਿਆਣਾ ਸਰਕਾਰ ਨੇ ਆਈਪੀਐੱਸ ਅਧਿਕਾਰੀ ਓਮ ਪ੍ਰਕਾਸ਼ ਸਿੰਘ ਨੂੰ ਹਰਿਆਣਾ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਵਾਈ ਪੂਰਨ ਕੁਮਾਰ ਦੀ ਪਤਨੀ ਆਈਏਐੱਸ ਅਧਿਕਾਰੀ ਅਮਨੀਤ ਪੀ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਐੱਫਆਈਆਰ ਵਿੱਚ, ਮ੍ਰਿਤਕ ਦੇ ਅੰਤਿਮ ਨੋਟ ਵਿੱਚ ਦੱਸੇ ਗਏ ਵਿਅਕਤੀਆਂ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਅਤੇ ਐੱਸਸੀ/ਐੱਸਟੀ (ਅੱਤਿਆਚਾਰ ਰੋਕਥਾਮ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕਥਿਤ ਖੁਦਕੁਸ਼ੀ ਦੇ ਨੋਟ ਵਿੱਚ ਹਰਿਆਣਾ ਦੇ ਡੀਜੀਪੀ ਸ਼ਤਰੁਜੀਤ ਸਿੰਘ ਕਪੂਰ ਅਤੇ ਰੋਹਤਕ ਦੇ ਐੱਸਪੀ ਨਰਿੰਦਰ ਬਿਜਾਰਨੀਆ ਸਣੇ ਹੋਰ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ।ਆਈਪੀਐੱਸ ਪੂਰਨ ਕੁਮਾਰ ਦੀ ਲਾਸ਼ 7 ਅਕਤੂਬਰ ਨੂੰ ਚੰਡੀਗੜ੍ਹ ਸੈਕਟਰ 11 ਸਥਿਤ ਉਨ੍ਹਾਂ ਦੀ ਰਿਹਾਇਸ਼ ਉੱਤੇ ਮਿਲੀ ਸੀ।
ਕਥਿਤ ਖ਼ੁਦਕੁਸ਼ੀ ਨੋਟ ਮੁਤਾਬਕ ਪੂਰਨ ਕੁਮਾਰ ਵੱਲੋਂ ਪੇਸ਼ੇਵਾਰ ਸਫ਼ਰ, ਤਬਾਦਲਿਆਂ, ਕਰੀਅਰ ਅਤੇ ਜਾਤ-ਪਾਤ ਦੀਆਂ ਵਾਰ-ਵਾਰ ਸ਼ਿਕਾਇਤਾਂ ਦਾ ਵਰਣਨ ਕੀਤਾ ਗਿਆ ਹੈ।
ਹਰਿਆਣਾ ਨੇ ਡੀਜੀਪੀ ਅਤੇ ਐੱਸਪੀ ਬਦਲੇ

ਤਸਵੀਰ ਸਰੋਤ, ANI
ਹਰਿਆਣਾ ਸਰਕਾਰ ਨੇ ਆਈਪੀਐੱਸ ਅਧਿਕਾਰੀ ਓਮ ਪ੍ਰਕਾਸ਼ ਸਿੰਘ 14 ਅਕਤੂਬਰ ਨੂੰ ਹਰਿਆਣਾ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਹੈ।
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ 11 ਅਕਤੂਬਰ ਨੂੰ ਸੁਰਿੰਦਰ ਸਿੰਘ ਭੌਰੀਆ ਨੂੰ ਰੋਹਤਕ ਦਾ ਐੱਸਪੀ ਲਾਇਆ ਸੀ।
ਜ਼ਿਕਰਯੋਗ ਹੈ ਇਸ ਮਾਮਲੇ ਦੀ ਜਾਂਚ ਲਈ ਇੱਕ 6 ਮੈਂਬਰੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਵੀ ਗਠਨ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਨੈਸ਼ਨਲ ਐੱਸਸੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਵੀ ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ।
ਮਕਵਾਨਾ ਨੇ ਕਿਹਾ, "ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।"

ਤਸਵੀਰ ਸਰੋਤ, Nayab Saini/FB
ਕੌਣ ਹਨ ਵਾਈ ਪੂਰਨ ਕੁਮਾਰ

ਤਸਵੀਰ ਸਰੋਤ, Nayab Saini/FB
ਵਾਈ ਪੂਰਨ ਕੁਮਾਰ ਮੁੱਖ ਤੌਰ ਉੱਤੇ ਆਂਧਰਾ ਪ੍ਰਦੇਸ਼ ਨਾਲ ਸਬੰਧਤ ਸਨ ਅਤੇ ਇੰਜੀਨੀਅਰਿੰਗ ਗਰੈਜੂਏਟ ਸਨ।
ਉਹ ਹਰਿਆਣਾ ਕੇਡਰ ਵਿੱਚ 2001 ਬੈਚ ਦੇ ਆਈਪੀਐੱਸ ਪੁਲਿਸ ਅਧਿਕਾਰੀ ਸਨ। ਆਪਣੇ ਕਰੀਅਰ ਦੌਰਾਨ ਉਹ ਅੰਬਾਲਾ ਅਤੇ ਕੁਰੂਕਸ਼ੇਤਰ ਵਿੱਚ ਐੱਸਪੀ ਵਜੋਂ ਕੰਮ ਕਰ ਚੁੱਕੇ ਸਨ। ਇਸ ਤੋਂ ਬਾਅਦ ਉਹ ਅੰਬਾਲਾ ਅਤੇ ਰੋਹਤਕ ਰੇਂਜ ਦੇ ਆਈਜੀ ਵਜੋਂ ਸੇਵਾ ਨਿਭਾਅ ਚੁੱਕੇ ਹਨ।
ਉਨ੍ਹਾਂ ਦੀ ਪਤਨੀ ਵੀ ਹਰਿਆਣਾ ਸਰਕਾਰ ਵਿੱਚ ਆਈਏਐੱਸ ਅਧਿਕਾਰੀ ਵਜੋਂ ਵਿਦੇਸ਼ੀ ਸਹਿਯੋਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਦੇ ਅਹੁਦੇ ਉੱਤੇ ਤਾਇਨਾਤ ਹਨ। ਜਿਸ ਸਮੇਂ ਘਟਨਾ ਵਾਪਰੀ ਉਹ ਹਰਿਆਣਾ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲ ਜਪਾਨ ਦੌਰੇ ਉਤੇ ਗਏ ਗਏ ਵਫ਼ਦ ਵਿੱਚ ਸ਼ਾਮਲ ਸਨ।
ਮਾਮਲੇ ਦੁਆਲੇ ਸਿਆਸਤ

ਤਸਵੀਰ ਸਰੋਤ, Getty Images
ਕਥਿਤ ਖ਼ੁਦਕੁਸ਼ੀ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਕੇਂਦਰੀ ਪੱਧਰ ਉੱਤੇ ਵੀ ਸਿਆਸਤ ਭੜਕੀ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਇਸ ਉੱਤੇ ਬਿਆਨਬਾਜ਼ੀ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੀ ਇਹ ਕੋਈ ਸਾਜ਼ਿਸ਼ ਹੈ?
ਮਾਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, " ਗ਼ਰੀਬ ਘਰ ਦਾ ਬੱਚਾ ਪੜ੍ਹ ਲਿਖ ਕੇ ਉੱਚੇ ਅਹੁਦੇ 'ਤੇ ਪਹੁੰਚਿਆ ਤਾਂ ਉਸ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਸੀ, ਕੰਮ ਨਹੀਂ ਕਰਨ ਦਿੱਤਾ ਜਾਂਦਾ ਸੀ।"
"ਇਸ ਬਾਰੇ ਸੋਚਣਾ ਪਵੇਗਾ, ਇਹ ਪੂਰੇ ਸਮਾਜ ਦੇ ਮੂੰਹ 'ਤੇ ਚਪੇੜ ਹੈ। ਇਹ ਸਿਸਟਮ ਇਸ ਤਰ੍ਹਾਂ ਕੰਮ ਕਰ ਰਿਹਾ ਹੈ ਕਿ ਜੇ ਕੋਈ ਇਸ ਵਿੱਚ ਸ਼ਾਮਲ ਹੋ ਗਿਆ ਤਾਂ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੇ ਹਨ।"
ਉਨ੍ਹਾਂ ਕਿਹਾ, "ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇੱਕ ਬੰਦੇ ਨੂੰ ਬਚਾਉਣ ਲਈ ਕਾਨੂੰਨ ਛਿੱਕੇ ਨਾ ਟੰਗਿਆ ਜਾਵੇ ਪੀੜਤ ਪਰਿਵਾਰ ਨਾਲ ਸਰਕਾਰਾਂ ਖੜ੍ਹਨ।"
ਪੰਜਾਬ ਸਰਕਾਰ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਲਜ਼ਾਮ ਲਾਇਆ ਕਿ ਏਡੀਜੀਪੀ ਪੂਰਨ ਕੁਮਾਰ ਨੂੰ ਦਲਿਤ ਹੋਣ ਕਰਕੇ ਟਾਰਗੇਟ ਕੀਤਾ ਜਾ ਰਿਹਾ ਸੀ। ਉਨ੍ਹਾਂ ਨਾਲ ਬੇਇਨਸਾਫ਼ੀ ਹੋ ਰਹੀ ਸੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੂਰਨ ਸਿੰਘ ਦੇ ਖੁਦਕੁਸ਼ੀ ਨੋਟ 'ਚ ਜਿਹੜੇ ਅਫ਼ਸਰਾਂ ਦੇ ਨਾਮ ਸ਼ਾਮਲ ਹਨ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਨੇ ਢੁੱਕਵੀਂ ਕਾਰਵਾਈ ਦਾ ਦਿੱਤਾ ਭਰੋਸਾ

ਤਸਵੀਰ ਸਰੋਤ, Nayab Saini/FB
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 9 ਅਕਤੂਬਰ ਨੂੰ ਮਰਹੂਮ ਪੂਰਨ ਕੁਮਾਰ ਦੇ ਘਰ ਗਏ ਸਨ ਅਤੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ।
ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੀਐੱਮ ਨੇ ਪੋਸਟ ਪਾ ਕੇ ਕਿਹਾ ਕਿ ਸਵਰਗੀ ਆਈਪੀਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਆਪਣਾ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੁਸ਼ਕਲ ਸਮੇਂ ਦੌਰਾਨ ਦੁਖੀ ਪਰਿਵਾਰ ਨੂੰ ਤਾਕਤ ਦੇਣ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।
ਦੂਜੇ ਪਾਸੇ ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਈਪੀਐੱਸ ਪੂਰਨ ਕੁਮਾਰ ਅੰਬੇਡਕਰੀ ਸੋਚ ਰੱਖਣ ਵਾਲੇ ਇੱਕ ਹੋਣਹਾਰ ਅਫ਼ਸਰ ਸਨ। ਉਨ੍ਹਾਂ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਜਿਹੇ ਅਫ਼ਸਰ ਨੂੰ ਖੁਦਕੁਸ਼ੀ ਕਰਨੀ ਪੈ ਗਈ ਬਕਾਇਦਾ ਇੱਕ ਆਖਰੀ ਨੋਟ ਵੀ ਲਿਖਿਆ।
ਏਡੀਜੀਪੀ ਰੈਂਕ ਵਾਲੇ ਅਫ਼ਸਰ ਨੂੰ ਐੱਫਆਈਆਰ ਵਿੱਚ ਅੱਜ ਇਨਸਾਫ਼ ਨਹੀਂ ਮਿਲ ਰਿਹਾ ਹੈ।
ਏਐੱਸਆਈ ਸੰਦੀਪ ਕੁਮਾਰ ਦੀ ਮ੍ਰਿਤਕ ਦੇਹ ਰੋਹਤਕ ਨੇੜੇ ਮਿਲੀ
ਉਧਰ ਮੰਗਲਵਾਰ ਨੂੰ ਹਰਿਆਣਾ ਦੇ ਰੋਹਤਕ ਪੁਲਿਸ ਦੇ ਇੱਕ ਹੋਰ ਮੁਲਾਜ਼ਮ ਦੀ ਲਾਸ਼ ਮਿਲਣ ਦੀ ਖ਼ਬਰ ਆਈ। ਸਾਈਬਰ ਸੈੱਲ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਸੰਦੀਪ ਕੁਮਾਰ ਦੀ ਮ੍ਰਿਤਕ ਦੇਹ ਰੋਹਤਕ ਨੇੜੇ ਮਿਲੀ ਹੈ।
ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦੇ ਹੋਏ ਰੋਹਤਕ ਦੇ ਐਸਪੀ ਸੁਰੇਂਦਰ ਸਿੰਘ ਭੋਰੀਆ ਨੇ ਕਿਹਾ ਕਿ ਜਾਣਕਾਰੀ ਮਿਲੀ ਸੀ ਕਿ ਸੰਦੀਪ ਕੁਮਾਰ ਦੀ ਮ੍ਰਿਤਕ ਦੇਹ ਮਿਲੀ ਹੈ।
ਉਨ੍ਹਾਂ ਕਿਹਾ, "ਸੰਦੀਪ ਇੱਕ ਮਿਹਨਤੀ ਅਤੇ ਇਮਾਨਦਾਰ ਪੁਲਿਸ ਅਧਿਕਾਰੀ ਸੀ। ਫਿਲਹਾਲ ਫੋਰੈਂਸਿਕ ਦੀ ਟੀਮ ਬੁਲਾਈ ਗਈ ਹੈ ਜੋ ਜਾਂਚ ਕਰ ਰਹੀ ਹੈ। ਸੰਦੀਪ ਸਾਈਬਰ ਸੈੱਲ ਵਿੱਚ ਤੈਨਾਤ ਸਨ।"
(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।
ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।
ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












