ਭਾਰਤ ਨੇ ਚੈਂਪੀਅਨਜ਼ ਟਰਾਫੀ ਕੀਤੀ ਆਪਣੇ ਨਾਮ, ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

ਦੁਬਈ ਵਿੱਚ ਖੇਡੇ ਗਏ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ।

ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ 252 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਟੀਮ ਇੰਡੀਆ ਨੇ 49 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਭਾਰਤੀ ਟੀਮ ਨੇ ਤੀਜੀ ਵਾਰ ਚੈਂਪੀਅਨਜ਼ ਟਰਾਫੀ ਜਿੱਤੀ ਹੈ। ਇਸ ਤੋਂ ਪਹਿਲਾਂ 2002 'ਚ ਭਾਰਤ ਸ਼੍ਰੀਲੰਕਾ ਨਾਲ ਚੈਂਪੀਅਨਜ਼ ਟਰਾਫੀ ਦਾ ਸੰਯੁਕਤ ਜੇਤੂ ਬਣਿਆ ਸੀ। 2013 'ਚ ਧੋਨੀ ਦੀ ਅਗਵਾਈ 'ਚ ਟੀਮ ਇੰਡੀਆ ਚੈਂਪੀਅਨ ਬਣਨ 'ਚ ਸਫਲ ਰਹੀ ਸੀ।

ਰੋਹਿਤ ਸ਼ਰਮਾ ਦੀ 76 ਦੌੜਾਂ ਦੀ ਪਾਰੀ ਤੋਂ ਇਲਾਵਾ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਦੀ ਗੇਂਦਬਾਜ਼ੀ ਨੇ ਵੀ ਭਾਰਤ ਨੂੰ ਜੇਤੂ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਨੇ ਦੋ-ਦੋ ਵਿਕਟਾਂ ਲਈਆਂ

ਇਸ ਜਿੱਤ ਨਾਲ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ 25 ਸਾਲ ਪਹਿਲਾਂ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰ ਲਿਆ।

ਫਿਰ ਸਾਲ 2000 ਵਿੱਚ ਨਿਊਜ਼ੀਲੈਂਡ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਚੈਂਪੀਅਨ ਬਣਿਆ।

ਰਾਸ਼ਟਰਪਤੀ ਨੇ ਦਿੱਤੀ ਵਧਾਈ

ਭਾਰਤ ਦੀ ਜਿੱਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਪਣੇ ਅਧਿਕਾਰਤ ਐਕਸ ਹੈਂਡਲ ʼਤੇ ਲਿਖਿਆ ਹੈ ਕਿ ਆਈਸੀਸੀ ਚੈਂਪੀਅਨਜ਼ ਟਰਾਫੀ, 2025 ਜਿੱਤਣ ਲਈ ਭਾਰਤੀ ਟੀਮ ਨੂੰ ਹਾਰਦਿਕ ਵਧਾਈਆਂ।

ਉਨ੍ਹਾਂ ਨੇ ਅੱਗੇ ਲਿਖਿਆ, "ਭਾਰਤ ਤਿੰਨ ਵਾਰ ਟਰਾਫੀ ਜਿੱਤਣ ਵਾਲੀ ਇਕਲੌਤੀ ਟੀਮ ਬਣ ਗਈ ਹੈ। ਖਿਡਾਰੀ, ਪ੍ਰਬੰਧਨ ਅਤੇ ਸਹਾਇਕ ਸਟਾਫ ਕ੍ਰਿਕਟ ਇਤਿਹਾਸ ਰਚਣ ਲਈ ਸਭ ਤੋਂ ਵੱਧ ਪ੍ਰਸ਼ੰਸਾ ਦੇ ਹੱਕਦਾਰ ਹਨ। ਮੈਂ ਭਾਰਤੀ ਕ੍ਰਿਕਟ ਦੇ ਬਹੁਤ ਹੀ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ।"

ਭਾਰਤ ਦੀ ਧਮਾਕੇਦਾਰ ਸ਼ੁਰੂਆਤ

ਕਪਤਾਨ ਰੋਹਿਤ ਸ਼ਰਮਾ ਨੇ ਭਾਰਤੀ ਪਾਰੀ ਦੀ ਦੂਜੀ ਗੇਂਦ 'ਤੇ ਹੀ ਛੱਕਾ ਜੜ ਕੇ ਵੱਡੀ ਪਾਰੀ ਖੇਡਣ ਦਾ ਇਰਾਦਾ ਜ਼ਾਹਰ ਕੀਤਾ ਸੀ। ਰੋਹਿਤ ਸ਼ਰਮਾ ਨੇ ਇੰਨੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਕਿ ਪਹਿਲੇ ਪਾਵਰਪਲੇ ਤੋਂ ਬਾਅਦ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 64 ਦੌੜਾਂ ਹੋ ਗਿਆ।

ਇਨ੍ਹਾਂ 64 ਦੌੜਾਂ 'ਚ ਰੋਹਿਤ ਸ਼ਰਮਾ ਨੇ 49 ਦੌੜਾਂ ਦਾ ਯੋਗਦਾਨ ਪਾਇਆ ਸੀ, ਜਦਕਿ ਗਿੱਲ ਦੇ ਬੱਲੇ ਤੋਂ ਸਿਰਫ 10 ਦੌੜਾਂ ਹੀ ਆਈਆਂ। ਪਹਿਲੇ ਪਾਵਰਪਲੇ ਦੇ ਤੁਰੰਤ ਬਾਅਦ ਰੋਹਿਤ ਸ਼ਰਮਾ ਨੇ 41 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਰੋਹਿਤ ਸ਼ਰਮਾ ਨੂੰ ਸ਼ਾਨਦਾਰ ਫਾਰਮ 'ਚ ਦੇਖ ਕੇ ਸ਼ੁਭਮਨ ਗਿੱਲ ਨੇ ਵੀ ਹੱਥ ਖੋਲ੍ਹਣੇ ਸ਼ੁਰੂ ਕਰ ਦਿੱਤੇ। ਸਿਰਫ਼ 17 ਓਵਰਾਂ ਵਿੱਚ ਹੀ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 100 ਦੌੜਾਂ ਤੱਕ ਪਹੁੰਚ ਗਿਆ।

ਜਿਸ ਪਿੱਚ 'ਤੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਸਿੰਗਲ ਲੈਣ 'ਚ ਮੁਸ਼ਕਲ ਆ ਰਹੀ ਸੀ, ਉਥੇ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਜੋੜੀ ਨੂੰ ਗੇਂਦ ਨੂੰ ਸੀਮਾ ਰੇਖਾ ਤੋਂ ਪਾਰ ਭੇਜਣ 'ਚ ਕੋਈ ਦਿੱਕਤ ਨਹੀਂ ਆ ਰਹੀ ਸੀ।

ਹਾਲਾਂਕਿ ਸੈਂਟਨਰ ਅਤੇ ਬ੍ਰੇਸਵੈੱਲ ਨੇ ਆਪਣੀ ਸਪਿਨ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੂੰ ਮੈਚ 'ਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ।

ਅਈਅਰ ਨੇ ਵੀ ਅਹਿਮ ਯੋਗਦਾਨ ਪਾਇਆ

ਸੈਂਟਨਰ ਨੇ ਭਾਰਤੀ ਪਾਰੀ ਦੇ 19ਵੇਂ ਓਵਰ ਦੀ ਚੌਥੀ ਗੇਂਦ 'ਤੇ ਸ਼ੁਭਮਨ ਗਿੱਲ ਨੂੰ ਫਿਲਿਪਸ ਹੱਥੋਂ ਕੈਚ ਆਊਟ ਕਰਵਾ ਦਿੱਤਾ। ਅਗਲੇ ਹੀ ਓਵਰ 'ਚ ਬ੍ਰੇਸਵੈੱਲ ਨੇ ਵਿਰਾਟ ਕੋਹਲੀ ਪਹਿਲੀ ਹੀ ਗੇਂਦ ਉੱਤੇ ਐੱਲਬੀਡਬਲਿਊ ਹੋ ਗਏ।

ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਫਾਰਮ 'ਚ ਚੱਲ ਰਹੇ ਵਿਰਾਟ ਕੋਹਲੀ ਫਾਈਨਲ ਮੈਚ 'ਚ ਸਿਰਫ ਦੋ ਗੇਂਦਾਂ ਦਾ ਸਾਹਮਣਾ ਕਰ ਸਕੇ ਅਤੇ ਇਕ ਦੌੜ ਬਣਾਈ।

ਦੋ ਵਿਕਟਾਂ ਡਿੱਗਣ ਕਾਰਨ ਭਾਰਤ ਦੀ ਸਕੋਰ ਬਣਾਉਣ ਦੀ ਰਫ਼ਤਾਰ ਮੱਠੀ ਹੋ ਗਈ। ਕਪਤਾਨ ਰੋਹਿਤ ਸ਼ਰਮਾ ਵੱਡੇ ਸ਼ਾਟ ਦੀ ਕੋਸ਼ਿਸ਼ ਕਰਦੇ ਹੋਏ ਰਚਿਨ ਦੀ ਗੇਂਦ 'ਤੇ ਸਟੰਪ ਆਊਟ ਹੋ ਗਏ। ਰੋਹਿਤ ਸ਼ਰਮਾ ਨੇ 83 ਗੇਂਦਾਂ 'ਤੇ 76 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਪਹਿਲਾਂ ਕਿ ਨਿਊਜ਼ੀਲੈਂਡ ਦੀ ਟੀਮ ਵਾਪਸੀ ਕਰ ਸਕਦੀ, ਸ਼੍ਰੇਅਸ ਅਈਅਰ ਨੇ ਅਕਸ਼ਰ ਪਟੇਲ ਨਾਲ ਮਿਲ ਕੇ ਕਾਊਂਟਰ ਅਟੈਕ ਸ਼ੁਰੂ ਕਰ ਦਿੱਤਾ। ਹਾਲਾਂਕਿ ਅਈਅਰ 48 ਦੌੜਾਂ ਬਣਾ ਕੇ ਸੈਂਟਨਰ ਦੀ ਗੇਂਦ 'ਤੇ ਰਚਿਨ ਹੱਥੋਂ ਕੈਚ ਥਮਾ ਕੇ ਪੈਵੇਲੀਅਨ ਪਰਤ ਗਏ।

ਕੇਐੱਲ ਰਾਹੁਲ ਨੇ 34 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ।

ਨਿਊਜ਼ੀਲੈਂਡ ਲਈ ਕਪਤਾਨ ਸੈਂਟਨਰ ਅਤੇ ਬ੍ਰੇਸਵੇਲ ਨੇ ਦੋ-ਦੋ ਵਿਕਟਾਂ ਲਈਆਂ।

ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ

ਨਿਊਜ਼ੀਲੈਂਡ ਨੂੰ ਰਚਿਨ ਰਵਿੰਦਰ ਨੇ 39 ਦੌੜਾਂ ਬਣਾ ਕੇ ਸ਼ਾਨਦਾਰ ਸ਼ੁਰੂਆਤ ਦਿਵਾਈ ਸੀ। ਪਰ ਜਿਵੇਂ ਹੀ ਪਹਿਲਾ ਪਾਵਰਪਲੇ ਖ਼ਤਮ ਹੋਇਆ, ਕਪਤਾਨ ਰੋਹਿਤ ਸ਼ਰਮਾ ਨੇ ਕੁਲਦੀਪ ਯਾਦਵ 'ਤੇ ਦਾਅ ਲਗਾ ਦਿੱਤਾ।

ਰੋਹਿਤ ਸ਼ਰਮਾ ਦਾ ਇਹ ਕਦਮ ਕੰਮ ਆਇਆ ਅਤੇ ਉਨ੍ਹਾਂ ਨੇ ਮੈਚ ਦੀ ਪਹਿਲੀ ਹੀ ਗੇਂਦ 'ਤੇ ਰਚਿਨ ਨੂੰ ਬੋਲਡ ਕਰ ਦਿੱਤਾ।

ਇਸ ਤੋਂ ਪਹਿਲਾਂ ਕਿ ਨਿਊਜ਼ੀਲੈਂਡ ਦੀ ਪਾਰੀ ਸੰਭਲਦੀ, ਕੁਲਦੀਪ ਯਾਦਵ ਨੇ ਨਿਊਜ਼ੀਲੈਂਡ ਦੀ ਪਾਰੀ ਦੇ 13ਵੇਂ ਓਵਰ ਵਿੱਚ ਵਿਲੀਅਮਸਨ ਨੂੰ ਵੀ ਵਾਪਸ ਭੇਜ ਦਿੱਤਾ।

ਕੁਲਦੀਪ ਯਾਦਵ ਦੀਆਂ ਇਨ੍ਹਾਂ ਦੋ ਵਿਕਟਾਂ ਤੋਂ ਬਾਅਦ ਨਿਊਜ਼ੀਲੈਂਡ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਕੁਲਦੀਪ ਯਾਦਵ ਨੇ 10 ਓਵਰਾਂ ਵਿੱਚ 40 ਦੌੜਾਂ ਦਿੱਤੀਆਂ।

ਨਿਊਜ਼ੀਲੈਂਡ ਦੀ ਸ਼ੁਰੂਆਤ

ਇਸ ਤੋਂ ਪਹਿਲਾਂ ਰਚਿਨ ਰਵਿੰਦਰ ਅਤੇ ਵਿਲ ਯੰਗ ਨੇ ਨਿਊਜ਼ੀਲੈਂਡ ਲਈ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਟੀਮ ਦੇ ਸਕੋਰ ਨੂੰ 50 ਤੋਂ ਪਾਰ ਲੈ ਗਏ।

ਪਰ ਵਰੁਣ ਚੱਕਰਵਰਤੀ ਨੇ ਆਪਣੇ ਦੂਜੇ ਓਵਰ ਦੀ ਪੰਜਵੀਂ ਗੇਂਦ 'ਤੇ ਵਿਲ ਯੰਗ ਨੂੰ ਐੱਲਬੀਡਬਲਿਊ ਆਊਟ ਕਰਵਾ ਕੇ ਨਿਊਜ਼ੀਲੈਂਡ ਟੀਮ ਨੂੰ ਪਹਿਲਾ ਝਟਕਾ ਦਿੱਤਾ।

ਨਿਊਜ਼ੀਲੈਂਡ ਦੀ ਪਹਿਲੀ ਵਿਕਟ 57 ਦੌੜਾਂ ਦੇ ਸਕੋਰ 'ਤੇ ਅੱਠਵੇਂ ਓਵਰ 'ਚ ਡਿੱਗੀ।

ਇਸ ਤੋਂ ਬਾਅਦ ਕੁਲਦੀਪ ਯਾਦਵ ਨੇ 11ਵੇਂ ਓਵਰ ਦੀ ਪਹਿਲੀ ਗੇਂਦ 'ਤੇ ਰਚਿਨ ਰਵਿੰਦਰਾ ਨੂੰ ਬੋਲਡ ਕਰ ਦਿੱਤਾ। ਰਚਿਨ ਨੇ 29 ਗੇਂਦਾਂ 'ਤੇ 37 ਦੌੜਾਂ ਬਣਾਈਆਂ। ਪਾਰੀ ਦੌਰਾਨ ਰਚਿਨ ਨੇ ਚਾਰ ਚੌਕੇ ਅਤੇ ਇੱਕ ਛੱਕਾ ਲਗਾਇਆ।

ਨਿਊਜ਼ੀਲੈਂਡ ਦੀ ਦੂਜੀ ਵਿਕਟ 69 ਦੇ ਸਕੋਰ 'ਤੇ ਡਿੱਗੀ।

ਨਿਊਜ਼ੀਲੈਂਡ ਦੇ ਡੇਰੇਲ ਮਿਸ਼ੇਲ ਨੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਲਈ ਖ਼ਤਰਾ ਲੱਗ ਰਹੇ ਮਿਸ਼ੇਲ ਨੂੰ ਮੁਹੰਮਦ ਸ਼ਮੀ ਨੇ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਕਰਵਾਇਆ।

ਵਰੁਣ ਚੱਕਰਵਰਤੀ ਨੇ ਗਲੇਨ ਫਿਲਿਪਸ ਨੂੰ ਆਊਟ ਕਰਕੇ ਨਿਊਜ਼ੀਲੈਂਡ ਨੂੰ ਪੰਜਵਾਂ ਝਟਕਾ ਦਿੱਤਾ। ਫਿਲਿਪਸ ਨੇ 52 ਗੇਂਦਾਂ ਵਿੱਚ 34 ਦੌੜਾਂ ਦੀ ਪਾਰੀ ਖੇਡੀ।

ਨਿਊਜ਼ੀਲੈਂਡ ਦਾ ਚੌਥਾ ਵਿਕਟ ਟਾਮ ਲੈਥਮ ਦੇ ਰੂਪ 'ਚ ਡਿੱਗਿਆ। ਰਵਿੰਦਰ ਜਡੇਜਾ ਦੀ ਗੇਂਦ 'ਤੇ ਅੰਪਾਇਰ ਨੇ ਉਨ੍ਹਾਂ ਨੂੰ ਐੱਲਬੀਡਬਲਯੂ ਆਊਟ ਐਲਾਨ ਦਿੱਤਾ।

ਲੈਥਮ 14 ਦੌੜਾਂ ਹੀ ਬਣਾ ਸਕੇ। ਉਨ੍ਹਾਂ ਨੇ ਕੁੱਲ 30 ਗੇਂਦਾਂ ਦਾ ਸਾਹਮਣਾ ਕੀਤਾ। ਲੈਥਮ ਦੀ ਵਿਕਟ 108 ਦੇ ਸਕੋਰ 'ਤੇ ਡਿੱਗੀ।

ਕੁਲਦੀਪ ਯਾਦਵ ਨੇ ਨਿਊਜ਼ੀਲੈਂਡ ਨੂੰ ਛੇਤੀ-ਛੇਤੀ ਦੋ ਝਟਕੇ ਦਿੱਤੇ। ਉਨ੍ਹਾਂ ਨੇ ਪਹਿਲਾਂ ਜੰਮ ਚੁੱਕੇ ਬੱਲੇਬਾਜ਼ ਰਚਿਨ ਰਵਿੰਦਰਾ ਨੂੰ ਬੋਲਡ ਕੀਤਾ ਅਤੇ ਫਿਰ ਕੇਨ ਵਿਲੀਅਮਸਨ ਨੂੰ ਆਪਣੀ ਹੀ ਗੇਂਦ 'ਤੇ ਕੈਚ ਦੇ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ।

ਚੈਂਪੀਅਨਸ ਟਰਾਫੀ ਵਿੱਚ ਭਾਰਤੀ ਟੀਮ ਹੁਣ ਤੱਕ ਕੋਈ ਮੈਚ ਨਹੀਂ ਹਾਰੀ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਗਰੁੱਪ ਏ ਦੇ ਮੈਚ 'ਚ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ ਸੀ।

ਫਾਈਨਲ ਮੈਚ ਖੇਡ ਰਹੇ ਭਾਰਤ ਅਤੇ ਨਿਊਜ਼ੀਲੈਂਡ ਦੋਵੇਂ ਚੈਂਪੀਅਨਜ਼ ਟਰਾਫੀ ਦੀਆਂ ਗਰੁੱਪ 'ਏ' ਟੀਮਾਂ ਹਨ।

ਭਾਰਤ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ, ਜਦਕਿ ਨਿਊਜ਼ੀਲੈਂਡ ਦੀ ਟੀਮ ਨੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ ਸੀ।

ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐੱਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ।

ਨਿਊਜ਼ੀਲੈਂਡ ਟੀਮ: ਵਿਲ ਯੰਗ, ਰਚਿਨ ਰਵਿੰਦਰਾ, ਕੇਨ ਵਿਲੀਅਮਸਨ, ਡੇਰਿਲ ਮਿਸ਼ੇਲ, ਟਾਮ ਲੈਥਮ, ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਕਾਇਲ ਜੈਮੀਸਨ, ਵਿਲੀਅਮ ਓ'ਰੂਰਕੇ, ਨਾਥਨ ਸਮਿਥ।

25 ਸਾਲ ਬਾਅਦ ਆਹਮੋ-ਸਾਹਮਣੇ

ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਚੈਂਪੀਅਨਜ਼ ਟਰਾਫੀ ਕ੍ਰਿਕਟ ਦੇ ਇਤਿਹਾਸ 'ਚ 25 ਸਾਲ ਬਾਅਦ ਮੁੜ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ।

ਦਰਅਸਲ, 25 ਸਾਲ ਪਹਿਲਾਂ, 15 ਅਕਤੂਬਰ 2000 ਨੂੰ ਜਿਮਖ਼ਾਨਾ ਕਲੱਬ ਗਰਾਊਂਡ, ਨੈਰੋਬੀ ਵਿੱਚ ਆਈਸੀਸੀ ਨਾਕਆਊਟ (ਬਾਅਦ ਵਿੱਚ ਚੈਂਪੀਅਨਜ਼ ਟਰਾਫੀ ਦਾ ਨਾਮ ਦਿੱਤਾ ਗਿਆ) ਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਸੀ।

ਉਸ ਵੇਲੇ ਨਿਊਜ਼ੀਲੈਂਡ ਦੀ ਟੀਮ ਨੇ ਬਹੁਤ ਹੀ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ 'ਤੇ ਕਬਜ਼ਾ ਕਰ ਲਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)