You’re viewing a text-only version of this website that uses less data. View the main version of the website including all images and videos.
ਉਹ ਮੁਲਕ ਜਿੱਥੇ ਹਜ਼ਾਰਾਂ ਔਰਤਾਂ ਸੈਕਸ ਵਰਕਰ ਬਣਨ ਲਈ ਮਜਬੂਰ ਹਨ
- ਲੇਖਕ, ਮਾਕੇਨੀ ਤੋਂ ਟਾਇਸਨ ਕੋਂਟੇਹ ਅਤੇ ਲੰਡਨ ਤੋਂ ਕੋਰਟਨੀ ਬੇਮਬ੍ਰਿਜ
- ਰੋਲ, ਬੀਬੀਸੀ ਅਫਰੀਕਾ ਆਈ
ਕਰੀਬ 20 ਸਾਲਾ ਦੀ ਇਸਾਟਾ ਇਕੱਲੀ ਮਾਂ ਹੈ, ਜੋ ਸੀਅਰਾ ਲਿਓਨ ਵਿੱਚ ਸੈਕਸ ਵਰਕਰਾਂ ਦੀਆਂ ਜ਼ਿੰਦਗੀਆਂ ਦੀ ਭਿਆਨਕਤਾ ਨੂੰ ਦਰਸਾਉਂਦੀ ਹੈ।
ਇਸਾਟਾ ਨੂੰ ਕੁੱਟਿਆ ਗਿਆ, ਲੁੱਟਿਆ ਗਿਆ, ਅਗਵਾ ਕੀਤਾ ਗਿਆ ਅਤੇ ਉਸ ਦੀ ਕਿਸੇ ਹੋਰ ਦੇਸ਼ ਵਿੱਚ ਤਸਕਰੀ ਕੀਤੀ ਗਈ ਜਿਥੋਂ ਉਸ ਨੂੰ ਛੁਡਾਇਆ ਗਿਆ। ਉਸਦੀ ਫਿਰ ਤਸਕਰੀ ਕੀਤੀ ਗਈ ਅਤੇ ਉਸ ਨੂੰ ਦੁਬਾਰਾ ਬਚਾਇਆ ਗਿਆ।
ਇਸ ਸਭ ਦੇ ਵਿਚਕਾਰ, ਉਹ ਕੁਸ਼ ਨਾਮ ਦੇ ਇੱਕ ਖ਼ਤਰਨਾਕ ਸਟ੍ਰੀਟ ਡਰੱਗ ਦੀ ਆਦਿ ਹੋ ਗਈ, ਜਿਸ ਨੇ ਉਸ ਵੇਲੇ ਪੱਛਮੀ ਅਫਰੀਕੀ ਦੇਸ਼ ਵਿੱਚ ਤਬਾਹੀ ਮਚਾਈ ਹੋਈ ਸੀ।
ਬੀਬੀਸੀ ਅਫਰੀਕਾ ਆਈ ਨੇ ਰਾਜਧਾਨੀ ਫ੍ਰੀਟਾਊਨ ਤੋਂ ਲਗਭਗ 200 ਕਿਲੋਮੀਟਰ (124 ਮੀਲ) ਦੂਰ ਮਾਕੇਨੀ ਵਿੱਚ ਸੈਕਸ ਵਰਕਰਾਂ ਦੇ ਇੱਕ ਸਮੂਹ ਦੀ ਜ਼ਿੰਦਗੀ ਉੱਤੇ ਕੰਮ ਕਰਦਿਆਂ ਚਾਰ ਸਾਲ ਬਿਤਾਏ ਹਨ।
ਮਾਕੇਨੀ ਸ਼ਹਿਰ ਹੀਰਿਆਂ ਨਾਲ ਭਰਪੂਰ ਖੇਤਰ ਵਿੱਚ ਸਥਿਤ ਹੈ, ਜਿਸ ਨੇ ਸੀਅਰਾ ਲਿਓਨ ਦੇ ਘਰੇਲੂ ਯੁੱਧ ਨੂੰ ਭੜਕਾਇਆ ਸੀ। ਇਹ ਇੱਕ ਅਜਿਹਾ ਸੰਘਰਸ਼ ਸੀ, ਜਿਸ ਦੇ ਵਿਨਾਸ਼ਕਾਰੀ ਨਤੀਜੇ ਅੱਜ ਵੀ ਮਹਿਸੂਸ ਕੀਤੇ ਜਾ ਰਹੇ ਹਨ।
ਇਸਾਟਾ, ਮਾਕੇਨੀ ਵਿੱਚ ਵਸਦੇ ਸੈਂਕੜੇ ਸੈਕਸ ਵਰਕਰਾਂ ਵਿੱਚੋਂ ਇੱਕ ਹੈ। ਉਨ੍ਹਾਂ ਸਾਰੀਆਂ ਔਰਤਾਂ ਵਾਂਗ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਸੀ, ਉਸ ਨੇ ਸਿਰਫ਼ ਆਪਣਾ ਪਹਿਲਾ ਨਾਮ ਵਰਤਣ ਦੀ ਚੋਣ ਕੀਤੀ ਹੈ।
ਉਸ ਨੇ ਦੱਸਿਆ, “ਮੈਂ ਜੋ ਵੀ ਕੁਰਬਾਨੀਆਂ ਕਰ ਰਹੀ ਹਾਂ, ਇਹ ਸਭ ਮੈਂ ਆਪਣੀ ਧੀ ਲਈ ਕਰ ਰਹੀ ਹਾਂ। ਮੈਂ ਸੜਕਾਂ 'ਤੇ ਬਹੁਤ ਦਰਦ ਝੱਲਿਆ ਹੈ।”
“ਮੈਨੂੰ ਕਲੱਬ ਵਿੱਚ ਇੱਕ ਆਦਮੀ ਮਿਲਿਆ। ਉਸ ਨੇ ਮੇਰੇ ਕੱਪੜੇ ਪਾੜ ਦਿੱਤੇ। ਉਸ ਨੇ ਮੇਰੀ ਬ੍ਰਾ 'ਚ ਰੱਖੇ ਪੈਸੇ ਵੀ ਲੁੱਟ ਲਏ। ਜਦੋਂ ਮੈਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ, ਉਸ ਨੇ ਆਪਣੀ ਬੰਦੂਕ ਨਾਲ ਮੈਨੂੰ ਸਿਰ ਦੇ ਪਿਛਲੇ ਪਾਸੇ ਮਾਰਿਆ। ਉਹ ਮੈਨੂੰ ਮਾਰਨਾ ਚਾਹੁੰਦਾ ਸੀ।”
ਇਹ ਇੱਕ ਖ਼ਤਰਨਾਕ ਜੀਵਨ ਹੈ। ਅਸੀਂ ਜਿਨ੍ਹਾਂ ਔਰਤਾਂ ਨੂੰ ਮਿਲੇ ਹਾਂ ਉਨ੍ਹਾਂ ਵਿੱਚੋਂ ਕੁਝ ਔਰਤਾਂ ਐੱਚਆਈਵੀ ਦੀ ਚਪੇਟ 'ਚ ਹਨ। ਕੁਝ ਮਾਰੀਆ ਗਈਆਂ ਹਨ।
ਪਰ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਇੱਥੇ ਬਹੁਤ ਘੱਟ ਬਦਲ ਹਨ।
ਨੌਜਵਾਨ ਕੁੜੀਆਂ ਦੀ ਗਿਣਤੀ ਵਧੀ
ਸ਼ਹਿਰ ਦੀ ਇੱਕ ਹਨੇਰੀ ਨੁੱਕਰ 'ਚ ਜ਼ਮੀਨ ਉੱਤੇ ਵਿਸ਼ੀਆਂ ਖਾਲੀ ਅਨਾਜ ਦੀਆ ਬੋਰੀਆਂ ਵੱਲ ਇਸ਼ਾਰਾ ਕਰਦਿਆਂ, ਇਨ੍ਹਾਂ ਸੈਕਸ ਵਰਕਰਾਂ ਵਿੱਚੋਂ ਇੱਕ ਮਬਿੰਟੀ ਨੇ ਸਾਨੂੰ ਦੱਸਿਆ ਕਿ ਇਹ ਉਹ ਥਾਂ ਸੀ ਜਿੱਥੇ ਉਹ ਇਕੱਠੀਆਂ ਕੰਮ ਕਰਦੀਆਂ ਸਨ।
ਇੱਕ ਰਾਤ ਵਿੱਚ ਉਨ੍ਹਾਂ ਕੋਲ 10 ਤੋਂ ਵੱਧ ਆਦਮੀ ਆਉਂਦੇ ਹੁੰਦੇ ਸਨ। ਇਹ ਆਦਮੀ ਉਨ੍ਹਾਂ ਨੂੰ ਇੱਕ ਵਾਰ ਆਉਣ ਦਾ ਇੱਕ ਡਾਲਰ ਦਿੰਦੇ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਹ ਆਪਣੇ ਬੱਚਿਆਂ ਲਈ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦੇ ਛੇ ਬੱਚੇ ਸਨ, ਜਿਨ੍ਹਾਂ ਵਿੱਚੋ 3 ਦੀ ਮੌਤ ਹੋ ਗਈ ਸੀ।
ਬਾਕੀ ਤਿੰਨ ਸਕੂਲ ਵਿੱਚ ਪੜ੍ਹਦੇ ਹਨ।
ਉਸ ਨੇ ਕਿਹਾ, “ਇੱਕ ਬੱਚਾ ਹੁਣੇ ਹੀ ਇਮਤਿਹਾਨ ਵਿੱਚ ਬੈਠਾ ਸੀ। ਮੇਰੇ ਕੋਲ ਉਸ ਦੇ ਸਕੂਲ ਦੀ ਫੀਸ ਲਈ ਪੈਸੇ ਨਹੀਂ ਹੁੰਦੇ, ਜਦੋਂ ਤੱਕ ਮੈਂ ਸੈਕਸ ਨਹੀਂ ਵੇਚਦੀ। ਇਹ ਮੇਰਾ ਸੰਘਰਸ਼ ਹੈ।"
ਅੰਦਾਜ਼ਾ ਹੈ ਕਿ ਸੀਅਰਾ ਲਿਓਨ ਵਿੱਚ ਹਜ਼ਾਰਾਂ ਔਰਤਾਂ ਸੈਕਸ ਵਰਕ ਵੱਲ ਜਾ ਰਹੀਆਂ ਹਨ।
ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਜਵਾਨ ਕੁੜੀਆਂ ਯੁੱਧ ਦੌਰਾਨ ਅਨਾਥ ਹੋਈਆਂ ਸਨ। ਉਸ ਯੁੱਧ ਦੌਰਾਨ ਜਿਸ ਨੇ 50,000 ਤੋਂ ਵੱਧ ਲੋਕਾਂ ਦੀ ਜਾਨ ਲਈ ਅਤੇ 2002 ਵਿੱਚ ਖ਼ਤਮ ਹੋਣ ਤੱਕ ਦੇਸ਼ ਦੀ ਲਗਭਗ ਅੱਧੀ ਆਬਾਦੀ ਨੂੰ ਉਜਾੜ ਦਿੱਤਾ।
ਚੈਰਿਟੀ ਸਮੂਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਇਬੋਲਾ ਦੇ ਪ੍ਰਕੋਪ ਅਤੇ ਕੋਰੋਨਵਾਇਰਸ ਮਹਾਂਮਾਰੀ ਦੇ ਆਰਥਿਕ ਗਿਰਾਵਟ ਨਾਲ ਜੂਝਣ ਕਾਰਨ ਸੈਕਸ ਵਪਾਰ ਵਿੱਚ ਕੰਮ ਕਰਨ ਵਾਲੀਆਂ ਨੌਜਵਾਨ ਕੁੜੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਇਆ ਹੈ।
ਬਹੁਤ ਸਾਰੀਆਂ ਔਕੜਾਂ ਵਾਂਗ, ਇਨ੍ਹਾਂ ਨੇ ਔਰਤਾਂ ਨੂੰ ਗੰਭੀਰ ਤੌਰ ʼਤੇ ਪ੍ਰਭਾਵਿਤ ਕੀਤਾ ਹੈ।
ਦੇਸ਼ ਵਿੱਚ ਸੈਕਸ ਵਰਕ ਗ਼ੈਰ-ਕਾਨੂੰਨੀ ਨਹੀਂ ਹੈ, ਪਰ ਜੋ ਔਰਤਾਂ ਇਹ ਕਰਦੀਆਂ ਹਨ ਉਨ੍ਹਾਂ ਨੂੰ ਸਮਾਜ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਸਰਕਾਰ ਜਾਂ ਸਮਾਜ ਵੱਲੋਂ ਬਹੁਤ ਘੱਟ ਸਮਰਥਨ ਮਿਲਦਾ ਹੈ।
2020 ਵਿੱਚ ਸਾਡੀ ਇਸਾਟਾ ਨਾਲ ਹੋਈ ਮੁਲਾਕਾਤ ਤੋਂ ਥੋੜ੍ਹੇ ਹੀ ਸਮੇਂ ਬਾਅਦ, ਉਸ ਨੂੰ ਇੱਕ ਅਪਰਾਧਿਕ ਗਿਰੋਹ ਦੁਆਰਾ ਅਗਵਾ ਕਰ ਲਿਆ ਗਿਆ ਸੀ ਅਤੇ ਗੈਂਬੀਆ, ਸੇਨੇਗਲ ਅਤੇ ਅੰਤ ਵਿੱਚ ਮਾਲੀ ਵਿੱਚ ਸੈਕਸ ਸਲੇਵਰੀ ਲਈ ਮਜਬੂਰ ਕੀਤਾ ਗਿਆ ਸੀ।
ਉਸ ਨੇ ਫੋਨ ਉੱਤੇ ਗੱਲ ਕਰਦਿਆਂ ਉੱਥੇ ਬੀਤੀ ਜ਼ਿੰਦਗੀ ਦਾ ਵਰਣਨ ਕੀਤਾ।
ਉਸ ਨੇ ਕਿਹਾ, “ਉਹ ਸਾਡੇ ਕੋਲ ਇਸ ਤਰ੍ਹਾਂ ਆਉਂਦੇ ਹਨ ਜਿਵੇਂ ਉਹ ਸਾਨੂੰ ਮਾਰਨਾ ਚਾਹੁੰਦੇ ਹਨ। ਜਦੋਂ ਤੱਕ ਅਸੀਂ ਉਨ੍ਹਾਂ ਦਾ ਕਿਹਾ ਸਵੀਕਾਰ ਨਹੀਂ ਕਰਦੇ, ਉਹ ਇਸੇ ਤਰ੍ਹਾਂ ਪੇਸ਼ ਆਉਂਦੇ ਹਨ। ਮੈਂ ਬਹੁਤ ਦੁਖੀ ਹਾਂ।"
ਇਸ ਦੇ ਮਗਰੋਂ, ਬੀਬੀਸੀ ਅਫ਼ਰੀਕਾ ਆਈ ਉਸ ਦਾ ਪਤਾ ਲਗਾਉਣ ਦੇ ਯੋਗ ਸੀ ਅਤੇ ਸੰਯੁਕਤ ਰਾਸ਼ਟਰ ਦੀ ਇੱਕ ਸੰਸਥਾ, ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐੱਮ), ਨੇ ਇਸਾਟਾ ਨੂੰ ਸੀਅਰਾ ਲਿਓਨ ਵਾਪਸ ਲੈਕੇ ਆਉਣ ਵਿੱਚ ਮਦਦ ਕੀਤੀ।
ਉਸ ਨੇ ਸੈਕਸ ਵਰਕਰ ਦਾ ਕੰਮ ਛੱਡ ਦਿੱਤਾ ਪਰ, ਜਦੋਂ ਅਸੀਂ ਉਸ ਨੂੰ 2021 ਵਿੱਚ ਦੇਖਿਆ, ਤਾਂ ਉਹ ਇੱਕ ਸਥਾਨਕ ਰਸੋਈ ਵਿੱਚ ਖਾਣਾ ਬਣਾ ਕੇ, ਆਪਣੀ ਧੀ ਦੀ ਦੇਖਭਾਲ ਲਈ ਪੈਸਾ ਕਮਾਉਣ ਲਈ ਕਾਫ਼ੀ ਸੰਘਰਸ਼ ਕਰ ਰਹੀ ਸੀ।
2023 ਵਿੱਚ ਜਦੋਂ ਸਾਨੂੰ ਇਸਾਟਾ ਬਾਰੇ ਨਵੀ ਜਾਣਕਾਰੀ ਹਾਸਿਲ ਹੋਈ ਤਾਂ ਪਤਾ ਲਗਾ ਕਿ ਉਹ ਕੁਸ਼ ਨਾਮ ਦੇ ਨਸ਼ੇ ਦੀ ਚਪੇਟ 'ਚ ਆਉਣ ਤੋਂ ਬਾਅਦ ਵੇਸਵਾਗਮਨੀ ਵਿੱਚ ਵਾਪਸ ਆ ਗਈ ਸੀ।
ਕੁਸ਼ ਸਸਤੇ ਵਿੱਚ ਵਿਕਣ ਵਾਲੇ ਨਸ਼ੀਲੇ ਪਦਾਰਥਾਂ ਦਾ ਇੱਕ ਮਿਸ਼ਰਣ, ਜਿਸ ਵਿੱਚ ਮਨੁੱਖੀ ਹੱਡੀਆਂ ਹੋ ਸਕਦੀਆਂ ਹਨ।
ਸੀਅਰਾ ਲਿਓਨ ਵਿੱਚ ਡਰੱਗ ਅਜਿਹੀ ਸਮੱਸਿਆ ਬਣ ਗਈ ਹੈ ਕਿ ਰਾਸ਼ਟਰਪਤੀ ਨੇ ਇਸਨੂੰ ਰਾਸ਼ਟਰੀ ਐਮਰਜੈਂਸੀ ਐਲਾਨ ਦਿੱਤਾ ਹੈ।
ਨਸ਼ੇ ਦੀ ਪਕੜ ਵਿੱਚ, ਇਸਾਟਾ ਨੇ ਆਪਣੇ ਚਾਰ ਮਹੀਨਿਆਂ ਦੇ ਪੁੱਤਰ ਨੂੰ ਛੱਡ ਦਿੱਤਾ, ਜਿਸਦੀ ਦੇਖ-ਭਾਲ ਹੁਣ ਇਸਾਟਾ ਦੀ ਮਾਂ ਪੋਸੇਹ ਕਰ ਰਹੀ ਸੀ।
ਪੋਸੇਹ ਮੁਤਾਬਕ, "ਗਲੀਆਂ ਵਿੱਚ ਬੀਤਦੇ ਜੀਵਨ ਦੇ ਤਣਾਅ ਨੇ ਉਸ ਨੂੰ ਕੁਸ਼ ਦਾ ਆਦੀ ਬਣਾ ਦਿਤਾ। ਇਹ ਤਣਾਅ ਹੈ।”
ਨਸ਼ੇ ਦੀ ਲਤ ਦਾ ਸ਼ਿਕਾਰ
ਕਰੀਬ 20 ਸਾਲਾਂ ਦੀ ਨੇੱਟਾ ਵੀ ਇਕੱਲੀ ਮਾਂ ਹੈ। ਉਸ ਦੀਆਂ ਤਿੰਨ ਧੀਆਂ ਹਨ।
ਅਸੀਂ ਉਸ ਨੂੰ ਇੱਕ ਘਰ ਵਿੱਚ ਮਿਲੇ, ਜਿੱਥੇ ਉਹ ਬਾਹਰ ਜਾ ਕੇ ਕੰਮ ਕਰਨ ਲਈ ਤਿਆਰ ਹੋ ਰਹੀ ਸੀ।
ਉਨ੍ਹਾਂ ਨੇ ਕਿਹਾ, "ਮੈ ਚਾਹੁੰਦੀ ਹਾਂ ਕਿ ਮੇਰੇ ਬੱਚੇ ਜ਼ਿੰਦਗੀ ਵਿੱਚ ਕੁਝ ਚੰਗਾ ਕਰਨ। ਮੈਨੂੰ ਉਮੀਦ ਹੈ ਕਿ ਰੱਬ ਮੇਰੀ ਅਰਦਾਸ ਸੁਣੇਗਾ।"
ਮੇਕਅੱਪ ਕਰਦਿਆਂ ਆਪਣੀ ਮਾਂ ਨੂੰ ਵੇਖਦੀ, ਉਸ ਦੀ ਬੇਟੀ ਨੇ ਸਾਨੂੰ ਦੱਸਿਆ ਕਿ ਉਹ ਵੱਡੀ ਹੋਣ 'ਤੇ ਵਕੀਲ ਬਣਨਾ ਚਾਹੁੰਦੀ ਹੈ, ਤਾਂ ਜੋ ਉਹ ਆਪਣੀ ਮਾਂ ਦੀ ਮਦਦ ਕਰ ਸਕੇ।
ਜਦੋਂ ਅਸੀਂ ਅਗਲੀ ਵਾਰ ਨੇੱਟਾ ਨੂੰ ਦੇਖਿਆ, ਤਾਂ ਉਹ ਪਛਾਣਨਯੋਗ ਨਹੀਂ ਸੀ। ਉਹ ਵੀ ਕੁਸ਼ ਦੀ ਚਪੇਟ 'ਚ ਆ ਗਈ ਸੀ।
ਉਹ ਸਾਨੂੰ ਦੱਸਦੀ ਹੈ, “ਮੈਂ ਇਸ ਤਰ੍ਹਾਂ ਦੀ ਬਣ ਕੇ ਖੁਸ਼ ਨਹੀਂ ਹਾਂ, ਪਰ ਮੈਂ ਇਸ ਬਾਰੇ ਜ਼ਿਆਦਾ ਸੋਚਣਾ ਨਹੀਂ ਚਾਹੁੰਦੀ।"
"ਕਦੇ-ਕਦੇ ਮੈਂ ਬੱਚਿਆਂ ਨੂੰ ਯਾਦ ਕਰਕੇ ਰੋਂਦੀ ਹਾਂ। ਉਨ੍ਹਾਂ ਨੂੰ ਭੁੱਲਣ ਲਈ ਮੈਂ ਸਿਗਰਟ ਪੀ ਰਹੀ ਹਾਂ।"
ਉਸ ਦੀਆਂ ਤਿੰਨ ਧੀਆਂ ਹੁਣ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਰਹਿ ਰਹੀਆਂ ਹਨ।
ਸ਼ਹਿਰ ਦੇ ਦੂਸਰੇ ਹਿੱਸੇ ਵਿੱਚ, ਅਸੀਂ ਇੱਕ ਹੋਰ ਕੁੜੀ, ਰੁਗੀਆਟੂ ਨੂੰ ਮਿਲੇ, ਜਿਸ ਦੀ ਉਮਰ ਲਗਭਗ 10 ਸਾਲ ਸੀ।
ਉਸ ਦੀ ਮਾਂ ਜੀਨਾ ਵੀ ਇੱਕ ਸੈਕਸ ਵਰਕਰ ਸੀ। ਉਸ ਦੀ 2020 ਵਿੱਚ ਸਿਰਫ਼ 19 ਸਾਲ ਦੀ ਉਮਰ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ।
ਰੁਗਿਆਟੂ ਹੁਣ ਆਪਣੀ ਬਜ਼ੁਰਗ ਦਾਦੀ ਨਾਲ ਰਹਿੰਦੀ ਹੈ।
ਰੁਗਿਆਟੂ ਕਹਿੰਦੀ ਹੈ, "ਮੇਰੇ ਮਾਤਾ-ਪਿਤਾ ਗੁਜ਼ਰ ਚੁਕੇ ਹਨ। ਮੇਰੇ ਕੋਲ ਹੁਣ ਸਿਰਫ਼ ਮੇਰੀ ਦਾਦੀ ਹੈ। ਜੇਕਰ ਉਨ੍ਹਾਂ ਨੂੰ ਵੀ ਕੁਝ ਹੋ ਗਿਆ ਤਾਂ ਮੇਰੇ ਕੋਲ ਭੀਖ ਮੰਗਣ ਦੇ ਸਿਵਾ ਕੋਈ ਹੋਰ ਬਦਲ ਨਹੀਂ ਰਹੇਗਾ।"
"ਮੈਂ ਨਹੀਂ ਚਾਹੁੰਦੀ ਕਿ ਉਹ ਮੈਨੂੰ ਵੀ ਸੜਕ 'ਤੇ ਮਾਰ ਦੇਣ।"
ਆਜ਼ਾਦੀ ਲਈ ਤਸਕਰ ਮੰਗਦੇ ਸਨ ਪੈਸੇ
ਫਿਰ, 2024 ਦੇ ਸ਼ੁਰੂਆਤ ਵਿੱਚ, ਇਸਾਟਾ ਵੱਲੋਂ ਇੱਕ ਹੋਰ ਬੁਰੀ ਖ਼ਬਰ ਆਈ।
ਇਸਾਟਾ ਇੱਕ ਵਾਰ ਫਿਰ ਔਰਤਾਂ ਦੇ ਇੱਕ ਸਮੂਹ ਦੇ ਹਿੱਸੇ ਵਜੋਂ ਤਸਕਰੀ ਦਾ ਸ਼ਿਕਾਰ ਹੋਈ।
ਇਹ ਉਹ ਔਰਤਾਂ ਸਨ, ਜਿਨ੍ਹਾਂ ਨੂੰ ਘਾਨਾ ਵਿੱਚ ਨੈਨੀ ਕੰਮ ਕਰਨ ਦਾ ਵਾਅਦਾ ਕੀਤਾ ਗਿਆ ਸੀ, ਇਸ ਦੀ ਬਜਾਏ, ਉਨ੍ਹਾਂ ਨੂੰ ਮਾਲੀ ਪਹੁੰਚਾਇਆ ਗਿਆ ਅਤੇ ਸੋਨੇ ਦੀ ਖਾਣ ਵਾਲੇ ਖੇਤਰ ਵਿੱਚ ਸੈਕਸ ਵਰਕਰ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ।
ਇਸਾਟਾ ਨੇ ਫ਼ੋਨ ਤੇ ਦੱਸਿਆ, “ਮੈਂ ਵਾਪਸ ਘਰ ਜਾਣਾ ਚਾਹੁੰਦੀ ਹਾਂ। ਮੈਂ ਭੀਖ ਮੰਗ ਰਹੀ ਹਾਂ, ਮੈਨੂੰ ਹਰ ਚੀਜ਼ ਦਾ ਪਛਤਾਵਾ ਹੈ।"
ਉਸ ਨੇ ਕਿਹਾ ਕਿ ਉਸ ਦੀ ਚਿੰਤਾ ਉਦੋਂ ਵਧ ਗਈ ਜਦੋਂ ਨੈਨੀ ਦਾ ਕੰਮ ਦਾ ਵਾਅਦਾ ਕਰਨ ਵਾਲੇ ਵਿਅਕਤੀ ਨੇ ਯਾਤਰਾ ਦੇ ਹਰ ਪੜਾਅ 'ਤੇ ਪੁਲਿਸ ਚੌਕੀਆਂ ਅਤੇ ਸਰਹੱਦੀ ਚੌਕੀਆਂ ਨੂੰ ਚਕਮਾ ਦਿੱਤਾ।
ਇਸਾਟਾ ਅੱਗੇ ਦੱਸਦੀ ਹੈ, “ਉਸਨੇ ਸਾਨੂੰ ਜੋਏ ਨਾਮ ਦੀ ਇੱਕ ਨਾਈਜੀਰੀਅਨ ਔਰਤ ਦੇ ਹਵਾਲੇ ਕਰ ਦਿੱਤਾ।"
"ਅਸੀਂ ਪੁੱਛਿਆ, 'ਤੁਸੀਂ ਸਾਨੂੰ ਕਿਹਾ ਸੀ ਕਿ ਅਸੀਂ ਨੈਨੀ ਦੇ ਕੰਮ ਲਈ ਘਾਨਾ ਜਾ ਰਹੇ ਹਾਂ, ਕੀ ਇਹ ਘਾਨਾ ਹੈ'?"
"ਜੋਏ ਨੇ ਸਾਨੂੰ ਪੁੱਛਿਆ, 'ਕੀ ਤੁਹਾਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਤੁਸੀਂ ਸੈਕਸ ਵਰਕ ਕਰਨ ਲਈ ਆ ਰਹੀਆਂ ਹੋ?' ਤਾਂ ਮੈਂ ਕਿਹਾ, 'ਨਹੀਂ'।"
"ਉਸ ਨੇ ਕਿਹਾ, 'ਜਾਓ ਅਤੇ ਕੁਝ ਪੈਸੇ ਲਿਆਓ' ਅਤੇ ਮੈਨੂੰ ਦੇ ਦਿਓ।"
ਬਹੁਤ ਸਾਰੀਆਂ ਤਸਕਰੀ ਦੀ ਸ਼ਿਕਾਰ ਹੋਇਆਂ ਔਰਤਾਂ ਵਾਂਗ, ਇਸਾਟਾ ਨੂੰ ਕਿਹਾ ਗਿਆ ਸੀ ਕਿ ਉਸਨੂੰ ਆਪਣੀ ਆਜ਼ਾਦੀ ਵਾਪਸ ਲੈਣ ਲਈ ਆਪਣੇ ਤਸਕਰਾਂ ਨੂੰ ਵੱਡੀ ਰਕਮ ਅਦਾ ਕਰਨ ਲਈ ਕੰਮ ਕਰਨਾ ਪਵੇਗਾ।
ਸਾਨੂੰ ਦੱਸਿਆ ਗਿਆ ਕਿ ਉਸ ਨੂੰ 1,700 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ।
ਇੰਨੇ ਪੈਸੇ ਕਮਾਉਣ ਲਈ ਉਸ ਨੂੰ ਸੈਂਕੜੇ ਮਰਦਾਂ ਨਾਲ ਸੈਕਸ ਕਰਨਾ ਪਏਗਾ।
ਉਸ ਦੇ ਤਸਕਰਾਂ ਨੇ ਉਸ ਨੂੰ ਭੁਗਤਾਨ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਾ ਦਿੱਤਾ।
ਸੰਯੁਕਤ ਰਾਸ਼ਟਰ ਦੀ ਸੰਸਥਾ ਆਈਓਐੱਮ ਜੋ ਤਸਕਰੀ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਦੀ ਹੈ, ਉਸ ਦਾ ਕਹਿਣਾ ਹੈ ਕਿ ਹਰ ਸਾਲ ਹਜ਼ਾਰਾਂ ਸੀਅਰਾ ਲਿਓਨੀਅਨ, ਬੱਚਿਆਂ ਸਮੇਤ, ਤਸਕਰੀ ਦਾ ਸ਼ਿਕਾਰ ਹੁੰਦੇ ਹਨ।
ਉਨ੍ਹਾਂ ਨੂੰ ਜਾਂ ਤਾਂ ਅਗਵਾ ਕਰ ਲਿਆ ਜਾਂਦਾ ਹੈ ਜਾਂ ਬਿਹਤਰ ਨੌਕਰੀ ਦੇ ਵਾਅਦੇ ਨਾਲ ਦੇਸ਼ ਤੋਂ ਬਾਹਰ ਜਾਣ ਲਈ ਧੋਖਾ ਦਿੱਤਾ ਜਾਂਦਾ ਹੈ।
ਇਸ ਦੀ ਬਜਾਏ, ਉਹ ਮਹਾਂਦੀਪ ਦੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਵਿਦੇਸ਼ੀਆਂ ਨੂੰ ਵੇਚੇ ਜਾਂਦੇ ਹਨ। ਉੱਥੇ ਉਹ ਜਬਰੀ ਮਜ਼ਦੂਰੀ ਜਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ।
ਇਨ੍ਹਾਂ ਵਿੱਚੋਂ ਕਈ ਸ਼ਾਇਦ ਦੁਬਾਰਾ ਘਰ ਨਾ ਦੇਖ ਸਕਣ।
ਖੁਸ਼ਕਿਸਮਤੀ ਨਾਲ ਇਸਾਟਾ, ਮਾਕੇਨੀ ਵਿੱਚ ਵਾਪਸ ਆਉਣ 'ਚ ਕਾਮਯਾਬ ਹੋਈ ਅਤੇ ਹੁਣ ਉਹ ਆਪਣੀ ਮਾਂ ਅਤੇ ਦੋ ਬੱਚਿਆਂ ਨਾਲ ਰਹਿ ਰਹੀ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)