ਬਿਨਾਂ ਭਾਰਤੀ ਮੋਬਾਇਲ ਨੰਬਰ ਦੇ ਵੀ ਐਨਆਰਆਈ ਹੁਣ ਯੂਪੀਆਈ ਰਾਹੀਂ ਇੰਝ ਕਰ ਸਕਣਗੇ ਲੈਣ-ਦੇਣ

    • ਲੇਖਕ, ਦਲੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਹੁਣ ਐਨਆਰਆਈ ਵੀ ਯੂਪੀਆਈ ਰਾਹੀਂ ਲੈਣ-ਦੇਣ ਕਰ ਸਕਦੇ ਹਨ।

ਹੁਣ ਅਮਰੀਕਾ ਜਾਂ ਕੈਨੇਡਾ ਵਿੱਚ ਬੈਠੇ ਤੁਹਾਡੇ ਰਿਸ਼ਤੇਦਾਰ ਜਾਂ ਦੋਸਤ ਯੂਪੀਆਈ ਯਾਨੀ ਪੇਟੀਐਮ, ਗੂਗਲ ਪੇਅ, ਫੋਨ ਪੇ ਰਾਹੀਂ ਤੁਹਾਡੇ ਖਾਣ ਪੀਣ ਜਾਂ ਜ਼ਰੂਰਤ ਲਈ ਪੈਸੇ ਦੇ ਸਕਦੇ ਹਨ।

ਹੋਰ ਅਸਾਨ ਤਰੀਕੇ ਨਾਲ ਸਮਝੀਏ ਤਾਂ ਗੱਲ ਇਹ ਹੈ ਕਿ ਹੁਣ ਵਿਦੇਸ਼ ਗਏ ਲੋਕ ਵੀ ਚਾਹੇ ਜਿਸ ਦੇਸ਼ ਵਿੱਚ ਵੀ ਰਹਿ ਰਹੇ ਹਨ, ਉਸੇ ਮੁਲਕ ਦੇ ਮੋਬਾਇਲ ਨੰਬਰ ਉੱਤੇ ਯੂਪੀਆਈ ਐਕਟੀਵੇਟ ਕਰਵਾ ਸਕਦੇ ਹਨ।

ਯੂਪੀਆਈ ਯਾਨੀ ਯੂਨਾਫਾਇਡ ਪੇਮੇਂਟ ਇੰਟਰਫੇਸ ਉਹ ਸਹੁਲਤ ਹੈ ਜਿਸਦੇ ਤਹਿਤ ਤੁਸੀਂ ਇੱਕ ਬੈਂਕ ਅਕਾਉਂਟ ਤੋਂ ਦੂਜੇ ਬੈਂਕ ਅਕਾਉਂਟ ਵਿੱਚ ਪੈਸੇ ਟਰਾਂਸਫਰ ਕਰ ਸਕਦੇ ਹੋ ਉਹ ਵੀ ਮੁਫ਼ਤ ਅਤੇ ਸਕਿੰਟਾਂ ਵਿੱਚ।

10 ਮੁਲਕਾਂ ਦੇ ਐੱਨਆਰਆਈ ਲੋਕਾਂ ਲਈ ਸੁਵਿਧਾ

ਪਹਿਲਾਂ ਸਿਰਫ਼ ਭਾਰਤ ਦੇ ਮੋਬਾਈਲ ਨੰਬਰਾਂ ਉੱਤੇ ਹੀ ਇਹ ਸੇਵਾ ਉਪਲਬਧ ਸੀ।

ਨੈਸ਼ਨਲ ਪੇਮੇਂਟ ਕਾਰਪੋਰੇਸ਼ਨ ਆਫ਼ ਇੰਡੀਆ ਯਾਨੀ ਐਨਪੀਸੀਆਈ ਨੇ ਕੈਨੇਡਾ, ਅਮਰੀਕਾ, ਯੂਕੇ ਤੇ ਆਸਟਰੇਲੀਆ ਸਣੇ 10 ਮੁਲਕਾਂ ਵਿੱਚ ਰਹਿੰਦੇ ਐੱਨਆਰਆਈਜ਼ ਲ਼ਈ ਇਹ ਸੁਵਿਧਾ ਸ਼ੁਰੂ ਕਰਨ ਲਈ ਗਾਈਡਲਾਈਨ ਜਾਰੀ ਕੀਤੀ ਹੈ।

ਇਹ ਸਹੁਲਤ ਉਹੀ ਐਨਆਰਆਈ ਵਰਤ ਸਕਣਗੇ ਜਿਨ੍ਹਾਂ ਦੇ ਭਾਰਤ ਵਿੱਚ ਐਨਆਰਈ (NRE) ਜਾਂ ਐਨਆਰਓ (NRO) ਬੈਂਕ ਅਕਾਉਂਟ ਹੋਣਗੇ।

ਜਿਹੜੇ ਮੁਲਕ ਵਿੱਚ ਰਹਿੰਦੇ ਐਨਆਰਆਈਜ਼ ਨੂੰ ਇਹ ਸੁਵਿਧਾ ਅਗਲੇ ਕੁਝ ਮਹੀਨਿਆਂ ਵਿੱਚ ਮਿਲਣ ਵਾਲੀ ਹੈ ਉਹ ਹਨ ਸਿੰਗਾਪੁਰ, ਆਸਟਰੇਲੀਆਂ, ਕੈਨੇਡਾ, ਹਾਂਗਕਾਂਗ, ਓਮਾਨ, ਕਤਰ, ਅਮਰੀਕਾ, ਯੂਕੇ, ਸਾਊਦੀ ਅਰਬ ਅਤੇ ਯੂਏਈ

ਇਸ ਤੋਂ ਬਾਅਦ ਹੋਰ ਵੀ ਮੁਲਕ ਇਸ ਲਿਸਟ ਵਿੱਚ ਜੋੜੇ ਜਾਣਗੇ।

ਭਾਰਤੀ ਮੋਬਾਇਲ ਨੰਬਰ ਦੀ ਲੋੜ ਨਹੀਂ

ਭਾਰਤ ਵਿੱਚ ਜਦੋਂ ਤੁਸੀਂ ਫੋਨ ਉੱਤੇ ਯੂਪੀਆਈ ਐਕਟੀਵੇਟ ਕਰਦੇ ਹੋ ਜਾਂ ਇੰਝ ਕਹੀਏ ਕਿ ਜਦੋਂ ਗੂਗਲ ਪੇ, ਫੋਨ ਪੇ ਜਾਂ ਪੇਟੀਐਮ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਬੈਂਕ ਖਾਤੇ ਨਾਲ ਜੁੜੇ ਮੋਬਾਈਲ ਨੰਬਰ ਉੱਤੇ ਕਰਫਰਮੇਸ਼ਨ ਲਈ ਮੈਸੇਜ ਜਾਂਦਾ ਹੈ।

ਪਰ ਮੰਨ ਲਵੋ ਅੱਜ ਤੁਸੀਂ ਜਿਸ ਨੰਬਰ ਤੋਂ ਇਹ ਐਪਸ ਚਲਾਉਂਦੇ ਹੋ ਅਤੇ ਕੱਲ੍ਹ ਨੂੰ ਤੁਸੀਂ ਵਿਦੇਸ਼ ਚਲੇ ਗਏ ਤਾਂ ਪੇਮੇਂਟ ਕਰਨ ਲਈ ਉਸੇ ਨੰਬਰ ਨੂੰ ਐਕਟੀਵੇਟ ਰੱਖਣ ਲਈ ਤੁਹਾਨੂੰ ਮਹਿੰਗੇ ਇੰਟਰਨੈਸ਼ਨਲ ਰੋਮਿੰਗ ਚਾਰਜ ਦੇਣੇ ਪੈ ਸਕਦੇ ਹਨ।

ਹੁਣ ਅਜਿਹੇ ਯੂਜਰ ਜੋ ਵਿਦੇਸ਼ ਚਲੇ ਗਏ ਅਤੇ ਉੱਥੇ ਦਾ ਮੋਬਾਇਲ ਨੰਬਰ ਲੈ ਲਿਆ, ਉਹ ਵੀ ਯੂਪੀਆਈ ਦੀ ਵਰਤੋਂ ਕਰ ਸਕਦੇ ਹਨ।

ਯਾਨੀ ਭਾਰਤੀ ਮੋਬਾਇਲ ਨੰਬਰ ਦੀ ਲੋੜ ਨਹੀਂ ਹੈ।

ਖ਼ਬਰ ਬਾਰੇ ਮੁੱਖ ਗੱਲਾਂ :

  • ਅਮਰੀਕਾ ਜਾਂ ਕੈਨੇਡਾ ਵਿੱਚ ਬੈਠੇ ਐਨਆਰੀਆਈ ਯੂਪੀਆਈ ਰਾਹੀਂ ਕਰ ਸਕਣਗੇ ਭੁਗਤਾਨ
  • 10 ਮੁਲਕਾਂ ਦੇ ਐੱਨਆਰਆਈਜ਼ ਲਈ ਸੁਵਿਧਾ ਹੋਵੇਗੀ ਨਵੀਂ ਸੇਵਾ
  • ਇਸ ਸਹੁਲਤ ਲਈ ਭਾਰਤ ਵਿੱਚ ਐਨਆਰਈ ਜਾਂ ਐਨਆਰਓ ਬੈਂਕ ਅਕਾਉਂਟ ਹੋਣਾ ਜਰੂਰੀ
  • ਪੇਮੈਂਟ ਕਰਨ ਲਈ ਭਾਰਤੀ ਮੋਬਾਇਲ ਨੰਬਰ ਦੀ ਹੁਣ ਲੋੜ ਨਹੀਂ ਹੈ

ਨੈਸ਼ਨਲ ਪੇਮੇਂਟ ਕਾਰਪੋਰੇਸ਼ਨ ਦੇ ਹੁਕਮ

ਨੈਸ਼ਨਲ ਪੇਮੇਂਟ ਕਾਰਪੋਰੇਸ਼ਨ ਆਫ਼ ਇੰਡੀਆ ਨੇ ਬੈਂਕਾ ਨੂੰ ਹੁਕਮ ਦਿੱਤੇ ਹਨ ਕਿ ਐਨਆਰਆਈਜ਼ ਨੂੰ ਇਹ ਸਹੁਲਤ ਦਿੱਤੀ ਜਾਵੇ।

ਪਰ ਇਹ ਵੀ ਕਿਹਾ ਗਿਆ ਹੈ ਕਿ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ, ਐਂਟੀ ਮਨੀ ਲੌਂਡਰਿੰਗ ਅਤੇ ਅੱਤਵਾਦ ਨੂੰ ਵਧਾਵਾ ਦੇਣ ਲਈ ਦਿੱਤੇ ਜਾਂਦੇ ਪੈਸਿਆਂ ਵਰਗੀਆਂ ਗਤੀਵਿਧੀਆਂ ਉੱਤੇ ਜ਼ਰੂਰ ਨਜ਼ਰ ਰੱਖੀ ਜਾਵੇ।

ਇਸ ਨਾਲ ਇੱਕ ਹੋਰ ਫਾਇਦਾ ਹੋਵੇਗਾ ਕਿ ਵਿਦੇਸ਼ ਤੋਂ ਆਏ ਐਨਆਰਆਈ ਭਾਰਤ ਵਿੱਚ ਬੜੀ ਹੀ ਅਸਾਨੀ ਨਾਲ ਯੂਪੀਆਈ ਪੇਮੇਂਟ ਕਰ ਸਕਣਗੇ।

ਉਹਨਾਂ ਨੂੰ ਬਗੈਰ ਕੈਸ਼ ਅਤੇ ਕਾਰਡ ਦੇ ਚਿੰਤਾ ਕਰਮ ਦੀ ਲੋੜ ਨਹੀਂ।

NRE ਜਾਂ NRO ਬੈਂਕ ਅਕਾਉਂਟ ਕੀ ਹੁੰਦੇ ਹਨ?

ਭਾਰਤ ਦੇ ਬੈਂਕਾਂ ਵਿੱਚ NRE ਜਾਂ ਨੌਨ ਰੈਜ਼ੀਡੈਂਟ ਬੈਂਕ ਅਕਾਉਂਟ ਉਹ ਹੁੰਦੇ ਹਨ ਜਿੰਨਾ ਵਿੱਚ ਵਿਦੇਸ਼ ਤੋਂ ਲੋਕ ਪੈਸੇ ਕਮਾ ਕੇ ਭੇਜਦੇ ਹਨ।

ਇੱਥੇ ਉਹ ਰਕਮ ਭਾਰਤੀ ਰੁਪਏ ਵਿੱਚ ਬਦਲ ਜਾਂਦੀ ਹੈ। ਇਹ ਰਕਮ ਅਤੇ ਉਸ ਤੋਂ ਮਿਲਿਆ ਵਿਆਜ ਟੈਕਸ ਫਰੀ ਹੁੰਦਾ ਹੈ।

ਭਾਰਤ ਵਿੱਚ NRO ਯਾਨੀ ਨੌਨ ਰੈਜ਼ੀਡੈਂਟ ਓਰਡੀਨਰੀ ਬੈਂਕ ਅਕਾਉਂਟ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਵਿਦੇਸ਼ ਰਹਿੰਦੇ ਲੋਕ ਭਾਰਤ ਤੋਂ ਹੀ ਕਮਾਈ ਗਈ ਰਕਮ ਜਮ੍ਹਾ ਕਰਵਾਉਂਦੇ ਹਨ।

ਮਿਸਾਲ ਲਈ ਉਹ ਕਮਾਈ ਜੋ ਭਾਰਤ ਤੋਂ ਹੀ ਕਿਰਾਏ ਦੇ ਰੂਪ ਵਿੱਚ ਮਿਲੀ ਹੋਵੇ ਜਾਂ ਕੋਈ ਪ੍ਰਾਪਰਟੀ ਵੇਚ ਕੇ ਮਿਲਿਆ ਪੈਸਾ ਹੋਵੇ।

ਪਰ ਇਸ ਅਕਾਉਂਟ ਵਿੱਚ ਜਾਣ ਵਾਲੀ ਰਕਮ ਉੱਤੇ ਟੀਡੀਐੱਸ ਜ਼ਰੂਰ ਕੱਟਦਾ ਹੈ।

ਸਟੂਡੈਂਟਸ ਜਾਂ ਟੂਰਿਸਟ ਦੀ ਸਮੱਸਿਆ

ਲੋਕ ਭਾਰਤ ਤੋਂ ਸਟੂਡੈਂਟਸ ਦੇ ਰੂਪ ਵਿੱਚ ਜਾਂ ਟੂਰਿਸਟ ਵਜੋਂ ਵਿਦੇਸ਼ ਜਾਂਦੇ ਹਨ, ਉਨ੍ਹਾਂ ਨੂੰ ਯੂਪੀਆਈ ਪੇਮੇਂਟ ਕਰਨ ਵਿੱਚ ਬੇਹੱਦ ਮੁਸ਼ਕਲ ਆਉਂਦੀ ਹੈ ਜਾਂ ਪੇਮੇਂਟ ਕਰ ਹੀ ਨਹੀਂ ਪਾਉਂਦੇ ਹਨ।

ਅਜਿਹੀ ਹੀ ਸਮੱਸਿਆ ਇੱਕ ਟਵਿੱਟਰ ਯੂਜ਼ਰ ਗੋਲਡੀ ਸਿੰਘ ਸਲੂਜਾ ਨੇ NPCI ਦੇ ਟਵਿੱਟਰ ਹੈਂਡਲ ਉੱਤੇ ਸ਼ੇਅਰ ਕੀਤੀ ਹੈ।

ਇਸ ਦੇ ਜਵਾਬ ਵਿੱਚ NPCI ਨੇ ਕਿਹਾ ਕਿ ਅਸੀਂ ਇਹ ਗੱਲ ਆਪਣੀ ਟੀਮ ਨਾਲ ਸ਼ੇਅਰ ਕਰ ਰਹੇ ਹਾਂ।

“ਤੁਹਾਡਾ ਇਹ ਸੁਝਾਅ ਦੇਣ ਲਈ ਧੰਨਵਾਦ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)