ਸ਼ੈਮਸੂਦ-ਦੀਨ-ਜੱਬਾਰ : ਨਿਊ ਓਰਲਿਨਜ਼ 'ਚ 15 ਲੋਕਾਂ ਨੂੰ ਟਰੱਕ ਨਾਲ ਦਰੜ ਕੇ ਕਤਲ ਕਰਨ ਵਾਲੇ ਦਾ ਕੀ ਹੈ ਪਿਛੋਕੜ

ਹਮਲਾਵਰ ਸ਼ੈਮਸੂਦ-ਦੀਨ-ਜੱਬਾਰ ਤੇ ਪੁਲਿਸ

ਤਸਵੀਰ ਸਰੋਤ, Reuters/FBI

ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਹਮਲੇ ਦੀ ਜਾਂਚ ਜਾਰੀ ਹੈ, ਹਮਲਾਵਰ ਦੀ ਪਛਾਣ ਸ਼ੈਮਸੂਦ-ਦੀਨ-ਜੱਬਾਰ ਵੱਜੋਂ ਹੋਈ ਹੈ

ਅਮਰੀਕਾ ਦੇ ਨਿਊ ਓਰਲਿਨਜ਼ ਵਿੱਚ ਨਵੇਂ ਸਾਲ ਦੀ ਪਹਿਲੀ ਸਵੇਰ ਹੋਣ ਤੋਂ ਕੁਝ ਸਮਾਂ ਪਹਿਲਾਂ ਇੱਕ ਟਰੱਕ ਡਰਾਈਵਰ ਨੇ ਜਾਣਬੁੱਝ ਕੇ 15 ਲੋਕਾਂ ਦੀ ਜਾਨ ਲੈ ਲਈ।

ਨਿਊ ਓਰਲਿਨਜ਼ ਦੀ ਮਸ਼ਹੂਰ ਬਾਰਬਨ ਸਟ੍ਰੀਟ 'ਤੇ ਨਵੇਂ ਸਾਲ ਮੌਕੇ ਲੋਕਾਂ ਦੀ ਚਹਿਲ-ਪਹਿਲ ਸੀ। ਉਸੇ ਸਮੇਂ ਇੱਕ ਟਰੱਕ ਲੋਕਾਂ ਨੂੰ ਲਤਾੜਦਾ ਹੋਇਆ ਭੀੜ ਤੱਕ ਪਹੁੰਚਿਆ।

ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 35 ਦੇ ਕਰੀਬ ਜ਼ਖਮੀ ਹੋਏ ਹਨ।

ਪੁਲਿਸ ਮੁਤਾਬਕ ਡਰਾਈਵਰ ਨੇ ਜਾਣਬੁੱਝ ਕੇ ਟਰੱਕ ਭੀੜ ਵਿੱਚ ਭਜਾਇਆ ਅਤੇ ਇਸ ਤੋਂ ਬਾਅਦ ਉਸ ਨੇ ਟਰੱਕ ਅੰਦਰੋਂ ਫਾਇਰਿੰਗ ਸ਼ੁਰੂ ਕਰ ਦਿੱਤੀ।

ਅਮਰੀਕੀ ਮੀਡੀਆ ਮੁਤਾਬਕ ਸ਼ੱਕੀ ਟਰੱਕ ਡਰਾਈਵਰ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਸਥਾਨਕ ਪੁਲਿਸ ਮੁਖੀ ਅਨੇ ਕ੍ਰਿਕਪੈਟਰਿਕ ਨੇ ਕਿਹਾ ਕਿ ਸ਼ੱਕੀ ਵਿਅਕਤੀ ਤੇਜ਼ ਰਫ਼ਤਾਰ ਨਾਲ ਪਿਕਅੱਪ ਟਰੱਕ ਚਲਾ ਰਿਹਾ ਸੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਦਰੜਨ ਦੀ ਕੋਸ਼ਿਸ਼ ਕਰ ਰਿਹਾ ਸੀ।

ਉਨ੍ਹਾਂ ਦੱਸਿਆ, ''ਇਹ ਘਟਨਾ ਸਥਾਨਕ ਸਮੇਂ ਅਨੁਸਾਰ ਤੜਕੇ ਸਵਾ ਤਿੰਨ ਵਜੇ ਵਾਪਰੀ। ਉਸਨੇ ਬੈਰੀਕੇਡ ਨੂੰ ਵੀ ਟੱਕਰ ਮਾਰੀ ਅਤੇ ਫਿਰ ਗੋਲੀ ਚਲਾ ਕੇ ਦੋ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੀ ਹੈ ਸਾਰਾ ਮਾਮਲਾ

ਸਥਾਨਕ ਸਮੇਂ ਮੁਤਾਬਕ ਤੜਕੇ 3:15 ਵਜੇ, ਇੱਕ ਵਿਅਕਤੀ ਨੇ ਬਾਰਬਨ ਸਟਰੀਟ 'ਤੇ ਭੀੜ ਵਿੱਚ ਤੇਜ਼ ਰਫਤਾਰ ਨਾਲ ਇੱਕ ਪਿਕਅੱਪ ਟਰੱਕ ਚੜਾ ਦਿੱਤਾ ਅਤੇ ਇਸ ਤੋਂ ਬਾਅਦ ਉਸ ਨੇ ਆਪਣੇ ਵਾਹਨ 'ਚੋਂ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਟਰੱਕ ਨਾਲ ਕੁਚਲੇ ਜਾਣ ਕਾਰਨ 15 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਘੱਟੋ-ਘੱਟ 35 ਹੋਰ ਲੋਕ ਜ਼ਖਮੀ ਹੋ ਗਏ।

ਜ਼ਖਮੀਆਂ 'ਚ ਦੋ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।

ਨਿਊ ਓਰਲਿਨਜ਼ ਪੁਲਿਸ ਅਧਿਕਾਰੀ ਅਨੇ ਕਿਰਕਪੈਟਰਿਕ ਨੇ ਕਿਹਾ ਕਿ ਸ਼ੱਕੀ ਡਰਾਈਵਰ ਵੱਧ ਤੋਂ ਵੱਧ ਲੋਕਾਂ ਦੀ ਜਾਨ ਲੈਣਾ ਚਾਹੁੰਦਾ ਸੀ।

ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਘਟਨਾ ਦੀ ਜਾਂਚ ਅੱਤਵਾਦੀ ਹਮਲੇ ਦੀ ਸੰਭਾਵਨਾ ਹੋਣ ਦੇ ਪੱਖ ਤੋਂ ਵੀ ਕੀਤੀ ਜਾ ਰਹੀ ਹੈ

ਐੱਫ਼ਬੀਆਈ ਨੇ ਇਸ ਘਟਨਾ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।

ਪੂਰੇ ਮਾਮਲੇ ਦੀ ਜਾਂਚ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਵੀ ਕੀਤੀ ਜਾ ਰਹੀ ਹੈ।

ਲੁਇਜ਼ਿਆਨਾ ਦੇ ਸੀਨੀਅਰ ਅਟਾਰਨੀ ਲਿਜ਼ ਮੁਰਿਲ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਲਿਖਿਆ

"ਸਾਡੇ ਵਿੱਚੋਂ ਬਹੁਤ ਸਾਰੇ ਨਿਊ ਓਰਲਿਨਜ਼ ਵਿੱਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਦੇ ਜਾਣਬੁੱਝ ਕੇ ਕੀਤੇ ਗਏ ਕਤਲ ਦੀ ਖ਼ਬਰ ਨਾਲ ਸਵੇਰੇ ਜਾਗੇ।"

ਉਨ੍ਹਾਂ ਕਿਹਾ, "ਮੈਂ ਇਸ ਘਟਨਾ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਰਦਾਸ ਕਰ ਰਹੀ ਹਾਂ ਅਤੇ ਮੈਂ ਇਹ ਯਕੀਨੀ ਬਣਾਵਾਂਗੀ ਕਿ ਉਨ੍ਹਾਂ ਨੂੰ ਇਸ ਲਈ ਨਿਆਂ ਮਿਲੇ।

ਚਸ਼ਮਦੀਦ ਨੇ ਕੀ ਕਿਹਾ?

ਪੁਲਿਸ ਅਧਿਕਾਰੀ ਅਨੇ ਕਿਰਕਪੈਟਰਿਕ
ਤਸਵੀਰ ਕੈਪਸ਼ਨ, ਪੁਲਿਸ ਅਧਿਕਾਰੀ ਅਨੇ ਕਿਰਕਪੈਟਰਿਕ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਦੀ ਮੌਕੇ ’ਤੇ ਪੁਲਿਸ ਗੋਲੀਬਾਰੀ ਦੌਰਾਨ ਮੌਤ ਹੋ ਗਈ

ਨਿਊ ਓਰਲਿਨਜ਼ ਦੀ ਬਾਰਬਨ ਸਟ੍ਰੀਟ ਇਸਦੀ ਨਾਈਟ ਲਾਈਫ਼ ਲਈ ਜਾਣੀ ਜਾਂਦੀ ਹੈ। ਇੱਥੇ ਕਈ ਬਾਰ, ਰੈਸਟੋਰੈਂਟ ਅਤੇ ਕਲੱਬ ਹਨ।

ਘਟਨਾ ਦੇ ਚਸ਼ਮਦੀਦ ਗਵਾਹ ਲੁਈਸਿਆਨਾ ਦੇ ਰਹਿਣ ਵਾਲੇ ਵਿਟ ਡੇਵਿਸ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸ਼ਾਮ ਤੋਂ ਹੀ ਬਾਰਬਨ ਸਟ੍ਰੀਟ ਵਿੱਚ ਸੀ।

"ਸਾਨੂੰ ਇੱਕ ਬਾਰ ਵਿੱਚ ਹੋਣ ਸਮੇਂ ਕਿਸੇ ਕਿਸਮ ਦੀ ਗੋਲੀਬਾਰੀ ਜਾਂ ਗੱਡੀ ਦੀ ਟੱਕਰ ਦੀ ਆਵਾਜ਼ ਨਹੀਂ ਸੁਣੀ, ਉੱਤੇ ਮਿਊਜ਼ਿਕ ਬਹੁਤ ਉੱਚੀ ਸੀ।"

"ਫਿਰ ਲੋਕ ਇੱਧਰ-ਉੱਧਰ ਭੱਜਣ ਲੱਗੇ ਅਤੇ ਮੇਜ਼ਾਂ ਦੇ ਹੇਠਾਂ ਲੁਕਣ ਲੱਗੇ, ਜਿਵੇਂ ਕਿ ਇਹ ਕੋਈ ਸ਼ੂਟਰ ਡਰਿਲ ਹੋਵੇ।"

"ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਹੈ।"

ਨਿਊ ਓਰਲਿਨਜ਼ ਦੇ ਪੁਲਿਸ ਸੁਪਰਡੈਂਟ ਨੇ ਕਿਹਾ ਹੈ ਕਿ ਇਨਫੋਰਸਮੈਂਟ ਅਧਿਕਾਰੀ ਸ਼ਹਿਰ ਦੇ ਸੁਪਰਡੋਮ ਸਟੇਡੀਅਮ ਨੂੰ ਸੁਰੱਖਿਅਤ ਕਰਨ ਵਿੱਚ ਲੱਗੇ ਹੋਏ ਹਨ। ਰਾਤ ਨੂੰ ਇੱਥੇ ਫੁੱਟਬਾਲ ਮੈਚ ਖੇਡਿਆ ਜਾਣਾ ਹੈ।

ਹਮਲਾਵਰ ਸ਼ੈਮਸੂਦ-ਦੀਨ-ਜੱਬਾਰ ਕੌਣ ਸੀ?

ਸ਼ੈਮਸੂਦ ਦੀਨ ਜੱਬਾਰ

ਤਸਵੀਰ ਸਰੋਤ, FBI

ਤਸਵੀਰ ਕੈਪਸ਼ਨ, ਸ਼ੈਮਸੂਦ ਦੀਨ ਜੱਬਾਰ

ਹਮਲੇ ਵਿੱਚ ਸ਼ਾਮਲ ਵਿਅਕਤੀ ਦੀ ਪਛਾਣ 42 ਸਾਲਾ ਸ਼ੈਮਸੂਦ-ਦੀਨ-ਜੱਬਾਰ ਵਜੋਂ ਹੋਈ ਹੈ।

ਸੀਬੀਐੱਸ ਮੁਤਾਬਕ ਮੁਲਜ਼ਮ ਵਿਅਕਤੀ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਪੁਲਿਸ ਕਰਮੀਆਂ 'ਤੇ ਵੀ ਗੋਲੀਬਾਰੀ ਕੀਤੀ ਸੀ ਅਤੇ ਜਿਸ 'ਤੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ।

ਐੱਫਬੀਆਈ ਨੇ ਪਹਿਲਾਂ ਕਿਹਾ ਸੀ ਕਿ ਇਸ ਹਮਲੇ ਦੀ ਅੱਤਵਾਦੀ ਗਤੀਵਿਧੀ ਹੋਣ ਦੇ ਖ਼ਦਸ਼ੇ ਵਜੋਂ ਵੀ ਜਾਂਚ ਕੀਤੀ ਜਾ ਰਹੀ ਹੈ

ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਦੇ ਅਲੇਥੀਆ ਡੰਕਨ ਨੇ ਕਿਹਾ ਕਿ ਏਜੰਸੀ ਦਾ ਮੰਨਣਾ ਨਹੀਂ ਹੈ ਕਿ ਮੁਲਜ਼ਮ ਵਿਅਕਤੀ ਨੇ ਇੱਕਲਿਆਂ ਹੀ ਹਮਲੇ ਨੂੰ ਅੰਜ਼ਾਮ ਦਿੱਤਾ ਹੈ

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਮੁਲਜ਼ਮ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਨੇ ਪਿਛਲੇ 17 ਘੰਟਿਆਂ ਵਿੱਚ ਟਰੱਕ ਦੇ ਡਰਾਈਵਰ ਨਾਲ ਗੱਲਬਾਤ ਕੀਤੀ ਹੋਵੇ, ਤਾਂ ਉਹ ਐੱਫਬੀਆਈ ਨੂੰ ਸੂਚਨਾ ਦੇਣ ਲਈ ਸੰਪਰਕ ਕਰ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਮਾਮਲੇ ਦੀ ਹਰ ਪੱਖ਼ ਤੋਂ ਜਾਂਚ ਜਾਰੀ ਹੈ ਅਤੇ ਲਗਾਤਾਰ ਨਵੇਂ ਖ਼ੁਲਾਸੇ ਹੋ ਰਹੇ ਹਨ।"

ਅਮਰੀਕਾ ਟਰੱਕ ਹਮਲਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਦਾਅਵਾ ਕੀਤਾ ਜਾ ਰਿਹਾ ਹੈ ਕਿ ਜੱਬਾਰ ਨੇ ਹਮਲੇ ਲਈ ਵਰਤਿਆ ਗਿਆ ਟਰੱਕ ਕਿਰਾਏ ਉੱਤੇ ਲਿਆ ਸੀ

ਹੁਣ ਬੰਦ ਕਰ ਦਿੱਤੇ ਗਏ ਲਿੰਕਡਇਨ ਪ੍ਰੋਫਾਈਲ ਮੁਤਾਬਕ, ਜੱਬਾਰ ਮਨੁੱਖੀ ਵਸੀਲਿਆਂ ਅਤੇ ਆਈਟੀ ਵਿਭਾਗ ਸਣੇ ਅਮਰੀਕੀ ਫੌਜ ਦੇ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾ ਚੁੱਕਿਆ ਹੈ।

ਉਹ ਸੇਵਾਵਾਂ ਤੋਂ ਫ਼ਾਰਗ ਹੋਣ ਤੋਂ ਪਹਿਲਾਂ ਫਰਵਰੀ 2009 ਤੋਂ ਜਨਵਰੀ 2010 ਤੱਕ ਅਫ਼ਗਾਨਿਸਤਾਨ ਵਿੱਚ ਤੈਨਾਤ ਸਨ।

ਸੀਬੀਐੱਸ ਦੀ ਰਿਪੋਰਟ ਮੁਤਾਬਕ, 2020 ਵਿੱਚ ਪੋਸਟ ਕੀਤੀ ਗਈ ਇੱਕ ਯੂ-ਟਿਊਬ ਵੀਡੀਓ ਵਿੱਚ, ਜੱਬਾਰ ਨੇ ਕਿਹਾ ਸੀ ਕਿ ਫੌਜ ਵਿੱਚ ਉਨ੍ਹਾਂ ਦੇ ਸਮੇਂ ਨੇ ਉਨ੍ਹਾਂ ਨੂੰ ਇਸ "ਮਹਾਨ ਸੇਵਾ ਦਾ ਅਰਥ" ਸਮਝਾਇਆ ਸੀ। ਉਨ੍ਹਾਂ ਜਾਣਿਆ ਕਿ ਜਵਾਬਦੇਹ ਹੋਣ ਅਤੇ ਹਰ ਚੀਜ਼ ਨੂੰ ਗੰਭੀਰਤਾ ਨਾਲ ਲੈਣ ਦਾ ਕੀ ਮਤਲਬ ਹੈ।

ਜੱਬਾਰ ਨੇ 2015 ਤੋਂ 2017 ਤੱਕ ਜਾਰਜ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ, ਕੰਪਿਊਟਰ ਇਨਫ਼ਾਰਮੇਸ਼ਨ ਸਿਸਟਮ ਵਿੱਚ ਗ੍ਰੈਜੂਏਸ਼ਨ ਕੀਤੀ।

ਸੀਬੀਐੱਸ ਨੇ ਰਿਪੋਰਟ ਕੀਤਾ ਹੈ ਕਿ ਉਨ੍ਹਾਂ ਦਾ ਦੋ ਵਾਰ ਵਿਆਹ ਹੋਇਆ ਸੀ। ਪਹਿਲਾ ਵਿਆਹ 2012 ਵਿੱਚ ਖ਼ਤਮ ਹੋਇਆ ਸੀ ਅਤੇ ਦੂਜਾ 2017 ਤੋਂ 2022 ਤੱਕ ਚੱਲਿਆ ਸੀ।

ਜੱਬਾਰ ਦਾ ਟ੍ਰੈਫਿਕ ਅਤੇ ਚੋਰੀ ਨਾਲ ਸਬੰਧਿਤ ਅਪਰਾਧਿਕ ਰਿਕਾਰਡ ਵੀ ਸੀ।

ਹਮਲੇ ਵਿੱਚ ਵਰਤਿਆ ਗਿਆ ਟਰੱਕ, ਇੱਕ ਚਿੱਟੇ ਰੰਗ ਦਾ ਫੋਰਡ ਐੱਫ਼-150 ਲਾਈਟਨਿੰਗ ਸੀ, ਜੋ ਕਿ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਸ਼ੈਮਸੂਦ-ਦੀਨ-ਜੱਬਾਰ ਦਾ ਨਹੀਂ ਸੀ ਬਲਕਿ ਉਸ ਨੇ ਕਿਰਾਏ 'ਤੇ ਲਿਆ ਸੀ।

ਅਧਿਕਾਰੀਆਂ ਨੇ ਦੱਸਿਆ ਹਮਲੇ ਵਾਲੀ ਥਾਂ ਤੋਂ ਦੋ ਸੰਭਾਵਿਤ ਵਿਸਫੋਟਕ ਯੰਤਰ ਮਿਲੇ ਹਨ ਅਤੇ ਸੀਬੀਐੱਸ ਮੁਤਾਬਕ ਇੱਕ ਬੰਦੂਕ ਵੀ ਬਰਾਮਦ ਕੀਤੀ ਗਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)